ਪਿਛਲੇ ਸਾਲ 21 ਨਵੰਬਰ ਨੂੰ ਪਠਾਨਕੋਟ ਦੀ ਫ਼ੌਜੀ ਛਾਉਣੀ ਦੇ ਗੇਟ ’ਤੇ ਕੀਤੇ ਗਏ ਦਸਤੀ ਬੰਬ ਧਮਾਕੇ ਦੇ ਮਾਮਲੇ ਵਿਚ ਜਿਨ੍ਹਾਂ ਛੇ ਲੋਕਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ ਉਹ ਅਜਿਹੀ ਜਥੇਬੰਦੀ ਨਾਲ ਜੁੜੇ ਹੋਏ ਹਨ ਜੋ ਭਾਰਤ, ਖ਼ਾਸ ਤੌਰ ’ਤੇ ਪੰਜਾਬ ’ਚ ਲਗਾਤਾਰ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕਰਦੀ ਰਹੀ ਹੈ। ਇਹ ਕਿੰਨੀ ਡੂੰਘੀ ਸਾਜ਼ਿਸ਼ ਸੀ ਇਸ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਗਿ੍ਫ਼ਤਾਰ ਕੀਤੇ ਗਏ ਛੇ ਵਿਅਕਤੀ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ (ਆਈਐੱਸਵਾਈਐੱਫ) ਦੇ ਆਪੇ ਬਣੇ ਮੁਖੀ ਲਖਬੀਰ ਸਿੰਘ ਰੋਡੇ ਦੇ ਸੰਪਰਕ ’ਚ ਸਨ ਅਤੇ ਉਹੀ ਉਨ੍ਹਾਂ ਤੋਂ ਇਹ ਕੰਮ ਕਰਵਾ ਰਿਹਾ ਸੀ। ਪਠਾਨਕੋਟ ਤੇ ਹੋਰਨੀਂ ਥਾੲੀਂ ਬੰਬ ਧਮਾਕੇ ਕਰਨ ਲਈ ਉਸ ਨੇ ਹੀ ਉਨ੍ਹਾਂ ਨੂੰ ਗੋਲ਼ੀ-ਸਿੱਕਾ ਤੇ ਹਥਿਆਰ ਮੁਹੱਈਆ ਕਰਵਾਏ ਸਨ। ਗਿ੍ਰਫ਼ਤਾਰ ਕੀਤੇ ਗਏ ਇਨ੍ਹਾਂ ਲੋਕਾਂ ਤੋਂ ਦਸਤੀ ਬੰਬ, ਮੈਗਜ਼ੀਨ, ਪਿਸਤੌਲ ਤੇ ਰਾਈਫਲ ਬਰਾਮਦ ਹੋਏ ਹਨ ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਸੂਬੇ ’ਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸਨ। ਇਹ ਵਾਰ-ਵਾਰ ਸਾਬਿਤ ਹੁੰਦਾ ਰਿਹਾ ਹੈ ਕਿ ਅਜਿਹੀਆਂ ਤਾਕਤਾਂ ਪਿੱਛੇ ਪਾਕਿਸਤਾਨ ਦਾ ਹੱਥ ਹੈ। ਲਖਬੀਰ ਸਿੰਘ ਰੋਡੇ ਨੇ ਵੀ ਪਾਕਿਸਤਾਨ ’ਚ ਸ਼ਰਨ ਲਈ ਹੋਈ ਹੈ ਤੇ ਉੱਥੋਂ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਤੇ ਹੋਰ ਗਰਮ ਖ਼ਿਆਲੀ ਜਮਾਤਾਂ ਦੀ ਮਦਦ ਨਾਲ ਉਹ ਲਗਾਤਾਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਪਿਛਲੇ ਸਾਲ ਪੰਜਾਬ ’ਚ ਆਏ ਟਿਫਨ ਬੰਬ ਮਾਮਲਿਆਂ ’ਚ ਵੀ ਉਸ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੂੰ ਇਹ ਖ਼ਦਸ਼ਾ ਹੈ ਕਿ ਪਿਛਲੇ ਸਾਲ ਕ੍ਰਮਵਾਰ ਅਗਸਤ ਤੇ ਸਤੰਬਰ ’ਚ ਅਜਨਾਲਾ ਤੇ ਜਲਾਲਾਬਾਦ ’ਚ ਹੋਏ ਧਮਾਕੇ ਵੀ ਲਖਬੀਰ ਸਿੰਘ ਰੋਡੇ ਨੇ ਹੀ ਕਰਵਾਏ ਸਨ। ਹੁਣ ਜਦਕਿ ਪੰਜਾਬ ਸਮੇਤ ਪੰਜ ਸੂਬਿਆਂ ’ਚ ਚੋਣ ਪ੍ਰੋਗਰਾਮ ਦਾ ਐਲਾਨ ਹੋ ਚੁੱਕਾ ਹੈ ਤੇ ਪੰਜਾਬ ’ਚ 14 ਫਰਵਰੀ ਨੂੰ ਵੋਟਾਂ ਪੈਣੀਆਂ ਹਨ, ਅਜਿਹੇ ਮੌਕੇ ਪਾਕਿਸਤਾਨ ਹਰ ਸੰਭਵ ਕੋਸ਼ਿਸ਼ ਕਰੇਗਾ ਕਿ ਭਾਰਤ, ਖ਼ਾਸ ਤੌਰ ’ਤੇ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾਵੇ। ਉਹ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਡ੍ਰੋਨਾਂ ਤੇ ਸਮੱਗਲਰਾਂ ਰਾਹੀਂ ਪੰਜਾਬ ’ਚ ਹਥਿਆਰ ਤੇ ਗੋਲ਼ੀ-ਸਿੱਕਾ ਭੇਜ ਰਿਹਾ ਹੈ। ਭਾਵੇਂ ਪਾਕਿਸਤਾਨ ਵੱਲੋਂ ਭੇਜੇ ਗਏ ਕੁਝ ਹਥਿਆਰ ਤੇ ਵਿਸਫੋਟਕ ਸਮੱਗਰੀ ਮਿਲ ਚੁੱਕੀ ਹੈ ਪਰ ਪੁਲਿਸ ਨੂੰ ਖ਼ਦਸ਼ਾ ਹੈ ਕਿ ਕੁਝ ਇਤਰਾਜ਼ਯੋਗ ਸਮੱਗਰੀ ਸ਼ਾਇਦ ਗ਼ਲਤ ਹੱਥਾਂ ’ਚ ਪੁੱਜ ਚੁੱਕੀ ਹੈ। ਇੱਥੇ ਇਹ ਗੱਲ ਗੌਰ ਕਰਨ ਵਾਲੀ ਹੈ ਕਿ ਪਠਾਨਕੋਟ ਗ੍ਰਨੇਡ ਹਮਲੇ ਦੇ ਮਾਮਲੇ ’ਚ ਫੜੇ ਗਏ ਸਾਰੇ ਲੋਕ ਪੰਜਾਬ ਦੇ ਹੀ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਪਾਕਿਸਤਾਨ ਤੇ ਹੋਰਨਾਂ ਦੇਸ਼ਾਂ ’ਚ ਬੈਠੇ ਗਰਮ ਖ਼ਿਆਲੀ ਇੱਥੋਂ ਦੇ ਲੋਕਾਂ ਨੂੰ ਗੁਮਰਾਹ ਕਰ ਕੇ ਸੂਬੇ ਦੀ ਸ਼ਾਂਤੀ ਭੰਗ ਕਰਨੀ ਚਾਹੁੰਦੇ ਹਨ। ਨਿਊਯਾਰਕ ’ਚ ਬੈਠਾ ਸਿੱਖਸ ਫਾਰ ਜਸਟਿਸ ਦਾ ਕਰਤਾ-ਧਰਤਾ ਗੁਰਪਤਵੰਤ ਸਿੰਘ ਪਨੂੰ ਇਸੇ ਤਰ੍ਹਾਂ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰ ਕੇ ਭੜਕਾਉਣ ਦਾ ਕੰਮ ਲਗਾਤਾਰ ਕਰ ਰਿਹਾ ਹੈ। ਇਹ ਜ਼ਰੂਰੀ ਹੈ ਕਿ ਐੱਨਆਈਏ ਦੁਬਈ ਤੋਂ ਫੜ ਕੇ ਜਿਸ ਤਰ੍ਹਾਂ ਗੈਂਗਸਟਰ ਸੁਖਮੀਤਪਾਲ ਸਿੰਘ ਭਿਖਾਰੀਵਾਲਾ ਨੂੰ ਇੱਥੇ ਲਿਆਈ ਹੈ ਉਸੇ ਤਰ੍ਹਾਂ ਲਖਬੀਰ ਸਿੰਘ ਰੋਡੇ ਤੇ ਪਨੂੰ ਨੂੰ ਵੀ ਫੜਿਆ ਜਾਵੇ। ਪੰਜਾਬ ਦੇ ਲੋਕਾਂ ਨੂੰ ਸੋਚਣਾ ਪਵੇਗਾ ਕਿ ਅਜਿਹੇ ਲੋਕਾਂ ਦੇ ਝਾਂਸੇ ’ਚ ਆ ਕੇ ਕੁਝ ਲੋਕ ਕੋਈ ਗ਼ਲਤ ਕਦਮ ਨਾ ਚੁੱਕ ਲੈਣ। ਜੇ ਅਜਿਹੀਆਂ ਤਾਕਤਾਂ ਨੂੰ ਪੰਜਾਬ ਦੇ ਲੋਕਾਂ ਦਾ ਸਾਥ ਨਾ ਮਿਲੇ ਤਾਂ ਉਹ ਸੂਬੇ ਦਾ ਮਾਹੌਲ ਖ਼ਰਾਬ ਕਰਨ ’ਚ ਬਿਲਕੁਲ ਨਾਕਾਮ ਰਹਿਣਗੀਆਂ।

Posted By: Jagjit Singh