ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਚੋਣ ਨਤੀਜਿਆਂ ਨੇ ਇਕ ਵਾਰ ਫਿਰ ਭਾਰਤੀ ਲੋਕਤੰਤਰ ਦੀ ਤਾਕਤ ਵਿਖਾਈ ਹੈ। ਭਾਰਤੀ ਲੋਕਤੰਤਰ ਦੀ ਇਹ ਵਿਲੱਖਣ ਪਛਾਣ ਹੈ ਕਿ ਉਸ ਤਹਿਤ ਲੋਕ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਅਲੱਗ-ਅਲੱਗ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੀਆਂ ਸਰਕਾਰਾਂ ਲੋਕਲ ਪਸੰਦਾਂ ਤੇ ਮੰਗਾਂ ਦੇ ਆਧਾਰ ’ਤੇ ਆਪਣੇ ਨੁਮਾਇੰਦਿਆਂ ਨੂੰ ਚੁਣ ਕੇ ਬਣਾਉਂਦੇ ਹਨ। ਇਹੀ ਵਜ੍ਹਾ ਹੈ ਕਿ ਭਾਰਤ ਵਿਚ ਵੱਖ-ਵੱਖ ਰਾਜਾਂ ਵਿਚ ਅਲੱਗ-ਅਲੱਗ ਪਾਰਟੀਆਂ ਦੀਆਂ ਸਰਕਾਰਾਂ ਹਨ ਜੋ ਆਪੋ-ਆਪਣੇ ਰਾਜਨੀਤਕ ਏਜੰਡੇ ’ਤੇ ਚੱਲਦੀਆਂ ਹੋਈਆਂ ਪ੍ਰਸ਼ਾਸਨ ਚਲਾ ਰਹੀਆਂ ਹਨ।

ਪਰ ਅੱਜ ਦੇ ਚੋਣ ਨਤੀਜਿਆਂ ਨੇ ਗੁਜਰਾਤ ਤੇ ਹਿਮਾਚਲ ਦੀ ਜੋ ਤਸਵੀਰ ਦਿਖਾਈ ਹੈ, ਉਹ ਹੈਰਾਨ ਕਰਨ ਵਾਲੀ ਹੈ। ਗੁਜਰਾਤ ਜਿੱਥੇ ਭਾਜਪਾ ਬੀਤੇ 27 ਵਰਿ੍ਹਆਂ ਤੋਂ ਰਾਜ ਕਰ ਰਹੀ ਹੈ, ਉਸ ਲਈ ਇਸ ਵਾਰ ਬੇਹੱਦ ਤਿੱਖਾ ਮੁਕਾਬਲਾ ਸੀ ਤੇ ਸੱਤਾ ਵਿਰੋਧੀ ਮਾਹੌਲ ਸੀ। ਭਾਜਪਾ ਨੇ ਆਪਣਾ ਸਾਰਾ ਜ਼ੋਰ ਲਾ ਕੇ ਉਹ ਅੰਕੜਾ ਪ੍ਰਾਪਤ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਜੋ ਸਿਰਫ਼ ਹੋਰਾਂ ਲਈ ਹੀ ਹੈਰਾਨੀਜਨਕ ਨਹੀਂ ਸਗੋਂ ਉਸ ਲਈ ਵੀ ਹੈਰਾਨੀ ਵਾਲਾ ਹੈ। ਗੁਜਰਾਤ ਵਿਚ ਆਮ ਆਦਮੀ ਪਾਰਟੀ ਦੀ ਐਂਟਰੀ ਕਰਵਾਉਂਦਿਆਂ ਕੇਜਰੀਵਾਲ ਨੇ ਸਾਰੀ ਤਾਕਤ ਲਗਾ ਦਿੱਤੀ ਪਰ ਉਹ ਉਸ ਤਰ੍ਹਾਂ ਦੇ ਨਤੀਜੇ ਹਾਸਲ ਨਹੀਂ ਕਰ ਸਕੇ ਜਿਨ੍ਹਾਂ ਦੀ ਉਨ੍ਹਾਂ ਨੂੰ ਉਮੀਦ ਸੀ। ਇਸ ਦਾ ਸਿੱਧਾ ਨੁਕਸਾਨ ਕਾਂਗਰਸ ਨੂੰ ਹੋਇਆ ਹੈ ਜਿਸ ਦਾ ਵੋਟ ਫ਼ੀਸਦ ਘਟਿਆ ਹੈ। ਓਧਰ ਕਤਿਆਨਾ ਵਰਗੀ ਲੇਡੀ ਡਾਨ ਦੀ ਸੀਟ ਇਸ ਵਾਰ ਉਸ ਦੇ ਪੁੱਤਰ ਕਾਂਝਲ ਜਡੇਜਾ ਨੇ ਸਪਾ ਅਰਥਾਤ ਸਮਾਜਵਾਦੀ ਪਾਰਟੀ ਦੀ ਟਿਕਟ ’ਤੇ ਜਿੱਤ ਕੇ ਸਭ ਨੂੰ ਹੈਰਾਨ ਕੀਤਾ ਹੈ। ਗੁਜਰਾਤ ਵਿਚ ਭਾਜਪਾ ਨੇ 156 ਸੀਟਾਂ ਲੈ ਕੇ ਇਕ ਨਵਾਂ ਇਤਿਹਾਸ ਰਚਿਆ ਹੈ। ਜ਼ਿਕਰਯੋਗ ਹੈ ਕਿ 149 ਸੀਟਾਂ ਦਾ ਮਾਧਵ ਸਿੰਘ ਸੋਲੰਕੀ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਵੇਲੇ ਦਾ ਰਿਕਾਰਡ ਉਸ ਨੇ ਇਸ ਵਾਰ ਤੋੜ ਦਿੱਤਾ ਹੈ। ਗੁਜਰਾਤ ਦੀਆਂ 182 ਸੀਟਾਂ ’ਚੋਂ 156 ਸੀਟਾਂ ਪ੍ਰਾਪਤ ਕਰਨਾ ਭਾਜਪਾ ਦੀ ਵੱਡੀ ਜਿੱਤ ਹੈ।

ਗੁਜਰਾਤ ਜੋ ਆਰਥਿਕ ਤੌਰ ’ਤੇ ਬੇਹੱਦ ਸੰਪੰਨ ਰਾਜ ਹੈ, ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਤਕ ਕੇਂਦਰ ਵਿਚ ਮੋਦੀ ਤੇ ਅਮਿਤ ਸ਼ਾਹ ਹਨ, ਓਨਾ ਚਿਰ ਗੁਜਰਾਤ ਵਿਚ ਕਮਲ ਖਿੜਿਆ ਰਹੇਗਾ। ਕਾਂਗਰਸ ਸਿਰਫ਼ 16 ਸੀਟਾਂ ’ਤੇ ਸੀਮਤ ਹੋ ਗਈ ਹੈ ਹਾਲਾਂਕਿ ‘ਆਪ’ ਦੀ ਐਂਟਰੀ ਇਸ ਲਈ ਮਹੱਤਵਪੂਰਨ ਹੈ ਕਿ ਹੁਣ ਗੁਜਰਾਤ ਦੇ ਲੋਕਾਂ ਨੂੰ ‘ਆਪ’ ਨਾਂ ਦੀ ਪਾਰਟੀ ਦਾ ਪਤਾ ਲੱਗ ਗਿਆ ਹੈ ਪਰ ਓਥੇ ਜਿਵੇਂ ਪੰਜਾਬ ਵਰਗੇ ਰਾਜ ਦੀ ਸਾਰੀ ਤਾਕਤ ਤੇ ਪੈਸਾ ਲਗਾਇਆ ਗਿਆ ਸੀ, ਉਹ ਵੀ ਪ੍ਰਸ਼ਨ ਖੜ੍ਹੇ ਕਰਦਾ ਹੈ। ਹਿਮਾਚਲ ਵਿਚ ਕਿਹਾ ਜਾਂਦਾ ਹੈ ਕਿ ਹਰ ਪੰਜ ਵਰਿ੍ਹਆਂ ਬਾਅਦ ਸਰਕਾਰ ਬਦਲ ਜਾਂਦੀ ਹੈ।

ਇਸ ਵਾਰ ਇਹ ਰਿਵਾਜ ਬਦਲਣ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਭਾਰਤੀ ਜਨਤਾ ਪਾਰਟੀ ਸਿਰਫ਼ 25 ਸੀਟਾਂ ਹੀ ਜਿੱਤ ਸਕੀ ਜਦਕਿ ਕਾਂਗਰਸ 40 ਸੀਟਾਂ ਜਿੱਤ ਗਈ ਤੇ 3 ਸੀਟਾਂ ਆਜ਼ਾਦ ਉਮੀਦਵਾਰਾਂ ਦੇ ਹਿੱਸੇ ਆਈਆਂ ਹਨ। ਹਿਮਾਚਲ ਪ੍ਰਦੇਸ਼ ਵਿਚ ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਜੋ ਉਸ ਲਈ ਵੱਡਾ ਝਟਕਾ ਹੈ। ਸਿਰਫ਼ ਦਿੱਲੀ ਐੱਮਸੀਡੀ ਵਿਚ ਕੇਜਰੀਵਾਲ ਦੀ ਪਾਰਟੀ ਨੇ ਭਾਜਪਾ ਦੇ 15 ਵਰਿ੍ਹਆਂ ਤੋਂ ਚੱਲ ਰਹੇ ਸ਼ਾਸਨ ਦਾ ਖ਼ਾਤਮਾ ਕਰ ਦਿੱਤਾ ਹੈ। ਓਧਰ ਯੂਪੀ ਵਿਚ ਹੋਈਆਂ ਉਪ ਚੋਣਾਂ ਵਿਚ ਸਪਾ ਤੇ ਭਾਰਤੀ ਲੋਕ ਦਲ ਦੇ ਨਾਲ-ਨਾਲ ਰਾਮਪੁਰ ਵਰਗੀ ਸੀਟ ਭਾਜਪਾ ਆਪਣੇ ਖਾਤੇ ਵਿਚ ਪਾਉਣ ਵਿਚ ਕਾਮਯਾਬ ਹੋਈ ਹੈ। ਹੁਣ ਦੇ ਰਾਜਨੀਤਕ ਰੁਝਾਨਾਂ ਦੀ ਗੱਲ ਕੀਤੀ ਜਾਵੇ ਤਾਂ ਇਕ ਗੱਲ ਸਾਫ਼ ਹੈ ਕਿ ਹੁਣ ਲੋਕ ਆਪੋ-ਆਪਣੀਆਂ ਤਰਜੀਹਾਂ ਨੂੰ ਲੈ ਕੇ ਸਥਾਨਕ ਜ਼ਰੂਰਤਾਂ ਨਾਲ ਸਿਆਸੀ ਪਾਰਟੀਆਂ ਦੇ ਏਜੰਡੇ ਵਿਚ ਸ਼ਾਮਲ ਹੁੰਦੇ ਹਨ। ਹੁਣ ਕੋਈ ਵਿਚਾਰਧਾਰਕ ਲੜਾਈ ਨਹੀਂ ਰਹੀ ਹੈ। ਮਿਸਾਲ ਵਜੋਂ ਜੇ ਭਾਜਪਾ ਆਰਐੱਸਐੱਸ ਦੇ ਏਜੰਡੇ ’ਤੇ ਚੱਲ ਰਹੀ ਹੈ ਤਾਂ ਕਾਂਗਰਸ ਆਪਣੇ-ਆਪ ਨੂੰ ਸੈਕੂਲਰ ਧਾਰਾ ਦੀ ਪੁਰਾਣੀ ਪਾਰਟੀ ਦੱਸਦੀ ਹੈ ਤੇ ‘ਆਪ’ ਉਹ ਪਾਰਟੀ ਹੈ ਜਿਸ ਦੀ ਕੋਈ ਵਿਚਾਰਧਾਰਾ ਹੀ ਨਹੀਂ ਹੈ। ਅਸਲ ਵਿਚ ਬਹੁਤ ਸਾਰੀਆਂ ਥਾਵਾਂ ’ਤੇ ਰਾਜਨੀਤਕ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਇਸ ਲਈ ਨੋਟਾ ਦੀ ਵਰਤੋਂ ਦਾ ਰੁਝਾਨ ਵੀ ਹੈਰਾਨਕੁੰਨ ਹੈ। ਜਿਵੇਂ ਗੁਜਰਾਤ ਵਿਚ ਮੋਦੀ ਦਾ ਵਿਕਾਸ ਤੇ ਗੁਜਰਾਤੀ ਕਾਰਡ ਕੰਮ ਕਰ ਗਿਆ ਹੈ, ਉਸ ਦੇ ਨਾਲ-ਨਾਲ ਮੰਦਰ ਫੈਕਟਰ ਵੀ ਲੋਕਾਂ ਨੂੰ ਲੁਭਾ ਗਿਆ ਹੈ। ਪਰ ਹਿਮਾਚਲ ਵਿਚ ਕਾਂਗਰਸ ਨੇ ਉਸ ਰਿਵਾਜ ਨੂੰ ਬਦਲਣ ਨਹੀਂ ਦਿੱਤਾ ਹੈ ਜਿਸ ਤਹਿਤ ਹਰ ਪੰਜ ਵਰਿ੍ਹਆਂ ਬਾਅਦ ਸਰਕਾਰਾਂ ਤੇ ਪਾਰਟੀਆਂ ਦੀ ਅਦਲਾ-ਬਦਲੀ ਹੁੰਦੀ ਹੈ।

ਪ੍ਰਸ਼ਨ ਇਹ ਹੈ ਕਿ ਇਹ ਰੁਝਾਨ ਦੇਸ਼ ਵਿਚ ਰਾਜਨੀਤਕ ਪਾਰਟੀਆਂ ਦੀ ਨਵੀਂ ਪਛਾਣ ਲਈ ਕਿੰਨੇ ਕੁ ਮਦਦਗਾਰ ਹਨ। ਗੁਜਰਾਤ ਵਿਚ ਕਾਂਗਰਸ ਦੀ ਚੋਣ ਮੁਹਿੰਮ ਸਹਿਮੀ ਹੋਈ ਸੀ ਤੇ ਕਾਂਗਰਸੀ ਨੇਤਾ ਸਿਰਫ਼ ਨਰਿੰਦਰ ਮੋਦੀ ’ਤੇ ਨਿੱਜੀ ਹਮਲੇ ਕਰਦੇ ਰਹੇ। ਕਾਂਗਰਸ ਪ੍ਰਧਾਨ ਖੜਗੇ ਨੇ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਰਾਵਣ ਤਕ ਕਹਿ ਦਿੱਤਾ ਸੀ ਪਰ ਗੁਜਰਾਤ ਦੇ ਲੋਕਾਂ ਨੇ ਇਸ ਨੈਗੇਟਿਵ ਪਬਲੀਸਿਟੀ ਨੂੰ ਗੁਜਰਾਤੀ ਅਸਮਿਤਾ ’ਤੇ ਹਮਲਾ ਦੱਸਿਆ ਅਤੇ ਵੋਟ ਪ੍ਰਤੀਸ਼ਤ ਭਾਜਪਾ ਪੱਖੀ ਹੋ ਗਿਆ। ਹਿਮਾਚਲ ਵਿਚ ਸੱਤਾ ਦਾ ਵਿਰੋਧ ਕੁਝ ਇਲਾਕਿਆਂ ਵਿਚ ਸੀ ਪਰ ਮੁਕਾਬਲਾ ਤਕੜਾ ਸੀ। ਪਰ ‘ਆਪ’ ਦੇ ਸ਼ੋਰ-ਸ਼ਰਾਬੇ ਤੋਂ ਬਾਅਦ ਵੀ ਜੇ ਉਸ ਲਈ ਸਿਫ਼ਰ ਨਤੀਜਾ ਰਿਹਾ ਹੈ ਤਾਂ ਪਤਾ ਲੱਗਦਾ ਹੈ ਕਿ ਅਜੇ ਕੇਜਰੀਵਾਲ ਦੀ ਸਮਝ ਉਸ ਤਰ੍ਹਾਂ ਦੀ ਨਹੀਂ ਹੈ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਪੰਜਾਬ ’ਚ ‘ਆਪ’ ਦਾ ਸੱਤਾ ’ਚ ਆ ਜਾਣਾ ਇਕ ਦੂਜੀ ਘਟਨਾ ਸੀ। ਇੱਥੇ ਧਾਰਮਿਕ ਤੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਇਕ ਜ਼ਮੀਨੀ ਵਿਰੋਧ ਦੀ ਵੰਗਾਰ ਸੀ ਜਿਸ ਨੂੰ ‘ਆਪ’ ਨੇ ਲਪਕ ਲਿਆ ਅਤੇ ਸਰਕਾਰ ਬਣ ਗਈ ਸੀ। ਦੂਜੀ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਪੰਜਾਬ ਵਿਚ ਗੁਜਰਾਤੀਆਂ ਵਾਲਾ ਸਿਆਸੀ ਬਾਂਕਾਪਣ ਨਹੀਂ ਅਤੇ ਹਿਮਾਚਲ ਤਾਂ ਸ਼ੁਰੂ ਤੋਂ ਹੀ ਦੋ ਪਾਰਟੀ ਸਿਸਟਮ ’ਤੇ ਚੱਲਦਾ ਆ ਰਿਹਾ ਸੀ। ਇਸ ਵਾਰ ਰਿਵਾਜ ਬਦਲਣ ਦੀ ਚਰਚਾ ਤਾਂ ਹੋਈ ਪਰ ਕੁਝ ਹਲਕਿਆਂ ਵਿਚ ਕਾਂਗਰਸ ਦੀ ਪੈਂਠ ਹੋਣ ਕਾਰਨ ਇਸ ਵਾਰ ਜਿੱਤ ਨੂੰ ਚੁੰਮਿਆ। ਇਸ ਤੋਂ ਪਹਿਲਾਂ 1985 ਵਿਚ ਇਕ ਵਾਰ ਸਰਕਾਰ ਦੁਹਰਾਈ ਗਈ ਸੀ।

ਹਿਮਾਚਲ ਵਿਚ ਔਸਤਨ ਚੋਣ ਕਮਿਸ਼ਨ ਦੀ ਰਿਪੋਰਟ ਅਨੁਸਾਰ 75.6 ਪ੍ਰਤੀਸ਼ਤ ਵੋਟਿੰਗ ਹੋਈ ਹੈ। ਇਸ ਵਾਰ ਦੇਹਰਾ ਤੇ ਹਮੀਰਪੁਰ ਤੋਂ ਆਜ਼ਾਦ ਉਮੀਦਵਾਰ ਜਿੱਤੇ ਹਨ ਜੋ ਸਾਬਕਾ ਮੁੱਖ ਮੰਤਰੀ ਧੂਮਲ ਤੇ ਹੁਣ ਅਨੁਰਾਗ ਠਾਕੁਰ ਦੇ ਘਰ ਦੀ ਸੀਟ ਸੀ। ਇੱਥੇ ਇਹ ਦਿਲਚਸਪ ਹੈ ਕਿ ਗੁਜਰਾਤ ਵਰਗੀ ਸਟੇਟ ਵਿਚ ਆਮ ਆਦਮੀ ਪਾਰਟੀ ਦੀਆਂ ਕੁਝ ਸੀਟਾਂ ’ਤੇ 14.8% ਵੋਟ ਸ਼ੇਅਰ ਦੇ ਨਾਲ 2 ਪ੍ਰਤੀਸ਼ਤ ਜ਼ਿਆਦਾ ਵੋਟਾਂ ਲੈਣ ਕਾਰਨ ਦਿਲੀਪਡਾ ਸੀਟ ਤੋਂ ਕਾਂਗਰਸ ਜਿੱਤੀ ਹੈ। ਇੱਥੇ ਏਆਈਐੱਮਆਈਐੱਮ ਦਾ ਮੁਸਲਿਮ ਉਮੀਦਵਾਰ ਵੀ ਮੁਕਾਬਲੇ ਵਿਚ ਸੀ। ਗੁਜਰਾਤ ਵਿਚ ਕਾਂਗਰਸ ਦਾ ਨਵਾਂ ਦਲਿਤ ਚਿਹਰਾ ਬਡਗਾਮ ਸੀਟ ਤੋਂ ਜਿਗਨੇਸ਼ ਮੇਵਾਨੀ 3000 ਵੋਟਾਂ ਨਾਲ ਜਿੱਤ ਗਿਆ ਹੈ। ਕਾਂਗਰਸ ਨੂੰ ਹਾਲਾਂਕਿ ਸਿੱਧੇ ਰੂਪ ਵਿਚ 60 ਸੀਟਾਂ ਦਾ ਨੁਕਸਾਨ ਹੋਇਆ ਹੈ। ਇੰਜ ਗੁਜਰਾਤ ਵਿਚ 7ਵੀਂ ਵਾਰ ਰਿਕਾਰਡ ਜਿੱਤ ਨਾਲ ਭਾਜਪਾ ਵਾਪਸ ਸੱਤਾ ਵਿਚ ਆ ਗਈ ਹੈ। ‘ਆਪ’ ਦਾ ਮੁੱਖ ਮੰਤਰੀ ਚਿਹਰਾ ਵੀ ਹਾਰ ਗਿਆ ਹੈ। ਹਿਮਾਚਲ ਜੋ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦਾ ਆਪਣਾ ਸੂਬਾ ਹੈ ਤੇ ਅਨੁਰਾਗ ਠਾਕੁਰ ਦੀ ਆਪਣੀ ਵਿਰਾਸਤ ਰਿਹਾ ਹੈ, ਉਹ ਕਾਂਗਰਸ ਦੀ ਝੋਲੀ ਵਿਚ ਪੈ ਗਿਆ ਹੈ। ਖ਼ਾਸ ਤੌਰ ’ਤੇ ਹਮੀਰਪੁਰ ਲੋਕ ਸਭਾ ਹਲਕਾ ਜਿੱਥੋਂ ਅਨੁਰਾਗ ਠਾਕੁਰ ਖ਼ੁਦ ਸੰਸਦ ਮੈਂਬਰ ਹਨ, ਉੱਥੋਂ ਇਕ ਆਜ਼ਾਦ ਉਮੀਦਵਾਰ ਦਾ ਜਿੱਤ ਜਾਣਾ ਕੋਈ ਸ਼ੁਭ ਸ਼ਗਨ ਨਹੀਂ ਹੈ।

ਓਧਰ ਮੰਡੀ ਜੋ ਨੱਢਾ ਦਾ ਆਪਣਾ ਸ਼ਹਿਰ ਹੈ, ਉੱਥੋਂ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਦਾ ਜਿੱਤ ਜਾਣਾ ਆਪਣੇ-ਆਪ ਵਿਚ ਵੱਡੇ ਬਦਲਾਅ ਦੀ ਤਸਵੀਰ ਹੈ। ਪਰ ਅਜੇ ਵੀ ਇਹ ਖ਼ਦਸ਼ਾ ਵੇਖਿਆ ਜਾ ਰਿਹਾ ਹੈ ਕਿ ਭਾਜਪਾ ਆਪ੍ਰੇਸ਼ਨ ਲੋਟਸ ਕਾਰਨ ਕਿਤੇ ਕਾਂਗਰਸ ਤੋਂ ਸੱਤਾ ਨਾ ਖੋਹ ਲਵੇ। ਦੇਰ-ਸਵੇਰ ਇਹ ਚਿੰਤਾ ਕਾਂਗਰਸ ਦੇ ਖੇਮੇ ਵਿਚ ਦੇਖੀ ਜਾ ਰਹੀ ਹੈ। ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਵਰਗੇ ਸੂਬੇ ਇਸ ਦੀ ਮਿਸਾਲ ਹਨ।

ਭਾਰਤੀ ਰਾਜਨੀਤੀ ਦੇ ਨਵੇਂ ਰੁਝਾਨ ਇਹ ਦੱਸਦੇ ਹਨ ਕਿ ਹੁਣ ਭਾਰਤੀ ਰਾਜਨੀਤੀ ਤੇ ਲੋਕਤੰਤਰ ਪਰਪੱਕ ਹੋ ਚੁੱਕੇ ਹਨ ਤੇ ਵੋਟਰ ਨਵੀਆਂ ਸੰਭਾਵਨਾਵਾਂ ਤੇ ਇਕ ਨਵੀਂ ਰਾਜਨੀਤਕ ਚੇਤਨਾ ਨਾਲ ਆਪਣੀ ਵੋਟ ਤੇ ਆਪਣੇ ਹੱਕਾਂ ਲਈ ਵੇਖ ਰਹੇ ਹਨ। ਇਹ ਨਤੀਜੇ ਯੂਪੀ ਵਿਚ ਬਦਲ ਵਿਖਾਉਂਦੇ ਹਨ ਅਤੇ ਹਿਮਾਚਲ ਵਿਚ ਰਿਵਾਜ ਤੇ ਵਾਅਦਾ ਨਿਭਾਉਂਦੇ ਹਨ ਪਰ ਮੋਦੀ ਤੇ ਸ਼ਾਹ ਨੇ ਗੁਜਰਾਤ ਵਿਚ ਆਪਣੀਆਂ ਜੜ੍ਹਾਂ ਇਸ ਮਜ਼ਬੂਤੀ ਨਾਲ ਜਮਾਈਆਂ ਹੋਈਆਂ ਤੇ ਗੁਜਰਾਤ ਮਾਡਲ ਦਿੱਤਾ ਕਿ ਉਸ ਦਾ ਜਾਦੂ ਸਿਰ ਚੜ੍ਹ ਬੋਲਿਆ ਹੈ ਅਤੇ ਇਹ ਭਾਰਤੀ ਲੋਕਤੰਤਰ ਦੀ ਨਵੀਂ ਤਸਵੀਰ ਹੈ। ਗੁਜਰਾਤ ਤੇ ਹਿਮਾਚਲ ਦੇ ਰਾਜਨੀਤਕ ਰੁਝਾਨ ਸਾਰੀਆਂ ਪਾਰਟੀਆਂ ਖ਼ਾਸ ਕਰ ਕੇ ਭਾਜਪਾ, ਕਾਂਗਰਸ ਤੇ ‘ਆਪ’ ਲਈ ਨਵੀਆਂ ਸੰਭਾਵਨਾਵਾਂ ਦੇ ਨਾਲ-ਨਾਲ ਚੁਣੌਤੀਆਂ ਲੈ ਕੇ ਆਏ ਹਨ।

-ਡਾ. ਕ੍ਰਿਸ਼ਨ ਕੁਮਾਰ ਰੱਤੂ

-(ਲੇਖਕ ਦੂਰਦਰਸ਼ਨ ਦਾ ਉਪ ਮਹਾ-ਨਿਰਦੇਸ਼ਕ ਰਿਹਾ ਹੈ)।

-ਮੋਬਾਈਲ : 94787-30156

Posted By: Jagjit Singh