-ਮਨਮੋਹਨ ਸਿੰਘ ਦਾਊਂ

ਭਾਰਤ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਵਾਗਡੋਰ ਮੁੱਖ ਮੰਤਰੀ ਦੇ ਤੌਰ ’ਤੇ ਮਾਝਾ, ਮਾਲਵਾ ਤੇ ਦੁਆਬਾ ਖੇਤਰ ਦੇ ਸਿਆਸੀ-ਨੇਤਾਵਾਂ ਦੇ ਹੱਥ ਹੀ ਰਹੀ। ਪੰਜਾਬੀ ਸਾਹਿਤ ਤੇ ਸਿੱਖਿਆ ਖੇਤਰ ਵਿਚ ਇਨ੍ਹਾਂ ਖੇਤਰਾਂ ਦੇ ਸਾਹਿਤਕਾਰਾਂ ਦੀ ਝੰਡੀ ਰਹੀ ਹੈ। ਪਹਿਲੀ ਨਵੰਬਰ 1966 ਨੂੰ ਪੰਜਾਬੀ ਸੂਬਾ ਬਣਨ ਤੋਂ ਬਾਅਦ ਵੀ ਇਹ ਰੁਝਾਨ ਜਾਰੀ ਰਿਹਾ। ਇਹ ਵੱਖਰੀ ਗੱਲ ਹੈ ਕਿ ਮਾਲਵਾ (ਸੰਧਵਾਂ, ਫ਼ਰੀਦਕੋਟ) ਦੇ ਜੰਮਪਲ ਗਿਆਨੀ ਜ਼ੈਲ ਸਿੰਘ ਬਰਾਸਤਾ ਪੁਆਧ (ਅਨੰਦਪੁਰ ਸਾਹਿਬ) ਤੋਂ ਜਿੱਤ ਕੇ 1972 ਵਿਚ ਮੁੱਖ ਮੰਤਰੀ ਅਤੇ ਬਾਅਦ ਵਿਚ ਰਾਸ਼ਟਰਪਤੀ ਬਣੇ ਸਨ।ਅਫ਼ਸੋਸ ਦੀ ਗੱਲ ਹੈ ਕਿ ਪੁਆਧ ਖੇਤਰ ਹੁਣ ਤਕ ਅਣਗੌਲਿਆ ਅਤੇ ਅਣਡਿੱਠ ਹੀ ਰਿਹਾ ਹੈ। ਹਰ ਖੇਤਰ ਵਿਚ ਪੁਆਧ ਦਾ ਨਾਮ ਪਿੱਛੇ ਰਿਹਾ ਜਦੋਂ ਕਿ ਪੁਆਧ ਭੂ-ਖੰਡ ਬਹੁਤ ਦੂਰ ਤਕ ਫੈਲਿਆ ਹੋਇਆ ਹੈ। ਸੰਨ 1966 ’ਚ ਪੰਜਾਬੀ ਸੂਬਾ ਬਣਨ ਨਾਲ ਇਸ ’ਚੋਂ ਚੰਡੀਗੜ੍ਹ ਯੂ.ਟੀ., ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬਣਾ ਦਿੱਤੇ ਗਏ।

ਦੁੱਖ ਦੀ ਗੱਲ ਹੈ ਕਿ ਪੁਆਧ ਦੇ 50 ਪਿੰਡ ਉਜਾੜ ਕੇ ਚੰਡੀਗੜ੍ਹ ਬਣਾ ਦਿੱਤਾ ਗਿਆ ਅਤੇ ਉਸ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਖ਼ੂਬ ਸੰਘਰਸ਼ ਹੋਇਆ। ਪੁਆਧੀ ਬੋਲੀ, ਸੱਭਿਆਚਾਰ ਤੇ ਵਿਰਸੇ ਨੂੰ ਕੋਈ ਮਹੱਤਤਾ ਨਾ ਮਿਲ ਸਕੀ। ਸਿਆਸੀ ਪਾਰਟੀਆਂ ਨੇ ਕੇਵਲ ਆਪਣਾ ਲਾਹਾ ਲੈਣ ਲਈ ਪੁਆਧ ਦੇ ਲੋਕਾਂ ਦੀਆਂ ਮੰਗਾਂ ਅਤੇ ਹੱਕਾਂ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ। ਹੋਰ ਖੇਤਰਾਂ ਤੋਂ ਆ ਕੇ ਵਸੇ ਲੋਕ ਖ਼ੁਸ਼ਹਾਲੀ ਮਾਣਨ ਲੱਗੇ ਤੇ ਪੁਆਧ ਤੋਂ ਉਜੜੇ ਲੋਕਾਂ ਨੂੰ ਧੱਕੇ ਖਾਣੇ ਪਏ। ਆਰਥਿਕਤਾ ਤੇ ਸਿਆਸੀ-ਚੇਤਨਾ ’ਚ ਪਿੱਛੇ ਰਹਿਣ ਕਾਰਨ ਇਸ ਖੇਤਰ ਦੀ ਵਾਗਡੋਰ ਇੱਥੋਂ ਦੇ ਜੰਮਪਲ ਨੂੰ ਮਿਲਣੀ ਨਸੀਬ ਨਾ ਹੋ ਸਕੀ। ਜੇਕਰ ਇਸ ਖੇਤਰ ਦੇ ਭੂਗੋਲਿਕ ਅਤੇ ਇਤਿਹਾਸਕ ਪਿਛੋਕੜ ਦੀ ਗੱਲ ਕਰੀਏ ਤਾਂ ਸਾਨੂੰ ਪੁਆਧ ਸ਼ਬਦ ਦੇ ਅਰਥ ਸਮਝਣੇ ਜ਼ਰੂਰੀ ਹਨ। ਕੋਈ ਸਮਾਂ ਸੀ ਜਦੋਂ ਮਹਾ-ਪੰਜਾਬ ਅਫ਼ਗਾਨਿਸਤਾਨ ਤੋਂ ਪੂਰਬ ਵੱਲ ਦਿੱਲੀ ਦੀਆਂ ਬਰੂਹਾਂ ਤਕ ਫੈਲਿਆ ਹੁੰਦਾ ਸੀ। ਉਹ ਸਮਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਨੂੰ ਚੇਤੇ ਕਰਵਾਉਂਦਾ ਹੈ। ਉਦੋਂ ਉਸ ਖੇਤਰ ਨੂੰ ਪੰਜਾਬ ਦਾ ਪੂਰਬੀ-ਅਰਧ ਕਰ ਕੇ ਜਾਣਿਆ ਜਾਂਦਾ ਸੀ ਜਿਸ ਤੋਂ ‘ਪੁਆਧ’ ਸ਼ਬਦ ਹੋਂਦ ’ਚ ਆਇਆ। ਪੁਆਧ ਸੰਸਕ੍ਰਿਤ ਦਾ ਰੁਪਾਂਤਰ ਸ਼ਬਦ ਪੂਰਬ-ਅਰਧ ਤੋਂ ਬਣਿਆ ਭਾਵ ਪੂਰਬ ਦਾ ਅੱਧ। ਪੰਛੀ-ਝਾਤ ਮਾਰਿਆਂ ਇਸ ਖੇਤਰ ਨੂੰ ਭੂਗੋਲਿਕ ਨਜ਼ਰੀਏ ਤੋਂ ਦਰਿਆ ਸਤਲੁਜ ਤੋਂ ਪੂਰਬ ਵੱਲ ਨੂੰ ਤੁਰਦੇ ਹੋਏ ਰੋਪੜ ਡਵੀਜ਼ਨ, ਅਨੰਦਪੁਰ ਸਾਹਿਬ, ਕੁਰਾਲੀ, ਮੋਰਿੰਡਾ, ਫਤਹਿਗੜ੍ਹ ਸਾਹਿਬ, ਪਟਿਆਲੇ ਦਾ ਕੁਝ ਹਿੱਸਾ ਨਾਭਾ ਜੀਂਦ, ਰਾਜਪੁਰਾ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), ਖਰੜ, ਚੰਡੀਗੜ੍ਹ ਯੂਟੀ, ਮਨੀਮਾਜਰਾ, ਡੇਰਾਬੱਸੀ, ਲਾਲੜੂ ਦਰਿਆ ਘੱਗਰ ਤੋਂ ਪਾਰ ਪੂਰਬ ਵੱਲ ਹਰਿਆਣਾ ਦਾ ਭਾਗ (ਅੰਬਾਲਾ, ਨਾਰਾਇਣਗੜ੍ਹ, ਜਗਾਧਰੀ ਆਦਿ), ਸ਼ਿਵਾਲਿਕ ਦੀਆਂ ਪਹਾੜੀਆਂ ਦੀ ਰਮਣੀਕ ਧਰਤੀ ਦੇ ਪੈਰਾਂ ’ਚ ਵਸਿਆ, ਪੁਆਧ ਹੀ ਤਾਂ ਹੈ।

ਪੰਜਾਬ ਦੇ ਇਤਿਹਾਸ ਵਿਚ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਕਾਰਜਾਂ ਦੀ ਕਰਮ-ਭੂਮੀ ਪੁਆਧ ਰਹੀ। ਸ੍ਰੀ ਗੁਰੂ ਤੇਗ ਬਹਾਦਰ ਵੱਲੋਂ ਅਨੰਦਪੁਰ ਸਾਹਿਬ ਤੋਂ ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਜਾ ਕੇ ਸੀਸ ਵਾਰਨਾ, ਦਸਮ ਪਾਤਸ਼ਾਹ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਚ ਖ਼ਾਲਸਾ ਸਿਰਜਣਾ (1699 ਈ.), ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ) ਤਖਤ ਦੀ ਸਥਾਪਨਾ, ਸ੍ਰੀ ਚਮਕੌਰ ਸਾਹਿਬ ’ਚ ਸਿੰਘਾਂ ਦੀ ਮੁਗ਼ਲ ਸਲਤਨਤ ਨਾਲ ਜੰਗ, ਸਰਹਿੰਦ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਚੱਪੜਚਿੜੀ ਜੰਗ ਪ੍ਰਮੁੱਖ ਘਟਨਾਵਾਂ ਪੁਆਧ ਖੇਤਰ ’ਚ ਹੋਈਆਂ। ਦਰਿਆ ਸਤਲੁਜ ’ਤੇ ਭਾਖੜਾ ਡੈਮ ਦੀ ਉਸਾਰੀ ਹੋਈ ਜਿਸ ਨੇ ਇਸ ਖੇਤਰ ਨੂੰ ਰੁਸ਼ਨਾਇਆ।

ਪੁਆਧ ਦੀਆਂ ਮੁੱਖ ਸ਼ਖ਼ਸੀਅਤਾਂ ’ਚ ਸੁਤੰਤਰ ਭਾਰਤ ਦਾ ਪਹਿਲਾ ਰੱਖਿਆ ਮੰਤਰੀ ਬਲਦੇਵ ਸਿੰਘ ਪਿੰਡ ਦੁੱਮਣਾ (ਪੁਆਧ) ਦਾ ਜੰਮਪਲ ਸੀ। ਉਸ ਤੋਂ ਬਾਅਦ ਸ੍ਰੀ ਪਿ੍ਰਥਵੀ ਸਿੰਘ ਆਜ਼ਾਦ, ਕਾਮਰੇਡ ਸ਼ਮਸ਼ੇਰ ਸਿੰਘ ਜੋਸ਼ ਤੇ ਐਡਵੋਕੇਟ ਬਚਿੱਤਰ ਸਿੰਘ ਇਸ ਪੁਆਧ ਖੇਤਰ ਦੇ ਹਲਕਾ-ਵਿਧਾਇਕ ਰਹੇ ਜਿਨ੍ਹਾਂ ਨੇ ਇਸ ਪੱਛੜੇ ਇਲਾਕੇ ਨੂੰ ਸਕੂਲ ਤੇ ਕਾਲਜ ਖੋਲ੍ਹ ਕੇ ਆਪਣੀ ਭੂਮਿਕਾ ਨਿਭਾਈ ਪਰੰਤੂ ਸਮੁੱਚੇ ਪੁਆਧ ਦੀ ਹੋਣੀ ਉਜਵਲ ਕਰਨ ਲਈ ਅਤੇ ਲੋਕਾਂ ਦੀਆਂ ਮੰਗਾਂ ਤੇ ਲੋੜਾਂ ਨੂੰ ਓਨੀ ਤਰਜੀਹ ਨਹੀਂ ਮਿਲ ਸਕੀ। ਮਾਰੂ ਖੇਤੀ ਹੋਣ ਕਾਰਨ ਕਿਸਾਨੀ ਪੱਛੜੀ ਰਹੀ, ਕੋਈ ਨਹਿਰੀ ਤੇ ਸਰਕਾਰੀ ਟਿਊਬਵੈੱਲਾਂ ਦੇ ਸਿੰਜਾਈ ਸਾਧਨ ਨਾ ਹੋ ਸਕੇ, ਅਜੇ ਵੀ ਪੁਆਧ ਦੇ ਪਿੰਡਾਂ ਦੀ ਦੁਰਦਸ਼ਾ ਸੁਧਾਰਾਂ ਦੀ ਮੰਗ ਕਰਦੀ ਹੈ।

ਕਈ ਪਿੰਡਾਂ ’ਚ ਬਿਜਲੀ ਤੇ ਪਾਣੀ ਦੀਆਂ ਸਹੂਲਤਾਂ ਤਸੱਲੀਬਖਸ਼ ਨਹੀਂ, ਲਿੰਕ ਸੜਕਾਂ ਟੁੱਟੀਆਂ ਹੋਈਆਂ ਹਨ। ਪਿੰਡਾਂ ’ਚ ਬੱਚਿਆਂ ਦੇ ਖੇਡਣ ਲਈ ਪਾਰਕ ਨਹੀਂ, ਬਜ਼ੁਰਗਾਂ ਦੇ ਸੁੱਖ-ਆਰਾਮ ਲਈ ਸਾਧਨ ਨਹੀਂ ਅਤੇ ਕਿੰਨੀਆਂ ਹੀ ਹੋਰ ਆਧੁਨਿਕ ਸਹੂਲਤਾਂ ਦੀ ਲੋੜ ਹੈ ਤਾਂ ਜੋ ਇਹ ਪੁਆਧ ਖੇਤਰ ਅਮੀਰ ਤੇ ਖ਼ੁਸ਼ਹਾਲ ਹੋ ਸਕੇ। ਪੁਆਧ ਦੇ ਚੰਗਰ ਤੇ ਨੀਮ-ਪਹਾੜੀ ਖੇਤਰ ਦੇ ਅਣਗਿਣਤ ਪਿੰਡ ਇੰਜ ਲੱਗਦੇ ਹਨ ਜਿਵੇਂ ਉਹ ਖ਼ੁਸ਼ਹਾਲ ਪੰਜਾਬ ਦਾ ਹਿੱਸਾ ਹੀ ਨਾ ਹੋਣ। ਇਹ ਪਹਿਲੀ ਵਾਰ ਹੈ ਕਿ ਪੰਜਾਬ ਦੀ ਸਿਆਸੀ ਸੱਤਾ ਦੀ ਕਮਾਨ ਦਲਿਤ ਵਰਗ ਨਾਲ ਸਬੰਧਤ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਦਿੱਲੀ ਦੀ ਕਾਂਗਰਸ ਹਾਈ ਕਮਾਂਡ ਨੇ ਸੌਂਪ ਕੇ ਨਵਾਂ ਇਤਿਹਾਸ ਸਿਰਜਿਆ ਹੈ। ਖਰੜ ਸ਼ਹਿਰ ਦੇ ਜੰਮਪਲ ਚੰਨੀ ਜਿਨ੍ਹਾਂ ਨੇ ਟੈਂਟ ਦੇ ਕਿੱਤੇ ਤੋਂ ਸ਼ੁਰੂਆਤ ਕਰ ਕੇ ਐੱਮਸੀ, ਖਰੜ ਨਗਰ ਕੌਂਸਲ ਦੇ ਪ੍ਰਧਾਨ, ਤਿੰਨ ਵਾਰ ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਜਿੱਤ ਕੇ ਵਿਧਾਇਕ ਬਣਨ ਅਤੇ ਕੈਬਨਿਟ ਮੰਤਰੀ ਦੀਆਂ ਸੇਵਾਵਾਂ ਨਿਭਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਕੇ ਖਰੜ ਇਲਾਕੇ ਦੀ ਜਨਤਾ ਦਾ ਮਾਣ ਵਧਾਇਆ ਹੈ।

ਉਚੇਰੀ ਵਿੱਦਿਆ ਹਾਸਲ ਕਰਨ ਵਾਲੇ ਸ੍ਰੀ ਚੰਨੀ ਨੂੰ ਇਹ ਰੁਤਬਾ ਮਿਲਣ ਸਦਕਾ ਪੁਆਧ ਨੂੰ ਪਹਿਲੀ ਵਾਰ ਇਹ ਸਿਆਸੀ ਸੱਤਾ ਅਜਮਾਉਣ ਦਾ ਸ਼ਾਨਦਾਰ ਮੌਕਾ ਮਿਲਿਆ। ਮੁੱਖ ਮੰਤਰੀ ਵਜੋਂ ਤਾਜਪੋਸ਼ੀ ਤੋਂ ਬਾਅਦ ਚੰਨੀ ਨੇ ਜੋ ਨਿਮਰਤਾ ਦਿਖਾਈ, ਉਹ ਆਪਣੇ-ਆਪ ਵਿਚ ਕਮਾਲ ਹੈ। ਉੱਚੇ ਅਹੁਦਿਆਂ ’ਤੇ ਬਿਰਾਜਮਾਨ ਹੋਣ ਤੋਂ ਬਾਅਦ ਬਹੁਤੇ ਲੋਕ ਆਪਣੇ ਗ਼ੁਰਬਤ ਵਾਲੇ ਪਿਛੋਕੜ ਨੂੰ ਲੁਕਾਉਂਦੇ ਹਨ। ਸਦਕੇ ਜਾਈਏ ਚੰਨੀ ਜੀ ਦੇ ਜਿਨ੍ਹਾਂ ਨੇ ਭਾਵੁਕ ਅੰਦਾਜ਼ ਵਿਚ ਕਿਹਾ ਕਿ ਉਨ੍ਹਾਂ ਦਾ ਟੈਂਟ ਹਾਊਸ ਸੀ ਅਤੇ ਉਹ ਸਾਮਾਨ ਢੋਣ ਲਈ ਖ਼ੁਦ ਰਿਕਸ਼ਾ ਤਕ ਵੀ ਚਲਾਉਂਦੇ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਘਰ ਦੀ ਛੱਤ ਕੱਚੀ ਸੀ। ਭਾਵੇਂ ਪੰਜਾਬ ਦੀ ਅਜੋਕੀ ਸਥਿਤੀ ਬਹੁਤ ਸਮੱਸਿਆਵਾਂ ਨਾਲ ਘਿਰੀ ਹੋਈ ਹੈ ਅਤੇ ਥੋੜ੍ਹਾ ਸਮਾਂ ਮਿਲਣ ਕਾਰਨ ਸ੍ਰੀ ਚੰਨੀ ਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਪਰੰਤੂ ਇਸ ਥੋੜ੍ਹੇ ਸਮੇਂ ਵਿਚ ਵੀ ਉਨ੍ਹਾਂ ਨੂੰ ਸੰਵਿਧਾਨਕ ਨਿਯਮਾਂ ’ਤੇ ਪਹਿਰਾ ਦੇ ਕੇ ਪੁਆਧ ਦੇ ਉਜਲੇ ਭਵਿੱਖ ਬਾਰੇ ਵਿਓਂਤਬੰਦੀ ਕਰਨੀ ਜ਼ਰੂਰੀ ਹੈ। ਕੰਪਨੀਆਂ ਵੱਲੋਂ ਗ਼ੈਰ-ਕਾਨੂੰਨੀ ਹੋ ਰਹੀਆਂ ਉਸਾਰੀਆਂ ਨੂੰ ਰੋਕਣਾ, ਪੁਆਧ ਇਲਾਕੇ ’ਚ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਕਿਸਾਨ-ਅੰਦੋਲਨ ਦੀ ਸਫਲਤਾ ਲਈ ਮੰਤਰੀ-ਮੰਡਲ ਨੂੰ ਲਾਮਬੰਦ ਕਰਨਾ, ਪਿੰਡਾਂ ਨੂੰ ਆਵਾਜਾਈ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਵਰਗੇ ਮਸਲਿਆਂ ਨੂੰ ਪਹਿਲ ਦੇ ਕੇ ਪੁਆਧੀ ਸਪੂਤ ਹੋਣ ਦਾ ਮੁਜ਼ਾਹਰਾ ਕੀਤਾ ਜਾਵੇ। ਮੁੱਖ ਮੰਤਰੀ ਸੂਬੇ ਦਾ ਕਮਾਂਡਰ ਹੁੰਦਾ ਹੈ। ਉਸ ਨੂੰ ਬਿਨਾਂ ਕਿਸੇ ਪੱਖਪਾਤ, ਵਿਤਕਰੇ, ਵਰਨ-ਵੰਡ, ਜਾਤ-ਪਾਤ ਤੇ ਵਿਰੋਧਤਾਵਾਂ ਤੋਂ ਉੱਪਰ ਉੱਠ ਕੇ ਸੂਬੇ ਦੀ ਖ਼ੁਸ਼ਹਾਲੀ, ਅਮਨ-ਸ਼ਾਂਤੀ ਤੇ ਸਦਭਾਵਨਾ ਦੀ ਸਥਾਪਨਾ ਕਰਨੀ ਹੁੰਦੀ ਹੈ। ਪੰਜਾਬ ਦੇ 16ਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਸਾਨੂੰ ਬਹੁਤ ਉਮੀਦਾਂ ਹਨ। ਉਹ ਮਿਹਨਤੀ, ਉੱਦਮੀ ਤੇ ਉਸਾਰੂ ਸੋਚ ਦੇ ਮਾਲਕ ਹਨ। ਉਨ੍ਹਾਂ ਦੇ ਜੀਵਨ ਦਾ ਚਾਨਣ-ਪੱਖੀ ਅਧਿਆਇ ੳਨ੍ਹਾਂ ਦੀ ਉਡੀਕ ਕਰ ਰਿਹਾ ਹੈ। ਆਸ ਕੀਤੀ ਜਾਂਦੀ ਹੈ ਕਿ ਉਹ ਪੁਆਧ ਦੇ ਲੋਕਾਂ ਦੇ ਦਿਲ ਜਿੱਤਣ ਦੀ ਕੋਸ਼ਿਸ਼ ਕਰਨਗੇ।

ਸ੍ਰੀ ਚੰਨੀ ਨੂੰ ਵਿਦਿਆਰਥੀ ਜੀਵਨ ਤੋਂ ਹੀ ਸਾਹਿਤ, ਸੱਭਿਆਚਾਰ ਤੇ ਵਿਰਾਸਤ ਨਾਲ ਦਿਲਚਸਪੀ ਰਹੀ ਹੈ। ਉਹ ਪੰਜਾਬੀ ਸਾਹਿਤ ਸਭਾ ਖਰੜ ਦੇ ਸਮਾਗਮਾਂ ਵਿਚ ਸ਼ਿਰਕਤ ਕਰਦੇ ਰਹੇ ਹਨ। ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਸਮਾਗਮਾਂ ਨੂੰ ਮੰਤਰੀ ਹੁੰਦਿਆਂ ਉਹ ਪੂਰਾ ਸਹਿਯੋਗ ਦਿੰਦੇ ਰਹੇ ਹਨ। ਕਿੰਨਾ ਚੰਗਾ ਹੋਵੇ ਕਿ ਮੋਹਾਲੀ/ਖਰੜ ਵਿਖੇ ਸਾਹਿਤਕ ਤੇ ਸੱਭਿਆਚਾਰਕ ਸਮਾਗਮਾਂ ਲਈ ਢੁੱਕਵੀਂ ਥਾਂ ਤੇ ਪੁਆਧੀ ਸੱਭਿਆਚਾਰਕ ਕੇਂਦਰ ਦੀ ਸਥਾਪਨਾ ਕੀਤੀ ਜਾਵੇ। ਚੰਡੀਗੜ੍ਹ ਦੇ ਟੈਗੋਰ ਥੀਏਟਰ ਵਾਂਗਰ ਪੁਆਧ ਦੇ ਲੋਕ-ਪਿ੍ਰਆ ਅਖਾੜਾ ਗਾਇਕ ਭਗਤ ਆਸਾ ਰਾਮ (ਸੋਹਾਣਾ) ਦੀ ਯਾਦ ਵਿਚ ਅਤੇ ਡਾ. ਐੱਮਐੱਸ ਰੰਧਾਵਾ ਦੀ ਯਾਦ ਵਿਚ ਥੀਏਟਰ ਬਣਾਏ ਜਾਣ ਤਾਂ ਜੋ ਐੱਸਏਐੱਸ ਨਗਰ ਮੋਹਾਲੀ ਦਾ ਬਿੰਬ ਸੱਭਿਆਚਾਰ ਤੇ ਸਾਹਿਤ ਦੇ ਖੇਤਰ ਵਿਚ ਉੱਭਰ ਸਕੇ। ਮਾਂ-ਬੋਲੀ ਪੰਜਾਬੀ ਅਤੇ ਪੁਆਧੀ ਉਪ-ਭਾਸ਼ਾ ਲਈ ਇਹ ਮਾਣ ਵਾਲੀ ਗੱਲ ਹੋਵੇਗੀ।

-(ਲੇਖਕ ਸ਼੍ਰੋਮਣੀ ਸਾਹਿਤਕਾਰ ਹੈ)

-ਮੋਬਾਈਲ : 98151-23900

Posted By: Jatinder Singh