ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਮਦ ਤੋਂ ਪਹਿਲਾਂ ਸੰਗਰੂਰ ਦੇ ਕਾਲ਼ੀ ਦੇਵੀ ਮੰਦਰ ਦੇ ਮੁੱਖ ਗੇਟ ਅਤੇ ਕੰਧਾਂ ’ਤੇ ਖ਼ਾਲਿਸਤਾਨੀ ਨਾਅਰੇ ਲਿਖਣਾ ਬੇਹੱਦ ਮੰਦਭਾਗੀ ਘਟਨਾ ਹੈ। ਅਜਿਹੇ ਕੰਮ ਸਿਰਫ਼ ਮੰਦਬੁੱਧੀ ਤੇ ਵਿਕਾਊ ਕਿਸਮ ਦੇ ਅਨਸਰ ਹੀ ਕਰ ਸਕਦੇ ਹਨ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਜਿਹੜੀ ਟਾਹਣੀ ’ਤੇ ਬੈਠੇ ਹਨ, ਉਸੇ ਨੂੰ ਵੱਢ ਰਹੇ ਹਨ। ਇਸ ਮਾਮਲੇ ਦਾ ਸਭ ਤੋਂ ਅਫ਼ਸੋਸਨਾਕ ਪੱਖ ਇਹ ਹੈ ਕਿ ਅਮਰੀਕਾ ’ਚ ਰਹਿ ਰਿਹਾ ਮੁੱਖ ਦੋਸ਼ੀ ‘ਸਿੱਖ ਧਰਮ’ ਦਾ ਨਾਂ ਆਪਣੇ ਸੌੜੇ ਹਿੱਤਾਂ ਤੇ ਮਾੜੀ ਮਨਸ਼ਾ ਲਈ ਵਰਤਦਾ ਹੋਇਆ ਪੰਜਾਬੀਆਂ ਦੇ ਖ਼ੂਨ-ਪਸੀਨੇ ਦੀ ਗਾੜ੍ਹੀ ਕਮਾਈ ਦੇ ਦਸਵੰਧ ਦੇ ਲੱਖਾਂ ਡਾਲਰ ਇਕੱਠੇ ਕਰ ਰਿਹਾ ਹੈ। ਉਸੇ ਪੈਸੇ ਨਾਲ ਉਹ ਭਾਰਤ ’ਚ ਰਹਿੰਦੇ ਕੁਝ ਗ਼ਰੀਬਾਂ ਦੀਆਂ ਮਜਬੂਰੀਆਂ ਦਾ ਨਾਜਾਇਜ਼ ਫ਼ਾਇਦਾ ਉਠਾਉਂਦਾ ਹੋਇਆ ਉਨ੍ਹਾਂ ਨੂੰ ਵਰਤ ਰਿਹਾ ਹੈ। ਗੁਰੂਆਂ, ਪੀਰਾਂ, ਫ਼ਕੀਰਾਂ ਤੇ ਬੁੱਧੀਜੀਵੀਆਂ ਦੀ ਧਰਤੀ ਪੰਜਾਬ ਉੱਤੇ ਧਰਮ ਦੀ ਆੜ ਹੇਠ ਆਪਣੀਆਂ ਗੰਦੀਆਂ ਚਾਲਾਂ ਨੂੰ ਅੰਜਾਮ ਦੇਣ ਵਾਲੇ ਤੱਤਾਂ ਨੂੰ ਖ਼ੁਦ ਹੀ ਇੰਨੀ ਕੁ ਸ਼ਰਮ ਹੋਣੀ ਚਾਹੀਦੀ ਹੈ ਕਿ ਉਹ ਪਵਿੱਤਰ ਚਰਨ-ਛੋਹ ਪ੍ਰਾਪਤ ਮਿੱਟੀ ਨੂੰ ਪਲੀਤ ਨਾ ਕਰਨ। ਵਿਦੇਸ਼ੀ ਏਜੰਸੀਆਂ ਦੇ ਇਸ਼ਾਰੇ ’ਤੇ ਅਜਿਹੇ ਕੁਝ ਮੁੱਠੀ ਭਰ ਸ਼ਰਾਰਤੀ ਅਨਸਰਾਂ ਨੇ ਪਿਛਲੇ ਕੁਝ ਸਮੇਂ ਤੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਪੂਰਾ ਟਿੱਲ ਲਾਇਆ ਹੋਇਆ ਹੈ ਪਰ ਉਹ ਨਾ ਤਾਂ ਪਹਿਲਾਂ ਕਦੇ ਸਫਲ ਹੋ ਸਕੇ ਹਨ ਤੇ ਨਾ ਹੁਣ ਉਨ੍ਹਾਂ ਦੇ ਕੁਝ ਪਿੜ-ਪੱਲੇ ਪੈਣ ਦੀ ਆਸ ਹੈ। ਸਾਡੇ ਸੂਬੇ ਦੇ ਅਮਨ ਤੇ ਚੈਨ ਨੂੰ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਪਹਿਲਾਂ ਵੀ ਬਹੁਤ ਵਾਰ ਕੀਤੀਆਂ ਗਈਆਂ ਪਰ ਸਮਾਜ ਵਿਰੋਧੀ ਤੇ ਪੰਜਾਬ-ਦੋਖੀ ਅਨਸਰਾਂ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ ਹੈ। ਪੰਜਾਬ ਦਾ ਤਾਂ ਨਾਂ ਹੀ ਪੰਜ ਦਰਿਆਵਾਂ ਦੇ ਨਾਂ ’ਤੇ ਪੰਜ+ਆਬ ਹੈ ਜੋ ਸਾਡੇ ਹੱਥ ਦੀਆਂ ਪੰਜ ਉਂਗਲ਼ਾਂ ਦੀ ਦ੍ਰਿੜ੍ਹ ਮੁੱਠੀ ਦੇ ਨਾਲ-ਨਾਲ ਸਾਰੇ ਧਰਮਾਂ ਤੇ ਜਾਤਾਂ, ਨਸਲਾਂ ਦੀ ਏਕਤਾ ਤੇ ਅਖੰਡਤਾ ਦਾ ਵੀ ਮਜ਼ਬੂਤ ਪ੍ਰਤੀਕ ਹੈ। ਪਿਛਲੇ ਕੁਝ ਦਿਨਾਂ ਤੋਂ ‘ਅਗਨੀਪਥ’ ਯੋਜਨਾ ਦਾ ਦੇਸ਼ ਭਰ ’ਚ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਇਸ ਯੋਜਨਾ ਵਿਰੁੱਧ ਨੌਜਵਾਨਾਂ ਨੂੰ ਭੜਕਾਉਣ ਲਈ ਵਿਦੇਸ਼ੀ ਨੰਬਰਾਂ ਤੋਂ ਕਈ ਸੁਨੇਹੇ ਮਿਲੇ ਸਨ। ਪੁਲਿਸ ਨੂੰ ਇਸ ਦੇ ਪੁਖ਼ਤਾ ਸਬੂਤ ਮਿਲ ਗਏ ਹਨ। ਰੂਪਨਗਰ, ਲੁਧਿਆਣਾ ਤੇ ਮੋਗਾ ਦੇ ਜਿਹੜੇ ਨੌਜਵਾਨਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਨੇ ਪੁਲਿਸ ਕੋਲ ਬਾਕਾਇਦਾ ਇਹ ਇਕਬਾਲ ਕੀਤਾ ਹੈ ਕਿ ਉਨ੍ਹਾਂ ਨੂੰ ਪੰਜਾਬ ’ਚ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਭੜਕਾਇਆ ਗਿਆ ਸੀ। ਇੰਜ ਹੀ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਗੋਲ਼ੀਬਾਰੀ ਦੀਆਂ ਘਟਨਾਵਾਂ ਵੀ ਤੇਜ਼ੀ ਨਾਲ ਵਧ ਰਹੀਆਂ ਹਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਹੋਰ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਅਜਾਈਂ ਚਲੀਆਂ ਗਈਆਂ ਹਨ। ਬੱਚਿਆਂ, ਖ਼ਾਸ ਤੌਰ ’ਤੇ ਨਵੀਂ ਪੀੜ੍ਹੀ ਦੇ ਨੌਜਵਾਨਾਂ ਉੱਤੇ ਅਜਿਹੇ ਮਾਹੌਲ ਦਾ ਨਾਂਹ-ਪੱਖੀ ਅਸਰ ਪੈਂਦਾ ਹੈ। ਫਿਰ ਉਨ੍ਹਾਂ ਦਾ ਮਨ ਗ਼ਲਤ ਵਰਤਾਰਿਆਂ ਦੀ ਝੋਲ਼ੀ ਪੈ ਕੇ ਸ਼ੈਤਾਨੀ ਕਾਰੇ ਕਰਨ ਲਈ ਮਚਲਦਾ ਹੈ। ਸਰਕਾਰਾਂ ਨੂੰ ਸਕੂਲੀ ਬੱਚਿਆਂ ਦੇ ਸਿਲੇਬਸ ਵਿਚ ਮਨੋਵਿਗਿਆਨੀਆਂ ਦੀ ਮਦਦ ਲੈਂਦਿਆਂ ਅਜਿਹੇ ਪਾਠ ਸ਼ਾਮਲ ਕਰਨੇ ਚਾਹੀਦੇ ਹਨ ਜਿਨ੍ਹਾਂ ਤੋਂ ਉਹ ਗ਼ਲਤ ਅਨਸਰਾਂ ਦੇ ਢਹੇ ਚੜ੍ਹਨਾ ਤਿਆਗ ਦੇਣ। ਇਹ ਸਾਰਾ ਕੁਝ ਆਪਣੇ-ਆਪ ਨਹੀਂ, ਸਗੋਂ ਕਿਸੇ ਗਿਣੀ-ਮਿੱਥੀ ਸਾਜ਼ਿਸ਼ ਅਧੀਨ ਹੋ ਰਿਹਾ ਹੈ। ਸਰਕਾਰ ਤੇ ਖ਼ੁਫ਼ੀਆ ਪ੍ਰਣਾਲੀ ਨੂੰ ਅਜਿਹੇ ਦੇਸ਼-ਵਿਰੋਧੀ ਅਨਸਰਾਂ ਦੀ ਸ਼ਨਾਖ਼ਤ ਕਰ ਕੇ ਛੇਤੀ ਤੋਂ ਛੇਤੀ ਉਨ੍ਹਾਂ ਨੂੰ ਕਾਨੂੰਨੀ ਸ਼ਿਕੰਜੇ ਵਿਚ ਫਸਾਉਣਾ ਚਾਹੀਦਾ ਹੈ।

Posted By: Jagjit Singh