ਇਕ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਤੇ ਹੋਰ ਸਿਆਸੀ ਪਾਰਟੀਆਂ ਪਾਕਿਸਤਾਨ ਨਾਲ ਲੱਗਦੀ ਸੂਬੇ ਦੀ ਸਰਹੱਦ ਦੇ 50 ਕਿਲੋਮੀਟਰ ਦੇ ਅੰਦਰ ਤਕ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੂੰ ਤਲਾਸ਼ੀ ਅਤੇ ਸ਼ੱਕੀਆਂ ਨੂੰ ਹਿਰਾਸਤ ਵਿਚ ਲੈਣ ਦੇ ਅਧਿਕਾਰ ਦੇਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ’ਤੇ ਇਤਰਾਜ਼ ਪ੍ਰਗਟਾ ਰਹੀਆਂ ਹਨ, ਦੂਜੇ ਪਾਸੇ ਸਥਿਤੀ ਇਹ ਹੈ ਕਿ ਆਏ ਦਿਨ ਸਰਹੱਦ ਪਾਰ ਤੋਂ ਡਰੋਨ ਰਾਹੀਂ ਹਥਿਆਰ ਤੇ ਨਸ਼ੀਲੇ ਪਦਾਰਥ ਭਾਰਤ ਵੱਲ ਭੇਜੇ ਜਾ ਰਹੇ ਹਨ। ਇਕ ਵਾਰ ਫਿਰ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਰਾਹੀਂ ਵਿਦੇਸ਼ੀ ਪਿਸਤੌਲ, ਮੈਗਜ਼ੀਨ ਤੇ ਹੈਰੋਇਨ ਭੇਜੇ ਜਾਣ ’ਤੇ ਇਹ ਮੰਨਿਆ ਜਾ ਰਿਹਾ ਹੈ ਕਿ ਤਿਉਹਾਰਾਂ ਦੇ ਦਿਨਾਂ ਵਿਚ ਪੰਜਾਬ ਨੂੰ ਦਹਿਲਾਉਣ ਦੀ ਇਹ ਵੱਡੀ ਸਾਜ਼ਿਸ਼ ਹੋ ਸਕਦੀ ਹੈ। ਇਹ ਬਰਾਮਦਗੀ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਅਤੇ ਬੀਐੱਸਐੱਫ ਨੇ ਮਿਲ ਕੇ ਕੀਤੀ ਹੈ। ਕਾਊਂਟਰ ਇੰਟੈਲੀਜੈਂਸ ਨੂੰ ਸੂਚਨਾ ਮਿਲੀ ਸੀ ਕਿ ਖੇਮਕਰਨ ਸੈਕਟਰ ਵਿਚ ਡਰੋਨ ਰਾਹੀਂ ਹਥਿਆਰ ਸੁੱਟੇ ਗਏ ਹਨ। ਤਲਾਸ਼ੀ ਦੌਰਾਨ ਇਕ ਖੇਤ ਵਿਚ ਸੁੱਟੇ ਗਏ ਪੋਲੀਥੀਨ ਦੇ ਬੈਗ ਵਿੱਚੋਂ ਹਥਿਆਰ ਬਰਾਮਦ ਹੋਏ। ਕਾਊਂਟਰ ਇੰਟੈਲੀਜੈਂਸ ਨੂੰ ਕੁਝ ਫੋਨ ਨੰਬਰ ਮਿਲੇ ਸਨ ਜਿਨ੍ਹਾਂ ਦੀ ਜਾਂਚ ਵਿਚ ਕੁਝ ਨਾਂ ਸਾਹਮਣੇ ਆਏ ਹਨ ਜਿਹੜੇ ਪਹਿਲਾਂ ਵੀ ਪਾਕਿਸਤਾਨ ਤੋਂ ਹਥਿਆਰ ਤੇ ਨਸ਼ਾ ਮੰਗਵਾ ਚੁੱਕੇ ਹਨ। ਯਾਨੀ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਰਾਜਾਤਾਲ ਵਿਚ ਵੀ ਡਰੋਨ ਦੀ ਆਵਾਜ਼ ਸੁਣਨ ’ਤੇ ਬੀਐੱਸਐੱਫ ਨੇ ਫਾਇਰਿੰਗ ਕੀਤੀ ਤਾਂ ਉਹ ਪਾਕਿਸਤਾਨੀ ਖੇਤਰ ਵੱਲ ਪਰਤ ਗਿਆ ਅਤੇ ਉੱਥੋਂ ਹੈਰੋਇਨ ਬਰਾਮਦ ਹੋਈ। ਇਸ ਤਰ੍ਹਾਂ ਇੰਟੈਲੀਜੈਂਸ ਅਤੇ ਬੀਐੱਸਐੱਫ ਦੇ ਸਾਂਝੇ ਯਤਨਾਂ ਨਾਲ ਇਨ੍ਹਾਂ ਹਥਿਆਰਾਂ ਤੇ ਹੈਰੋਇਨ ਦੀ ਸਮੱਗਲਿੰਗ ਨੂੰ ਫੜਨ ਵਿਚ ਸਫਲਤਾ ਮਿਲੀ ਹੈ। ਵੈਸੇ ਜੰਮੂ-ਕਸ਼ਮੀਰ ਤੋਂ ਲੈ ਕੇ ਪੰਜਾਬ ਤਕ ਦੀ ਕੌਮਾਂਤਰੀ ਸਰਹੱਦ ’ਤੇ ਰੋਜ਼ਾਨਾ ਡਰੋਨ ਆਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜ਼ਿਆਦਾਤਰ ਮਾਮਲਿਆਂ ’ਚ ਬੀਐੱਸਐੱਫ ਵੱਲੋਂ ਫਾਇਰਿੰਗ ਕਰ ਕੇ ਡਰੋਨਾਂ ਨੂੰ ਸੁੱਟ ਲਿਆ ਜਾਂਦਾ ਹੈ ਪਰ ਜਿਹੜੇ ਪਕੜ ’ਚ ਨਹੀਂ ਆਉਂਦੇ, ਉਨ੍ਹਾਂ ਰਾਹੀਂ ਪਤਾ ਨਹੀਂ ਕਿੰਨਾ ਅਸਲਾ ਤੇ ਨਸ਼ੀਲੇ ਪਦਾਰਥ ਭਾਰਤ ’ਚ ਦਾਖ਼ਲ ਹੋ ਜਾਂਦੇ ਹਨ। ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਕਿ ਇਨ੍ਹਾਂ ਨਾਲ ਤਬਾਹੀ ਕਿੰਨੀ ਮਚਾਈ ਜਾਂਦੀ ਹੈ? ਓਧਰ, ਪਹਿਲਾਂ ਤੋਂ ਹੀ ਪੰਜਾਬ ਪੁਲਿਸ ਤੇ ਬੀਐੱਸਐੱਫ ਸਰਹੱਦ ਪਾਰ ਤੋਂ ਘੁਸਪੈਠ ਨੂੰ ਮਿਲ ਕੇ ਅਸਫਲ ਬਣਾਉਂਦੀਆਂ ਰਹੀਆਂ ਹਨ ਪਰ ਦੋਵਾਂ ਦੇ ਕੰਮ ਦੀਆਂ ਕੁਝ ਹੱਦਾਂ ਹਨ। ਸਮੱਗਲਿੰਗ ਤੇ ਘੁਸਪੈਠ ਨੂੰ ਰੋਕਣ ’ਚ ਕੋਈ ਅੜਿੱਕਾ ਨਾ ਪਵੇ, ਕੇਂਦਰ ਸਰਕਾਰ ਦਾ ਬੀਐੱਸਐੱਫ ਦਾ ਦਾਇਰਾ ਵਧਾਉਣ ਦਾ ਫ਼ੈਸਲਾ ਇਸੇ ਲਈ ਹੈ। ਇਹ ਉਨ੍ਹਾਂ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਜਿਹੜੇ ਇਸ ਨੂੰ ਲੈ ਕੇ ਲਗਾਤਾਰ ਸਿਆਸਤ ਕਰ ਰਹੇ ਹਨ। ਪੰਜਾਬ ’ਚ ਡਰੱਗਜ਼ ਤੇ ਹਥਿਆਰਾਂ ਦੀ ਲਗਾਤਾਰ ਵਧਦੀ ਤਸਕਰੀ ਖ਼ਤਰੇ ਦੀ ਘੰਟੀ ਹੈ। ਪਹਿਲਾਂ ਹੀ ਪੰਜਾਬ ਅੱਤਵਾਦ ਦਾ ਇਕ ਲੰਬਾ ਤੇ ਕਾਲਾ ਦੌਰ ਦੇਖ ਚੁੱਕਾ ਹੈ। ਹੁਣ ਅਜਿਹੀਆਂ ਤਾਕਤਾਂ ਨੂੰ ਮੁੜ ਸਿਰ ਚੁੱਕਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਜਦੋਂ ਸਾਰੇ ਮਾਹਿਰ ਇਹ ਕਹਿ ਰਹੇ ਹਨ ਕਿ ਬੀਐੱਸਐੱਫ ਦਾ ਦਾਇਰਾ ਵਧਾਉਣ ਨਾਲ ਸਰਹੱਦ ’ਤੇ ਸੁਰੱਖਿਆ ਤੇ ਚੌਕਸੀ ਦੀ ਵਿਵਸਥਾ ਮਜ਼ਬੂਤ ਹੋਵੇਗੀ ਤਾਂ ਰਾਸ਼ਟਰ ਹਿੱਤ ਨਾਲ ਜੁੜੇ ਇਸ ਮਾਮਲੇ ਨੂੰ ਲੈ ਕੇ ਚੱਲ ਰਹੀ ਸਿਆਸਤ ’ਤੇ ਹੁਣ ਵਿਰਾਮ ਲੱਗਣਾ ਚਾਹੀਦਾ। ਪੰਜਾਬ ਪੁਲਿਸ ਤੇ ਬੀਐੱਸਐੱਫ ਨੂੰ ਉਸੇ ਤਾਲਮੇਲ ਨਾਲ ਕੰਮ ਕਰਨ ਦੇਣਾ ਚਾਹੀਦਾ ਹੈ, ਜਿਵੇਂ ਉਹ ਕਰਦੀਆਂ ਆ ਰਹੀਆਂ ਹਨ। ਸੌੜੀ ਸਿਆਸਤ ਕਾਰਨ ਇਸ ਤਾਲਮੇਲ ’ਤੇ ਮਾੜਾ ਅਸਰ ਨਾ ਪਵੇ।

Posted By: Jatinder Singh