ਹਾਲ ਹੀ ਵਿਚ ਬੰਬਈ ਹਾਈ ਕੋਰਟ ਨੇ ਸਨਅਤਕਾਰ ਵਿਜੇਪਤ ਸਿੰਘਾਨੀਆ ਦੀ ਆਤਮਕਥਾ ਦੀ ਵਿਕਰੀ ਉੱਤੇ ਰੋਕ ਲਗਾ ਦਿੱਤੀ ਸੀ ਕਿਉਂਕਿ ਉਨ੍ਹਾਂ ਦੇ ਬੇਟੇ ਨੇ ਉਸ ਉੱਤੇ ਇਤਰਾਜ਼ ਪ੍ਰਗਟਾਇਆ ਸੀ। ਇਸ ਤੋਂ ਦੁਖੀ ਹੋ ਕੇ ਵਿਜੇਪਤ ਸਿੰਘਾਨੀਆ ਨੇ ਕਿਹਾ ਸੀ ਕਿ ਜਿਊਂਦੇ-ਜੀਅ ਆਪਣੀ ਜਾਇਦਾਦ ਕਦੇ ਵੀ ਆਪਣੇ ਬੱਚਿਆਂ ਨੂੰ ਨਾ ਦਿਉ। ਅੱਜ ਉਨ੍ਹਾਂ ਨੂੰ ਕਿਰਾਏ ਦੇ ਘਰ ਵਿਚ ਰਹਿਣਾ ਪੈ ਰਿਹਾ ਹੈ। ਕਦੇ ਉਹ ਆਪਣਾ ਹੈਲੀਕਾਪਟਰ ਖ਼ੁਦ ਉਡਾਉਂਦੇ ਸਨ ਪਰ ਅੱਜ ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਖ਼ਰਾਬ ਹੈ। ਸੋਚਣ ਵਾਲੀ ਗੱਲ ਹੈ ਕਿ ਜੇਕਰ ਅਜਿਹੇ ਸਾਧਨ-ਸੰਪੰਨ ਵਿਅਕਤੀ ਦੀ ਆਪਣੇ ਦੇਸ਼ ਵਿਚ ਅਜਿਹੀ ਹਾਲਤ ਹੋ ਸਕਦੀ ਹੈ ਤਾਂ ਕਿਸੇ ਗ਼ਰੀਬ ਬਜ਼ੁਰਗ ਦੀ ਹਾਲਤ ਕਿਹੋ ਜਿਹੀ ਹੋਵੇਗੀ?

ਸਿੰਘਾਨੀਆ ਨੇ ਜਿਹੋ ਜਿਹੀ ਦਰਦ ਭਰੀ ਕਹਾਣੀ ਸੁਣਾਈ, ਉਸ ਉੱਤੇ ਹਿੰਦੀ ਵਿਚ ਕਾਫ਼ੀ ਫਿਲਮਾਂ ਵੀ ਬਣ ਚੁੱਕੀਆਂ ਹਨ ਜਿੱਥੇ ਮਾਤਾ-ਪਿਤਾ ਦੀ ਸਾਰੀ ਜ਼ਮੀਨ-ਜਾਇਦਾਦ ਹਥਿਆ ਕੇ ਉਨ੍ਹਾਂ ਨੂੰ ਬੇਘਰ ਕਰ ਦਿੱਤਾ ਜਾਂਦਾ ਹੈ। ਅਜਿਹੀਆਂ ਖ਼ਬਰਾਂ ਵੀ ਆਏ ਦਿਨ ਛਪਦੀਆਂ ਹਨ ਜਿੱਥੇ ਕਈ ਵਾਰ ਪੁਲਿਸ ਤੇ ਅਦਾਲਤ ਨੂੰ ਬਜ਼ੁਰਗਾਂ ਦੇ ਪੱਖ ਵਿਚ ਦਖ਼ਲਅੰਦਾਜ਼ੀ ਕਰਨੀ ਪੈਂਦੀ ਹੈ। ਆਪਣੇ ਆਲੇ-ਦੁਆਲੇ ਵੀ ਅਜਿਹੀਆਂ ਘਟਨਾਵਾਂ ਰੋਜ਼ ਵਾਪਰਦੀਆਂ ਹਨ ਤੇ ਅਸੀਂ ਇਨ੍ਹਾਂ ਦੀ ਹਾਲਤ ਉੱਤੇ ਸਿਵਾਏ ਤਰਸ ਖਾਣ ਦੇ ਹੋਰ ਕੁਝ ਨਹੀਂ ਕਰ ਸਕਦੇ। ਉਹ ਕਹਾਣੀ ਤਾਂ ਯਾਦ ਹੀ ਹੋਵੇਗੀ ਕਿ ਇਕ ਬਜ਼ੁਰਗ ਮਹਿਲਾ ਆਪਣੇ ਸੰਦੂਕ ਨੂੰ ਤਾਲਾ ਲਾ ਕੇ, ਉਸ ਦੀ ਚਾਬੀ ਹਮੇਸ਼ਾ ਆਪਣੇ ਸਿਰਹਾਣੇ ਜਾਂ ਸਾੜ੍ਹੀ ਦੇ ਪੱਲੂ ਨਾਲ ਬੰਨ੍ਹ ਕੇ ਰੱਖਦੀ ਸੀ।

ਸਾਰੇ ਪੁੱਤਰ-ਨੂੰਹਾਂ ਅਤੇ ਉਨ੍ਹਾਂ ਦੇ ਬੱਚੇ ਇਸੇ ਉਮੀਦ ਨਾਲ ਉਸ ਦੀ ਸੇਵਾ ਕਰਦੇ ਸਨ ਕਿ ਇਸ ਭਾਰੀ-ਭਰਕਮ ਸੰਦੂਕ ਵਿਚ ਬੰਦ ਧਨ ਉਨ੍ਹਾਂ ਨੂੰ ਹੀ ਮਿਲੇਗਾ ਪਰ ਮਹਿਲਾ ਦੀ ਮੌਤ ਤੋਂ ਬਾਅਦ ਜਦ ਸੰਦੂਕ ਖੋਲ੍ਹਿਆ ਗਿਆ ਤਾਂ ਪਤਾ ਲੱਗਾ ਕਿ ਉਸ ਵਿਚ ਤਾਂ ਵੱਡੇ-ਵੱਡੇ ਪੱਥਰ ਭਰੇ ਹੋਏ ਸਨ। ਉਸ ਮਹਿਲਾ ਨੂੰ ਪਤਾ ਸੀ ਕਿ ਸੇਵਾ ਤਾਂ ਮੇਵੇ ਦੇ ਬਦਲੇ ਹੀ ਕੀਤੀ ਜਾਂਦੀ ਹੈ। ਗੋਸਵਾਮੀ ਤੁਲਸੀਦਾਸ ਨੇ ਲਿਖਿਆ ਹੀ ਹੈ-ਸਵਾਰਥ ਲਾਗ ਕਰੇਂ ਸਬ ਪ੍ਰੀਤੀ। ਪੰਚਤੰਤਰ ਵਿਚ ਵੀ ਕਿਹਾ ਗਿਆ ਹੈ ਕਿ ਜੇਕਰ ਕੰਚਨ ਕੋਲ ਨਾ ਹੋਵੇ ਤਾਂ ਕਾਮਿਨੀ ਵੀ ਆਪਣੀ ਨਹੀਂ ਰਹਿੰਦੀ। ਕੁੱਲ ਮਿਲਾ ਕੇ ਸਾਰੇ ਰਿਸ਼ਤਿਆਂ ਦਾ ਸਾਰ ਇਹੀ ਹੈ ਕਿ ਜਿਸ ਕੋਲ ਧਨ-ਦੌਲਤ ਹੋਵੇ ਤਾਂ ਸਾਰੇ ਰਿਸ਼ਤੇ ਵੀ ਉਸ ਦੇ ਆਪਣੇ ਹਨ। ਪਰਾਏ ਵੀ ਆਪਣੇ ਬਣ ਜਾਂਦੇ ਹਨ। ਜੇਕਰ ਧਨ ਨਾ ਹੋਵੇ ਤਾਂ ਆਪਣੇ ਵੀ ਆਪਣੇ ਨਹੀਂ ਰਹਿੰਦੇ। ਇਨ੍ਹਾਂ ਸਭ ਗੱਲਾਂ ਦੇ ਬਾਵਜੂਦ ਇਕ ਗੱਲ ਬੀਤੇ ਦਿਨਾਂ ਤੋਂ ਬੜੀ ਸ਼ਿੱਦਤ ਨਾਲ ਮਹਿਸੂਸ ਹੋ ਰਹੀ ਹੈ। ਜਰਮਨੀ ਵਿਚ ਰਹਿਣ ਵਾਲੇ ਇਕ ਦੋਸਤ ਨੇ ਦੱਸਿਆ ਕਿ ਉਸ ਦੇ ਪਿਤਾ ਜੀ ਦਿੱਲੀ ਵਿਚ ਇਕੱਲੇ ਰਹਿੰਦੇ ਹਨ। ਇਕ ਦਿਨ ਉਸ ਨੇ ਜਦ ਉਨ੍ਹਾਂ ਨੂੰ ਫੋਨ ਕੀਤਾ ਤਾਂ ਪਿਤਾ ਨੇ ਚੁੱਕਿਆ ਨਹੀਂ। ਫਿਰ ਗੁਆਂਢ ਵਿਚ ਰਹਿਣ ਵਾਲੀ ਇਕ ਬਜ਼ੁਰਗ ਨੂੰ ਫੋਨ ਕੀਤਾ। ਉਨ੍ਹਾਂ ਨੇ ਸੁਸਾਇਟੀ ਵਾਲਿਆਂ ਨੂੰ ਸੱਦਿਆ। ਬਜ਼ੁਰਗ ਬਿਸਤਰੇ ਉੱਤੇ ਪਿਆ ਸੀ। ਜਿਵੇਂ-ਤਿਵੇਂ ਦਰਵਾਜ਼ਾ ਖੋਲ੍ਹਿਆ ਤਾਂ ਪਤਾ ਲੱਗਾ ਕਿ ਉਹ ਬੇਹੋਸ਼ ਹੈ। ਗੁਆਂਢੀ ਉਸ ਨੂੰ ਹਸਪਤਾਲ ਲੈ ਗਏ। ਪਤਾ ਲੱਗਾ ਕਿ ਉਹ ਡਾਇਬਟਿਕ ਕੋਮਾ ਵਿਚ ਚਲਾ ਗਿਆ ਸੀ। ਇਕ ਦੂਜੇ ਸਾਥੀ ਦੀ ਮਾਂ ਬਾਥਰੂਮ ਵਿਚ ਡਿੱਗ ਪਈ। ਚੂਲੇ ਦੀਆਂ ਹੱਡੀਆਂ ਟੁੱਟ ਗਈਆਂ। ਬੇਟਾ ਵਿਦੇਸ਼ ਵਿਚ। ਮਹਿਲਾ ਲਈ ਉਸ ਨੇ 24 ਘੰਟੇ ਦੇਖਭਾਲ ਲਈ ਮੈਡੀਕਲ ਨਰਸ ਅਤੇ ਇਕ ਸਹਾਇਕਾ ਰੱਖੀ। ਮਹਿਲਾ ਕੁਝ ਠੀਕ ਹੋਈ। ਸਹਾਰੇ ਨਾਲ ਤੁਰਨ-ਫਿਰਨ ਵੀ ਲੱਗੀ ਪਰ ਇਕ ਦਿਨ ਫਿਰ ਡਿੱਗ ਪਈ। ਇਸ ਵਾਰ ਡਿੱਗੀ ਤਾਂ ਉੱਠੀ ਹੀ ਨਹੀਂ। ਅੰਤਿਮ ਵਕਤ ਉਸ ਕੋਲ ਆਪਣਾ ਕੋਈ ਨਹੀਂ ਸੀ।

ਜਦ ਕੋਈ ਆਪਣਾ ਕੋਲ ਨਾ ਹੋਵੇ ਤਾਂ ਕਿਸੇ ਪਰਾਏ ਦਾ ਕੀ ਭਰੋਸਾ। ਇਨ੍ਹੀਂ-ਦਿਨੀਂ ਘਰ-ਘਰ ਵਿਚ ਅਜਿਹੇ ਬਜ਼ੁਰਗਾਂ ਦੀ ਵੱਡੀ ਗਿਣਤੀ ਹੈ ਜਿਨ੍ਹਾਂ ਕੋਲ ਸਾਧਨਾਂ ਦੀ ਕੋਈ ਕਮੀ ਨਹੀਂ ਹੈ। ਆਮਦਨ ਹੈ। ਬੱਚਤ ਹੈ। ਆਪਣਾ ਘਰ ਹੈ। ਨਹੀਂ ਹੈ ਤਾਂ ਬਸ ਅਜਿਹਾ ਕੋਈ ਆਪਣਾ ਜਿਸ ਨੂੰ ਖ਼ੂਨ ਦਾ ਰਿਸ਼ਤਾ ਕਿਹਾ ਜਾਂਦਾ ਹੈ। ਜਿਸ ਨੂੰ ਹਿਊਮਨ ਰਿਸੋਰਸ ਕਹਿੰਦੇ ਹਨ। ਜਿਨ੍ਹਾਂ ਬਜ਼ੁਰਗਾਂ ਦੇ ਬੱਚੇ ਉਨ੍ਹਾਂ ਨੂੰ ਬੇਸਹਾਰਾ ਛੱਡ ਦਿੰਦੇ ਹਨ, ਉਹ ਤਾਂ ਹਨ ਹੀ, ਅਜਿਹੇ ਬਜ਼ੁਰਗ ਵੀ ਵਧਦੇ ਜਾ ਰਹੇ ਹਨ ਜੋ ਜੀਵਨ ਦੇ ਇਸ ਚੌਥੇ ਪੜਾਅ ਵਿਚ ਇਕੱਲੇ ਹਨ। ਬੱਚੇ ਜਾਂ ਤਾਂ ਵਿਦੇਸ਼ ਵਿਚ ਹਨ ਜਾਂ ਦੂਜੇ ਸ਼ਹਿਰਾਂ ਵਿਚ। ਆਂਢ-ਗੁਆਂਢ ਵਿਚ ਵੀ ਅਜਿਹਾ ਹੁਣ ਬਹੁਤ ਘੱਟ ਰਹਿ ਗਿਆ ਹੈ ਕਿ ਗੁਆਂਢੀ, ਗੁਆਂਢੀ ਦੇ ਕੰਮ ਆਵੇ। ਵੈਸੇ ਵੀ ਸੱਚ ਇਹ ਹੈ ਕਿ ਕੋਈ ਕਿਸੇ ਦੇ ਕੰਮ ਇਕ ਦਿਨ ਆ ਸਕਦਾ ਹੈ, ਚਾਰ ਦਿਨ ਭੱਜ-ਦੌੜ ਕਰ ਸਕਦਾ ਹੈ ਪਰ ਮਹੀਨਿਆਂ-ਬੱਧੀ ਕੋਈ ਕਿਸੇ ਦੀ ਦੇਖਭਾਲ ਨਹੀਂ ਕਰ ਸਕਦਾ। ਸਭ ਕੋਲ ਆਪਣੇ ਰੋਜ਼ਾਨਾ ਦੇ ਕੰਮ ਹਨ, ਨੌਕਰੀ ਹੈ, ਪਰਿਵਾਰਕ ਜ਼ਿੰਮੇਵਾਰੀਆਂ ਹਨ। ਅਜਿਹੇ ਵਿਚ ਸਭ ਆਪਣੇ ਪਰਿਵਾਰਾਂ ਵੱਲ ਦੇਖਦੇ ਹਨ। ਇਸ ਦੇ ਇਲਾਵਾ ਇਕੱਲੇ ਬਜ਼ੁਰਗਾਂ ਲਈ ਅਸੁਰੱਖਿਆ ਵੀ ਹੈ। ਕਿੰਨੀ ਵਾਰ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਕਿ ਜਿਨ੍ਹਾਂ ਨੂੰ ਉਹ ਆਪਣੇ ਦੇਖਭਾਲ ਲਈ ਰੱਖਦੇ ਹਨ, ਉਹੀ ਉਨ੍ਹਾਂ ਪ੍ਰਤੀ ਭਿਅੰਕਰ ਅਪਰਾਧਾਂ ਨੂੰ ਅੰਜਾਮ ਦਿੰਦੇ ਹਨ।

ਇਨ੍ਹਾਂ ਅਪਰਾਧਾਂ ਵਿਚ ਲੁੱਟ-ਖੋਹ ਤੇ ਹੱਤਿਆ ਤਕ ਸ਼ਾਮਲ ਹਨ। ਜੇਕਰ ਇਹ ਇਕੱਲੇ ਬਜ਼ੁਰਗ ਬਿਮਾਰ ਵੀ ਹਨ, ਚੱਲ-ਫਿਰ ਨਹੀਂ ਸਕਦੇ ਤਾਂ ਅਜਿਹੀਆਂ ਘਟਨਾਵਾਂ ਦਾ ਖ਼ਦਸ਼ਾ ਹੋਰ ਵਧ ਜਾਂਦਾ ਹੈ। ਉਹ ਅਕਸਰ ਅਪਰਾਧਾਂ ਦੇ ਸ਼ਿਕਾਰ ਵੀ ਹੋ ਜਾਂਦੇ ਹਨ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹ ਆਪਣੇ ਪਿਤਾ ਜਾਂ ਮਾਂ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹਨ ਪਰ ਉਹ ਉਨ੍ਹਾਂ ਦੇ ਨਾਲ ਜਾਣਾ ਹੀ ਨਹੀਂ ਚਾਹੁੰਦੇ। ਪਰਾਏ ਮੁਲਕ ਵਿਚ ਉਨ੍ਹਾਂ ਦਾ ਮਨ ਨਹੀਂ ਲੱਗਦਾ। ਬੱਚੇ ਤਾਂ ਕੰਮ ਉੱਤੇ ਚਲੇ ਜਾਂਦੇ ਹਨ, ਉਹ ਇਕੱਲੇ ਘਰ ਵਿਚ ਰਹਿ ਜਾਂਦੇ ਹਨ। ਉੱਥੇ ਨਾ ਕਿਸੇ ਨਾਲ ਗੱਲ ਕਰ ਸਕਦੇ ਹਨ, ਨਾ ਮਿਲ ਸਕਦੇ ਹਨ ਜਦਕਿ ਇੱਥੇ ਇਕੱਲੇ ਹੁੰਦੇ ਹੋਏ ਵੀ ਚਾਰ ਗੱਲਾਂ ਕਰਨ ਵਾਲਾ ਕੋਈ ਨਾ ਕੋਈ ਮਿਲ ਹੀ ਜਾਂਦਾ ਹੈ। ਅਜਿਹੇ ਵਿਚ ਹਾਲ ਇਹ ਹੈ ਕਿ ਨਾ ਇਹ ਉੱਥੇ ਜਾ ਸਕਦੇ ਹਨ, ਨਾ ਬੱਚੇ ਆਪਣੀ ਰੋਜ਼ੀ-ਰੋਟੀ ਛੱਡ ਕੇ ਇੱਥੇ ਆ ਸਕਦੇ ਹਨ। ਆਖ਼ਰ ਇਸ ਉਮਰ ਵਿਚ ਇਕੱਲੇ ਇਨ੍ਹਾਂ ਦਾ ਗੁਜ਼ਾਰਾ ਕਿਵੇਂ ਹੋਵੇ? ਅਸੀਂ ਅਕਸਰ ਪੱਛਮ ਨੂੰ ਕੋਸਦੇ ਰਹਿੰਦੇ ਹਾਂ।

ਖ਼ੁਦ ਨੂੰ ਉਨ੍ਹਾਂ ਤੋਂ ਮਹਾਨ ਦੱਸਦੇ ਰਹਿੰਦੇ ਹਾਂ ਪਰ ਉੱਥੇ ਜੇ ਪਰਿਵਾਰ ਕਿਸੇ ਬਜ਼ੁਰਗ ਦੀ ਦੇਖਭਾਲ ਨਹੀਂ ਕਰ ਰਿਹਾ ਹੈ ਤਾਂ ਉਹ ਓਲਡ ਏਜ ਹੋਮ ਅਰਥਾਤ ਬਿਰਧ ਆਸ਼ਰਮ ਵਿਚ ਜਾ ਸਕਦੇ ਹਨ। ਆਪਣੇ ਇੱਥੇ ਅੱਵਲ ਤਾਂ ਉਸ ਦਰਜੇ ਦੀਆਂ ਸਹੂਲਤਾਂ ਹੀ ਨਹੀਂ ਹਨ। ਜੇ ਹਨ ਵੀ ਤਾਂ ਉਨ੍ਹਾਂ ਦੀਆਂ ਸ਼ਰਤਾਂ ਅਜਿਹੀਆਂ ਹਨ ਕਿ ਹਰ ਕੋਈ ਉੱਥੇ ਨਹੀਂ ਜਾ ਸਕਦਾ। ਵੈਸੇ ਵੀ ਗੰਭੀਰ ਬਿਮਾਰ ਦੀ ਦੇਖਭਾਲ ਕਰਨ ਲਈ ਸ਼ਾਇਦ ਹੀ ਕੋਈ ਓਲਡ ਏਜ ਹੋਮ ਤਿਆਰ ਹੁੰਦਾ ਹੈ। ਵੈਸੇ ਵੀ ਆਮ ਹੀ ਕੁਝ ਲੋਕ ਇਹ ਕਹਿੰਦੇ ਰਹਿੰਦੇ ਹਨ ਕਿ ਬਜ਼ੁਰਗ ਅਰਥਚਾਰੇ ਉੱਤੇ ਬੋਝ ਹੁੰਦੇ ਹਨ। ਸਾਫ਼ ਹੈ ਕਿ ਬਜ਼ੁਰਗਾਂ ਦੀ ਭਲਾਈ ਲਈ ਸਮਾਜ ਤੇ ਸਰਕਾਰ ਨੂੰ ਕੁਝ ਕਰਨਾ ਹੋਵੇਗਾ।

-ਕਸ਼ਮਾ ਸ਼ਰਮਾ

-(ਲੇਖਿਕਾ ਸਾਹਿਤਕਾਰ ਹੈ)

Posted By: Jatinder Singh