ਚੋਣ ਕਮਿਸ਼ਨ ਦੇ ਐਲਾਨ ਅਨੁਸਾਰ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ 14 ਫਰਵਰੀ 2022 ਨੂੰ ਵੋਟਾਂ ਪੈਣਗੀਆਂ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੁਸਾਰ ਸੂਬੇ ਵਿਚ ਕੁੱਲ 2 ਕਰੋੜ 12 ਲੱਖ 75 ਹਜ਼ਾਰ 66 ਦੇ ਲਗਪਗ ਵੋਟਰ ਹਨ। ਉਨ੍ਹਾਂ ਵਿਚ 1 ਕਰੋੜ 11 ਲੱਖ 87 ਹਜ਼ਾਰ 857 ਪੁਰਸ਼ ਅਤੇ 1 ਕਰੋੜ 86 ਹਜ਼ਾਰ 514 ਮਹਿਲਾ ਵੋਟਰ ਹਨ।

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਥੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਬਹੁਜਨ ਸਮਾਜ ਪਾਰਟੀ ਹਿੱਸਾ ਲੈ ਰਹੀਆਂ ਹਨ ਉੱਥੇ ਸੂਬੇ ਦੇ ਰਾਜਨੀਤਕ ਇਤਿਹਾਸ ਵਿਚ ਪਹਿਲੀ ਵਾਰ ਕਈ ਕਿਸਾਨ ਜੱਥੇਬੰਦੀਆਂ ’ਤੇ ਆਧਾਰਤ ਸੰਯੁਕਤ ਸਮਾਜ ਮੋਰਚੇ ਨੇ ਵੀ ਚੋਣਾਂ ਵਿਚ ਹਿੱਸਾ ਲੈਣ ਦਾ ਐਲਾਨ ਕਰ ਦਿੱਤਾ ਹੈ। ਭਾਰਤ ਦੇ ਸੰਵਿਧਾਨ ’ਚ ਸਾਨੂੰ ਵੋਟ ਪਾਉਣ ਦਾ ਹੱਕ ਮਿਲਿਆ ਹੋਇਆ ਹੈ। ਸਾਨੂੰ ਵੋਟ ਦੀ ਅਹਿਮੀਅਤ ਸਮਝਣੀ ਚਾਹੀਦੀ ਹੈ।

ਵੋਟਾਂ ਮੰਗਣ ਲਈ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਉਣਗੇ, ਲਾਰੇ ਲਾਉਣਗੇ ਅਤੇ ਝੂਠੇ ਵਾਅਦੇ ਵੀ ਕਰਨਗੇ। ਸਾਨੂੰ ਵੋਟਰਾਂ ਨੂੰ ਇਨ੍ਹਾਂ ਸਾਰਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਜੇਕਰ ਅਸੀਂ ਪਹਿਲਾਂ ਵਾਂਗ ਝੂਠੇ ਲਾਰਿਆਂ ਅਤੇ ਵਾਅਦਿਆਂ ਦੀ ਘੁੰਮਣਘੇਰੀ ਵਿਚ ਫਸ ਗਏ ਤਾਂ ਸਾਨੂੰ ਪਹਿਲਾਂ ਵਾਂਗ ਹੀ ਸੰਤਾਪ ਭੋਗਣਾ ਪਵੇਗਾ। ਚੋਣ ਕਮਿਸ਼ਨ ਨੇ ਵੋਟਾਂ ਦਾ ਐਲਾਨ ਕਰ ਕੇ ਗੇਂਦ ਹੁਣ ਵੋਟਰਾਂ ਦੇ ਪਾਲੇ ਵਿਚ ਸੁੱਟ ਦਿੱਤੀ ਹੈ।

ਫ਼ੈਸਲਾ ਹੁਣ ਵੋਟਰਾਂ ਨੇ ਕਰਨਾ ਹੈ ਕਿ ਕਿਹੋ ਜਿਹੇ ਨੁਮਾਇੰਦੇ ਚੁਣਨੇ ਹਨ। ਤਕਰੀਬਨ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਵੋਟਰਾਂ ਨੂੰ ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਇਲਾਵਾ ਪੈਸੇ-ਧੇਲੇ ਅਤੇ ਕਈ ਤਰ੍ਹਾਂ ਦੇ ਤੋਹਫ਼ਿਆਂ ਆਦਿ ਦੇ ਲਾਲਚ ਦੇ ਕੇ ਸਾਡੀਆਂ ਜ਼ਮੀਰਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰਨਗੇ। ਸਾਨੂੰ ਵੋਟਰਾਂ ਨੂੰ ਚਾਹੀਦਾ ਹੈ ਕਿ ਆਪਾਂ ਕੁਝ ਦਿਨਾਂ ਦੇ ਸੁੱਖ-ਆਰਾਮ ਲਈ ਲਾਲਚ ਵਿਚ ਆ ਕੇ ਆਪਣੇ ਆਉਣ ਵਾਲੇ ਭਵਿੱਖ ਨੂੰ ਤਬਾਹ ਨਾ ਕਰੀਏ। ਸਾਨੂੰ ਹੁਣ ਇਹ ਗੱਲ ਡੂੰਘਾਈ ਨਾਲ ਸੋਚਣ ਦੀ ਲੋੜ ਹੈ ਕਿ ਅਸੀਂ ਕਿਹੋ-ਜਿਹੇ ਉਮੀਦਵਾਰ ਚੁਣੀਏ?

ਅਪਰਾਧਕ ਪਿਛੋਕੜ ਵਾਲੇ ਅਤੇ ਘੁਟਾਲਿਆਂ ਦੇ ਜ਼ਿੰਮੇਵਾਰ ਤੇ ਦਲ-ਬਦਲੂਆਂ ਨੂੰ ਮੂੰਹ ਨਾ ਲਾਈਏ। ਇਮਾਨਦਾਰ, ਸਾਫ਼-ਸੁਥਰੇ ਅਕਸ ਵਾਲੇ ਪੜ੍ਹੇ-ਲਿਖੇ ਨੌਜਵਾਨ ਉਮੀਦਵਾਰ ਚੁਣ ਕੇ ਵਿਧਾਨ ਸਭਾ ਵਿਚ ਭੇਜੀਏ ਤਾਂ ਜੋ ਆਪਾਂ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਸ਼ਾਬੰਦੀ, ਰੇਤ ਮਾਫ਼ੀਆ ਅਤੇ ਹੋਰ ਲੋਕ ਵਿਰੋਧੀ ਮਸਲਿਆਂ ਤੋਂ ਛੁਟਕਾਰਾ ਪਾ ਸਕੀਏ। ਜੇਕਰ ਵੋਟਰ ਇਸ ਵਾਰ ਵੀ ਉਮੀਦਵਾਰਾਂ ਨੂੰ ਸਹੀ ਤਰ੍ਹਾਂ ਘੋਖਣ ਵਿਚ ਅਸਫਲ ਰਹੇ ਤਾਂ ਸੂਬੇ ਦਾ ਅਗਲੇ ਪੰਜ ਸਾਲਾਂ ਲਈ ਭਲਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਉਸ ਸੂਰਤ ਵਿਚ ਸੂਬੇ ਦੀ ਬਦਹਾਲੀ ਲਈ ਨੇਤਾ ਨਹੀਂ, ਸਗੋਂ ਜਨਤਾ ਜ਼ਿੰਮੇਵਾਰ ਹੋਵੇਗੀ ਕਿਉਂਕਿ ਉਸ ਨੇ ਸਹੀ ਉਮੀਦਵਾਰ ਚੁਣਨ ਦਾ ਆਪਣਾ ਫ਼ਰਜ਼ ਨਹੀਂ ਨਿਭਾਇਆ ਹੋਵੇਗਾ।

-ਜਤਿੰਦਰ ਸਿੰਘ ਪਮਾਲ

(ਸਾਬਕਾ ਡੀਪੀਆਰਓ)।

(98156-73477)

Posted By: Jagjit Singh