ਬਾਕੀ ਉਡਾਣਾਂ ਰੋਜ਼ਾਨਾ ਸੰਚਾਲਿਤ ਨਹੀਂ ਹੁੰਦੀਆਂ ਤੇ ਅਜਿਹੇ ਕਈ ਰੂਟ ਹਨ ਜਿਨ੍ਹਾਂ ਨੂੰ ਇਹ ਸਿੱਧਾ ਨਹੀਂ ਜੋੜਦੀਆਂ। ਲੋਕਾਂ ਦਾ ਇੰਡੀਗੋ ’ਤੇ ਭਰੋਸਾ ਹੋਣ ਕਾਰਨ ਹਾਲੇ ਵੀ ਲੋਕ ਕਤਾਰਾਂ ’ਚ ਲੱਗੇ ਹੋਏ ਹਨ ਪਰ ਦੁੱਖ ਵਾਲੀ ਗੱਲ ਹੈ ਕਿ ਕਈ ਏਅਰਪੋਰਟਾਂ ’ਤੇ ਯਾਤਰੀਆਂ ਦੀ ਇਸ ਦੇ ਸਟਾਫ ਨਾਲ ਝੜਪ ਅਤੇ ਤੂੰ-ਤੂੰ-ਮੈਂ-ਮੈਂ ਵੀ ਹੋਈ ਹੈ। ਸਟਾਫ ਹੀ ਨਹੀਂ, ਕਈ ਯਾਤਰੀ ਵੀ ਆਪਸ ’ਚ ਝਗੜਦੇ ਦੇਖੇ ਗਏ ਹਨ।

ਇੰਡੀਗੋ ਦੀਆਂ ਉਡਾਣਾਂ ਦੀ ਲੇਟ-ਲਤੀਫ਼ੀ ਅਤੇ ਰੱਦ ਕਰਨ ਦਾ ਰੇੜਕਾ ਹਾਲੇ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦਿੱਲੀ ਹਾਈ ਕੋਰਟ ’ਚ ਇਕ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਗਈ ਜਿਸ ’ਚ ਲੋਕਾਂ ਨੂੰ ਮਦਦ ਤੇ ਰਿਫੰਡ ਦੇਣ ਦੀ ਮੰਗ ਕੀਤੀ ਗਈ ਹੈ। ਇਸ ’ਤੇ ਅੱਜ ਸੁਣਵਾਈ ਹੋਵੇਗੀ।
ਦੂਜੇ ਪਾਸੇ ਸੁਪਰੀਮ ਕੋਰਟ ਨੇ ਇੰਡੀਗੋ ਵੱਲੋਂ ਹਾਲ ਹੀ ’ਚ ਵਪਾਰਕ ਯਾਤਰੀ ਉਡਾਣਾਂ ਨੂੰ ਰੱਦ ਕਰਨ ਅਤੇ ਦੇਰੀ ਕਰਨ ਦੇ ਮਾਮਲੇ ’ਚ ਫੌਰੀ ਸੁਣਵਾਈ ਵਾਲੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ’ਚ ਦਾਖ਼ਲ ਪਟੀਸ਼ਨ ’ਚ ਦੇਸ਼ ਦੇ 95 ਹਵਾਈ ਅੱਡਿਆਂ ’ਤੇ ਲਗਪਗ 2500 ਫਲਾਈਟਾਂ ’ਚ ਦੇਰੀ ਹੋਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ’ਤੇ ਚੀਫ ਜਸਟਿਸ ਸੂਰੀਆ ਕਾਂਤ ਨੇ ਕਿਹਾ ਕਿ ‘ਅਸੀਂ ਸਮਝਦੇ ਹਾਂ ਕਿ ਲੱਖਾਂ ਲੋਕ ਇਸ ਕਾਰਨ ਪਰੇਸ਼ਾਨੀ ਝੱਲ ਰਹੇ ਹਨ। ਲੋਕ ਆਪਣੇ ਜ਼ਰੂਰੀ ਕੰਮ ਨਹੀਂ ਕਰ ਪਾ ਰਹੇ। ਹਾਲਾਂਕਿ ਕੇਂਦਰ ਸਰਕਾਰ ਇਸ ਮਾਮਲੇ ਨੂੰ ਹੱਲ ਕਰਨ ਲਈ ਕਾਰਜਸ਼ੀਲ ਹੈ। ਫ਼ਿਲਹਾਲ ਸੁਪਰੀਮ ਕੋਰਟ ਦੇ ਦਖ਼ਲ ਦੀ ਕੋਈ ਜ਼ਰੂਰਤ ਨਹੀਂ ਹੈ।
ਹੁਣ ਤੱਕ ਇੰਡੀਗੋ ਦੀਆਂ 1000 ਤੋਂ ਵੱਧ ਉਡਾਣਾਂ ਰੱਦ ਹੋਈਆਂ ਹਨ ਅਤੇ ਏਅਰਲਾਈਨ ਇਸ ਪਰੇਸ਼ਾਨੀ ਨਾਲ ਨਜਿੱਠਣ ਅਤੇ ਲੋਕਾਂ ਦਾ ਪੈਸਾ ਰਿਫੰਡ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇੰਡੀਗੋ ਦੀਆਂ ਫਲਾਈਟਾਂ ਨਵੇਂ ਨਿਯਮਾਂ, ਹਵਾਈ ਅਮਲੇ ਦੀ ਘਾਟ ਅਤੇ ਮਾਲ-ਅਸਬਾਬ ਦੇ ਬੋਝ ਕਾਰਨ ਲੇਟ ਹੋ ਰਹੀਆਂ ਹਨ। ਨਵੇਂ ਨਿਯਮਾਂ ’ਚ ਉਡਾਣ ਡਿਊਟੀ ਸਮਾਂ ਹੱਦ ਅਹਿਮ ਹੈ। ਨਵੇਂ ਨਿਯਮਾਂ ’ਚ ਪਾਇਲਟਾਂ ਅਤੇ ਕ੍ਰੂ ਮੈਂਬਰਾਂ ਦੀ ਘਾਟ ਸਾਹਮਣੇ ਆਈ ਹੈ ਅਤੇ ਜਹਾਜ਼ ਦੇਰੀ ਨਾਲ ਉਡਾਣ ਭਰ ਰਹੇ ਹਨ। ਖ਼ਾਸ ਤੌਰ ’ਤੇ ਦੇਰ ਰਾਤ ਅਤੇ ਤੜਕੇ ਦੀਆਂ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ।
ਇੰਡੀਗੋ ਦੇਸ਼ ’ਚ ਸਭ ਤੋਂ ਵੱਧ ਉਡਾਣਾਂ ਸੰਚਾਲਨ ਕਰਨ ਵਾਲੀ ਏਅਰਲਾਈਨ ਹੈ। ਘਰੇਲੂ ਉਡਾਣਾਂ ਦੀ ਕੁਨੈਕਟੀਵਿਟੀ ਵੀ ਇਸੇ ਏਅਰਲਾਈਨ ਦੀ ਸਭ ਤੋਂ ਵੱਧ ਹੈ। ਇਸੇ ਕਾਰਨ ਯਾਤਰੀਆਂ ਦੇ ਬੋਝ ਦਾ ਅਸਰ ਸਿੱਧੇ ਰੂਪ ’ਚ ਇੰਡੀਗੋ ਦੀਆਂ ਉਡਾਣਾਂ ’ਤੇ ਪੈ ਰਿਹਾ ਹੈ। ਇਹ ਏਅਰਲਾਈਨ ਵੀ ਆਪਣੇ ਪੱਧਰ ’ਤੇ ਹਵਾਈ ਅਮਲੇ ਦੀ ਗਿਣਤੀ ਵਧਾਉਣ ਦਾ ਪ੍ਰਬੰਧ ਕਰਨ ’ਚ ਅਸਫਲ ਰਹੀ ਹੈ, ਜਿਸ ਕਾਰਨ ਅਜਿਹੀਆਂ ਸਥਿਤੀਆਂ ਪੈਦਾ ਹੋਈਆਂ ਹਨ। ਸਾਲ ਦੇ ਆਖ਼ਰੀ ਮਹੀਨੇ ’ਚ ਤਕਰੀਬਨ ਸਾਰੀਆਂ ਏਅਰਲਾਈਨਾਂ ’ਤੇ ਯਾਤਰੀਆਂ ਦਾ ਬੋਝ ਵਧਦਾ ਹੈ ।
ਇਨ੍ਹਾਂ ਮਹੀਨਿਆਂ ’ਚ ਛੁੱਟੀਆਂ, ਠੰਢ, ਵਿਆਹਾਂ ਦੇ ਸਮਾਗਮ ਅਤੇ ਹੋਰ ਕਾਰਨਾਂ ਕਰਕੇ ਲੋਕ ਇਕ ਤੋਂ ਦੂਜੀ ਥਾਂ ਵੱਡੀ ਗਿਣਤੀ ’ਚ ਸਫ਼ਰ ਕਰਦੇ ਹਨ। ਇੰਡੀਗੋ ਦੀ ਖ਼ਾਸੀਅਤ ਹੈ ਕਿ ਇਹ ਦੇਸ਼ ਦੇ ਸਾਰੇ ਹਿੱਸਿਆਂ ਲਈ ਬਾਕੀ ਏਅਰਲਾਈਨਾਂ ਨਾਲੋਂ ਜ਼ਿਆਦਾ ਉਡਾਣਾਂ ਦਾ ਸੰਚਾਲਨ ਕਰਦੀ ਹੈ। ਇਸ ਦਾ ਕਿਰਾਇਆ, ਡਿਸਕਾਊਂਟ ਅਤੇ ਵਾਧੂ ਚਾਰਜਿਜ਼ ਵੀ ਦੂਜਿਆਂ ਨਾਲੋਂ ਘੱਟ ਹਨ, ਜਿਸ ਕਰਕੇ ਲੋਕ ਇੰਡੀਗੋ ਨੂੰ ਤਰਜੀਹ ਦਿੰਦੇ ਹਨ। ਬਾਕੀ ਏਅਰਲਾਈਨਾਂ ਜਿਵੇਂ ਕਿ ਵਿਸਤਾਰਾ, ਏਅਰ ਇੰਡੀਆ ਤੇ ਅਕਾਸਾ ਦੇ ਕਿਰਾਏ ਇਸ ਨਾਲੋਂ 20 ਤੋਂ 60 ਫ਼ੀਸਦ ਵੱਧ ਹਨ।
ਬਾਕੀ ਉਡਾਣਾਂ ਰੋਜ਼ਾਨਾ ਸੰਚਾਲਿਤ ਨਹੀਂ ਹੁੰਦੀਆਂ ਤੇ ਅਜਿਹੇ ਕਈ ਰੂਟ ਹਨ ਜਿਨ੍ਹਾਂ ਨੂੰ ਇਹ ਸਿੱਧਾ ਨਹੀਂ ਜੋੜਦੀਆਂ। ਲੋਕਾਂ ਦਾ ਇੰਡੀਗੋ ’ਤੇ ਭਰੋਸਾ ਹੋਣ ਕਾਰਨ ਹਾਲੇ ਵੀ ਲੋਕ ਕਤਾਰਾਂ ’ਚ ਲੱਗੇ ਹੋਏ ਹਨ ਪਰ ਦੁੱਖ ਵਾਲੀ ਗੱਲ ਹੈ ਕਿ ਕਈ ਏਅਰਪੋਰਟਾਂ ’ਤੇ ਯਾਤਰੀਆਂ ਦੀ ਇਸ ਦੇ ਸਟਾਫ ਨਾਲ ਝੜਪ ਅਤੇ ਤੂੰ-ਤੂੰ-ਮੈਂ-ਮੈਂ ਵੀ ਹੋਈ ਹੈ। ਸਟਾਫ ਹੀ ਨਹੀਂ, ਕਈ ਯਾਤਰੀ ਵੀ ਆਪਸ ’ਚ ਝਗੜਦੇ ਦੇਖੇ ਗਏ ਹਨ।
ਇਹ ਸਾਰਾ ਕੁਝ ਇਸ ਲਈ ਹੋਇਆ ਹੈ ਕਿ ਲੋਕਾਂ ਨੂੰ ਅਚਨਚੇਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਤੇ ਕਈਆਂ ਦੇ ਅਤਿ ਜ਼ਰੂਰੀ ਕੰਮ ਪ੍ਰਭਾਵਿਤ ਹੋਏ ਹਨ। ਏਅਰਪੋਰਟਾਂ ’ਤੇ ਯਾਤਰੀਆਂ ਦੀ ਭੀੜ ਨਾਲ ਨਜਿੱਠਣ ਲਈ ਬੇਸ਼ੱਕ ਸਰਕਾਰਾਂ ਤੇ ਏਅਰਲਾਈਨ ਕੰਪਨੀ ਲਗਾਤਾਰ ਕੰਮ ਕਰ ਰਹੀ ਹੈ। ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਵੀ ਰਾਜ ਸਭਾ ’ਚ ਕਿਹਾ ਹੈ ਕਿ ਅਸੀਂ ਸਾਰੀਆਂ ਏਅਰਲਾਈਨਾਂ ਲਈ ਇਕ ਉਦਾਹਰਨ ਪੇਸ਼ ਕਰਾਂਗੇ। ਇੰਡੀਗੋ ਨੂੰ ਵੀ ਆਪਣੀਆਂ ਊਣਤਾਈਆਂ ਨੂੰ ਬਿਨਾਂ ਦੇਰੀ ਪੂਰਾ ਕਰਨਾ ਚਾਹੀਦਾ ਹੈ। ਦੂਜੇ ਪਾਸੇ ਯਾਤਰੀਆਂ ਨੂੰ ਇਸ ਤਣਾਅ ਤੇ ਖੱਜਲ-ਖੁਆਰੀ ਵਾਲੇ ਸਮੇਂ ’ਚ ਠਰੰਮੇ ਤੋਂ ਕੰਮ ਲੈਣ ਦੀ ਲੋੜ ਹੈ।