ਬਚਪਨ ਵਿਚ ਮੈਂ ਇਕ ਕਹਾਣੀ ਸੁਣੀ ਸੀ 'ਬਾਕੀ ਸਭ ਸੁੱਖ-ਸਾਂਦ ਹੈ।' ਅੱਜ ਜਦੋਂ ਅਸੀਂ ਆਪਣੇ ਮੁਲਕ ਵੱਲ ਝਾਤ ਮਾਰਦੇ ਹਾਂ ਤਾਂ ਇੱਦਾਂ ਲੱਗਦਾ ਹੈ ਕਿ ਜੇ ਸਾਨੂੰ ਕੋਈ ਸਾਡੇ ਮੁਲਕ ਦੇ ਹਾਲਾਤ ਬਾਰੇ ਪੁੱਛੇਗਾ ਤਾਂ ਮੋਹਨ ਭੰਡਾਰੀ ਦੀ ਲਿਖੀ ਕਹਾਣੀ 'ਬਾਕੀ ਸਭ ਸੁੱਖ-ਸਾਂਦ ਹੈ' ਦਾ ਦੂਜਾ ਭਾਗ ਬਣ ਜਾਵੇਗਾ। ਜੇ ਤੁਸੀਂ ਅੱਜ ਦੇ ਭਾਰਤ ਨੂੰ ਉਸ ਦਾ ਹਾਲ ਪੁੱਛੋਗੇ ਤਾਂ ਉਹ ਦੱਸੇਗਾ ਕਿ ਹਾਲ ਹੀ ਵਿਚ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ 'ਚੋਂ ਇਕ ਅਮਰੀਕਾ ਦੇ ਰਾਸ਼ਟਰਪਤੀ ਮੈਨੂੰ ਮਿਲਣ ਆਏ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਲਿਸ਼ਕਾ-ਪੁਸ਼ਕਾ ਕੇ ਤਿਆਰ ਕਰਨ ਵਿਚ ਹਾਕਮਾਂ ਨੇ ਕੋਈ ਕਸਰ ਨਾ ਛੱਡੀ। ਮੇਰੇ ਇਕ ਹਿੱਸੇ ਗੁਜਰਾਤ ਦੇ ਅਹਿਮਦਾਬਾਦ ਵਿਚ ਰਹਿ ਰਹੇ ਗ਼ਰੀਬਾਂ ਨੂੰ ਸ਼ਾਇਦ ਮੇਰੇ ਜਿਸਮ ਦੇ ਜ਼ਖ਼ਮਾਂ ਦੀ ਤਰ੍ਹਾਂ ਦੇਖਿਆ ਜਾ ਰਿਹਾ ਸੀ। ਉਸ ਹਿੱਸੇ ਨੂੰ ਕਿਸੇ ਸੱਜ-ਵਿਆਹੀ ਦੀ ਤਰ੍ਹਾਂ ਸੋਹਣਾ ਦਿਖਾਉਣ ਲਈ ਕਰੋੜਾਂ ਰੁਪਏ ਖ਼ਰਚ ਕੇ ਕੰਧ ਰੂਪੀ ਚੁੰਨੀ ਨਾਲ ਢੱਕ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਮੇਰੇ ਦਿਲ ਵਿਚੋਂ ਆਵਾਜ਼ਾਂ ਉੱਠਦੀਆਂ ਰਹੀਆਂ ਕਿ ਜ਼ਖ਼ਮ ਨੂੰ ਢਕਣ ਦੀ ਥਾਂ ਦਵਾਈ ਕਿਉਂ ਨਹੀਂ ਦਿੱਤੀ ਜਾਂਦੀ? ਜੇ ਦਵਾਈ ਦੇ ਦਿੱਤੀ ਜਾਵੇ ਤਾਂ ਖੌਰੇ ਗ਼ਰੀਬੀ ਦਾ ਦਰਦ ਮੁੱਕ ਜਾਂਦਾ। ਖ਼ੈਰ ਖ਼ੁਦਾ ਦੀ ਕਿ ਉਸ ਅਣਮੁੱਲੇ ਮਹਿਮਾਨ ਨੂੰ ਮਿਲਣ ਦਾ ਦਿਨ ਵੀ ਆ ਗਿਆ। ਇਕ ਪਾਸੇ ਜਿੱਥੇ ਤਾਜ ਮਹਿਲ ਦੀ ਨੁਮਾਇਸ਼ ਕੀਤੀ ਜਾ ਰਹੀ ਸੀ, ਉੱਥੇ ਹੀ ਦਿਲ ਵਿਚ ਨਾਸੂਰ ਵਾਂਗੂ ਚੁਭ ਰਹੇ ਦੰਗਿਆਂ ਦਾ ਭੈਅ ਵੱਧਦਾ ਜਾ ਰਿਹਾ ਸੀ। ਜਦ ਤਕ ਅਮਰੀਕੀ ਮਹਿਮਾਨ ਚਲੇ ਨਹੀਂ ਗਏ, ਓਨੀ ਦੇਰ ਤਕ ਧੜਕਨਾਂ ਵਧੀਆਂ ਰਹੀਆਂ ਕਿਉਂਕਿ ਦਿੱਲੀ ਵਿਚ ਧਰਮ ਦੇ ਨਾਂ 'ਤੇ ਨਫਰਤ ਦਾ ਜ਼ਹਿਰ ਫੈਲਾਇਆ ਜਾ ਰਿਹਾ ਸੀ। ਇਸ ਜ਼ਹਿਰ ਨੇ ਅਜਿਹਾ ਅਸਰ ਦਿਖਾਇਆ ਕਿ ਵੱਡੇ ਪੱਧਰ 'ਤੇ ਤਬਾਹੀ ਹੋਈ। ਕਈ ਘਰਾਂ ਦੇ ਚਿਰਾਗ ਬੁਝ ਗਏ। ਕਾਫੀ ਕੁਝ ਸਵਾਹ ਹੋ ਗਿਆ। 'ਬਾਕੀ ਸਭ ਸੁੱਖ-ਸਾਂਦ ਹੈ।' ਸੱਚ ਕਹਾਂ ਤਾਂ ਗੱਲ ਇੱਥੋਂ ਤਕ ਪੁੱਜ ਗਈ ਕਿ ਸੜਕਾਂ 'ਤੇ ਨਜ਼ਰ ਆਉਣਾ ਹੀ ਜ਼ਿੰਦਗੀ ਤੇ ਮੌਤ ਦਾ ਸਵਾਲ ਬਣ ਗਿਆ। ਸਵਾਲ ਇੱਜ਼ਤ ਦਾ ਸੀ। ਇਕ ਪਾਸੇ ਮਹਿਮਾਨਾਂ ਨਾਲ ਰੱਖਿਆ ਸਮਝੌਤੇ ਹੋਏ, ਦੂਜੇ ਪਾਸੇ ਗਲੀ-ਕੂਚੇ ਵਿਚ ਲੜ-ਮਰ ਰਹੇ ਆਪਣੇ ਬੱਚਿਆਂ ਨੂੰ ਰੋਕਣ 'ਚ ਮੈਂ ਖ਼ੁਦ ਨੂੰ ਬੇਵੱਸ ਮਹਿਸੂਸ ਕੀਤਾ। ਸਮਝ ਨਾ ਆਵੇ ਕਿ ਕੀਹਨੂੰ ਕੀ ਕਿਹਾ ਜਾਵੇ। ਗੁਆਂਢੀ ਤਾਂ ਅੱਡੀਆਂ ਚੁੱਕ-ਚੁੱਕ ਵੇਖਦਾ ਸੀ ਕਿ ਕਦੋਂ ਇਨ੍ਹਾਂ ਦਾ ਜਲੂਸ ਨਿਕਲੇ। ਜਦ ਸੱਚਮੁੱਚ ਜਲੂਸ ਨਿਕਲ ਗਿਆ ਤਾਂ ਉਹ ਮਨ ਹੀ ਮਨ ਖ਼ੁਸ਼ ਹੋਣ ਲੱਗਾ। ਹੋਵੇ ਵੀ ਕਿਉਂ ਨਾ, ਉਹ ਆਪਣੇ ਮਨੋਰਥ ਵਿਚ ਕਾਮਯਾਬ ਹੋ ਚੁੱਕਾ ਸੀ। ਕਹਿਣ ਨੂੰ ਤਾਂ ਇਹ ਮੇਰੇ ਬੱਚੇ ਹਨ ਪਰ ਫ਼ਰਕ ਸਿਰਫ਼ ਇੰਨਾ ਸੀ ਕਿ ਇਕ ਨੇ ਸਿੱਖਿਆ ਦੀ ਨੁਮਾਇਸ਼ ਕਰ ਕੇ ਵਾਹ-ਵਾਹ ਖੱਟੀ ਤੇ ਦੂਜੇ ਨੇ ਓਹਲਾ ਰੱਖ ਕੇ ਪਰਾਏ ਬਜ਼ੁਰਗਾਂ ਦੇ ਦਿੱਤੇ ਗਹਿਣਿਆਂ ਦੀ ਚਮਕ ਦਿਖਾ ਕੇ। ਕਿਤੇ ਨਾ ਕਿਤੇ ਨਿਕੰਮੇਪਣ 'ਤੇ ਪਰਦਾ ਪਾ ਹੀ ਲਿਆ। 'ਬਾਕੀ ਸਭ ਸੁੱਖ-ਸਾਂਦ ਹੈ।'

-ਇਸ਼ੂ, ਜਲੰਧਰ।

ਮੋਬਾਈਲ ਨੰ. : 70872-88833

Posted By: Amita Verma