ਅਧੂਰੇ ਤੱਥਾਂ ਤੇ ਅਫ਼ਵਾਹਾਂ ਦੇ ਆਧਾਰ 'ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਨੂੰ ਸ਼ੱਕੀ ਦੱਸਣ ਦੀ ਮੁਹਿੰਮ ਫਿਰ ਤੋਂ ਛਿੜ ਜਾਣ 'ਤੇ ਹੈਰਾਨੀ ਨਹੀਂ। ਕੁਝ ਸਿਆਸੀ ਪਾਰਟੀਆਂ ਤੇ ਈਵੀਐੱਮ ਦੇ ਵੈਰੀ ਬਣ ਬੈਠੇ ਲੋਕਾਂ ਦਾ ਇਹ ਪੁਰਾਣਾ ਸ਼ੁਗਲ ਹੈ। ਕਦੇ-ਕਦੇ ਲੱਗਦਾ ਹੈ ਕਿ ਕੁਝ ਲੋਕਾਂ ਨੇ ਈਵੀਐੱਮ ਨੂੰ ਬਦਨਾਮ ਕਰਨ ਦਾ ਠੇਕਾ ਲੈ ਰੱਖਿਆ ਹੈ ਤੇ ਸ਼ਾਇਦ ਇਹੋ ਕਾਰਨ ਹੈ ਕਿ ਉਹ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਵੀ ਸੰਤੁਸ਼ਟ ਨਹੀਂ ਹੁੰਦੇ। ਈਵੀਐੱਮ ਖ਼ਿਲਾਫ਼ ਤਾਜ਼ਾ ਪਹਿਲ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕੀਤੀ ਹੈ।

ਆਂਧਰ ਪ੍ਰਦੇਸ਼ 'ਚ ਵਿਧਾਨ ਸਭਾ ਤੇ ਲੋਕ ਸਭਾ ਦੇ ਪਹਿਲੇ ਪੜਾਅ ਲਈ ਵੋਟਾਂ ਪੈਂਦਿਆਂ ਹੀ ਉਹ ਜਿਸ ਤਰ੍ਹਾਂ ਈਵੀਐੱਮ 'ਚ ਗੜਬੜੀ ਦਾ ਰੋਣਾ ਰੋਂਦਿਆਂ ਦਿੱਲੀ ਦੌੜੇ ਆਏ, ਉਸ ਤੋਂ ਤਾਂ ਇਹੀ ਲੱਗਦਾ ਹੈ ਕਿ ਉਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਚੋਣਾਂ 'ਚ ਨਤੀਜੇ ਉਨ੍ਹਾਂ ਦੇ ਮਾਫ਼ਕ ਨਹੀਂ ਰਹਿਣ ਵਾਲੇ। ਸੱਚਾਈ ਜੋ ਵੀ ਹੋਵੇ, ਉਹ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਮਿਲਣ ਲਈ ਈਵੀਐੱਮ ਚੋਰੀ 'ਚ ਮੁਲਜ਼ਮ ਬੰਦੇ ਨੂੰ ਜਿਸ ਤਰ੍ਹਾਂ ਤਕਨੀਕੀ ਮਾਹਰ ਦੱਸ ਕੇ ਆਪਣੇ ਨਾਲ ਲਿਆਏ, ਉਸ ਨਾਲ ਉਨ੍ਹਾਂ ਦੀ ਮਨਸ਼ਾ 'ਤੇ ਸਵਾਲ ਖੜ੍ਹੇ ਹੋਣਾ ਸੁਭਾਵਿਕ ਹੈ। ਇਹ ਉਹ ਵਿਅਕਤੀ ਹੈ, ਜੋ ਕਰੀਬ ਇਕ ਦਹਾਕੇ ਤੋਂ ਇਹ ਸਾਬਤ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ ਕਿ ਈਵੀਐੱਮ 'ਚ ਛੇੜਛਾੜ ਕੀਤੀ ਜਾ ਸਕਦੀ ਹੈ।

ਅਜਿਹੇ ਖੁਰਾਫਾਤੀ ਤੱਤ ਹੋਰ ਵੀ ਹਨ। ਇਕ ਉਹ ਸੀ, ਜਿਸ ਨੇ ਹਾਲ ਹੀ 'ਚ ਲੰਡਨ 'ਚ ਈਵੀਐੱਮ ਹੈਕ ਕੀਤੇ ਜਾਣ ਦੇ ਬੜੇ ਹੈਰਾਨੀਜਨਕ ਦਾਅਵੇ ਕੀਤੇ। ਇਸੇ ਤਰ੍ਹਾਂ ਦਾ ਦਾਅਵਾ ਦਿੱਲੀ ਵਿਧਾਨ ਸਭਾ 'ਚ ਵੀ ਇਕ ਨਕਲੀ ਈਵੀਐੱਮ ਜ਼ਰੀਏ ਕੀਤਾ ਜਾ ਚੁੱਕਿਆ ਹੈ।

ਇਹ ਵੀ ਯਾਦ ਰਹੇ ਕਿ ਜਦੋਂ ਚੋਣ ਕਮਿਸ਼ਨ ਨੇ ਈਵੀਐੱਮ ਹੈਕ ਕਰ ਕੇ ਦਿਖਾਉਣ ਦੀ ਚੁਣੌਤੀ ਪੇਸ਼ ਕੀਤੀ ਤਾਂ ਉਸ ਦਾ ਸਾਹਮਣਾ ਕਰਨ ਲਈ ਕੋਈ ਨਹੀਂ ਸੀ ਆਇਆ। ਸਮੱਸਿਆ ਸਿਰਫ਼ ਇਹ ਨਹੀਂ ਕਿ ਸਮੇਂ-ਸਮੇਂ 'ਤੇ ਕੁਝ ਸਿਆਸੀ ਪਾਰਟੀਆਂ ਈਵੀਐੱਮ ਖ਼ਿਲਾਫ਼ ਸ਼ਿਕਾਇਤਾਂ ਲੈ ਕੇ ਸਾਹਮਣੇ ਆ ਜਾਂਦੇ ਹਨ। ਸਮੱਸਿਆ ਇਹ ਵੀ ਹੈ ਕਿ ਅਫ਼ਵਾਹ ਆਧਾਰਤ ਇਨ੍ਹਾਂ ਸ਼ਿਕਾਇਤਾਂ ਨੂੰ ਮੀਡੀਆ ਦਾ ਇਕ ਹਿੱਸਾ ਹਵਾ ਦਿੰਦਾ ਹੈ। ਇਸੇ ਕਾਰਨ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਈਵੀਐੱਮ ਦਾ ਕੋਈ ਵੀ ਬਟਨ ਦਬਾਉਣ 'ਤੇ ਵੋਟ ਕਿਸੇ ਇਕ ਹੀ ਪਾਰਟੀ ਨੂੰ ਜਾਂਦੀ ਦਿਸੀ। ਕਈ ਵਾਰ ਈਵੀਐੱਮ 'ਚ ਖ਼ਰਾਬੀ ਨੂੰ ਇਸ ਰੂਪ 'ਚ ਪੇਸ਼ ਕੀਤਾ ਜਾਂਦਾ ਹੈ ਕਿ ਇਸ 'ਚ ਛੇੜਛਾੜ ਸੰਭਵ ਹੈ।

ਦੁਨੀਆ ਦੀ ਕੋਈ ਵੀ ਮਸ਼ੀਨ ਖ਼ਰਾਬ ਹੋ ਸਕਦੀ ਹੈ ਤੇ ਵੋਟਿੰਗ ਦੌਰਾਨ ਈਵੀਐੱਮ 'ਚ ਖ਼ਰਾਬੀ ਆਉਣ ਦੀ ਸਮੱਸਿਆ ਦਾ ਹੱਲ ਖੋਜਣ ਦੀ ਜ਼ਰੂਰਤ ਹੈ ਪਰ ਇਸ ਜ਼ਰੂਰਤ 'ਤੇ ਜ਼ੋਰ ਦੇਣ ਦੀ ਬਹਾਨੇ ਬੈਲੇਟ ਪੇਪਰ ਨਾਲ ਚੋਣਾਂ ਕਰਵਾਉਣ ਦੀ ਮੰਗ ਉਸੇ ਤਰ੍ਹਾ ਹੈ, ਜਿਸ ਤਰ੍ਹਾਂ ਰੇਲ ਹਾਦਸੇ ਤੋਂ ਬਾਅਦ ਕੋਈ ਬੈਲ ਗੱਡੀ ਨਾਲ ਯਾਤਰਾ ਨੂੰ ਜ਼ਰੂਰੀ ਦੱਸੇ। ਇਹ ਸਮਝ ਤੋਂ ਪਰੇ ਹੈ ਕਿ 21 ਸਿਆਸੀ ਪਾਰਟੀਆਂ ਕਿਸ ਆਧਾਰ 'ਤੇ 50 ਫ਼ੀਸਦੀ ਬੈਲੇਟ ਪੇਪਰਾਂ ਦਾ ਮਿਲਾਨ ਈਵੀਐੱਮ ਨਾਲ ਕਰਨ ਦੀ ਆਪਣੀ ਪੁਰਾਣੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਜਾਣਾ ਚਾਹ ਰਹੇ ਹਨ?

ਕੀ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਹੁਕਮ ਨਹੀਂ ਦਿੱਤਾ ਕਿ ਹਰ ਵਿਧਾਨ ਸਭਾ ਦੇ ਇਕ ਬੂਥ ਦੀ ਬਜਾਏ ਪੰਜ ਬੂਥਾਂ ਦੇ ਬੈਲੇਟ ਪੇਪਰਾਂ ਦਾ ਮਿਲਾਨ ਈਵੀਐੱਮ ਨਾਲ ਕੀਤਾ ਜਾਵੇ? ਸਿਆਸੀ ਪਾਰਟੀਆਂ ਸੁਪਰੀਮ ਕੋਰਟ ਜਾਣ ਲਈ ਆਜ਼ਾਦ ਹਨ ਪਰ ਆਖਰ ਕੁਝ ਮਹੀਨੇ ਪਹਿਲਾਂ ਹੀ ਤਿੰਨ ਸੂਬਿਆਂ 'ਚ ਈਵੀਐੱਮ ਸਹਾਰੇ ਜਿੱਤ ਹਾਸਲ ਕਰਨ ਵਾਲੀ ਕਾਂਗਰਸ ਕਿਸ ਮੂੰਹ ਨਾਲ ਇਸ ਖ਼ਿਲਾਫ਼ ਦਲੀਲਾਂ ਦੇ ਰਹੀ ਹੈ? ਬਿਨਾਂ ਸ਼ੱਕ ਇਹੋ ਸਵਾਲ ਆਮ ਆਦਮੀ ਪਾਰਟੀ ਨੂੰ ਹੈ, ਜਿਸ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ 70 'ਚੋਂ 67 ਸੀਟਾਂ ਜਿੱਤੀਆਂ ਸਨ।

Posted By: Jagjit Singh