ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਲਈ ਨਵਾਂ ਸਾਲ ਸੰਨ 2019 ਸ਼ਾਂਤੀ, ਮਿਠਾਸ, ਖ਼ੁਸ਼ਹਾਲੀ ਅਤੇ ਵਿਕਾਸ ਦੀ ਥਾਂ ਰਾਜਨੀਤਕ ਟਕਰਾਅ ਭਰਿਆ ਮਾਹੌਲ ਲੈ ਕੇ ਆਇਆ ਹੈ। ਵਿਸ਼ਵ ਦੇ ਮਹਾਨ, ਵਿਕਾਸਮਈ ਅਤੇ ਸਫ਼ਲ ਜਮਹੂਰੀ ਦੇਸ਼ ਭਾਰਤ ਲਈ ਵੀ ਇਹ ਚਿੰਤਾ ਦਾ ਵਿਸ਼ਾ ਹੈ ਭਾਵੇਂ ਉਸ ਦੇ ਬੰਗਲਾਦੇਸ਼ ਨਾਲ ਨਿੱਘੇ ਤੇ ਮਿਲਵਰਤਨ ਵਾਲੇ ਸਬੰਧ ਹਨ। ਬੰਗਲਾਦੇਸ਼ ਵਿਚ ਸੰਸਦੀ ਚੋਣਾਂ 30 ਦਸੰਬਰ 2018 ਨੂੰ ਹੋਈਆਂ। ਦੇਸ਼ ਦੀ 11ਵੀਂ ਪਾਰਲੀਮੈਂਟ ਦੇ 298 ਮੈਂਬਰੀ ਹਾਊਸ ਲਈ ਵੋਟਾਂ ਪਈਆਂ। ਚੋਣਾਂ ਵਿਚ ਲਗਪਗ 10 ਕਰੋੜ ਵੋਟਰਾਂ ਨੇ ਹਿੱਸਾ ਲਿਆ। ਲਗਪਗ 40,000 ਪੋਲਿੰਗ ਸਟੇਸ਼ਨਾਂ 'ਤੇ ਅਮਨ-ਅਮਾਨ ਨਾਲ ਮਤਦਾਨ ਯਕੀਨੀ ਬਣਾਉਣ ਲਈ 6 ਲੱਖ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਫਿਰ ਵੀ ਚੋਣਾਂ ਆਜ਼ਾਦਾਨਾ ਅਤੇ ਮੁਨਸਫਾਨਾ ਢੰਗ ਨਾਲ ਨਹੀਂ ਹੋ ਸਕੀਆਂ। ਇਸ ਦੌਰਾਨ ਲਗਪਗ 18 ਵਿਅਕਤੀ ਚੋਣ ਹਿੰਸਾ ਵਿਚ ਮਾਰੇ ਗਏ ਅਤੇ ਸੈਂਕੜੇ ਜ਼ਖ਼ਮੀ ਹੋਏ। ਵਿਰੋਧੀ ਧਿਰ ਦੇ ਹਮਾਇਤੀਆਂ ਨੂੰ ਵੋਟਾਂ ਪਾਉਣੋਂ ਜਬਰੀ ਪੁਲਿਸ ਦੀ ਹਮਾਇਤ ਨਾਲ ਰੋਕਿਆ ਗਿਆ। ਸੱਤਾਧਾਰੀ ਅਵਾਮੀ ਲੀਗ ਪਾਰਟੀ ਦੇ ਹਮਾਇਤੀਆਂ ਨੇ ਪੁਲਿਸ ਫੋਰਸ ਦੀ ਸਹਾਇਤਾ ਨਾਲ ਜਬਰੀ ਬੈਲਟ ਪੇਪਰ ਭਰੇ। ਸਥਾਨਕ ਪੱਤਰਕਾਰ ਇਸ ਦੀ ਤਸਦੀਕ ਕਰਦੇ ਦੇਖੇ ਗਏ। ਵੋਟਾਂ ਦੀ ਗਿਣਤੀ ਮਨਮਾਨੇ ਢੰਗ ਨਾਲ ਕੀਤੀ ਗਈ। ਨਤੀਜੇ ਵਜੋਂ 298 ਮੈਂਬਰੀ ਹਾਊਸ ਲਈ ਸੱਤਾਧਾਰੀ ਅਵਾਮੀ ਲੀਗ ਅਤੇ ਸਹਿਯੋਗੀਆਂ ਨੇ 288 ਸੀਟਾਂ ਹਾਸਲ ਕੀਤੀਆਂ। ਵਿਰੋਧੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਨਾਲ ਸਬੰਧਤ ਫਰੰਟ ਨੇ 'ਜਾਤੀਆ ਓਈਕੋ ਫਰੰਟ' ਅਧੀਨ ਸਿਰਫ ਸੱਤ ਸੀਟਾਂ ਹਾਸਲ ਕੀਤੀਆਂ। ਅਵਾਮੀ ਲੀਗ ਪਾਰਟੀ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਜਿਦ ਹੁਣ ਚੌਥੀ ਵਾਰ ਮੁੜ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਹੈ। ਬੀਐੱਨਪੀ ਪਾਰਟੀ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਬੇਗਮ ਖਾਲਿਦਾ ਜ਼ਿਆ ਜੋ ਪਿਛਲੇ ਸਾਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ੍ਹ ਵਿਚ ਬੰਦ ਹੈ, ਉਸ ਦਾ ਪੁੱਤਰ ਤਾਰਿਕ ਰਹਿਮਾਨ, ਜਿਸ ਨੂੰ ਬੇਗਮ ਸ਼ੇਖ ਹਸੀਨਾ ਵਾਜਿਦ 'ਤੇ ਹਮਲਾ ਕਰਨ ਦੇ ਦੋਸ਼ਾਂ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਅਤੇ ਜੋ ਜਲਾਵਤਨੀ ਲੰਡਨ ਵਿਚ ਬਿਤਾ ਰਿਹਾ ਹੈ, ਉਸ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਨੇ ਦੇਸ਼ ਅੰਦਰ ਮਨੁੱਖੀ ਅਧਿਕਾਰਾਂ ਤੇ ਲੋਕਤੰਤਰ ਦਾ ਕਤਲ ਕੀਤਾ ਹੈ। ਚੋਣਾਂ 'ਚ ਧਾਂਦਲੀ ਕੀਤੀ ਹੈ। ਕਮਾਲ ਹੁਸੈਨ ਜਿਸ ਨੇ ਸ਼ੇਖ ਮੁਜੀਬਰ ਰਹਿਮਾਨ ਨਾਲ ਬੰਗਲਾਦੇਸ਼ ਦੀ ਆਜ਼ਾਦੀ ਵਿਚ ਵੱਡਾ ਯੋਗਦਾਨ ਪਾਇਆ ਸੀ ਅਤੇ ਜੋ ਉਸ ਦੀ ਸਰਕਾਰ ਵਿਚ ਵਿਦੇਸ਼ ਮੰਤਰੀ ਰਿਹਾ, ਨੇ ਇਨ੍ਹਾਂ ਚੋਣਾਂ ਵਿਚ ਭਾਵੇਂ ਹਿੱਸਾ ਨਹੀਂ ਲਿਆ ਪਰ ਉਸ ਨੇ ਦੇਸ਼ ਦੇ ਅਜੋਕੇ ਚੋਣ ਸਿਸਟਮ ਦੀ ਦੱਬ ਕੇ ਆਲੋਚਨਾ ਕੀਤੀ ਹੈ। ਇਹ ਉਹ ਰਾਜਨੀਤੀਵਾਨ ਹੈ ਜਿਸ ਨੇ ਸ਼ੇਖ ਹਸੀਨਾ ਵਾਜਿਦ ਨੂੰ ਜਲਾਵਤਨੀ ਤੋਂ ਵਾਪਸ ਦੇਸ਼ ਲਿਆਉਣ ਵਿਚ ਵੱਡਾ ਯੋਗਦਾਨ ਪਾਇਆ ਸੀ। ਹੁਣ ਵਾਂਗ ਹੂੰਝਾ ਫੇਰੂ ਜਿੱਤ ਪੂਰਬੀ ਪਾਕਿਸਤਾਨ ਵਿਚ ਸੰਨ 1970 ਵਿਚ ਹੋਈਆਂ ਚੋਣਾਂ ਸਮੇਂ ਅਵਾਮੀ ਲੀਗ ਆਗੂ ਸ਼ੇਖ ਮੁਜੀਬਰ ਰਹਿਮਾਨ ਨੇ ਪ੍ਰਾਪਤ ਕੀਤੀ ਸੀ ਜਿਸ ਨੂੰ ਪਾਕਿਸਤਾਨ ਦੇ ਹੁਕਮਰਾਨਾਂ ਨੇ ਹਾਜੀਪੁਰ ਜੇਲ੍ਹ ਵਿਚ ਸੁੱਟ ਦਿੱਤਾ ਸੀ। ਬੰਗਲਾਦੇਸ਼ ਦੀ ਆਜ਼ਾਦੀ ਤੋਂ ਬਾਅਦ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਬੰਗਲਾਦੇਸ਼ ਦੀ ਆਜ਼ਾਦੀ ਲਈ ਭਾਰਤ ਨੇ ਇਤਿਹਾਸਕ ਫ਼ੌਜੀ ਯੋਗਦਾਨ ਪਾਇਆ ਸੀ ਪਰ ਫ਼ੌਜੀ ਪਲਟਾ ਹਿੰਸਾ ਵਿਚ ਸੰਨ 1975 ਵਿਚ ਉਨ੍ਹਾਂ ਦਾ ਸਾਰਾ ਪਰਿਵਾਰ ਮਾਰ ਦਿੱਤਾ ਗਿਆ ਸੀ। ਸ਼ੇਖ ਹਸੀਨਾ ਉਨ੍ਹਾਂ ਦੀ ਪੁੱਤਰੀ ਬਚ ਗਈ ਕਿਉਂਕਿ ਉਹ ਉਦੋਂ ਵਿਦੇਸ਼ ਵਿਚ ਸੀ ਪਰ ਅਵਾਮੀ ਲੀਗ ਦੀ ਉਸ ਅਤੇ ਇਸ ਜਿੱਤ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਉਦੋਂ ਪਾਕਿਸਤਾਨੀ ਸ਼ਾਸਕਾਂ ਤੋਂ ਪੂਰਬੀ ਪਾਕਿਸਤਾਨ ਦੇ ਲੋਕ ਬੁਰੀ ਤਰ੍ਹਾਂ ਬਸਤੀਵਾਦੀ ਅਤੇ ਤਾਨਾਸ਼ਾਹੀ ਫ਼ੌਜੀ ਨੀਤੀਆਂ ਤੋਂ ਅਵਾਜ਼ਾਰ ਸਨ। ਉਹ ਬੰਗਲਾ ਭਾਸ਼ੀ ਪੂਰਬੀ ਪਾਕਿਸਤਾਨੀਆਂ ਦਾ ਪਾਕਿਸਤਾਨੀ ਹੁਕਮਰਾਨਾਂ ਤੋਂ ਆਜ਼ਾਦੀ ਲਈ ਮਤਦਾਨ ਸੀ, ਇਹ ਸ਼ੇਖ ਹਸੀਨਾ ਵਾਜਿਦ ਅਤੇ ਅਵਾਮੀ ਲੀਗ ਵੱਲੋਂ ਸੱਤਾ ਕਾਇਮੀ ਲਈ ਗ਼ੈਰ-ਲੋਕਤੰਤਰੀ ਅਤੇ ਅਮਾਨਵੀ ਖੇਲ ਭਰਿਆ ਮਤਦਾਨ ਸੀ। ਬੰਗਲਾਦੇਸ਼ ਅੰਦਰ ਲੰਬਾ ਸਮਾਂ ਫ਼ੌਜੀ ਹਿੰਸਾ, ਦਖ਼ਲ ਅਤੇ ਰਾਜਨੀਤਕ ਖਿੱਚੋਤਾਣ ਭਰਿਆ ਮਾਹੌਲ ਰਿਹਾ ਹੈ। ਮਿਲਟਰੀ ਰਾਜ ਨੇ ਲੋਕਤੰਤਰ ਨੂੰ ਵੱਡਾ ਨੁਕਸਾਨ ਪਹੁੰਚਾਇਆ। ਦੇਸ਼ ਆਜ਼ਾਦੀ ਲਈ ਲੜਨ ਵਾਲੇ ਜੀਉਰ ਰਹਿਮਾਨ ਦਾ ਵੀ ਸੰਨ 1981 ਵਿਚ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਬੀਐੱਨਪੀ ਦਾ ਪ੍ਰਧਾਨ ਮੰਤਰੀ ਸੀ। ਬੇਗਮ ਖਾਲਿਦਾ ਜ਼ਿਆ ਉਸੇ ਦੀ ਪਤਨੀ ਹੈ। ਵਿਸ਼ਵ ਦੇ ਸੱਤਵੇਂ ਸੰਘਣੀ ਆਬਾਦੀ ਵਾਲੇ ਬੰਗਲਾਦੇਸ਼ ਦੀ ਆਬਾਦੀ 164.7 ਮਿਲੀਅਨ ਹੈ। ਉਸ ਕੋਲ 143998 ਵਰਗ ਕਿਲੋਮੀਟਰ ਇਲਾਕਾ ਹੈ। ਮੁੱਖ ਆਬਾਦੀ ਮੁਸਲਿਮ ਹੈ ਜਦਕਿ ਹਿੰਦੂ ਵੀ ਵਸਦੇ ਹਨ। ਇਸ ਦੀ ਸਾਖਰਤਾ 72.89 ਫ਼ੀਸਦੀ ਹੈ। ਪ੍ਰਤੀ ਜੀਅ ਆਮਦਨ 1516.51 ਡਾਲਰ ਸਾਲਾਨਾ ਹੈ। ਮਾਨਵ ਵਿਕਾਸ ਦਰ ਵਿਚ ਵਿਸ਼ਵ ਬਰਾਦਰੀ ਵਿਚ ਇਸ ਦਾ 136ਵਾਂ ਸਥਾਨ ਹੈ। ਇਸ ਸਮੇਂ ਇਸ ਦੀ ਜੀਡੀਪੀ 249 ਬਿਲੀਅਨ ਡਾਲਰ ਹੈ। ਇਸ ਦੇਸ਼ ਦੀ ਵਿਕਾਸ ਦਰ 7.3 ਫ਼ੀਸਦੀ ਹੈ। ਇਸ ਦੇ ਗੁਆਂਢੀ ਭਾਰਤ ਅਤੇ ਚੀਨ ਵਰਗੇ ਰਾਸ਼ਟਰਾਂ ਨਾਲ ਨਿੱਘੇ ਸਬੰਧ ਹਨ। ਜੇਕਰ ਇਸ ਦੀ ਲੋਕਤੰਤਰੀ ਵਿਵਸਥਾ ਵਧੀਆ ਚੱਲੇ ਤਾਂ ਇਹ ਬੁਹਤ ਤਰੱਕੀ ਕਰ ਸਕਦਾ ਹੈ। ਬੰਗਲਾਦੇਸ਼ ਦਾ ਗਾਰਮੈਂਟ ਉਦਯੋਗ ਵਧੀਆ ਚੱਲੇ ਤਾਂ ਇਹ ਬਹੁਤ ਤਰੱਕੀ ਕਰ ਸਕਦਾ ਹੈ। ਇਸ ਦਾ ਗਾਰਮੈਂਟ ਉਦਯੋਗ ਵਿਸ਼ਵ ਭਰ ਵਿਚ ਛਾਇਆ ਹੋਇਆ ਹੈ। ਇਸ ਦੇਸ਼ ਵਿਚ ਆਜ਼ਾਦਾਨਾ ਅਤੇ ਮੁਨਸਫਾਨਾ ਚੋਣਾਂ ਸਿਰਫ਼ 4 ਵਾਰ ਸੰਨ 1991 ਤੋਂ 2008 ਦਰਮਿਆਨ ਹੋਈਆਂ। ਉਦੋਂ ਦੇਸ਼ ਅੰਦਰ ਨਿਰਪੱਖ ਚੋਣਾਂ ਦਾ ਇਕ ਵਿਧਾਨ ਲਾਗੂ ਕੀਤਾ ਗਿਆ ਸੀ। ਸੰਵਿਧਾਨਿਕ ਤੌਰ 'ਤੇ ਚੋਣਾਂ ਤੋਂ 90 ਦਿਨ ਪਹਿਲਾਂ ਇਕ ਕੇਅਰਟੇਕਰ ਸਰਕਾਰ ਨਿਯੁਕਤ ਕਰ ਦਿੱਤੀ ਜਾਂਦੀ ਸੀ ਜਿਸ ਦੀ ਦੇਖ-ਰੇਖ ਹੇਠ ਚੋਣ ਕਮਿਸ਼ਨ ਚੋਣਾਂ ਕਰਾਉਂਦਾ ਸੀ। ਉਦੋਂ ਸਭ ਚੋਣਾਂ ਅਮਨ-ਅਮਾਨ ਅਤੇ ਨਿਰਪੱਖ ਤੌਰ 'ਤੇ ਹੋਣੀਆਂ ਸ਼ੁਰੂ ਹੋਈਆਂ ਪਰ ਸੰਨ 2011 ਵਿਚ ਸ਼ੇਖ ਹਸੀਨਾ ਵਾਜਿਦ ਸਰਕਾਰ ਨੇ ਇਹ ਕਾਨੂੰਨ ਬਦਲ ਦਿੱਤਾ ਤਾਂ ਕਿ ਉਸ ਦੀ ਅਜ਼ਾਰੇਦਾਰੀ ਕਾਇਮ ਹੋ ਸਕੇ। ਹੈਰਾਨੀ ਦੀ ਗੱਲ ਹੈ ਕਿ ਉਸ ਸਿਸਟਮ ਵਿਚ ਜੇਤੂ ਪਾਰਟੀ ਜਾਂ ਗੱਠਜੋੜ 48 ਫ਼ੀਸਦੀ ਤੋਂ ਵੱਧ ਨਹੀਂ ਸਨ ਹਾਸਲ ਕਰਦੇ ਜਦਕਿ ਹੁਣ 90 ਫ਼ੀਸਦੀ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਵਿਰੋਧੀ ਧਿਰ ਇਨ੍ਹਾਂ ਚੋਣਾਂ ਨੂੰ ਨੰਗੀ-ਚਿੱਟੀ ਹੇਰਾਫੇਰੀ ਕਰਾਰ ਦੇ ਰਹੀ ਹੈ। ਵਿਰੋਧੀ ਧਿਰ ਨੂੰ ਪਿਛਲੇ 10 ਸਾਲਾਂ ਤੋਂ ਖ਼ਤਮ ਕਰਨ ਦੇ ਯਤਨ ਜਾਰੀ ਹਨ। ਬੀਐੱਨਪੀ ਆਗੂ ਖਾਲਿਦਾ ਜ਼ਿਆ ਸਮੇਤ ਵਿਰੋਧੀ ਧਿਰ ਦੇ ਆਗੂ ਜੇਲ੍ਹ ਵਿਚ ਬੰਦ ਕੀਤੇ ਗਏ ਹਨ। ਪਿਛਲੇ 6 ਸਾਲਾਂ ਤੋਂ ਗ਼ੈਰ-ਨਿਆਂਇਕ ਕਤਲ ਜਾਰੀ ਹਨ। ਵਿਰੋਧੀ ਧਿਰ ਆਪਣੇ ਆਗੂਆਂ ਬਿਨਾਂ ਇਕਜੁੱਟ ਨਹੀਂ ਹੋ ਸਕਦੀ। ਉਸ ਦੇ ਪੋਸਟਰ ਗਲੀਆਂ-ਬਜ਼ਾਰਾਂ ਵਿਚ ਪਾੜ ਦਿੱਤੇ ਗਏ, ਵਲੰਟੀਅਰ ਗ੍ਰਿਫ਼ਤਾਰ ਕਰ ਲਏ ਗਏ। ਪੋਲਿੰਗ ਏਜੰਟ ਨਹੀਂ ਲੱਗਣ ਦਿੱਤੇ ਗਏ ਅਤੇ ਵਿਰੋਧੀਆਂ ਨੂੰ ਵੋਟ ਪਾਉਣੋਂ ਰੋਕਿਆ ਗਿਆ। ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਦਾ ਕਹਿਣਾ ਹੈ ਕਿ ਚੋਣਾਂ ਬਿਲਕੁਲ ਆਜ਼ਾਦ ਅਤੇ ਨਿਰਪੱਖ ਹੋਈਆਂ ਹਨ। ਉਹ ਕੁਝ ਵੀ ਲੁਕਾ ਨਹੀਂ ਰਹੀ। ਮੈਂ ਜੋ ਵੀ ਕੀਤਾ, ਦੇਸ਼ ਹਿੱਤ ਲਈ ਕੀਤਾ। ਮੇਰੀ ਆਤਮਾ ਸਾਫ਼ ਹੈ ਪਰ ਮੀਡੀਆ ਅਤੇ ਪੱਛਮੀ ਦੇਸ਼ ਇਹ ਮੰਨਣ ਨੂੰ ਤਿਆਰ ਨਹੀਂ। ਜੇ ਚੋਣਾਂ ਸਹੀ ਢੰਗ ਨਾਲ ਹੋ ਰਹੀਆਂ ਸਨ ਫਿਰ ਪੱਤਰਕਾਰਾਂ ਨੂੰ ਜੇਲ੍ਹ ਕਿਉਂ ਭੇਜਿਆ ਗਿਆ?

ਵਿਰੋਧੀ ਧਿਰ ਇਨ੍ਹਾਂ ਧਾਂਦਲੀ ਭਰੀਆਂ ਗ਼ੈਰ-ਲੋਕਤੰਤਰੀ ਚੋਣਾਂ ਨੂੰ ਰੱਦ ਕਰਾਉਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ, ਵਿਰੋਧ ਜਾਰੀ ਰੱਖੇਗੀ। ਬੰਗਲਾਦੇਸ਼ ਸਰਕਾਰ ਨੂੰ ਐਸੇ ਰਾਜਨੀਤਕ ਟਕਰਾਅ ਭਰੇ ਹਾਲਾਤ ਵਿਚ ਕੁਝ ਵੱਡੀਆਂ ਚੁਣੌਤੀਆਂ ਦਰਪੇਸ਼ ਹਨ। ਜੇਕਰ ਉਨ੍ਹਾਂ ਦਾ ਹੱਲ ਸ਼ਾਂਤੀਪੂਰਵਕ ਨਹੀਂ ਹੁੰਦਾ ਤਾਂ ਹਾਲਾਤ ਵਿਗੜ ਸਕਦੇ ਹਨ ਜਿਸ ਕਾਰਨ ਭਾਰਤ ਵਿਚ ਬੰਗਲਾਦੇਸ਼ੀਆਂ ਦੀ ਹਿਜਰਤ ਵਧ ਸਕਦੀ ਹੈ। ਦੋਹਾਂ ਦੇਸ਼ਾਂ ਵਿਚ ਸਮਝੌਤੇ ਦੇ ਬਾਵਜੂਦ ਉਨ੍ਹਾਂ ਨੂੰ ਵਾਪਸ ਭੇਜਣਾ ਬੜਾ ਟੇਢੀ ਖੀਰ ਹੈ। ਮੁਸਲਿਮ ਮੂਲਵਾਦੀ ਗਰੁੱਪ ਤੇਜ਼ੀ ਨਾਲ ਉੱਭਰ ਰਹੇ ਹਨ। ਭਾਰਤ ਨਾਲ ਤੀਸਤਾ ਪਾਣੀ ਸੰਧੀ ਅਜੇ ਅਧੂਰੀ ਹੈ। ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਪ੍ਰਸ਼ਾਸਕੀ ਨਾ-ਅਹਿਲੀਅਤ ਵੱਡੀਆਂ ਸਮੱਸਿਆਵਾਂ ਕਾਇਮ ਹਨ। ਗਲਬਾ ਕਾਇਮ ਰੱਖਣਾ ਸ਼ੇਖ ਹਸੀਨਾ ਵਾਜਿਦ ਦੀ ਨੀਤੀ ਦਾ ਹਿੱਸਾ ਹੈ। ਤਾਂਹੀਓਂ ਤਾਂ ਹੇਠਲੀ ਤੋਂ ਉਪਰਲੀ ਅਦਾਲਤ ਤਕ ਸੱਤਾਧਾਰੀ ਪਾਰਟੀ ਵੱਲੋਂ ਨਿਯੁਕਤੀਆਂ, ਪੁਲਿਸ ਅੰਦਰ ਪਾਰਟੀ ਲਾਈਨ ਅਨੁਸਾਰ ਭਰਤੀ, 30 ਫ਼ੀਸਦੀ ਨੌਕਰੀਆਂ ਆਜ਼ਾਦੀ ਸੰਗਰਾਮੀਆਂ (ਅਵਾਮੀ ਲੀਗ ਮੈਂਬਰ) ਲਈ ਰਾਖਵੀਆਂ, ਇਰਾਕ, ਸੀਰੀਆ, ਲੀਬੀਆ ਵਾਂਗ ਇਕ ਪਾਰਟੀ, ਇਕ ਆਗੂ ਅਤੇ ਉਸ ਦੇ ਪਰਿਵਾਰ ਦਾ ਏਕਾਧਿਕਾਰ ਬੰਗਲਾਦੇਸ਼ ਦੇ ਲੋਕਤੰਤਰ, ਉਸ ਦੇ ਵਿਕਾਸ ਅਤੇ ਸ਼ਾਂਤੀ ਪ੍ਰਕਿਰਿਆ ਲਈ ਘਾਤਕ ਸਿੱਧ ਹੋਵੇਗਾ। ਇਨ੍ਹਾਂ ਹਾਲਤਾਂ ਵਿਚ ਸੰਨ 2041 ਤਕ ਬੰਗਲਾਦੇਸ਼ ਨੂੰ ਵਿਸ਼ਵ ਦੇ ਵਿਕਸਤ ਦੇਸ਼ਾਂ ਦੀ ਕਤਾਰ ਵਿਚ ਖੜ੍ਹਾ ਕਰਨਾ ਅਤੇ ਗੁਰਬਤ ਦਾ ਮੁਕੰਮਲ ਖ਼ਾਤਮਾ ਸੰਭਵ ਨਹੀਂ ਲੱਗਦਾ ਜੋ ਵਾਅਦਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਦੀ ਸਰਕਾਰ ਨੇ ਲੋਕਾਂ ਨਾਲ ਕੀਤਾ ਹੈ।

ਦਰਬਾਰਾ ਸਿੰਘ ਕਾਹਲੋਂ

94170-94034

Posted By: Sarabjeet Kaur