ਪੰਜਾਬ ’ਚ ਚੋਣ ਸਰਗਰਮੀਆਂ ਭਖਣ ਦੇ ਨਾਲ ਹੀ ਦੇਸ਼ ਵਿਰੋਧੀ ਅਨਸਰਾਂ ਨੇ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੇ ਯਤਨ ਵੀ ਤੇਜ਼ ਕਰ ਦਿੱਤੇ ਹਨ। ਬਠਿੰਡਿਓਂ ਗਿ੍ਫ਼ਤਾਰ ਨੌਜਵਾਨਾਂ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੂੰ ਜੋ ਜਾਣਕਾਰੀ ਮਿਲੀ ਹੈ, ਉਹ ਚਿੰਤਾ ਵਧਾਉਣ ਵਾਲੀ ਹੈ। ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮ ਅਗਲੇ ਸਾਲ ਦੇ ਸ਼ੁਰੂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸੇ ਧਾਰਮਿਕ ਆਗੂ ਜਾਂ ਸਿਆਸਤਦਾਨ ਦੀ ਹੱਤਿਆ ਕਰ ਕੇ ਸੂਬੇ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਸਨ। ਇਹ ਬਹੁਤ ਗੰਭੀਰ ਮਾਮਲਾ ਹੈ ਕਿਉਂਕਿ ਮੁਲਜ਼ਮਾਂ ਦੇ ਕੁਝ ਸਾਥੀ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਹਨ। ਕੁਝ ਦਿਨ ਪਹਿਲਾਂ ਅੰਮ੍ਰਿਤਸਰ ਨੇੜਿਓਂ ਗਿ੍ਫ਼ਤਾਰ ਸੁਖਵਿੰਦਰ ਸਿੰਘ ਦੀ ਨਿਸ਼ਾਨਦੇਹੀ ’ਤੇ ਗੁਰਦਾਸਪੁਰ ’ਚੋਂ ਆਰਡੀਐਕਸ ਮਿਲਣ ਪਿੱਛੋਂ ਹੁਣ ਟਿਫਨ ਬੰਬ ਤੇ ਦਸਤੀ ਬੰਬ ਮਿਲਣ ਅਤੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਭੂੰਦੜ ’ਚ ਇਕ ਡੇਰਾ ਪ੍ਰੇਮੀ ਦੀ ਗੋਲ਼ੀ ਮਾਰ ਕੇ ਹੱਤਿਆ ਕੀਤੇ ਜਾਣ ਨਾਲ ਇਹ ਖ਼ਦਸ਼ਾ ਹੋਰ ਵੱਧ ਜਾਂਦਾ ਹੈ ਕਿ ਸੂਬੇ ਦਾ ਮਾਹੌਲ ਖ਼ਰਾਬ ਕਰਨ ਲਈ ਕੋਈ ਨਾ ਕੋਈ ਸਾਜ਼ਿਸ਼ ਜ਼ਰੂਰ ਰਚੀ ਜਾ ਰਹੀ ਹੈ। ਸਰਹੱਦ ’ਤੇ ਵਾਰ-ਵਾਰ ਡ੍ਰੋਨਾਂ ਦੀ ਹਲਚਲ ਤੇ ਗਰਮ ਖ਼ਿਆਲੀਆਂ ਦੀਆਂ ਵੱਧ ਰਹੀਆਂ ਸਰਗਰਮੀਆਂ ਪੁਲਿਸ ਫੋਰਸ ਤੇ ਸੁਰੱਖਿਆ ਬਲਾਂ ਦੀਆਂ ਚੁਣੌਤੀਆਂ ਵਧਾ ਰਹੀਆਂ ਹਨ। ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਕਿ ਪੰਜਾਬ ’ਚ ਚੋਣਾਂ ਨੇੜੇ ਆਉਂਦਿਆਂ ਹੀ ਪਾਕਿਸਤਾਨ ਇੱਥੇ ਮਾਹੌਲ ਵਿਗਾੜਨ ਦੀਆਂ ਸਾਜ਼ਿਸ਼ਾਂ ਵਧਾ ਦਿੰਦਾ ਹੈ। ਇਸ ਕੰਮ ’ਚ ਉਸ ਦਾ ਸਾਥ ਕੁਝ ਯੂਰਪੀ ਤੇ ਹੋਰ ਮੁਲਕਾਂ ’ਚ ਬੈਠੀਆਂ ਗਰਮ ਖ਼ਿਆਲੀ ਜਮਾਤਾਂ ਦਿੰਦੀਆਂ ਹਨ। ਪੰਜਾਬ ਦੇ ਨੌਜਵਾਨਾਂ ਨੂੰ ਭੜਕਾ ਕੇ ਅੱਤਵਾਦੀ ਸਰਗਰਮੀਆਂ ਲਈ ਉਕਸਾਉਣ ਦੇ ਯਤਨ ਤੇਜ਼ ਕਰ ਦਿੱਤੇ ਜਾਂਦੇ ਹਨ। ਪੰਜਾਬ ਦੇ ਸਰਹੱਦੀ ਇਲਾਕਿਆਂ ’ਚ ਪਾਕਿਸਤਾਨ ਵੱਲੋਂ ਲਗਾਤਾਰ ਭੇਜੇ ਜਾ ਰਹੇ ਡ੍ਰੋਨ ਬੀਐੱਸਐੱਫ ਦੇ ਜਵਾਨਾਂ ਵੱਲੋਂ ਫਾਇਰਿੰਗ ਕੀਤੇ ਜਾਣ ’ਤੇ ਵਾਪਸ ਚਲੇ ਜਾਂਦੇ ਹਨ। ਫਿਰ ਵੀ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਖੇਤਾਂ ’ਚੋਂ ਆਰਡੀਐਕਸ, ਟਿਫਨ ਬੰਬ ਤੇ ਹੱਥਗੋਲ਼ਿਆਂ ਦੀ ਬਰਾਮਦਗੀ ਬਾਦਸਤੂਰ ਜਾਰੀ ਹੈ। ਪੰਜਾਬ ਪੁਲਿਸ ਤੇ ਬਾਕੀ ਸੁਰੱਖਿਆ ਏਜੰਸੀਆਂ ਨੂੰ ਇਹ ਦੇਖਣਾ ਪਵੇਗਾ ਕਿ ਆਖ਼ਰ ਸਰਹੱਦੀ ਇਲਾਕਿਆਂ ’ਚ ਦਸਤੀ ਬੰਬ, ਟਿਫਨ ਬੰਬ ਤੇ ਹਥਿਆਰ ਆਦਿ ਕਿਸ ਤਰ੍ਹਾਂ ਪੁੱਜ ਰਹੇ ਹਨ? ਕੁਝ ਦਿਨ ਪਹਿਲਾਂ ਬਠਿੰਡਿਓਂ ਇਕ ਬੈਗ ’ਚੋਂ ਮਿਲੇ ਦੋ ਦਸਤੀ ਬੰਬਾਂ ਸਬੰਧੀ ਪੁਲਿਸ ਦੀ ਤਫ਼ਤੀਸ਼ ਜਾਰੀ ਹੈ ਪਰ ਅਜੇ ਤਕ ਇਹ ਪਤਾ ਨਹੀਂ ਲੱਗਾ ਕਿ ਬੈਗ ਸੁੱਟ ਦੇ ਭੱਜਣ ਵਾਲੇ ਨੌਜਵਾਨ ਕੌਣ ਸਨ ਤੇ ਉਨ੍ਹਾਂ ਨੂੰ ਬੰਬ ਕਿੱਥੋਂ ਮਿਲੇ ਸਨ? ਗੁਰਦਾਸਪੁਰ ਨੇੜਿਓਂ ਆਰਡੀਐਕਸ, ਟਿਫਨ ਬੰਬ ਤੇ ਹੱਥਗੋਲ਼ੇ ਮਿਲਣ ਨਾਲ ਚਿੰਤਾ ਇਸ ਲਈ ਵੱਧ ਜਾਂਦੀ ਹੈ ਕਿਉਂਕਿ ਇਸੇ ਜ਼ਿਲ੍ਹੇ ਦੇ ਦੀਨਾਨਗਰ ਥਾਣੇ ’ਤੇ ਅੱਤਵਾਦੀ ਲਗਪਗ ਛੇ ਸਾਲ ਪਹਿਲਾਂ ਹਮਲਾ ਕਰ ਚੁੱਕੇ ਹਨ ਜਿਸ ਵਿਚ ਚਾਰ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਸਨ ਜਦਕਿ ਤਿੰਨ ਆਮ ਨਾਗਰਿਕ ਵੀ ਮਾਰੇ ਗਏ ਸਨ। ਪਠਾਨਕੋਟ ’ਚ ਵੀ ਵੱਡਾ ਅੱਤਵਾਦੀ ਹਮਲਾ ਹੋ ਚੁੱਕਾ ਹੈ। ਪਹਿਲਾਂ ਵਾਪਰੀਆਂ ਘਟਨਾਵਾਂ ਦੇ ਮੱਦੇਨਜ਼ਰ ਸਰਹੱਦੀ ਜ਼ਿਲ੍ਹਿਆਂ ’ਚ ਚੌਕਸੀ ਵਧਾਉਣ ਦੇ ਨਾਲ ਹੀ ਹੋਰਨਾਂ ਜ਼ਿਲ੍ਹਿਆਂ ’ਚ ਵੀ ਪੁਲਿਸ ਨੂੰ ਬਹੁਤ ਚੌਕਸ ਰਹਿਣਾ ਪਵੇਗਾ। ਕਿਸੇ ਵੀ ਸੰਭਾਵੀ ਅੱਤਵਾਦੀ ਹਮਲੇ ਨੂੰ ਅਸਫਲ ਬਣਾਉਣ ਲਈ ਸਾਰੀਆਂ ਸੁਰੱਖਿਆ ਏਜੰਸੀਆਂ ’ਚ ਬਿਹਤਰ ਤਾਲਮੇਲ ਹੋਣਾ ਬੇਹੱਦ ਜ਼ਰੂਰੀ ਹੈ। ਸੁਰੱਖਿਆ ਦੇ ਮਾਮਲੇ ਵਿਚ ਵਰਤੀ ਗਈ ਕਿਸੇ ਵੀ ਕੋਤਾਹੀ ਦੇ ਨਤੀਜੇ ਜਿੱਥੇ ਸੂਬੇ ਦੇ ਅਮਨ-ਅਮਾਨ ’ਚ ਖ਼ਲਲ ਪਾ ਸਕਦੇ ਹਨ, ਓਥੇ ਸਿਆਸੀ ਤੌਰ ’ਤੇ ਵੀ ਇਸ ਦੇ ਦੂਰਗਾਮੀ ਪ੍ਰਭਾਵ ਪੈ ਸਕਦੇ ਹਨ।

Posted By: Jatinder Singh