ਅਜੋਕੇ ਯੁੱਗ ’ਚ ਚਲੰਤ ਇਲਾਜ ਪ੍ਰਣਾਲੀਆਂ ਦੀਆਂ ਮਹਿੰਗੀਆਂ, ਮਾਰੂ ਪ੍ਰਭਾਵ ਵਾਲੀਆਂ ਤੇ ਉਮਰ ਭਰ ਚੱਲਣ ਵਾਲੀਆਂ ਦਵਾਈਆਂ ਖਾ- ਖਾ ਅੱਕੇ ਰੋਗੀ ਬਦਲਵੀਆਂ ਤੇ ਰਵਾਇਤੀ ਇਲਾਜ ਪ੍ਰਣਾਲੀਆਂ ਵੱਲ ਆ ਰਹੇ ਹਨ। ਇਨ੍ਹਾਂ ਲੋਕਾਂ ਲਈ ਆਸ ਦੀ ਕਿਰਨ ਬਣ ਕੇ ਸਾਰੇ ਸੰਸਾਰ ’ਚ ਤੇਜ਼ੀ ਨਾਲ ਫੈਲ ਰਹੀ ਹੈ ਇਲਾਜ ਪ੍ਰਣਾਲੀ ਇਲੈਕਟ੍ਰੋਹੋਮਿਓਪੈਥੀ। ਇਸ ਦੇ ਖੋਜਕਾਰ ਡਾ: ਕਾਊਂਟ ਸੀਜਰ ਮੈਟੀ ਦਾ ਜਨਮ 11 ਜਨਵਰੀ 1809 ਨੂੰ ਇਟਲੀ ਦੇ ਸ਼ਹਿਰ ਬਲੋਨੀਆਂ ’ਚ ਹੋਇਆ। ਰੋਮ ਤੇ ਆਸਟਰੀਆ ਦੀ ਜੰਗ ’ਚ ਰੋਮ ਲਈ ਬਹਾਦਰੀ ਨਾਲ ਲੜਨ ਬਦਲੇ ਉਸ ਨੂੰ ਲੈਫਟੀਨੈਂਟ ਕਰਨਲ ਬਣਾ ਦਿੱਤਾ ਗਿਆ। ਕੁਝ ਚਿਰ ਮੈਜਿਸਟ੍ਰੇਟ ਰਹਿਣ ਪਿੱਛੋਂ ਉਹ ਮੈਂਬਰ ਪਾਰਲੀਮੈਂਟ ਬਣ ਗਿਆ ਪਰ ਮਨ ’ਚ ਕੁਝ ਨਵਾਂ ਕਰਨ ਦੀ ਇੱਛਾ ਕਰਕੇ ਸਭ ਅਹੁਦੇ ਤਿਆਗ ਕੇ ਨਵੀਂ ਇਲਾਜ ਪ੍ਰਣਾਲੀ ਦੀ ਖੋਜ ਆਰੰਭ ਦਿੱਤੀ ਤੇ 25 ਸਾਲ ਦੀ ਲੰਮੀ ਖੋਜ ਪਿੱਛੋਂ 1865 ’ਚ ਨਿਰੋਲ ਜੜ੍ਹੀਆਂ- ਬੂਟੀਆਂ ’ਤੇ ਆਧਾਰਿਤ ਬਹੁਤ ਹੀ ਪ੍ਰਭÎਾਵਸ਼ਾਲੀ ਨਵੀ ਇਲਾਜ ਪ੍ਰਣਾਲੀ ਸੰਸਾਰ ਨੂੰ ਦਿੱਤੀ। ਉਸ ਕੋਲ ਏਨੇ ਮਰੀਜ਼ ਆਉਂਦੇ ਸਨ ਕਿ ਕਈ ਵਾਰੀ ਮਰੀਜ਼ਾਂ ਦੀ ਭੀੜ ਨੂੰ ਸੁਚਾਰੂ ਕਰਨ ਲਈ ਫ਼ੌਜ ਦੀ ਸਹਾਇਤਾ ਲੈਣੀ ਪੈਂਦੀ ਸੀ। ਉਸ ਦਾ ਉਦੇਸ਼ ਸੀ ਕਿ ਸਾਰੇ ਪਾਸਿਆਂ ਤੋਂ ਲਾਚਾਰ ਰੋਗੀਆਂ ਨੂੰ ਬਿਨਾਂ ਕਿਸੇ ਹੋਰ ਨੁਕਸਾਨ ਤੋਂ ਰਾਜ਼ੀ ਕੀਤਾ ਜਾ ਸਕੇ। ਉਹ ਗ਼ਰੀਬਾਂ ਦਾ ਮੁਫ਼ਤ ਇਲਾਜ ਕਰਦਾ ਸੀ।

ਉਸ ਦੀ ਸੇਵਾ ਤੇ ਦਵਾਈਆਂ ਦੇ ਪ੍ਰਭਾਵ ਨੂੰ ਵੇਖਦਿਆਂ ਪੋਪ ਪਾਇਸ 9ਵੇਂ ਨੇ ਰੋਮ ਦੇ ਸੇਂਟ ਟਰੇਸਾ ਹਸਪਤਾਲ ’ਚ ਇਲਾਜ ਕਰਨ ਦੀ ਇਜਾਜ਼ਤ ਦੇ ਦਿੱਤੀ। ਲੰਮਾ ਸਮਾਂ ਰੋਗੀਆਂ ਦੀ ਸੇੇਵਾ ਕਰਨ ਪਿੱਛੋਂ 1887 ’ਚ ਸਾਰੀਆਂ ਕਿਤਾਬਾਂ ਤੇ ਖੋਜ ਦੇ ਰਹੱਸ ਆਪਣੇ ਜਵਾਈ ਕਾਊਂਟ ਬੈਟਰੋਲੀ ਮੈਟੀ ਨੂੰ ਸੌਂਪ ਦਿੱਤੇ ਤੇ 9 ਸਾਲ ਬਾਅਦ 3 ਅਪ੍ਰੈਲ 1896 ਨੂੰ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਇਲੈਕਟਰੋ ਹੋਮਿਓਪੈਥੀ ਦੂਜੀਆਂ ਇਲਾਜ ਪ੍ਰਣਾਲੀਆਂ ਵਾਂਗੂੰ ਦੁਨੀਆਂ ਦੀ ਪੰਜਵੀ ਸੰਪੂਰਨ ਇਲਾਜ ਪ੍ਰਣਾਲੀ ਹੈ, ਜਿਸ ਦਾ ਵੱਖਰਾ ਸਿਧਾਂਤ ਅਤੇ ਮੈਟੀਰੀਆ ਮੈਡੀਕਾ ਹੈ। ਉਸ ਦਾ ਮੰਨਣਾ ਸੀ ਕਿ ਕੁਦਰਤ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਸਭ ਪ੍ਰਾਣੀਆਂ ਦੀਆਂ ਬਿਮਾਰੀਆਂ ਦੇ ਇਲਾਜ ਵੀ ਕੁਦਰਤੀ ਹੀ ਬਣਾਏ ਹਨ। ਜੋ ਇਲਾਜ ਪ੍ਰਣਾਲੀ ਕੁਦਰਤ ਦੇ ਜ਼ਿਆਦਾ ਨੇੜੇ ਹੋਵੇਗ, ਉਹੋ ਹੀ ਰੋਗੀ ਜੀਵ ਦਾ ਸੰਪੂਰਨ, ਪੱਕਾ ਤੇ ਹਾਨੀ ਰਹਿਤ ਇਲਾਜ ਕਰ ਸਕਦੀ ਹੈ।

ਇਲੈਕਟ੍ਰੋਪੈਥੀ ਦਾ ਮੰਨਣਾ ਹੈ ਕਿ ਮਨੁੱਖ ਜਦੋਂ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਇਸਦੇ ਜੀਵਨ ਪ੍ਰਵਾਹ ਨੂੰ ਚਲਾਉਣ ਵਾਲੇ ਰਸ ਤੇ ਖ਼ੂਨ ਦੂਸ਼ਿਤ ਹੋ ਜਾਂਦੇ ਹਨ ਤੇ ਮਨੁੱਖ ਰੋਗੀ ਹੋ ਜਾਂਦਾ ਹੈ। ਇਲੈਕਟ੍ਰੋ ਪੈਥੀ ਰਸ ਤੇ ਖ਼ੂਨ ਨੂੰ ਸ਼ੁੱਧ ਕਰਦੀ ਹੈ, ਜਿਸ ਨਾਲ ਰੋਗ ਪੱਕੇ ਤੌਰ ’ਤੇ ਸਦਾ ਲਈ ਮਿਟ ਜਾਂਦਾ ਹੈ। ਇਲੈਕਟ੍ਰੋਪੈਥੀ ਦੀਆਂ ਦਵਾਈਆਂ ਕੇਵਲ ਖਾਣਯੋਗ ਬਨਸਪਤੀ ਤੋਂ ਹੀ ਤਿਆਰ ਕੀਤੀਆਂ ਜਾਂਦੀਆਂ ਹਨ । ਇਸ ਵਿਚ ਕੋਈ ਜ਼ਹਿਰੀਲਾ ਪੌਦਾ, ਧਾਤ ਜਾਂ ਹੋਰ ਕੋਈ ਵੀ ਜ਼ਹਿਰੀਲਾ ਪਦਾਰਥ ਨਹੀਂ ਵਰਤਿਆ ਜਾਂਦਾ ਤੇ ਇਸ ਦੀਆਂ ਦਵਾਈਆਂ ਬਣਾਉਣ ਦਾ ਤਰੀਕਾ ਵੀ ਕੁਦਰਤ ਦੇ ਬਹੁਤ ਨੇੜੇ ਹੈ।


ਡਾ: ਮਨਮੋਹਨ ਸਿੰਘ ਭਾਗੋਵਾਲੀਆ।

ਮੋਬਾਈਲ : 97797-55551

Posted By: Sunil Thapa