v>ਦਸ ਲੱਖ ਦੇ ਇਨਾਮੀ ਗੈਂਗਸਟਰ ਜੈਪਾਲ ਭੁੱਲਰ ਅਤੇ ਪੰਜ ਲੱਖ ਦੇ ਇਨਾਮੀ ਗੈਂਗਸਟਰ ਜਸਪ੍ਰੀਤ ਜੱਸੀ ਦੇ ਕੋਲਕਾਤਾ ਵਿਚ ਹੋਏ ਐਨਕਾਊਂਟਰ ਨੇ ਇਕ ਵਾਰ ਫਿਰ ਪੰਜਾਬ ਦੀ ਇਸ ਵਿਕਰਾਲ ਹੁੰਦੀ ਸਮੱਸਿਆ ’ਤੇ ਚਰਚਾ ਛੇੜ ਦਿੱਤੀ ਹੈ। ਦਰਅਸਲ, ਇਨ੍ਹਾਂ ਗੈਂਗਸਟਰਾਂ ਦੇ ਮੁਕਾਬਲੇ ਦੀ ਇਬਾਰਤ ਉਸ ਵੇਲੇ ਹੀ ਲਿਖੀ ਗਈ ਸੀ ਜਦੋਂ 15 ਮਈ ਨੂੰ ਇਹ ਆਪਣੇ ਦੋ ਹੋਰ ਸਾਥੀਆਂ ਨਾਲ ਪੰਜਾਬ ਤੋਂ ਭੱਜਣ ਦੀ ਫਿਰਾਕ ’ਚ ਜਗਰਾਓਂ ਵਿਖੇ ਪੁਲਿਸ ਨਾਲ ਭਿੜ ਗਏ ਸਨ। ਇਹ ਸਬਜ਼ੀ ਮੰਡੀ ’ਚ ਦੋ ਥਾਣੇਦਾਰਾਂ ਦੀ ਹੱਤਿਆ ਕਰ ਕੇ ਉਨ੍ਹਾਂ ਦੇ ਹਥਿਆਰ ਲੈ ਕੇ ਫਰਾਰ ਹੋ ਗਏ ਸਨ। ਵਿੱਕੀ ਗੌਂਡਰ ਸਮੇਤ ਬਹੁਤ ਸਾਰੇ ਗੈਂਗਸਟਰਾਂ ਦੇ ਮੁਕਾਬਲਿਆਂ ਦਾ ਇਤਿਹਾਸ ਫਰੋਲਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੀ ਹੋਣੀ ਆਖ਼ਰ ਵਿਚ ਪੁਲਿਸ ਵੱਲੋਂ ਹੀ ਤੈਅ ਕੀਤੀ ਜਾਂਦੀ ਹੈ ਹਾਲਾਂਕਿ ਅਜਿਹੇ ਮੁਕਾਬਲੇ ਹਮੇਸ਼ਾ ਸਵਾਲਾਂ ਦੇ ਘੇਰੇ ਵਿਚ ਰਹਿੰਦੇ ਹਨ। ਵੱਖ-ਵੱਖ ਤਬਕਿਆਂ ਵਿਚ ਗੈਂਗਸਟਰਾਂ ਦੀ ਸਮੱਸਿਆ ਦੇ ਸਿਆਸੀ, ਸਮਾਜਿਕ, ਸੱਭਿਆਚਾਰਕ, ਆਰਥਿਕ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਜਦਕਿ ਦੂਜੇ ਪਾਸੇ ਸਰਕਾਰ ਤੇ ਪੁਲਿਸ ਦੇ ਪੱਧਰ ’ਤੇ ਇਸ ਨੂੰ ਕਾਨੂੰਨ ਵਿਵਸਥਾ ਦੀ ਸਮੱਸਿਆ ਕਹਿ ਕੇ ਗੈਂਗਸਟਰਾਂ ਦਾ ਸਫ਼ਾਇਆ ਕੀਤਾ ਜਾ ਰਿਹਾ ਹੈ। ਖ਼ੁਦ ਡੀਜੀਪੀ ਦਿਨਕਰ ਗੁਪਤਾ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਪੰਜਾਬ ਵਿਚ 2017 ’ਚ ‘ਏ’ ਸ਼੍ਰੇਣੀ ਦੇ 31 ਗੈਂਗਸਟਰ ਸਨ ਜਿਹੜੇ ਜਾਂ ਤਾਂ ਮਾਰੇ ਗਏ ਜਾਂ ਵਿਦੇਸ਼ ਭੱਜ ਗਏ ਹਨ। ਡੀਜੀਪੀ ਦਾਅਵਾ ਕਰਦੇ ਹਨ ਕਿ ਪੁਰਾਣੇ ਅੱਤਵਾਦੀਆਂ, ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੇ ਗੱਠਜੋੜ ਕੀਤਾ ਹੋਇਆ ਸੀ ਅਤੇ ਇਨ੍ਹਾਂ ਦੋਵਾਂ ਦੇ ਮਾਰੇ ਜਾਣ ਨਾਲ ਉਸ ਨੂੰ ਤੋੜਨ ’ਚ ਕਾਮਯਾਬੀ ਮਿਲੀ ਹੈ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਜੈਪਾਲ ਤੇ ਜੱਸੀ ਦੇ ਮਾਰੇ ਜਾਣ ਨਾਲ ਇਹ ਪੂਰਾ ਨੈਕਸੈਸ ਖ਼ਤਮ ਹੋ ਜਾਵੇਗਾ? ਸਮਾਜ ਸ਼ਾਸਤਰੀ ਮੰਨਦੇ ਹਨ ਕਿ ਕੋਈ ਵੀ ਵਿਅਕਤੀ ਜਨਮਜਾਤ ਅਪਰਾਧੀ ਨਹੀਂ ਹੁੰਦਾ ਬਲਕਿ ਹਾਲਾਤ ਉਸ ਨੂੰ ਇਸ ਪਾਸੇ ਧੱਕਦੇ ਹਨ। ਇੱਥੇ ਨਾ ਸਿਰਫ਼ ਸਮਾਜ ਬਲਕਿ ਵਿਵਸਥਾ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਜਿਹੇ ਲੋਕਾਂ ਨੂੰ ਸਮੇਂ ਸਿਰ ਗ਼ਲਤ ਪਾਸੇ ਜਾਣ ਤੋਂ ਰੋਕ ਲਿਆ ਜਾਵੇ। ਹਥਿਆਰਾਂ ਦਾ ਸ਼ੌਕ, ਨਸ਼ਾਖੋਰੀ, ਗਾਇਕੀ ਆਦਿ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਕਾਰਨ ਨੌਜਵਾਨ ਇਸ ਪਾਸੇ ਆਕਰਸ਼ਿਤ ਹੁੰਦੇ ਹਨ। ਸਿਆਸੀ ਲੋਕਾਂ ਵੱਲੋਂ ਅਜਿਹੇ ਨੌਜਵਾਨਾਂ ਦਾ ਇਸਤੇਮਾਲ ਵੀ ਇਕ ਵੱਡਾ ਕਾਰਨ ਹੈ ਜਿਸ ਕਾਰਨ ਉਨ੍ਹਾਂ ਲਈ ਵਾਪਸੀ ਦਾ ਰਾਹ ਹੀ ਨਹੀਂ ਬਚਦਾ। ਸੂਬੇ ਵਿਚ 70 ਦੇ ਦਹਾਕੇ ’ਚ ਨਕਸਲੀ ਲਹਿਰ ਅਤੇ ਫਿਰ 80 ਦੇ ਦਹਾਕੇ ਦੇ ਕਾਲੇ ਦੌਰ ਵਿਚ ਪੁਲਿਸ ਮੁਕਾਬਲਿਆਂ ਦੀ ਇਕ ਲੰਬੀ ਸੂਚੀ ਹੈ। ਹੁਣ ਗੈਂਗਸਟਰਾਂ ਦੇ ਮੁਕਾਬਲਿਆਂ ਵਿਚ ਮਾਰੇ ਜਾਣ ’ਤੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰਾਂ ਵਾਲੇ ਬਲਕਿ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਕਾਰਕੁੰਨ ਵੀ ਸਵਾਲ ਚੁੱਕ ਰਹੇ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਵੀ ਅਪਰਾਧੀ ਨੂੰ ਸਜ਼ਾ ਦੇਣ ਦਾ ਕੰਮ ਅਦਾਲਤਾਂ ਨੇ ਕਰਨਾ ਹੁੰਦਾ ਹੈ, ਚਾਹੇ ਉਸ ਦਾ ਅਪਰਾਧ ਕਿੱਡਾ ਵੀ ਵੱਡਾ ਕਿਉਂ ਨਾ ਹੋਵੇ ਪਰ ਇੱਥੇ ਪੁਲਿਸ ਅਦਾਲਤਾਂ ਦੇ ਕੰਮ ਨੂੰ ਅਕਸਰ ਆਪਣੇ ਹੱਥ ਵਿਚ ਲੈਂਦੀ ਰਹਿੰਦੀ ਹੈ। ਜਮਹੂਰੀਅਤ ਵਿਚ ਅਜਿਹਾ ਨਹੀਂ ਹੋਣਾ ਚਾਹੀਦਾ ਪਰ ਕਾਰਜਪਾਲਿਕਾ ਦੇ ਅੰਗ ਵਜੋਂ ਪੁਲਿਸ ਅਕਸਰ ਆਪਣੀ ਹੱਦ ਲੰਘ ਜਾਂਦੀ ਹੈ ਜਿਸ ’ਤੇ ਬਾਅਦ ਵਿਚ ਕਈ ਵਾਰ ਨਿਆਂਪਾਲਿਕਾ ਨੂੰ ਕਾਰਵਾਈ ਵੀ ਕਰਨੀ ਪੈਂਦੀ ਹੈ। ਕੁਝ ਵੀ ਹੋਵੇ, ਦੋਨਾਂ ਗੈਂਗਸਟਰਾਂ ਦੇ ਮੁਕਾਬਲੇ ਵਿਚ ਮਾਰੇ ਜਾਣ ਤੋਂ ਬਾਅਦ ਮਿ੍ਰਤਕ ਥਾਣੇਦਾਰਾਂ ਦੇ ਪਰਿਵਾਰਾਂ ਨੇ ਪੁਲਿਸ ਦੀ ਪ੍ਰਸ਼ੰਸਾ ਕੀਤੀ ਹੈ।

Posted By: Susheel Khanna