ਹੁਣੇ ਜਿਹੇ ਗਾਜ਼ੀਪੁਰ, ਯੂਪੀ ਦੀ ਵਿਧਾਇਕਾ ਅਲਕਾ ਰਾਏ ਦੀ ਉਹ ਚਿੱਠੀ ਚਰਚਾ 'ਚ ਸੀ ਜੋ ਉਨ੍ਹਾਂ ਨੇ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਲਿਖੀ ਸੀ। ਇਸ ਚਿੱਠੀ 'ਚ ਉਨ੍ਹਾਂ ਨੇ ਸਵਾਲ ਕੀਤਾ ਸੀ ਕਿ ਕਾਂਗਰਸ ਮੁਖਤਾਰ ਅੰਸਾਰੀ ਨੂੰ ਕਿਉਂ ਬਚਾ ਰਹੀ ਹੈ? ਅਲਕਾ ਉਸੇ ਹਲਕੇ ਤੋਂ ਵਿਧਾਇਕ ਹੈ ਜਿੱਥੋਂ ਉਸ ਦੇ ਮਰਹੂਮ ਪਤੀ ਕ੍ਰਿਸ਼ਨਾਨੰਦ ਰਾਏ ਵਿਧਾਇਕ ਸਨ ਤੇ ਨਵੰਬਰ 2005 'ਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।

ਉਨ੍ਹਾਂ ਨੂੰ 21 ਗੋਲ਼ੀਆਂ ਮਾਰੀਆਂ ਗਈਆਂ ਸਨ ਅਤੇ ਉਨ੍ਹਾਂ ਦੇ ਪੰਜ ਸਹਿਯੋਗੀ/ਸੁਰੱਖਿਆ ਮੁਲਾਜ਼ਮ ਵੀ ਮੌਕੇ 'ਤੇ ਮਾਰੇ ਗਏ ਸਨ। ਉਸ ਮੁਕੱਦਮੇ ਦੀ ਜਾਂਚ ਸੀਬੀਆਈ ਨੇ ਕੀਤੀ ਅਤੇ ਮੁਕੱਦਮਾ ਵੀ ਦਿੱਲੀ ਵਿਚ ਚੱਲਿਆ ਪਰ 12 ਸਾਲ ਬਾਅਦ ਆਏ ਫ਼ੈਸਲੇ ਵਿਚ ਸਾਰੇ ਮੁਲਜ਼ਮ ਬਰੀ ਹੋ ਗਏ। ਇਸ 'ਤੇ ਸਾਰੇ ਹੈਰਾਨ ਹੋਏ। ਕਿਉਂਕਿ ਕ੍ਰਿਸ਼ਨਾਨੰਦ 'ਤੇ ਹਮਲੇ ਦਾ ਅੰਦੇਸ਼ਾ ਸੀ, ਇਸ ਲਈ ਉਨ੍ਹਾਂ ਨੂੰ ਸਰਕਾਰੀ ਸੁਰੱਖਿਆ ਦਿੱਤੀ ਗਈ ਸੀ।

ਉਹ ਹਮੇਸ਼ਾ ਬੁਲਟ ਪਰੂਫ ਗੱਡੀ ਵਿਚ ਚੱਲਦੇ ਸਨ। ਘਟਨਾ ਦੇ ਦਿਨ ਉਨ੍ਹਾਂ ਨੇ ਪਿੰਡ ਦੇ ਲਾਗੇ ਹੀ ਇਕ ਕ੍ਰਿਕਟ ਮੈਚ ਦਾ ਉਦਘਾਟਨ ਕਰਨਾ ਸੀ, ਲਿਹਾਜ਼ਾ ਉਹ ਆਮ ਗੱਡੀਆਂ ਲੈ ਕੇ ਚਲੇ ਗਏ। ਸਾਜ਼ਿਸ਼ਕਾਰ ਸ਼ਾਤਿਰ ਸਨ। ਉਨ੍ਹਾਂ ਨੇ ਇਸ ਦੋ-ਤਿੰਨ ਘੰਟੇ ਦੀ ਉਕਾਈ ਦਾ ਫ਼ਾਇਦਾ ਚੁੱਕਦੇ ਹੋਏ ਘਟਨਾ ਅੰਜਾਮ ਦੇ ਦਿੱਤੀ। ਸ਼ਾਸਨ-ਪ੍ਰਸ਼ਾਸਨ ਦੀ ਪਹਿਲੀ ਜ਼ਿੰਮੇਵਾਰੀ ਹਰ ਨਾਗਰਿਕ ਨੂੰ ਸੁਰੱਖਿਆ ਦੇਣੀ ਅਤੇ ਨਿਆਂ ਦਿਵਾਉਣਾ ਹੈ।

ਇਸੇ ਨੂੰ ਕਾਨੂੰਨ ਦਾ ਰਾਜ ਕਿਹਾ ਜਾਂਦਾ ਹੈ ਪਰ ਇਹ ਕੰਮ ਤਾਂ ਹੋ ਨਹੀਂ ਰਿਹਾ। ਕਿਹਾ ਜਾਂਦਾ ਹੈ ਕਿ ਕਿਸੇ ਖੰਡਰ ਨੂੰ ਵਾਰ-ਵਾਰ ਮੁਰੰਮਤ ਕਰ ਕੇ ਉਸ ਨੂੰ ਕੰਮ ਚਲਾਊ ਬਣਾਇਆ ਜਾ ਸਕਦਾ ਹੈ ਪਰ ਉਹ ਅਖ਼ੀਰ ਖੰਡਰ ਹੀ ਰਹੇਗਾ। ਦਰਅਸਲ, ਅੰਗਰੇਜ਼ਾਂ ਦੁਆਰਾ ਸਾਨੂੰ ਦਿੱਤੇ ਗਏ ਸਾਲਾਂ ਪੁਰਾਣੇ ਨਿਆਂ ਤੰਤਰ ਰੂਪੀ ਖੰਡਰ ਨੂੰ ਜਦ ਤਕ ਢਾਹ ਕੇ ਅਸੀਂ ਆਪਣੇ ਦੇਸ਼, ਕਾਲ, ਸੋਚ ਅਤੇ ਮਾਨਸਿਕਤਾ ਮੁਤਾਬਕ ਨਵਾਂ ਤੰਤਰ ਖੜ੍ਹਾ ਨਹੀਂ ਕਰਾਂਗੇ, ਉਦੋਂ ਤਕ ਕੁਝ ਹੋਣ ਵਾਲਾ ਨਹੀਂ ਹੈ। ਅੰਗਰੇਜ਼ਾਂ ਨੇ ਇਹ ਸਾਰੇ ਅਪਰਾਧਕ ਕਾਨੂੰਨ 1857 ਦੇ ਵਿਦਰੋਹ ਮਗਰੋਂ ਬਣਾਏ ਸਨ ਜਿਨ੍ਹਾਂ ਦਾ ਇਕਮਾਤਰ ਮਕਸਦ ਸੀ ਕਿ ਦੇਸ਼ ਵਿਚ ਮੁੜ ਕੋਈ ਵਿਦਰੋਹ ਨਾ ਹੋਵੇ। ਤਤਕਾਲੀ ਵਿਧਾਇਕ ਕ੍ਰਿਸ਼ਨਾਨੰਦ ਦੀ ਜਦ ਹੱਤਿਆ ਹੋਈ ਸੀ ਉਦੋਂ ਮੈਂ ਯੂਪੀ ਦਾ ਪੁਲਿਸ ਮੁਖੀ ਸਾਂ। ਘਟਨਾ ਅਤੇ ਉਸ ਤੋਂ ਬਾਅਦ ਦੀ ਕਾਨੂੰਨੀ ਕਾਰਵਾਈ, ਟਰਾਇਲ ਆਦਿ ਸਭ ਤੋਂ ਸੇਵਾ ਮੁਕਤ ਹੋਣ ਮਗਰੋਂ ਵੀ ਜਾਣੂ ਰਿਹਾ ਪਰ ਅਪਰਾਧੀਆਂ ਨੂੰ ਤੰਤਰ ਤੋਂ ਸਜ਼ਾ ਨਹੀਂ ਦਿਵਾ ਸਕਿਆ। ਤਮਾਮ ਅਜਿਹੀਆਂ ਘਟਨਾਵਾਂ ਅਤੇ ਉਨ੍ਹਾਂ ਦੇ ਨਤੀਜਿਆਂ ਬਾਰੇ ਜਦ ਅੱਜ ਮੈਂ ਸੋਚਦਾ ਹਾਂ ਤਾਂ ਇਹੀ ਦੇਖਦਾ ਹਾਂ ਕਿ ਮਾਫ਼ੀਆ ਗਿਰੋਹ ਅਪਰਾਧਕ ਨਿਆਂਇਕ ਤੰਤਰ ਦੀ ਪਹੁੰਚ ਤੋਂ ਬਾਹਰ ਹੋ ਚੁੱਕੇ ਹਨ। ਇਸ ਦਾ ਪ੍ਰਭਾਵ ਹੁਣ ਕੁਝ ਸਾਧਨਹੀਣ ਅਪਰਾਧੀਆਂ ਤਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਮਾਫ਼ੀਆ ਨੂੰ ਜੋ ਮਾੜੀ-ਮੋਟੀ ਨੱਥ ਪਈ ਹੈ, ਉਹ ਪੁਲਿਸ ਆਪਣੇ ਤਰੀਕੇ ਨਾਲ ਹੀ ਪਾ ਰਹੀ ਹੈ। ਜ਼ਾਹਰ ਹੈ ਕਿ ਹੁਣ ਦੇਸ਼ ਦੀ ਅਪਰਾਧਕ ਨਿਆਂ ਵਿਵਸਥਾ ਵਿਚ ਤਬਦੀਲੀਆਂ ਕਰਨ ਦੀ ਬਹੁਤ ਲੋੜ ਹੈ।

-ਯਸ਼ਪਾਲ ਸਿੰਘ।

Posted By: Sunil Thapa