ਕਣਕ ਦੀ ਫ਼ਸਲ ਐਨ ਪੱਕਣ 'ਤੇ ਖੜ੍ਹੀ ਹੈ। ਕਿਸਾਨ ਦੀ ਕਈ ਮਹੀਨਿਆਂ ਦੀ ਮਿਹਨਤ ਦਾਅ 'ਤੇ ਲੱਗੀ ਹੋਈ ਹੈ। ਪੁਰਾਣੀ ਕਹਾਵਤ ਹੈ ਕਿ 'ਫ਼ਸਲ ਤਾਂ ਘਰ ਆਈ ਦੀ ਹੈ' ਕਿਉਂਕਿ ਕੁਦਰਤੀ ਕਰੋਪੀਆਂ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚਲਦਾ ਪਰ ਕੁਝ ਸਮੱਸਿਆਵਾਂ ਅਸੀਂ ਆਪ ਵੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਪੈਦਾ ਕੀਤੀਆਂ ਹਨ। ਇਨ੍ਹਾਂ 'ਚੋਂ ਅਹਿਮ ਹੈ ਪੱਕੀ ਫ਼ਸਲ ਨੂੰ ਕਿਸੇ ਕਾਰਨ ਅੱਗ ਲੱਗ ਜਾਣਾ। ਇਸ ਦਾ ਮੁੱਖ ਕਾਰਨ ਲਾਪਰਵਾਹੀ ਹੀ ਹੁੰਦਾ ਹੈ ਤੇ ਇਹ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ। ਕੁਝ ਸਾਲਾਂ ਤੋਂ ਖੇਤਾਂ ਦੇ ਟਿਊਬਵੈੱਲਾਂ ਨੂੰ ਜਾਂਦੀਆਂ ਹੱਦ ਤੋਂ ਜ਼ਿਆਦਾ ਢਿੱਲੀਆਂ ਬਿਜਲੀ ਦੀਆਂ ਤਾਰਾਂ ਸਪਾਰਕ ਕਾਰਨ ਫ਼ਸਲ 'ਚ ਅੱਗ ਲੱਗਣ ਦਾ ਕਾਰਨ ਬਣਦੀਆਂ ਹਨ। ਅੱਗ ਦੀ ਇਕ ਚੰਗਿਆੜੀ ਭਿਆਨਕ ਅੱਗ ਦਾ ਰੂਪ ਧਾਰਨ ਕਰ ਲੈਂਦੀ ਹੈ। ਤੇਜ਼ ਹਵਾਵਾਂ ਚੱਲਣ ਕਾਰਨ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋ ਕੇ ਆਪਸ ਵਿੱਚ ਟਕਰਾਉਣ ਨਾਲ ਸਪਾਰਕ ਹੁੰਦਾ ਹੈ, ਜਿਸ ਨਾਲ ਪੂਰਾ ਖੇਤ ਅੱਗ ਦੀ ਲਪੇਟ 'ਚ ਆ ਜਾਂਦਾ ਹੈ। ਇਹ ਸਭ ਲਈ ਜਿੱਥੇ ਬਿਜਲੀ ਮਹਿਕਮਾ ਜ਼ਿੰਮੇਵਾਰ ਹੈ, ਉੱਥੇ ਕਿਸਾਨ ਵੀ ਬਰਾਬਰ ਦੇ ਜ਼ਿੰਮੇਵਾਰ ਬਣ ਜਾਂਦੇ ਹਨ। ਇਸ 'ਚ ਕੋਈ ਸ਼ੱਕ ਨਹੀਂ ਕਿ ਬਿਜਲੀ ਮਹਿਕਮੇ ਦਾ ਕੰਮ ਸਿਰਫ਼ ਖਾਨਾਪੂਰਤੀ ਰਹਿ ਚੁੱਕਾ ਹੈ ਕਿਉਂਕਿ ਨਾ ਤਾਂ ਸਰਕਾਰੀ ਸਾਜ਼ੋ-ਸਾਮਾਨ ਤੇ ਨਾ ਹੀ ਆਵਾਜਾਈ ਦੇ ਯੋਗ ਸਾਧਨ ਮੁਲਾਜ਼ਮਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ ਤੇ ਇਨ੍ਹਾਂ ਮੁਲਾਜ਼ਮਾਂ ਦੀ ਉਮਰ ਏਨੀ ਹੋ ਚੁੱਕੀ ਹੈ ਕਿ ਉਹ ਖੰਭਿਆਂ 'ਤੇ ਚੜ੍ਹਨ ਤੋਂ ਅਸਮਰੱਥ ਜਾਪਦੇ ਹਨ। ਬਿਜਲੀ ਮਹਿਕਮੇ ਦਾ ਜ਼ਿਆਦਾਤਾਰ ਕੰਮ ਪ੍ਰਾਈਵੇਟ ਠੇਕੇਦਾਰਾਂ ਕੋਲ ਹੈ, ਜੋ ਆਪਣਾ ਕੰਮ ਤਸੱਲੀਬਖ਼ਸ਼ ਨਹੀਂ ਸਗੋਂ ਮਰਜ਼ੀ ਮੁਤਾਬਕ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਕੰਮ ਫਾਇਦੇ ਲਈ ਲਿਆ ਹੁੰਦਾ ਹੈ। ਕੰਮ 'ਚ ਜਲਦਬਾਜ਼ੀ ਵੀ ਦੁਰਘਟਨਾ ਦਾ ਕਾਰਨ ਬਣਦੀ ਹੈ। ਇਸ ਕਾਰਨ ਵੀ ਬਿਜਲੀ ਮਹਿਕਮਾ ਬਦਨਾਮ ਹੋਇਆ ਹੈ। ਦੂਜੇ ਪਾਸੇ ਕਿਸਾਨ ਵੀ ਬਰਾਬਰ ਦੇ ਜ਼ਿੰਮੇਵਾਰ ਹਨ ਕਿਉਂਕਿ ਜਦੋਂ ਸਾਨੂੰ ਪਤਾ ਹੈ ਕਿ ਸਾਡੇ ਖੇਤਾਂ 'ਚ ਬਿਜਲੀ ਦੀਆਂ ਤਾਰਾਂ ਜਾਂ ਟਰਾਂਸਫਾਰਮਰ 'ਚ ਕਿਸੇ ਤਰ੍ਹਾਂ ਦਾ ਨੁਕਸ ਹੈ ਤੇ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਤਾਂ ਫਿਰ ਅਸੀਂ ਪਹਿਲਾਂ ਕਿਉਂ ਸੁਚੇਤ ਨਹੀਂ ਹੁੰਦੇ। ਸੋ ਹੁਣ ਫ਼ਸਲ ਪੱਕ ਚੁੱਕੀ ਹੈ ਤੇ ਕੋਈ ਸਥਾਈ ਹੱਲ ਨਹੀਂ ਹੋ ਸਕਦਾ ਪਰ ਫਿਰ ਵੀ ਅਜਿਹੇ ਘਟਨਾਕ੍ਰਮ ਸਬੰਧੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਤੇ ਜਿੱਥੇ ਕਿਸੇ ਤਰ੍ਹਾਂ ਦੀ ਕੋਈ ਬਿਜਲੀ ਦੀ ਤਾਰ ਸਪਾਰਕ ਕਰਦੀ ਨਜ਼ਰ ਆ ਰਹੀ ਹੈ ਤਾਂ ਤੁਰੰਤ ਬਿਜਲੀ ਬੰਦ ਕਰਵਾ ਦੇਣੀ ਚਾਹੀਦੀ ਹੈ। ਖੇਤਾਂ 'ਚ ਬਣੇ ਔਲੂਆਂ ਤੇ ਖਾਲਾਂ ਨੂੰ ਪਾਣੀ ਨਾਲ ਭਰ ਕੇ ਰੱਖੋ। ਪਿੰਡਾਂ 'ਚ ਪਾਣੀ ਦੀਆਂ ਟੈਕੀਆਂ ਨੂੰ ਭਰ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਅਣਸੁਖਾਵੀਂ ਘਟਨਾ 'ਤੇ ਫੌਰੀ ਕਾਬੂ ਪਾਇਆ ਜਾ ਸਕੇ ਕਿਉਂਕਿ ਕਣਕ ਨਾਲ ਸਿਰਫ਼ ਕਿਸਾਨ ਜਾਂ ਕਿਸਾਨ ਦੇ ਪਰਿਵਾਰ ਨੇ ਨਹੀਂ ਸਗੋਂ ਸਮੁੱਚੇ ਦੇਸ਼ ਨੇ ਢਿੱਡ ਭਰਨਾ ਹੈ।

-ਪ੍ਰੋ. ਗੁਰਵੀਰ ਸਿੰਘ ਸਰੌਦ।

ਸੰਪਰਕ: 94179-71451

Posted By: Jagjit Singh