-ਨਵਪ੍ਰੀਤ ਐੱਸ ਸਾਹਨੀ

ਗੁਜਰਾਤ ਆਧਾਰਿਤ ਪਬਲਿਕ ਚੈਰੀਟੇਬਲ ਟਰੱਸਟ ਮਹਿਰਿਜ਼ਮ ਫਾਊਂਡੇਸ਼ਨ ਅਹਿਮਦਾਬਾਦ ਆਈਆਈਐੱਮ ਅਤੇ ਆਈਆਈਟੀ ਦੇ ਵਿਦਵਾਨਾਂ, ਸਿੱਖਿਅਕਾਂ, ਮਨੋਵਿਗਿਆਨਕਾਂ ਅਤੇ ਮਨੋਚਿਕਿਤਸਕਾਂ ਦੁਆਰਾ ਚਲਾਇਆ ਜਾਂਦਾ ਹੈ। ਹਾਲ ਹੀ ਵਿਚ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਲਈ ਸਮਰਪਿਤ ਇਕ ਆਨਲਾਈਨ ਮਨੋਵਿਗਿਆਨਕ ਸਰਵੇਖਣ ਕੀਤਾ ਜਿਸ ਵਿਚ ਪੰਜਾਬ ਦੇ 22 ਜ਼ਿਲ੍ਹਿਆਂ ਦੇ ਸ਼ਹਿਰੀ, ਨੀਮ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਦੇ ਵੱਖ-ਵੱਖ ਉਮਰ ਵਰਗ ਦੇ 475 ਤੋਂ ਵੱਧ ਲੋਕਾਂ ਨੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਜਵਾਬ ਦਿੱਤਾ। ਇਸ ਵਿਚ ਕਾਰੋਬਾਰ, ਨੌਕਰੀ, ਪਾਰਟ-ਟਾਈਮ ਨੌਕਰੀ, ਫ੍ਰੀਲਾਂਸਰ, ਵਿਦਿਆਰਥੀ, ਰਿਟਾਇਰਡ ਅਤੇ ਘਰੇਲੂ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ। ਪੰਜਾਬ ਵਿਚਲੇ 22 ਜ਼ਿਲ੍ਹਿਆਂ ਦੇ ਕੁੱਲ ਹੁੰਗਾਰੇ 'ਚੋਂ 54.64% ਮਰਦ ਸਨ ਜਦੋਂਕਿ 45.36% ਔਰਤਾਂ। ਹੈਰਾਨੀ ਵਾਲੀ ਗੱਲ ਇਹ ਹੈ ਕਿ 69.34% ਆਬਾਦੀ ਨੇ ਅੰਗਰੇਜ਼ੀ ਵਿਚ ਜਵਾਬ ਦਿੱਤਾ ਜਦੋਂਕਿ 30.66% ਨੇ ਪੰਜਾਬੀ ਵਿਚ

ਹੁੰਗਾਰਾ ਦਿੱਤਾ।

ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਮੇਰੇ ਕੋਲ ਉਹ ਲੋਕ ਹਨ ਜਿਨ੍ਹਾਂ ਨਾਲ ਮੈਂ ਆਪਣੀਆਂ ਚਿੰਤਾਵਾਂ ਅਤੇ ਪਰੇਸ਼ਾਨੀਆਂ ਸਾਂਝੀਆਂ ਕਰ ਸਕਦਾ ਹਾਂ ਤਾਂ ਇਸ ਗੱਲ ਨਾਲ 43.76% ਲੋਕ ਸਹਿਮਤ ਹੋਏ ਅਤੇ 20.72% ਪੂਰੀ ਤਰ੍ਹਾਂ ਸਹਿਮਤ ਹੋਏ ਜਦਕਿ 19.87% ਨਿਰਪੱਖ ਰਹੇ ਤੇ 11.63% ਲੋਕ ਅਸਹਿਮਤ ਸਨ। ਇਹੀ ਨਹੀਂ, 4.02% ਲੋਕਾਂ ਨੇ ਚਿੰਤਾਵਾਂ ਸਾਂਝੀਆਂ ਕਰਨ ਲਈ ਕਿਸੇ ਦੇ ਕੋਲ ਹੋਣ ਬਾਰੇ ਸਖ਼ਤ ਅਸਹਿਮਤੀ ਪ੍ਰਗਟ ਕੀਤੀ। ਇਸ ਲਈ ਇਹ ਦੇਖਿਆ ਜਾਂਦਾ ਹੈ ਕਿ ਅੰਦਰੂਨੀ ਚਿੰਤਾਵਾਂ, ਪਰੇਸ਼ਾਨੀਆਂ ਜਾਂ ਕੋਈ ਵੀ ਚੀਜ਼ ਜੋ ਸਾਨੂੰ ਪਰੇਸ਼ਾਨ ਕਰਦੀ ਹੈ, ਉਸ ਨੂੰ ਸਾਂਝਾ ਕਰਨ ਲਈ ਭਾਵਨਾਤਮਕ ਥੰਮ੍ਹਾਂ ਦਾ ਹੋਣਾ ਜ਼ਰੂਰੀ ਹੈ। ਮਹਿਰਿਜ਼ਮ ਫਾਊਂਡੇਸ਼ਨ ਨੇ ਪਹਿਲਾਂ ਹੀ ਪੰਜਾਬ ਵਿਚ ਇਕ ਮੁਫ਼ਤ ਹੈਲਪਲਾਈਨ ਸ਼ੁਰੂ ਕੀਤੀ ਸੀ ਜਿੱਥੇ 55 ਪੇਸ਼ੇਵਰ ਯੋਗਤਾ ਪ੍ਰਾਪਤ ਮਨੋਵਿਗਿਆਨਕ ਸਵੈ-ਸੇਵੀ ਹਨ। ਹਾਂ-ਪੱਖੀ ਪੱਖ ਇਹ ਹੈ ਕਿ 64% ਲੋਕਾਂ ਕੋਲ ਗੱਲ ਕਰਨ ਜਾਂ ਦੁੱਖ ਸਾਂਝੇ ਕਰਨ ਲਈ ਆਲੇ-ਦੁਆਲੇ ਕੋਈ ਹੈ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਮੈਂ ਮਹਿਸੂਸ ਕਰਦਾ ਹਾਂ ਕਿ ਸਭ ਕੁਝ ਠੀਕ ਹੋ ਜਾਵੇਗਾ ਅਤੇ ਅਸੀਂ ਇਕ ਨਵੀਂ ਸ਼ੁਰੂਆਤ ਕਰਾਂਗੇ”ਤਾਂ ਇਸ ਗੱਲ ਨਾਲ 34.23% ਲੋਕ ਪੂਰੀ ਤਰ੍ਹਾਂ ਸਹਿਮਤ ਸਨ ਅਤੇ 43.55% ਸਹਿਮਤ ਸਨ, 16.70% ਲੋਕ ਅਸਹਿਮਤ ਸਨ ਅਤੇ 4.23% ਲੋਕ ਪੂਰੀ ਤਰ੍ਹਾਂ ਅਸਹਿਮਤ ਸਨ ਜਦੋਂਕਿ 1.27% ਲੋਕ ਨਿਰਪੱਖ ਰਹੇ। ਇਸ ਲਈ ਇਹ ਵੇਖਿਆ ਜਾਂਦਾ ਹੈ ਕਿ ਇਸ ਬਹੁਤ ਹੀ ਦੁਖਦਾਈ ਅਤੇ ਵਿਨਾਸ਼ਕਾਰੀ ਸਮੇਂ ਦੌਰਾਨ, ਪੰਜਾਬ ਦੇ ਇੰਨੇ ਉੱਚ ਪ੍ਰਤੀਸ਼ਤ ਲੋਕ ਇਕ ਨਵੀਂ ਸ਼ੁਰੂਆਤ ਲਈ ਬਹੁਤ ਆਸ਼ਾਵਾਦੀ ਹਨ। ਜਦੋਂ ਇਹ ਪੁੱਛਿਆ ਗਿਆ ਕਿ ਕੀ ਮੈਂ ਆਪਣੇ ਵਿੱਤ ਬਾਰੇ ਚਿੰਤਤ ਹਾਂ ਤਾਂ 35.73% ਲੋਕ ਸਹਿਮਤ ਹੋਏ, ਅਤੇ 19.87 ਪੁਰਜ਼ੋਰ ਸਹਿਮਤ ਹੋਏ, 23.26% ਭਾਗੀਦਾਰ ਇਸ ਬਿਆਨ ਬਾਰੇ ਨਿਰਪੱਖ ਸਨ ਜਦੋਂਕਿ 14% ਅਸਹਿਮਤ ਹੋਏ ਅਤੇ 6.34% ਵਿੱਤ ਬਾਰੇ ਚਿੰਤਤ ਹੋਣ ਦੀ ਗੱਲ ਨਾਲ ਪੂਰੀ ਤਰ੍ਹਾਂ ਅਸਹਿਮਤ ਹੋਏ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ 'ਮੈਨੂੰ ਆਪਣੀ ਤੇ ਪਰਿਵਾਰ ਦੀ ਸਿਹਤ ਬਾਰੇ ਨਾਂਹ-ਪੱਖੀ ਵਿਚਾਰ ਮਿਲਦੇ ਹਨ ਤਾਂ 8.25% ਲੋਕ ਇਸ ਬਿਆਨ ਨਾਲ ਸਹਿਮਤ ਸਨ ਅਤੇ 27% ਆਪਣੀ ਸਿਹਤ ਨਾਲ ਸਬੰਧਤ ਨਕਾਰਾਤਮਕ ਵਿਚਾਰਾਂ ਬਾਰੇ ਸਹਿਮਤ ਸਨ।

ਇਸ ਲਈ ਖ਼ਾਸ ਤੌਰ 'ਤੇ ਇਹ ਦੇਖਿਆ ਜਾਂਦਾ ਹੈ ਕਿ ਲੋਕਾਂ ਦੇ ਇੱਕੋ ਸਮੂਹ 'ਚੋਂ 44% ਲੋਕ ਆਪਣੇ ਪਰਿਵਾਰ ਦੀ ਸਿਹਤ ਬਾਰੇ ਚਿੰਤਤ ਹੋਣ ਲਈ ਸਹਿਮਤ ਸਨ। ਹਾਲਾਂਕਿ ਕੋਰੋਨਾ ਵਾਇਰਸ ਅਜਿਹਾ ਹੈ ਕਿ ਜੇ ਇਕ ਪਰਿਵਾਰ ਦੇ ਮੈਂਬਰ ਇਸ ਤੋਂ ਪ੍ਰਭਾਵਿਤ ਹੁੰਦੇ ਹਨ ਤਾਂ ਬਾਕੀ ਪਰਿਵਾਰ ਨੂੰ ਇਸ ਦੀ ਲਾਗ ਲੱਗਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।ਪਰ ਇੱਥੇ ਪ੍ਰਤੀਕਰਮ ਬਿਮਾਰੀ ਦੀ ਤਰਕਸ਼ੀਲਤਾ ਨਾਲੋਂ ਪਰਿਵਾਰ ਨਾਲ ਸਬੰਧਤ ਭਾਵਨਾਤਮਕ ਚਿੰਤਾ ਵਧੇਰੇ ਪੇਸ਼ ਕਰਦਾ ਹੈ। ਜਦੋਂ ਪੁੱਛਿਆ ਗਿਆ ਕਿ ਹਾਸਾ-ਮਜ਼ਾਕ ਤਣਾਅ ਦਾ ਸਾਹਮਣਾ ਕਰਨ ਵਿਚ ਮੇਰੀ ਮਦਦ ਕਰਦਾ ਹੈ ਤਾਂ ਇਸ ਬਿਆਨ ਨਾਲ 46% ਲੋਕ ਸਹਿਮਤ ਹੋਏ ਅਤੇ 16% ਪੁਰਜ਼ੋਰ ਸਹਿਮਤ ਹੋਏ, 2.54% ਲੋਕ ਇਸ ਬਿਆਨ ਨਾਲ ਸਖ਼ਤ ਅਸਹਿਮਤ ਸਨ ਕਿ ਹਾਸਾ-ਮਜ਼ਾਕ ਤਣਾਅ ਦਾ ਮੁਕਾਬਲਾ ਕਰਨ 'ਚ ਉਨ੍ਹਾਂ ਲਈ ਸਹਾਈ ਹੁੰਦਾ ਹੈ।

ਇਸ ਲਈ ਇਹ ਦੇਖਿਆ ਜਾਂਦਾ ਹੈ ਕਿ ਸਾਡੇ ਸਾਰਿਆਂ ਕੋਲ ਤਣਾਅਪੂਰਨ ਸਥਿਤੀ ਨਾਲ ਨਜਿੱਠਣ ਲਈ ਬਹੁਤ ਸਾਰੇ ਤੌਰ-ਤਰੀਕੇ ਹਨ। ਜਦੋਂ ਇਸ ਬਾਰੇ ਪੁੱਛਿਆ ਗਿਆ ਕਿ “ਇੰਟਰਨੈੱਟ ਸਥਿਤੀ ਨਾਲ ਨਜਿੱਠਣ ਵਿਚ ਮੇਰੀ ਮਦਦ ਕਰਦਾ ਹੈ'' ਤਾਂ ਇਸ ਗੱਲ ਨਾਲ 53% ਲੋਕ ਸਹਿਮਤ ਹੋਏ ਅਤੇ 24% ਲੋਕ ਪੁਰਜ਼ੋਰ ਸਹਿਮਤ ਹੋਏ। ਸਿਰਫ਼ 4% ਅਸਹਿਮਤ ਹੋਏ ਅਤੇ 2.75% ਲੋਕਾਂ ਨੇ ਇੰਟਰਨੈੱਟ ਦੀ ਮਦਦ ਨਾਲ ਮੁਕਾਬਲਾ ਕਰਨ ਦੀ ਰਣਨੀਤੀ ਬਾਰੇ ਜ਼ੋਰਦਾਰ ਅਸਹਿਮਤੀ ਪ੍ਰਗਟਾਈ ਜਦਕਿ 10.78% ਲੋਕ ਇਸ ਬਾਰੇ ਨਿਰਪੱਖ ਰਹੇ। ਸੋ 'ਇੰਟਰਨੈੱਟ ਵਰਦਾਨ ਹੈ ਜਾਂ ਸਰਾਪ' ਇਹ ਬਹਿਸ ਦਾ ਮਜ਼ਮੂਨ ਹੈ। ਉਂਜ ਇਸ ਮਹਾਮਾਰੀ ਦੌਰਾਨ ਇੰਟਰਨੈੱਟ ਸਭ ਤੋਂ ਅਹਿਮ ਭੂਮਿਕਾ ਨਿਭਾਉਣ ਵਾਲਾ ਮਾਧਿਅਮ ਜਾਪਦਾ ਹੈ। ਇਹ ਇਸ ਸਮੇਂ ਨਾ ਸਿਰਫ਼ ਵਕਤ ਗੁਜ਼ਾਰਨ ਦਾ ਸਾਧਨ ਹੈ ਬਲਕਿ ਤਣਾਅ ਨਾਲ ਨਜਿੱਠਣ ਲਈ ਇਕ ਸਾਧਨ ਅਤੇ ਆਮਦਨੀ ਦਾ ਇਕ ਸਰੋਤ ਵੀ ਹੈ। ਅਮਰੀਕਨ ਸਾਈਕੋਲੋਜੀਕਲ (ਏਪੀਏ) ਦੇ ਇੰਟਰਨੈਸ਼ਨਲ ਐਫੀਲੀਏਟ ਅਤੇ ਆਈਆਈਟੀ-ਗਾਂਧੀਨਗਰ ਦੇ ਸਾਬਕਾ ਮਨੋਵਿਗਿਆਨਕ, ਮਹਿਰਿਜ਼ਮ ਫਾਊਂਡੇਸ਼ਨ ਦੇ ਸਾਈਕੋਮੈਟ੍ਰਿਕਸ ਦੇ ਮੁਖੀ ਜਸਬੀਰ ਕੌਰ ਥਡਾਨੀ ਨੇ ਕਿਹਾ ਕਿ ਸਰੀਰਕ ਸਿਹਤ ਐਮਰਜੈਂਸੀ ਬਾਰੇ ਮੌਜੂਦਾ ਸਥਿਤੀ ਅਨੁਭਵਯੋਗ ਹੈ। ਮਨੋਵਿਗਿਆਨਕਾਂ ਦਾ ਮੰਨਣਾ ਹੈ ਕਿ ਇਸ ਨਾਲ ਮਾਨਸਿਕ ਸਿਹਤ ਸੰਕਟ ਵੀ ਹੋ ਸਕਦਾ ਹੈ।

ਅਫ਼ਸੋਸ ਦੀ ਗੱਲ ਹੈ ਕਿ ਸਰੀਰਕ ਸਿਹਤ ਦੇ ਮੁਕਾਬਲੇ ਮਾਨਸਿਕ ਸਿਹਤ ਸੰਕਟ ਨੂੰ ਘੱਟ ਗੰਭੀਰਤਾ ਨਾਲ ਲਿਆ ਜਾਂਦਾ ਹੈ ਬਾਵਜੂਦ ਇਸ ਤੱਥ ਦੇ ਕਿ ਮਾਨਸਿਕ ਸਿਹਤ ਐਕਟ-2017, ਸੈਕਸ਼ਨ 21 (1) 'ਚ ਇੰਜ ਦਰਜ ਹੈ : ਮਾਨਸਿਕ ਬਿਮਾਰੀ ਨਾਲ ਗ੍ਰਸਤ ਹਰੇਕ ਵਿਅਕਤੀ ਨੂੰ ਸਾਰੀ ਸਿਹਤ-ਸੰਭਾਲ ਦੇ ਪ੍ਰਬੰਧ ਵਿਚ ਸਰੀਰਕ ਬਿਮਾਰੀ ਵਾਲੇ ਵਿਅਕਤੀਆਂ ਦੇ ਬਰਾਬਰ ਮੰਨਿਆ ਜਾਵੇਗਾ। ਇਹ ਸਰਵੇਖਣ ਮੌਜੂਦਾ ਭਾਵਨਾਤਮਕ ਤੰਦਰੁਸਤੀ ਨੂੰ ਸਮਝਣ ਵਿਚ ਸਹਾਇਤਾ ਕਰਦਾ ਹੈ। ਮਹਿਰਿਜ਼ਮ ਫਾਊਂਡੇਸ਼ਨ ਨੇ ਰਾਜ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਰੀਰਕ ਸਿਹਤ ਸੇਵਾਵਾਂ ਦੀ ਤੁਲਨਾ 'ਚ ਮਾਨਸਿਕ ਸਿਹਤ ਸੇਵਾਵਾਂ ਨੂੰ ਵਧੇਰੇ ਅਹਿਮ ਬਣਾਉਣ 'ਤੇ ਜ਼ੋਰ ਦੇਵੇ। ਕੋਵਿਡ-19 ਫੈਲਣ ਕਾਰਨ ਮਾਨਸਿਕ ਸਿਹਤ ਦੀਆਂ ਚਿੰਤਾਵਾਂ ਉੱਘੜ ਕੇ ਸਾਹਮਣੇ ਆਈਆਂ ਹਨ। ਇਸ ਵੱਡੀ ਸਮੱਸਿਆ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵੱਲ ਅਸੀਂ ਪਹਿਲਾਂ ਹੀ ਰਾਜ ਪੱਧਰੀ ਅਧਿਐਨ ਆਰੰਭ ਕਰ ਚੁੱਕੇ ਹਾਂ ਅਤੇ 65 ਤੋਂ ਵੱਧ ਮਨੋਵਿਗਿਆਨੀਆਂ ਦੀ ਟੀਮ ਨਾਲ ਰੂਬਰੂ ਹੋਣ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਉਕਤ ਮਾਹਿਰ ਅੰਗਰੇਜ਼ੀ, ਹਿੰਦੀ, ਪੰਜਾਬੀ, ਅਸਾਮੀ, ਮਰਾਠੀ, ਗੁਜਰਾਤੀ ਅਤੇ ਸਿੰਧੀ ਭਾਸ਼ਾਵਾਂ ਵਿਚ ਚਿੰਤਾਵਾਂ ਵੱਲ ਧਿਆਨ ਦੇਣਗੇ। ਸਿਧਾਂਤਕ ਤੌਰ 'ਤੇ ਅਸੀਂ ਰਾਜ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਮਾਨਸਿਕ ਸਿਹਤ ਮਾਹਿਰਾਂ ਦੀ ਇਕ ਕਮੇਟੀ ਵੀ ਬਣਾਈ ਜਾਵੇ ਜਿਸ ਵਿਚ ਸੁਤੰਤਰ ਪ੍ਰੈਕਟੀਸ਼ਨਰ ਭਾਵਨਾਤਮਕ ਤੰਦਰੁਸਤੀ ਦੇ ਮੁੱਦਿਆਂ 'ਤੇ ਸ਼ਿਰਕਤ ਕਰਨ।

-ਮੋਬਾਈਲ ਨੰ. : 84870-00004

Posted By: Susheel Khanna