ਅੱਠ ਸਾਲ ਪਹਿਲਾਂ ਪੰਜਾਬੀ ਪੱਤਰਕਾਰੀ ਦੇ ਅੰਬਰ 'ਤੇ 'ਪੰਜਾਬੀ ਜਾਗਰਣ' ਦਾ ਉਦੈ, ਸੱਤ ਰੰਗ ਬਿਖੇਰਦੇ ਚੜ੍ਹਦੇ ਸੂਰਜ ਵਾਂਗ ਸੀ। ਇਸ ਨਵੀਂ ਪ੍ਰਭਾਤ ਨੂੰ ਪੰਜਾਬੀ ਪਿਆਰਿਆਂ ਨੇ ਖ਼ੁਸ਼-ਆਮਦੀਦ ਕਹੀ ਸੀ। ਹਫ਼ਤੇ ਦੇ ਸੱਤੇ ਦਿਨ ਨਿਕਲਣ ਵਾਲੇ ਵੱਖ-ਵੱਖ ਫੀਚਰ, ਸੱਤਰੰਗੀ ਪੀਂਘ ਵਾਂਗ ਸਨ। ਸੱਤ ਸਰੋਕਾਰਾਂ ਨਾਲ ਜੁੜੇ ਅਦਾਰੇ ਨੇ ਵਾਤਾਵਰਨ, ਪਾਣੀ ਦੀ ਸਾਂਭ-ਸੰਭਾਲ ਅਤੇ ਧਰਤ ਨੂੰ ਜ਼ਹਿਰੀਲੀ ਹੋਣ ਤੋਂ ਬਚਾਉਣ ਸਮੇਤ ਹਰੇਕ ਸਮਾਜਿਕ ਪਹਿਲੂ ਨੂੰ ਪਹਿਲ ਦੇ ਆਧਾਰ 'ਤੇ ਛਾਪਿਆ। 'ਜਾਗਰਣ' ਦਾ ਬੀਜ 'ਭਾਰਤ ਛੱਡੋ ਅੰਦੋਲਨ' ਵੇਲੇ ਬੀਜਿਆ ਗਿਆ ਸੀ ਜੋ ਅੱਜ ਇਕ ਘਣਾ ਰੁੱਖ ਬਣ ਕੇ ਕਰੋੜਾਂ ਸ਼ੁਭ ਚਿੰਤਕਾਂ ਨੂੰ ਠੰਢੀ ਛਾਂ ਦੇ ਰਿਹਾ ਹੈ। ਇਸ ਰੁੱਖ ਦੀਆਂ ਅਣਗਿਣਤ ਸ਼ਾਖਾਵਾਂ 'ਚੋਂ ਹੀ ਇਕ ਸ਼ਾਖ ਹੈ, 'ਪੰਜਾਬੀ ਜਾਗਰਣ' ਜੋ ਪੰਜ-ਆਬ ਦੀ ਜ਼ਰਖੇਜ਼ ਧਰਤੀ ਤੋਂ 18 ਜੂਨ 2011 ਦੇ ਸ਼ੁਭ ਦਿਹਾੜੇ 'ਤੇ ਫੁੱਟੀ ਸੀ। ਹਰ ਸ਼ਾਖ ਰੁੱਖ ਦੀਆਂ ਜੜ੍ਹਾਂ 'ਚੋਂ ਹੀ ਸ਼ਕਤੀ ਪ੍ਰਾਪਤ ਕਰਦੀ ਹੈ। ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿ ਕੇ ਹੀ 'ਪੰਜਾਬੀ ਜਾਗਰਣ' ਰਾਸ਼ਟਰੀ ਭਾਵਨਾ ਨਾਲ ਪਰਣਾਇਆ ਹੋਇਆ ਹੈ। ਜਾਤ-ਪਾਤ ਅਤੇ ਨਸਲੀ ਵਿਤਕਰਿਆਂ ਤੋਂ ਉੱਪਰ ਉੱਠ ਕੇ ਅਖ਼ਬਾਰ ਛਾਪਣਾ ਪੰਜਾਬੀ ਪੱਤਰਕਾਰੀ ਲਈ ਨਰੋਆ ਕਦਮ ਸੀ। 'ਜਾਗਦੇ ਰਹੋ' ਦਾ ਹੋਕਾ ਦੇਣ ਵਾਲੇ 'ਪੰਜਾਬੀ ਜਾਗਰਣ' ਨੇ ਸਦਾ ਸਮਾਜਿਕ ਕਦਰਾਂ-ਕੀਮਤਾਂ ਨੂੰ ਸੰਭਾਲਣ ਲਈ ਆਪਣਾ ਯੋਗਦਾਨ ਪਾਇਆ ਹੈ। ਅਜੋਕੇ ਯੁੱਗ ਵਿਚ ਮਾਤ ਭਾਸ਼ਾਵਾਂ ਦੀ ਹੋਂਦ ਨੂੰ ਵੱਡਾ ਖ਼ਤਰਾ ਦਰਪੇਸ਼ ਹੈ। ਇਨ੍ਹਾਂ ਵਿਚ ਪੰਜਾਬੀ ਵੀ ਸ਼ਾਮਲ ਹੈ। ਪਿਛਲੇ ਅਰਸੇ ਦੌਰਾਨ ਅਣਗਿਣਤ ਪੰਜਾਬੀ ਅਖ਼ਬਾਰਾਂ, ਮੈਗਜ਼ੀਨਾਂ ਅਤੇ ਚੈਨਲਾਂ ਦਾ ਜਨਮ ਜ਼ਰੂਰ ਹੋਇਆ ਪਰ ਉਹ ਬਹੁਤੀ ਦੇਰ ਚੱਲ ਨਾ ਸਕੇ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਸਾਡੀ ਮਾਤ ਭਾਸ਼ਾ ਦਾ ਭਵਿੱਖ ਧੁੰਦਲਾ ਹੈ। ਇਸ ਦੀ ਪ੍ਰੋੜ੍ਹਤਾ ਲਈ ਯੂਨੈਸਕੋ ਦੀਆਂ ਰਿਪੋਰਟਾਂ ਦੇ ਹਵਾਲੇ ਦਿੱਤੇ ਜਾ ਰਹੇ ਸਨ। ਅਜਿਹੀਆਂ ਨਿਰਉਤਸ਼ਾਹਤ ਕਰਨ ਵਾਲੀਆਂ ਰਿਪੋਰਟਾਂ ਦੌਰਾਨ ਹੀ 'ਪੰਜਾਬੀ ਜਾਗਰਣ' ਦਾ ਜਨਮ ਹੋਇਆ। ਲਹਿੰਦੇ ਪੰਜਾਬ ਦੇ ਲੋਕ ਸ਼ਾਇਰ ਬਾਬਾ ਨਜ਼ਮੀ ਦਾ ਸ਼ਿਅਰ ਯਾਦ ਆ ਰਿਹਾ ਹੈ :

'ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ। ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ।'

ਪੰਜਾਬੀ ਦੀ ਹੋਂਦ ਨੂੰ ਬਚਾਉਣ ਲਈ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿਚ ਪੰਜਾਬੀ ਪਿਆਰਿਆਂ ਵੱਲੋਂ ਸੰਘਰਸ਼ ਜਾਰੀ ਹੈ। 'ਪੰਜਾਬੀ ਜਾਗਰਣ' ਵੀ ਇਸ ਕਾਫ਼ਲੇ ਦਾ ਹਿੱਸਾ ਬਣ ਕੇ ਮਾਂ ਬੋਲੀ ਦੀ ਸੇਵਾ ਵਿਚ ਜੁਟਿਆ ਹੋਇਆ ਹੈ। ਪਿਛਲੇ ਸਾਲ ਅਦਾਰੇ ਵੱਲੋਂ ਅੱਠ ਗੁਰੂਆਂ ਦੀ ਚਰਨ-ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਤੋਂ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਨਿਮਾਣਾ ਜਿਹਾ ਯਤਨ ਕੀਤਾ ਗਿਆ ਸੀ। ਇਸ ਧਰਤੀ 'ਤੇ ਦੂਜੀ ਪਾਤਸ਼ਾਹੀ, ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਵਰਣਮਾਲਾ ਨੂੰ ਤਰਤੀਬ ਦਿੱਤੀ ਸੀ ਤਾਂ ਜੋ ਪੰਜਾਬੀ ਆਮ ਸੰਗਤ ਦੀ ਭਾਸ਼ਾ ਬਣ ਸਕੇ। ਗੁਰੂ ਸਾਹਿਬਾਨ ਦੇ ਮੁੱਖੋਂ ਉਚਰੀ ਬਾਣੀ ਨੂੰ ਜਿਸ ਲਿਪੀ ਵਿਚ ਸੰਭਾਲਿਆ, ਉਸ ਨੂੰ ਗੁਰਮੁਖੀ ਦਾ ਨਾਮ ਦਿੱਤਾ ਗਿਆ। ਇਹੋ ਕਾਰਨ ਸੀ ਕਿ 'ਪੰਜਾਬੀ ਜਾਗਰਣ' ਨੇ ਪਵਿੱਤਰ ਨਗਰੀ ਖਡੂਰ ਸਾਹਿਬ ਤੋਂ 'ਪੰਜਾਬੀ ਮਾਂ ਬੋਲੀ ਲਹਿਰ, ਪਿੰਡ-ਪਿੰਡ ਸ਼ਹਿਰ-ਸ਼ਹਿਰ' ਤਹਿਤ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਲਹਿਰ ਨੂੰ ਤਤਕਾਲੀ ਜੱਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਤੋਂ ਇਲਾਵਾ ਪਦਮਸ਼੍ਰੀ ਬਾਬਾ ਸੇਵਾ ਸਿੰਘ, ਪਦਮਸ਼੍ਰ੍ਰੀ ਸੰਤ ਸੀਚੇਵਾਲ, ਪਦਮਸ਼੍ਰੀ ਭਾਈ ਨਿਰਮਲ ਸਿੰਘ ਅਤੇ ਕਈ ਹੋਰ ਮਹਾਨ ਸ਼ਖ਼ਸੀਅਤਾਂ ਨੇ ਖ਼ੁਦ ਹਾਜ਼ਰ ਹੋ ਕੇ ਅਸ਼ੀਰਵਾਦ ਦਿੱਤਾ। ਮਾਂ ਬੋਲੀ ਲਹਿਰ ਨੇ ਪਹਿਲੇ ਪੜਾਅ ਦੌਰਾਨ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਵਸਾਈ ਨਗਰੀ ਪ੍ਰੀਤਨਗਰ, ਮੁਹੰਮਦ ਰਫ਼ੀ ਦੇ ਜੱਦੀ ਪਿੰਡ ਕੋਟਲਾ ਸੁਲਤਾਨ ਸਿੰਘ, ਹਾਸ਼ਮ ਸ਼ਾਹ ਦੇ ਗਿਰਾਂ ਜਗਦੇਅ ਕਲਾਂ ਅਤੇ ਹਿੰਦ-ਪਾਕਿ ਸਰਹੱਦ 'ਤੇ ਵਸੇ ਬਾਵਾ ਬਲਵੰਤ ਦੇ ਪਿੰਡ ਨੇਸ਼ਟਾ ਵਿਚ ਪ੍ਰਭਾਵਸ਼ਾਲੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ। ਇਸ ਤੋਂ ਬਾਅਦ 'ਪੰਜਾਬੀ ਜਾਗਰਣ' ਦੇ ਕਾਫ਼ਲੇ ਨੇ ਕਈ ਮਹਾਨ ਪੰਜਾਬੀਆਂ ਦੇ ਪਿੰਡ-ਸ਼ਹਿਰ ਗਾਹੇ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਵੱਡੀ ਸੇਵਾ ਕੀਤੀ ਹੈ। ਹੁਣ ਅਸੀਂ ਮਾਝੇ, ਦੁਆਬੇ, ਮਾਲਵੇ ਤੇ ਪੁਆਧ ਦੇ ਪਿੰਡਾਂ-ਸ਼ਹਿਰਾਂ ਵਿਚ ਪੁੱਜ ਕੇ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦਾ ਹੋਕਾ ਦੇ ਰਹੇ ਹਾਂ। ਪੰਜਾਬੀ ਮਾਂ ਬੋਲੀ ਦੇ ਭਵਿੱਖ ਨੂੰ ਲੈ ਕੇ 'ਪੰਜਾਬੀ ਜਾਗਰਣ' ਆਸ਼ਾਵਾਦੀ ਹੈ। ਜਦੋਂ ਅਸੀਂ ਮਸ਼ਾਲਾਂ ਅਗਲੀ ਪੀੜ੍ਹੀ ਨੂੰ ਸੌਂਪ ਗਏ ਤਾਂ ਮਾਂ ਬੋਲੀ ਨੂੰ ਕਿਸੇ ਵੀ ਕਿਸਮ ਦਾ ਖ਼ਤਰਾ ਨਹੀਂ ਹੋਵੇਗਾ। ਲਹਿੰਦੇ ਪੰਜਾਬ ਦਾ ਇਕ ਹੋਰ ਲੋਕ ਸ਼ਾਇਰ, ਉਸਤਾਦ ਦਾਮਨ ਕਿੰਨਾ ਆਸ਼ਾਵਾਦੀ ਹੈ :

'ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ, ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।'

ਰੂਸ ਦਾ ਅਖਾਣ ਹੈ ਕਿ 'ਡਰ ਦੀਆਂ ਅੱਖਾਂ ਵੱਡੀਆਂ ਹੁੰਦੀਆਂ ਹਨ। ਇਸ ਲਕੋਕਤੀ ਅਨੁਸਾਰ ਭਵਿੱਖ ਦੀਆਂ ਚੁਣੌਤੀਆਂ ਅਤੇ ਖ਼ਤਰਿਆਂ ਨੂੰ ਭਾਂਪਦਿਆਂ ਪੰਜਾਬੀਆਂ ਨੂੰ ਅੱਖਾਂ, ਕੰਨ ਅਤੇ ਦਿਮਾਗ ਦੇ ਸਾਰੇ ਕਿਵਾੜ ਖੋਲ੍ਹ ਕੇ ਆਪਣੀ ਮਾਂ ਬੋਲੀ ਨੂੰ ਸੰਭਾਲਣ ਲਈ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ। ਜਿੰਨੀ ਦੇਰ ਪੰਜਾਬੀ, ਸਰਕਾਰ, ਰੁਜ਼ਗਾਰ, ਬਾਜ਼ਾਰ ਅਤੇ ਘਰ-ਬਾਰ ਦੀ ਬੋਲੀ ਨਹੀਂ ਬਣਦੀ, ਓਨੀ ਦੇਰ ਚੈਨ ਦੀ ਨੀਂਦ ਸੌਣਾ ਨਹੀਂ ਚਾਹੀਦਾ। ਵਿਸ਼ਵ ਪਿੰਡ ਵਿਚ ਵਪਾਰ ਨੇ ਭਾਸ਼ਾਵਾਂ ਨੂੰ ਬੇਹੱਦ ਖੋਰਾ ਲਾਇਆ ਹੈ। ਖ਼ਰੀਦੋ-ਫ਼ਰੋਖਤ ਲਈ ਪਹਿਲਾਂ ਲੋਕ ਬਾਜ਼ਾਰ ਜਾਇਆ ਕਰਦੇ ਸਨ। ਅੱਜ ਬਾਜ਼ਾਰ ਖ਼ੁਦ ਘਰਾਂ 'ਤੇ ਦਸਤਕ ਦੇ ਰਿਹਾ ਹੈ। ਮੋਬਾਈਲ ਐਪਸ ਰਾਹੀਂ ਤੁਸੀਂ ਵਿਸ਼ਵ ਦੇ ਕਿਸੇ ਕੋਨੇ ਤੋਂ ਵੀ ਘਰ ਬੈਠੇ ਖ਼ਰੀਦਦਾਰੀ ਕਰ ਸਕਦੇ ਹੋ। ਇਸੇ ਲਈ ਮੋਬਾਈਲ ਐਪਸ ਨੇ ਦੁਨੀਆ ਦੀਆਂ ਅਣਗਿਣਤ ਮਾਂ ਬੋਲੀਆਂ ਦਾ ਘਾਣ ਕੀਤਾ ਹੈ। ਅੱਜ ਲੋੜ ਹੈ ਕਿ ਅੰਗਰੇਜ਼ੀ ਵਾਂਗ ਪੰਜਾਬੀ ਭਾਸ਼ਾ ਵੀ ਗੂਗਲ/ਇੰਟਰਨੈੱਟ ਦੇ ਹਾਣ ਦੀ ਹੋਵੇ। ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬੀ ਨਾਲ ਪਰਣਾਈਆਂ ਕਈ ਹੋਰ ਸਵੈ-ਸੇਵੀ ਜੱਥੇਬੰਦੀਆਂ ਇਸ ਖੇਤਰ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਫਿਰ ਵੀ ਇਹ ਕੋਸ਼ਿਸ਼ਾਂ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਨਿਗੂਣੀਆਂ ਹਨ। 'ਪੰਜਾਬੀ ਜਾਗਰਣ' ਅਜਿਹੀਆਂ ਸੰਸਥਾਵਾਂ ਦੇ ਉੱਦਮ ਨੂੰ ਬਣਦੀ ਥਾਂ ਦੇ ਕੇ ਮਾਂ ਬੋਲੀ ਦੀ ਸੇਵਾ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਤੋਂ ਇਲਾਵਾ ਅਦਾਰੇ ਵੱਲੋਂ ਪੰਜਾਬੀ/ਸਿੱਖ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸਾਲਾਨਾ ਗੱਤਕਾ ਕੱਪ ਅਤੇ ਦਸਤਾਰਬੰਦੀ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਦਾਰੇ ਦੇ ਇਨ੍ਹਾਂ ਨਿਮਾਣੇ ਜਿਹੇ ਉਪਰਾਲਿਆਂ ਨੂੰ ਸਾਡੇ ਸਰਪ੍ਰਸਤ ਪਾਠਕਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਜਾਗਰੂਕਤਾ ਅਤੇ ਭਰੋਸੇ ਦੇ ਅੱਠ ਵਰ੍ਹੇ ਸੰਪੂਰਨ ਕਰਨ 'ਤੇ ਮੈਂ ਅਦਾਰੇ ਨਾਲ ਜੁੜੇ ਤਮਾਮ ਸਾਥੀਆਂ ਦਾ ਸ਼ੁਕਰੀਆ ਅਦਾ ਕਰਨਾ ਆਪਣਾ ਫ਼ਰਜ਼ ਸਮਝਦਾ ਹਾਂ।

Posted By: Susheel Khanna