ਭਾਰਤ ਵਿਚ 17ਵੀਂ ਲੋਕ ਸਭਾ ਦੇ ਗਠਨ ਵਾਸਤੇ ਸੱਤ ਪੜਾਵਾਂ ਵਿਚ ਵੋਟਾਂ ਪੈ ਰਹੀਆਂ ਹਨ। ਇਨ੍ਹਾਂ ਆਮ ਚੋਣਾਂ ਨੂੰ ਚੋਣ ਕਮਿਸ਼ਨ ਨੇ ਦੇਸ਼ ਦੇ ਮਹਾ-ਉਤਸਵ ਦਾ ਨਾਮ ਦਿੱਤਾ ਹੈ। ਚੋਣ ਕਮਿਸ਼ਨ ਦਸ ਲੱਖ ਪੋਲਿੰਗ ਬੂਥਜ਼ 'ਤੇ ਸੌ ਫ਼ੀਸਦੀ ਈਵੀਐੱਮ ਅਤੇ ਵੀਵੀਪੈਟ ਦੀ ਵਰਤੋਂ ਕਰ ਰਿਹਾ ਹੈ। ਇਸ ਤਰ੍ਹਾਂ 1.1 ਮਿਲੀਅਨ ਈਵੀਐੱਮਜ਼ ਦੀ ਵਰਤੋਂ ਕੀਤੀ ਜਾਣੀ ਹੈ। ਇੰਜ ਨੱਬੇ ਕਰੋੜ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਜਿਨ੍ਹਾਂ 'ਚੋਂ ਤੇਰਾਂ ਕਰੋੜ ਵੋਟਰ ਪਹਿਲੀ ਵਾਰ ਵੋਟ ਪਾ ਰਹੇ ਹਨ। ਭਾਰਤ ਦਾ ਹਰ ਨਾਗਰਿਕ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਕਾਫੀ ਜਾਗਰੂਕ ਹੋ ਚੁੱਕਾ ਹੈ। ਵੋਟਰ ਦੀ ਜਾਗਰੂਕਤਾ ਵਿਚ ਸੋਸ਼ਲ ਮੀਡੀਆ ਦਾ ਵੱਡਾ ਹੱਥ ਹੈ। ਫਿਰ ਵੀ ਵੱਡੇ ਪੱਧਰ 'ਤੇ ਵੋਟਰ ਈਵੀਐੱਮ ਤੇ ਵੀਵੀਪੈਟ ਤੋਂ ਅਨਜਾਣ ਹਨ। ਐਤਕੀਂ ਲੋਕਤੰਤਰ ਦਾ ਚੋਣ ਮੇਲਾ ਕਈ ਪੱਖਾਂ ਤੋਂ ਵਿਲੱਖਣ ਹੋਵੇਗਾ। ਸਮੁੱਚੀ ਚੋਣ ਪ੍ਰਕਿਰਿਆ 'ਤੇ 500 ਬਿਲੀਅਨ ਰਪਏ ਦਾ ਵੱਡਾ ਖ਼ਰਚਾ ਹੋਣ ਦਾ ਅਨੁਮਾਨ ਹੈ। ਲੋਕ ਸਭਾ ਦੀਆਂ 543 ਸੀਟਾਂ 'ਤੇ ਲਗਪਗ 8000 ਉਮੀਦਵਾਰਾਂ ਦੇ ਚੋਣ ਲੜਨ ਦੀ ਸੰਭਾਵਨਾ ਹੈ। ਇਸ ਵਾਰ ਹੋਰ ਲਿੰਗ ਸ੍ਰੇਣੀ ਰਾਹੀਂ 38,325 ਟਰਾਂਸਜੈਂਡਰ ਵੋਟ ਪ੍ਰਕਿਰਿਆ ਵਿਚ ਭਾਗ ਲੈਣਗੇ। ਸੰਨ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ 66.4 ਫ਼ੀਸਦੀ ਪੋਲਿੰਗ ਹੋਈ ਸੀ ਜੋ ਕਿ ਇਕ ਰਿਕਾਰਡ ਸੀ। ਇਸ ਵਾਰ ਵੀ ਭਾਰਤੀ ਚੋਣ ਕਮਿਸ਼ਨ ਵੋਟਰ ਜਾਗਰੂਕਤਾ ਵਾਸਤੇ ਕਈ ਉਪਰਾਲੇ ਕਰ ਰਿਹਾ ਹੈ। ਆਪਣੇ ਸਵੀਪ ਪ੍ਰੋਗਰਾਮ ਤਹਿਤ ਚੋਣ ਕਮਿਸ਼ਨ ਸਕੂਲਾਂ-ਕਾਲਜਾਂ ਤੇ ਜਨਤਕ ਥਾਵਾਂ 'ਤੇ ਵੋਟਰ ਜਾਗਰੂਕਤਾ ਸੈਮੀਨਾਰ ਕਰਵਾ ਰਿਹਾ ਹੈ ਅਤੇ ਨੁੱਕੜ ਨਾਟਕਾਂ ਰਾਹੀਂ ਵੀ ਜਾਗਰੂਕਤਾ ਦਾ ਪਸਾਰਾ ਕਰਵਾ ਰਿਹਾ ਹੈ। ਇਸੇ ਤਰ੍ਹਾਂ ਈਵੀਐੱਮ ਅਤੇ ਵੀਵੀਪੈਟ ਦੀ ਸਿਖਲਾਈ ਜੰਗੀ ਪੱਧਰ 'ਤੇ ਦਿੱਤੀ ਜਾ ਰਹੀ ਹੈ। ਵੋਟਰ ਵੈਰੀਫਾਈਡ ਪੇਪਰ ਆਡਿਟ ਟਰਾਇਲ (ਵੀਵੀਪੈਟ) ਮਸ਼ੀਨ ਦੀ ਕਾਰਜ ਵਿਧੀ ਦੀ ਸਿਖਲਾਈ ਬੂਥ ਪੱਧਰ ਤੋਂ ਸ਼ੁਰੂ ਕੀਤੀ ਗਈ ਹੈ। ਪੋਲਿੰਗ ਸਟਾਫ ਨੂੰ ਦੋ-ਤਿੰਨ ਪੜਾਵਾਂ ਵਿਚ ਕੰਟਰੋਲ ਯੂਨਿਟ, ਵੀਵੀਪੈਟ ਅਤੇ ਬੈਲੇਟ ਯੂਨਿਟ ਨੂੰ ਕੁਨੈਕਟ ਕਰਨ ਅਤੇ ਨਕਲੀ-ਪੋਲ ਕਰਵਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਪੰਜਾਬ ਸੂਬੇ ਦੇ ਮੁੱਖ ਚੋਣ ਅਫਸਰ ਦੇ ਦਫ਼ਤਰ ਵੱਲੋਂ ਬੂਥ ਪੱਧਰੀ ਅਧਿਕਾਰੀਆਂ, ਆਂਗਨਵਾੜੀ ਅਤੇ ਆਸ਼ਾ ਕਰਮੀਆਂ ਨੂੰ ਵੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੀ ਕਾਰਜਪ੍ਰਣਾਲੀ ਬਾਰੇ ਸਿਖਲਾਈ ਦਿੱਤੀ ਗਈ ਹੈ। ਇਸ ਸਿਖਲਾਈ ਦਾ ਮਕਸਦ ਲੋਕਾਂ ਵਿਚ ਈਵੀਐੱਮ ਬਾਰੇ ਭਰੋਸੇਯੋਗਤਾ ਕਾਇਮ ਕਰਨਾ ਹੈ ਕਿਉਂਕਿ ਪਿਛਲੇ ਅਰਸੇ ਤੋਂ ਦੇਸ਼ ਦੀਆਂ ਮੁੱਖ ਵਿਰੋਧੀ ਪਾਰਟੀਆਂ ਵੱਲੋਂ ਈਵੀਐੱਮ ਵੋਟਿੰਗ ਪ੍ਰਣਾਲੀ 'ਤੇ ਗਹਿਰੇ ਖ਼ਦਸ਼ੇ ਜ਼ਾਹਰ ਕੀਤੇ ਜਾ ਰਹੇ ਸਨ। ਲਗਪਗ ਇੱਕੀ ਸਿਆਸੀ ਪਾਰਟੀਆਂ ਈਵੀਐੱਮ ਦਾ ਵਿਰੋਧ ਕਰ ਰਹੀਆਂ ਹਨ। ਸੁਪਰੀਮ ਕੋਰਟ ਦੇ ਆਦੇਸ਼ ਮੁਤਾਬਕ ਹਰ ਵਿਧਾਨ ਸਭਾ ਹਲਕੇ ਦੇ ਪੰਜ ਬੂਥਾਂ 'ਤੇ ਵੀਵੀਪੈਟ ਵੋਟਰ ਪਰਚੀਆਂ ਦੀ ਗਿਣਤੀ ਕੀਤੀ ਜਾਣੀ ਲਾਜ਼ਮੀ ਹੈ। ਇੰਜ ਚੋਣਵੇਂ ਬੂਥਾਂ ਦੀਆਂ ਵੋਟਰ ਪਰਚੀਆਂ ਦੀ ਗਿਣਤੀ ਅਤੇ ਈਵੀਐੱਮ ਦੇ ਨਤੀਜੇ ਦਾ ਮਿਲਾਨ ਹੋਣ ਨਾਲ ਇਸ ਵਿਕਸਤ ਵੋਟਿੰਗ ਤਕਨੀਕ ਵਿਚ ਆਮ ਵੋਟਰ ਦਾ ਵਿਸ਼ਵਾਸ ਹੋਰ ਪੱਕਾ ਬਣ ਸਕੇਗਾ। ਸਾਨੂੰ ਸਭ ਨੂੰ ਆਪਣੇ ਆਸ-ਪਾਸ ਦੇ ਵੋਟਰਾਂ ਨੂੰ ਅਜਿਹੀਆਂ ਜਾਣਕਾਰੀਆਂ ਦੇਣ ਦੀ ਲੋੜ ਹੈ।

-ਗੁਰਦੀਪ ਸਿੰਘ ਦੌਲਾ, ਸ੍ਰੀ ਮੁਕਤਸਰ ਸਾਹਿਬ। ਸੰਪਰਕ ਨੰ. 98551-59637

Posted By: Sukhdev Singh