-ਪਰਮਜੀਤ ਕੌਰ ਸਰਹਿੰਦ

ਯਾਦਾਂ ਮਨੁੱਖੀ ਮਨ ਦਾ ਅਨਮੋਲ ਖਜ਼ਾਨਾ ਹੁੰਦੀਆਂ ਹਨ। ਖ਼ਾਸ ਤੌਰ ’ਤੇ ਬਚਪਨ ਦੀਆਂ ਸੁਪਨਿਆਂ ਵਰਗੀਆਂ ਯਾਦਾਂ। ਭੈਣ-ਭਰਾਵਾਂ ਜਾਂ ਸਖੀਆਂ-ਸਹੇਲੀਆਂ ਨਾਲ ਖੇਡਣਾ, ਲੜਨਾ, ਰੁੱਸਣਾ-ਮੰਨਣਾ ਤੇ ਝਟਪਟ ਸਭ ਕੁਝ ਭੁੱਲ-ਭੁਲਾ ਜਾਣਾ। ਤਬਦੀਲੀ ਕੁਦਰਤ ਦਾ ਨਿਯਮ ਹੈ। ਵਰਤਮਾਨ ਜਦੋਂ ਅਤੀਤ ’ਚ ਬਦਲ ਜਾਂਦਾ ਹੈ ਤਾਂ ਉਹਦਾ ਪਰਛਾਵਾਂ ਸਾਡੇ ਨਾਲ ਰਹਿੰਦਾ ਹੈ। ਤਬਦੀਲੀ ਦੇ ਨਿਯਮ ਅਧੀਨ ਹੋਰ ਵੀ ਬਹੁਤ ਕੁਝ ਬਦਲ ਜਾਂਦਾ ਹੈ ਜਿਵੇਂ ਅਜੋਕੇ ਸਮੇਂ ਵਿਚ ਬਦਲਿਆ ਹੈ। ਵਿਗਿਆਨ ਦੀ ਤਰੱਕੀ ਨਾਲ ਅਨੇਕਾਂ ਸੁੱਖ-ਸਹੂਲਤਾਂ ਉਪਲਬਧ ਹਨ। ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਹੀ ਨਹੀਂ ਬਲਕਿ ਵੱਧ ਵਿੱਦਿਆ ਦਿੱਤੀ ਜਾਣੀ ਇਕ ਉਸਾਰੂ ਬਦਲਾਅ ਹੈ। ਦੂਜਾ ਪੱਖ ਦੁਖਦਾਈ ਹੀ ਨਹੀਂ ਖ਼ਤਰਨਾਕ ਵੀ ਹੈ। ਵਾਤਾਵਰਨ ਦੇ ਗੰਧਲੇਪਣ ਤੋਂ ਇਲਾਵਾ ਰਿਸ਼ਤਿਆਂ ਜਾਂ ਨੈਤਿਕ ਕਦਰਾਂ-ਕੀਮਤਾਂ ਵਿਚ ਨਿਘਾਰ ਇਕ ਮਾਰੂ ਤਬਦੀਲੀ ਹੈ।

ਵੱਡੇ ਮੁੱਦਿਆਂ ਨੂੰ ਛੱਡ ਕੇ ਹੁਣ ਤਾਂ ਨਿੱਕੀ ਜਿਹੀ ਗੱਲ ਤੋਂ ਲੜਾਈ-ਝਗੜਾ, ਕਤਲ ਤੇ ਫਿਰ ਥਾਣਿਆਂ-ਕਚਹਿਰੀਆਂ ਤੋਂ ਘੁੰਮਦੇ ਜੇਲ੍ਹ ਤਕ ਪਹੁੰਚਣਾ ਆਮ ਗੱਲ ਹੈ। ਪਿਛਲੇ ਸਮੇਂ ਛੋਟੇ ਹੀ ਨਹੀਂ ਸਗੋਂ ਵੱਡੇ-ਵੱਡੇ ਮਸਲੇ ਵੀ ਪਿੰਡ ਦੇ ਮੋਹਤਬਰ, ਪੰਚਾਇਤ ਜਾਂ ਰਿਸ਼ਤੇਦਾਰ ਹੀ ਸੁਲਝਾ ਲੈਂਦੇ ਸਨ।

ਮੈਨੂੰ ਉਹ ਘਟਨਾ ਯਾਦ ਆਉਂਦੀ ਹੈ ਜੋ ਮੇਰੇ ਨਾਲ ਸੱਤਵੀਂ ਜਮਾਤ ਵਿਚ ਪੜ੍ਹਦਿਆਂ ਘਟੀ ਸੀ। ਸਾਡੇ ਪਿੰਡ ਸੈਂਪਲੀ ਪ੍ਰਾਇਮਰੀ ਸਕੂਲ ਸੀ। ਆਪਣੇ ਪੱਛੜੇ ਜਿਹੇ ਇਲਾਕੇ ’ਚ ਅੱਗੇ ਪੜ੍ਹਨ ਲਈ ਸਾਨੂੰ ਨਾਲ ਦੇ ਪਿੰਡ ਰੁਪਾਲਹੇੜੀ ਜਾਣਾ ਪੈਂਦਾ। ਅੱਜ ਉਹ ਪਿੰਡ ਸ਼ਹਿਰਾਂ ਵਰਗੇ ਬਣ ਗਏ ਹਨ। ਉਸ ਸਮੇਂ ਕੁੜੀ ਨੂੰ ਕੋਈ ਮਸਾਂ ਪੰਜਵੀਂ ਤਕ ਪੜਾਉਂਦਾ ਸੀ। ਪੰਜਵੀਂ ਨੂੰ ਕਿਸੇ ‘ਬੈਚਲਰ ਡਿਗਰੀ’ ਤੇ ਦਸਵੀਂ ਜਮਾਤ ਪਾਸ ਨੂੰ ‘ਮਾਸਟਰਜ਼ ਡਿਗਰੀ’ ਪ੍ਰਾਪਤ ਸਮਝਿਆ ਜਾਂਦਾ ਸੀ। ਛੇਵੀਂ ਜਮਾਤ ਵਿਚ ਮੈਂ ਇਕੱਲੀ ਕੁੜੀ ਸਾਂ। ਮੈਂ ਆਪਣੇ ਭਰਾ ਨਾਲ ਪੜ੍ਹਨ ਜਾਂਦੀ ਜੋ ਦਸਵੀਂ ਵਿਚ ਪੜ੍ਹਦਾ ਸੀ। ਸੱਤਵੀਂ ਵਿਚ ਮੇਰੇ ਪਿੰਡ ਦੀ ਕਿਸੇ ਹੋਰ ਸਕੂਲ ਵਿਚ ਪੜ੍ਹਦੀ ਕੁੜੀ ਅਮਰਜੀਤ ਮੇਰੇ ਨਾਲ ਆ ਰਲੀ। ਮੇਰਾ ਵੱਡਾ ਭਰਾ ਜੋ ਅਧਿਆਪਕ ਸੀ, ਰੁਪਾਲਹੇੜੀ ਤੋਂ ਅਗਲੇ ਪਿੰਡ ਕਸੁੰਭੜੀ ਪੜ੍ਹਉਂਦਾ ਸੀ। ਸਾਡੇ ਸਕੂਲ ਤਕ ਉਹ ਸਾਡੇ ਨਾਲ ਹੱਥ ’ਚ ਸਾਈਕਲ ਫੜੀ ਤੁਰ ਕੇ ਜਾਂਦਾ। ਲੋਕ ਕੁੜੀਆਂ ਨੂੰ ਥੋੜ੍ਹਾ-ਬਹੁਤਾ ਪੜ੍ਹਉਣ ਜ਼ਰੂਰ ਲੱਗ ਪਏ ਸਨ ਪਰ ਰੂੜੀਵਾਦੀ ਸੋਚ ਬਰਕਰਾਰ ਸੀ। ਖ਼ੈਰ, ਸਾਡੇ ਇਸ ਚਿੜੀਆਂ ਦੇ ਚੰਬੇ ਵਿਚ ਹੌਲੀ-ਹੌਲੀ ਇਜ਼ਾਫਾ ਹੁੰਦਾ ਗਿਆ। ਕੱਚੀਆਂ-ਪੱਕੀਆਂ ਪਹੀਆਂ-ਪਗਡੰਡੀਆਂ ਤੋਂ ਤੁਰਦੇ ਅਸੀਂ ਸਕੂਲ ਪੁੱਜਦੇ ਜੋ ਦੋ-ਢਾਈ ਕਿਲੋਮੀਟਰ ਦੂਰ ਸੀ। ਨਾਲ ਦੇ ਪਿੰਡਾਂ ਸੈਂਪਲਾ, ਪਮੌਰ, ਘੇਲ, ਕਸੁੰਭੜੀ, ਡਡਿਆਣਾ, ਰੈਲੋਂ ਤੇ ਮੈਣ ਆਦਿ ਪਿੰਡਾਂ ਦੇ ਵਿਦਿਆਰਥੀ ਇਸ ਸਕੂਲ ਵਿਚ ਪੜ੍ਹਦੇ। ਕੁੜੀਆਂ ਚਾਰ ਕੁ ਪਿੰਡਾਂ ਤੋਂ ਇਕ-ਦੋ ਹੀ ਹੁੰਦੀਆਂ। ਪਮੌਰ ਵਾਲਿਆਂ ਦਾ ਤੇ ਸਾਡਾ ਰਸਤਾ ਕੁਝ ਦੂਰ ਤਕ ਇਕ ਹੁੰਦਾ ਅਤੇ ਅੱਗੇ ਜਾ ਕੇ ਅਸੀਂ ਸੱਜੇ ਵੱਲ ਆਪਣੇ ਪਿੰਡ ਨੂੰ ਮੁੜ ਜਾਂਦੇ। ਰੁਪਾਲਹੇੜੀ ਦੇ ਬਾਹਰ ਸਾਡੇ ਰਾਹ ਵਿਚ ਇਕ ਭੱਠਾ ਸੀ। ਅਸੀਂ ਉਹਦੇ ਇੱਟਾਂ ਪੱਥਣ ਵਾਲੇ ਖਤਾਨ ਜਿਹੇ ਦੇ ਕਿਨਾਰੇ ਵਾਲੀ ਪਹੀ ਤੋਂ ਲੰਘਦੇ। ਜੇ ਕੋਈ ਸਾਈਕਲ-ਸਕੂਟਰ ਵਾਲਾ ਆ ਜਾਂਦਾ ਤਾਂ ਸਾਨੂੰ ਆਸੇ-ਪਾਸੇ ਹੋ ਕੇ ਖੜ੍ਹਨਾ ਪੈਂਦਾ ਜਾਂ ਕਾਹਲੇ ਕਦਮੀਂ ਅੱਗੇ ਨਿਕਲਣਾ ਪੈਂਦਾ। ਅੱਗੇ ਥੋੜ੍ਹਾ ਚੌੜਾ ਰਾਹ ਸੀ। ਇਕ ਦਿਨ ਸਕੂਲੋਂ ਵਾਪਸੀ ਸਮੇਂ ਅਸੀਂ ਪੰਜ-ਸੱਤ ਕੁੜੀਆਂ ਭੱਠੇ ਵਾਲੀ ਪਹੀ ਤੋਂ ਲੰਘ ਰਹੀਆਂ ਸਾਂ। ਪਿੱਛੋਂ ਦਸਵੀਂ ਜਮਾਤ ਦੇ ਮੁੰਡੇ ਸਾਈਕਲਾਂ ’ਤੇ ਆ ਰਹੇ ਸਨ। ਮੈਂ ਜ਼ਰਾ ਪਾਸੇ ਹੁੰਦਿਆਂ ਆਪਣੀ ਸਹੇਲੀ ਅਮਰਜੀਤ ਨੂੰ ਉਹਦਾ ਹੱਥ ਫੜ ਕੇ ਪਾਸੇ ਕਰਨ ਲੱਗੀ। ਬਚਦਿਆਂ-ਬਚਾਉਂਦਿਆਂ ਉਹ ਪੰਜ-ਛੇ ਫੁੱਟ ਡੂੰਘੇ ਖਤਾਨ ਵਿਚ ਜਾ ਡਿੱਗੀ। ਅਸੀਂ ਕੁੜੀਆਂ ਤਾਂ ਰੌਲਾ ਪਾਉਣ ਜੋਗੀਆਂ ਹੀ ਸਾਂ ਪਰ ਮੁੰਡਿਆਂ ਨੇ ਸਾਈਕਲ ਸੁੱਟ ਕੇ ਖਤਾਨ ’ਚ ਛਾਲਾਂ ਮਾਰ ਦਿੱਤੀਆਂ।

ਜਿਵੇਂ-ਕਿਵੇਂ ਅਮਰ ਨੂੰ ਇੱਟਾਂ-ਰੋੜਿਆਂ ਦੇ ਢੇਰ ਤੋਂ ਚੜ੍ਹ ਕੇ ਸਾਡੇ ਕੋਲ ਪਹੀ ਵਿਚ ਲੈ ਆਏ। ਮੈਂ ਬਹੁਤ ਪਰੇਸ਼ਾਨ ਸਾਂ ਕਿਉਂਕਿ ਮੇਰੀ ਗ਼ਲਤੀ ਕਾਰਨ ਉਹ ਖਤਾਨ ’ਚ ਡਿੱਗੀ ਸੀ। ਉਹਨੇ ਦੱਸਿਆ ਕਿ ਕੋਈ ਸੱਟ ਨਹੀਂ ਲੱਗੀ, ਬਸ ਜ਼ਰਾ ਕੁ ਸੱਜੀ ਬਾਂਹ ਦੁਖਦੀ ਹੈ ਜਿਸ ਦੀ ਉਹਨੇ ਕੋਈ ਪਰਵਾਹ ਨਾ ਕੀਤੀ। ਅਸੀਂ ਆਪਣੇ ਘਰਾਂ ਨੂੰ ਚਲੀਆਂ ਗਈਆਂ। ਮੇਰਾ ਮਨ ਵੀ ਸਾਵਾਂ ਹੋ ਗਿਆ। ਅਮਰਜੀਤ ਤੇ ਦੂਜੀ ਕੁੜੀ ਹਰਜੀਤ ਦਾ ਘਰ ਸਾਡੇ ਘਰ ਤੋਂ ਥੋੜ੍ਹਾ ਅੱਗੇ ਸੀ। ਸਵੇਰੇ ਉਹ ਮੇਰੇ ਕੋਲ ਆ ਜਾਂਦੀਆਂ ਤੇ ਵੀਰ ਸਾਡੇ ਨਾਲ ਤੁਰ ਪੈਂਦਾ। ਸ਼ਾਮੀਂ ਉਹ ਸਾਡੇ ਤੋਂ ਪਹਿਲਾਂ ਪਿੰਡ ਮੁੜ ਜਾਂਦਾ। ਦੂਜੇ ਦਿਨ ਸਵੇਰੇ ਜਦੋਂ ਹਰਜੀਤ ਇਕੱਲੀ ਆਈ ਤਾਂ ਪਤਾ ਲੱਗਾ ਕਿ ਅਮਰ ਦੀ ਬਾਂਹ ਟੁੱਟ ਗਈ ਹੈ। ਉਹਨੂੰ ਨਾਲ ਦੇ ਪਿੰਡ ਬਾਂਹ ਬਨ੍ਹਾਉਣ ਲਈ ਲੈ ਕੇ ਗਏ ਹਨ। ਭਾਵੇਂ ਮੈਂ ਉਹਨੂੰ ਧੱਕਾ ਦੇ ਕੇ ਨਹੀਂ ਸੀ ਸੁੱਟਿਆ ਪਰ ਮੈਂ ਮੁੜ-ਮੁੜ ਸੋਚਦੀ ਕਿ ਨਾ ਮੈਂ ਉਸ ਨੂੰ ਪਾਸੇ ਹੋਣ ਲਈ ਕਹਿੰਦੀ ਤੇ ਨਾ ਉਹ ਡਿੱਗ ਕੇ ਸੱਟ ਲਵਾਉਂਦੀ। ਮਨ ’ਚ ਇਹ ਖ਼ੌਫ਼ ਵੀ ਬਰਾਬਰ ਸੀ ਕਿ ਅਮਰ ਦੇ ਘਰੋਂ ਕੋਈ ਸਾਡੇ ਘਰ ਉਲਾਹਮਾ ਲੈ ਕੇ ਨਾ ਆਏ ਜਾਵੇ। ਇਸ ਨਾਲ ਝਾੜਝੰਬ ਤਾਂ ਹੋਵੇਗੀ ਹੀ, ਸਾਡੇ ਸਹੇਲਪੁਣੇ ’ਚ ਵੀ ਫ਼ਰਕ ਪੈ ਜਾਵੇਗਾ। ਸਕੂਲ ’ਚ ਮੈਂ ਸਾਰਾ ਦਿਨ ਉਦਾਸ ਰਹੀ। ਘਰ ਆ ਕੇ ਦੇਖਿਆ ਕਿ ਕੋਈ ਗੱਲ ਨਹੀਂ ਸੀ। ਮੈਂ ਸ਼ਰਮਿੰਦੀ ਹੋਈ ਉਹਦੇ ਘਰ ਵੀ ਨਾ ਗਈ। ਸ਼ਾਮ ਨੂੰ ਉਹਦੀ ਛੋਟੀ ਭੈਣ ਸਾਡੇ ਘਰ ਆਈ ਅਤੇ ਉਹਦੀ ਅੰਗਰੇਜ਼ੀ ਦੀ ਕਾਪੀ ਮੈਨੂੰ ਫੜਾਉਂਦਿਆ ਬੋਲੀ, ‘‘ਅਮਰ ਭੈਣ ਨੇ ਕਿਹੈ ਕਿ ਪਰਮ ਮੇਰਾ ਅੰਗਰੇਜ਼ੀ ਦਾ ਕੰਮ ਰੋਜ਼ ਕਰ ਦਿਆ ਕਰੇ... ਬਾਕੀ ਮੈਂ ਠੀਕ ਹੋ ਕੇ ਆਪੇ ਕਰ ਲਊਂ।’’ ਅਮਰਜੀਤ ਦੀ ਅੰਗਰੇਜ਼ੀ ਬਹੁਤ ਮਾੜੀ ਸੀ ਅਤੇ ਮੇਰਾ ਗਣਿਤ, ਜਿਸ ਨੂੰ ਅਸੀਂ ਹਿਸਾਬ ਕਹਿੰਦੇ ਸਾਂ। ਅਸੀਂ ਰਲ-ਮਿਲ ਕੇ ਕੰਮ ਕਰਦੀਆਂ। ਦੂਜੇ ਵਿਸ਼ਿਆਂ ਦੇ ਸਿਰ ’ਤੇ ਮੈਂ ਜਮਾਤ ਵਿਚ ਪਹਿਲੇ ਨੰਬਰ ’ਤੇ ਰਹਿੰਦੀ। ਮੈਂ ਝਿਜਕਦਿਆਂ ਅਮਰ ਦੀ ਭੈਣ ਤੋਂ ਪੁੱਛਿਆ ਕਿ ਕੱਲ੍ਹ ਤਾਂ ਉਹ ਸਾਡੇ ਨਾਲ ਸਕੂਲੋਂ ਚੰਗੀ ਭਲੀ ਤੁਰੀ ਆਈ ਹੈ। ਫਿਰ ਕੀ ਹੋ ਗਿਆ? ਉਹ ਸਿਆਣਿਆਂ ਵਾਂਗ ਬੋਲੀ, ‘‘ਉਦੋਂ ਤਾਂ ਤੱਤੇ ਘਉ ਪਤਾ ਈ ਨੀ ਲੱਗਿਆ ਉਹਨੂੰ, ਰਾਤ ਨੂੰ ਬਹੁਤ ਦਰਦ ਹੋਇਆ ਬਾਂਹ ’ਚ ਤਾਂ ਬਾਪੂ ਜੀ ਸਾਝਰੇ ਹੀ ਬੀੜ ਵਾਲੇ ਕੋਲ ਲੈਗੇ ਜਿਹੜਾ ਟੁੱਟੀ ਲੱਤ-ਬਾਂਹ ਬੰਨ੍ਹਦੈ।

ਉਹਨੇ ਦੱਸਿਆ ਬਈ ਬਾਂਹ ਟੁੱਟੀ ਹੋਈ ਐ।’’ ਚੌਥੇ-ਪੰਜਵੇਂ ਦਿਨ ਅਮਰ ਆਪ ਹੀ ਸਾਡੇ ਘਰ ਆ ਗਈ। ਉਸ ਦੀ ਬਾਂਹ ਫੱਟੀ ਤੇ ਪੱਟੀਆਂ ਨਾਲ ਬੰਨ੍ਹੀ ਹੋਈ ਸੀ। ਮੈਂ ਮਾਯੂਸੀ ਨਾਲ ਪੁੱਛਿਆ, ‘‘ ਜ਼ਿਆਦਾ ਦਰਦ ਤਾਂ ਨਹੀਂ ਹੁੰਦਾ?’’ ਉਹ ਹੱਸਦਿਆਂ ਬੋਲੀ, ‘‘ਬਾਂਹ ਟੁੱਟੀ ਐ। ਦਰਦ ਤਾਂ ਹੋਣਾ ਹੀ ਐ। ਚੱਲ ਚਾਰ ਦਿਨ ਮੌਜਾਂ ਕਰਾਂਗੇ, ਵੀਹ-ਬਾਈ ਦਿਨ ਸਕੂਲੋਂ ਛੁੱਟੀ ਤੇ ਅੰਗਰੇਜ਼ੀ ਦਾ ਕੰਮ ਪਰਮ ਕਰੂ...।’’ ਇਹ ਗੱਲ ਸੁਣ ਕੇ ਮੇਰੀ ਜਾਨ ’ਚ ਜਾਨ ਆਈ। ਨਾ ਮੇਰੀ ਸਹੇਲੀ ਤੇ ਨਾ ਉਹਦੇ ਪਰਿਵਾਰ ਨੇ ਕੋਈ ਗੁੱਸਾ-ਗਿਲਾ ਕੀਤਾ। ਸਾਰੇ ਸਮਝਦੇ ਸਨ ਕਿ ਇਹ ਸੁਭਾਵਿਕ ਹੋਇਆ ਹੈ। ਮਾਪਿਆਂ ਦਸ ਜਮਾਤਾਂ ਪੜ੍ਹਾ ਕੇ ਆਪਣੇ ਵੱਲੋਂ ਉੱਚ ਵਿੱਦਿਆ ਮੁਹੱਈਆ ਕਰਵਾ ਕੇ ਸਾਡੇ ਵਿਆਹ ਕਰ ਦਿੱਤੇ। ਅੱਜ ਸਾਡੇ ਬੱਚਿਆਂ ਦੇ ਬੱਚੇ ਵੀ ਉਸ ਉਮਰ ਤੋਂ ਵੱਡੇ ਹਨ ਜਿਸ ਉਮਰੇ ਇਹ ਘਟਨਾ ਹੋਈ। ਬਚਪਨ ਦੀ ਸਾਂਝ ਭੈਣਾਂ ਦੇ ਰਿਸ਼ਤੇ ’ਚ ਬਦਲ ਗਈ ਜੋ ਅੱਜ ਵੀ ਨਿਭ ਰਹੀ ਹੈ। ਮੈਂ ਅਕਸਰ ਸੋਚਦੀ ਹਾਂ ਕਿ ਜੇ ਇਹ ਅੱਜ-ਕੱਲ੍ਹ ਦੀ ਬੀਤੀ ਹੁੰਦੀ ਤਾਂ ਸਹੇਲਪੁਣਾ ਤਾਂ ਭਾਲਿਆਂ ਨਹੀਂ ਸੀ ਲੱਭਣਾ। ਮਾਪਿਆਂ ਨੇ ਲੜਾਈ-ਝਗੜਾ ਕਰਨ ਤੋਂ ਇਲਾਵਾ ਇਲਾਜ ਦਾ ਖ਼ਰਚਾ ਵੀ ਵਸੂਲਣਾ ਸੀ। ਉਮਰ ਭਰ ਲਈ ਭਾਈਚਾਰਕ ਸਾਂਝ ਵਿਚ ਤਰੇੜ ਵੀ ਜ਼ਰੂਰ ਪੈਣੀ ਸੀ। ਅਤੀਤ ਦੀਆਂ ਗੂੜ੍ਹੀਆਂ ਸਾਂਝਾਂ ਤੇ ਵਰਤਮਾਨ ਦੇ ਨਿਗੂਣੀਆਂ ਗੱਲਾਂ ਤੋਂ ਵਧਦੇ ਬਖੇੜੇ ਸਵਾਲ ਕਰਦੇ ਹਨ ਕਿ ਸਾਡਾ ਭਵਿੱਖ ਕੀ ਹੋਵੇਗਾ?

-ਮੋਬਾਈਲ : 98728-98599

Posted By: Jatinder Singh