ਸਿੱਖਿਆ ਹਰ ਮੁਲਕ ਵਿਚ ਔਰਤ ਅਤੇ ਮਰਦ ਦਾ ਵਿਕਾਸ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਭਾਰਤ 'ਚ ਹਾਲੇ ਵੀ ਔਰਤਾਂ ਦੀ ਸਿੱਖਿਆ ਪੇਂਡੂ ਖੇਤਰਾਂ ਵਿਚ ਬਹੁਤ ਨੀਵੇਂ ਪੱਧਰ 'ਤੇ ਹੈ। ਸਿੱਖਿਆ ਔਰਤਾਂ ਦੇ ਸਸ਼ਕਤੀਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਸਦਕਾ ਉਨ੍ਹਾਂ ਨੂੰ ਆਪਣੇ ਹੱਕਾਂ, ਚੁਣੌਤੀਆਂ, ਮੌਕਿਆਂ ਬਾਰੇ ਪਤਾ ਲੱਗਦਾ ਹੈ। ਕਹਿੰਦੇ ਹਨ ਕਿ ਜੇ ਔਰਤ ਸਿੱਖਿਅਤ ਹੋਵੇ ਤਾਂ ਪੂਰਾ ਪਰਿਵਾਰ ਸਿੱਖਿਅਤ ਹੋ ਜਾਂਦਾ ਹੈ। ਬੇਸ਼ੱਕ ਮੌਜੂਦਾ ਸਮੇਂ ਕਾਫ਼ੀ ਔਰਤਾਂ ਬਹੁਤ ਅੱਗੇ ਵੱਧ ਚੁੱਕੀਆਂ ਹਨ। ਸਾਖ਼ਰ ਹੋ ਕੇ ਬਹੁਤ ਉੱਚੇ ਅਹੁਦਿਆਂ 'ਤੇ ਪੁੱਜ ਚੁੱਕੀਆਂ ਹਨ ਪਰ ਜ਼ਿਆਦਾਤਰ ਔਰਤਾਂ ਅੱਜ ਵੀ ਅਗਿਆਨ ਦੇ ਹਨੇਰੇ ਵਿਚ ਵਿਚਰ ਰਹੀਆਂ ਹਨ ਜੋ ਚਿੰਤਾ ਦਾ ਵਿਸ਼ਾ ਹੈ। ਸਿੱਖਿਆ ਇਨਸਾਨ ਨੂੰ ਚੰਗੇ-ਬੁਰੇ ਦਾ ਫ਼ਰਕ ਸਮਝਾਉਂਦੀ ਹੈ। ਵਰਤਮਾਨ ਸਮੇਂ ਜੋ ਵੀ ਸਮਾਜਿਕ ਬੁਰਾਈਆਂ ਹਨ ਜਿਵੇਂ ਕਿ ਭਰੂਣ ਹੱਤਿਆ, ਦਾਜ ਦੀ ਸਮੱਸਿਆ, ਛੋਟੀ ਉਮਰ ਵਿਚ ਵਿਆਹ ਸਮੇਤ ਹੋਰ ਜਿੰਨੀਆਂ ਵੀ ਸਮੱਸਿਆਵਾਂ ਔਰਤਾਂ ਨਾਲ ਸਬੰਧਤ ਹਨ, ਉਹ ਤਾਂ ਹੀ ਦੂਰ ਹੋ ਸਕਦੀਆਂ ਹਨ ਜੇ ਭਾਰਤ ਵਿਚ ਹਰ ਔਰਤ ਪੜ੍ਹੀ-ਲਿਖੀ ਹੋਵੇ। ਪੜ੍ਹੀ-ਲਿਖੀ ਔਰਤ ਹੀ ਘਰ ਵਿਚ ਆਪਣਾ ਰੁਤਬਾ, ਮਾਣ-ਸਨਮਾਨ ਤੇ ਆਤਮ ਵਿਸ਼ਵਾਸ ਹਾਸਲ ਕਰ ਸਕਦੀ ਹੈ। ਸਰਕਾਰ ਨੇ ਵੀ ਔਰਤਾਂ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਬਹੁਤ ਸਾਰੇ ਉਪਰਾਲੇ ਔਰਤਾਂ ਦੀ ਸਿੱਖਿਆ ਲਈ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਸਦਕਾ ਹੀ ਔਰਤਾਂ 'ਚ ਗਿਆਨ ਦਾ ਪਹੁ ਫੁਟਾਲਾ ਹੋ ਰਿਹਾ ਹੈ ਜਿਸ ਦੀ ਮਿਸਾਲ ਇਹ ਅੰਕੜੇ ਹਨ ਜਿਵੇਂ ਕਿ ਸੰਨ 1991 ਵਿਚ ਦੇਸ਼ ਵਿਚ ਔਰਤਾਂ ਦੀ ਸਾਖਰਤਾ ਦਰ 39.3 ਫ਼ੀਸਦੀ ਸੀ, 2001 ਵਿਚ 53.7 ਫ਼ੀਸਦੀ ਅਤੇ 2011 ਵਿਚ 65.5 ਫ਼ੀਸਦੀ ਸੀ। ਇਸ ਦੇ ਮੁਕਾਬਲੇ ਸੰਨ 2011 ਵਿਚ ਮਰਦਾਂ ਦੀ ਸਾਖਰਤਾ ਦਰ 82.14 ਫ਼ੀਸਦੀ ਸੀ। ਔਰਤਾਂ ਪ੍ਰਤੀ ਲੋਕਾਂ ਦੀ ਸੋਚ ਅੱਜ ਵੀ ਬਹੁਤੀ ਨਹੀਂ ਬਦਲੀ। ਉਹ ਧੀਆਂ ਦੀ ਪੜ੍ਹਾਈ-ਲਿਖਾਈ ਪ੍ਰਤੀ ਜ਼ਿਆਦਾ ਸੰਜੀਦਾ ਨਹੀਂ। ਉਹ ਅੱਵਲ ਤਾਂ ਉਨ੍ਹਾਂ ਨੂੰ ਸਿੱਖਿਆ ਨਹੀਂ ਦੇ ਰਹੇ ਜਾਂ ਫਿਰ ਸਕੂਲੀ ਪੜ੍ਹਾਈ ਤਾਂ ਕਰਵਾ ਦਿੰਦੇ ਹਨ ਪਰ ਉੱਚ ਸਿੱਖਿਆ ਨਹੀਂ ਦਿਵਾਉਂਦੇ। ਕਈ ਕਾਰਨ ਹਨ ਜਿਨ੍ਹਾਂ ਸਦਕਾ ਭਾਰਤ ਵਿਚ ਔਰਤਾਂ ਦੀ ਸਿੱਖਿਆ ਦਰ ਨੀਵੀਂ ਹੈ ਜਿਵੇਂ ਕਿ ਜ਼ਿਆਦਾ ਜਨਸੰਖਿਆ ਗ਼ਰੀਬ ਹੈ। ਲੋਕ ਪੜ੍ਹਾਈ ਦਾ ਖ਼ਰਚਾ ਨਹੀਂ ਉਠਾ ਸਕਦੇ। ਜ਼ਿਆਦਾਤਰ ਲੋਕਾਂ ਵਿਚ ਚੇਤਨਤਾ ਦੀ ਘਾਟ ਹੈ। ਕਈ ਕੁੜੀਆਂ ਪੜ੍ਹਾਈ ਅੱਧ ਵਿਚਾਲੇ ਹੀ ਛੱਡ ਜਾਂਦੀਆਂ ਹਨ। ਕੁੜੀਆਂ ਦਾ ਜਲਦੀ ਵਿਆਹ ਕਰ ਦਿੱਤਾ ਜਾਂਦਾ ਹੈ। ਦਾਜ ਦੀ ਸਮੱਸਿਆ ਕਾਰਨ ਵੀ ਕੁੜੀਆਂ ਨੂੰ ਅੱਗੇ ਪੜ੍ਹਨ ਦਾ ਮੌਕਾ ਨਹੀਂ ਮਿਲਦਾ ਅਤੇ ਸਭ ਤੋਂ ਮੁੱਖ ਸਮੱਸਿਆ ਔਰਤਾਂ ਨੂੰ ਪੜ੍ਹਾਉਣ ਲਈ ਰਾਜਸੀ ਇੱਛਾ ਸ਼ਕਤੀ ਦੀ ਘਾਟ ਹੈ। ਇਸ ਕਾਰਨ ਔਰਤਾਂ ਪ੍ਰਤੀ ਸਰਕਾਰ ਦੁਆਰਾ ਚਲਾਇਆ ਕੋਈ ਵੀ ਪ੍ਰੋਗਰਾਮ ਜਾਂ ਨੀਤੀਆਂ ਕਾਮਯਾਬ ਨਹੀਂ ਹੋ ਰਹੀਆਂ। ਔਰਤਾਂ ਦੀ ਸਿੱਖਿਆ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਮੁਫ਼ਤ ਕਿਤਾਬਾਂ, ਯੂਨੀਫਾਰਮ, ਵਜ਼ੀਫ਼ੇ, ਮੁਫ਼ਤ ਸਾਈਕਲ ਪ੍ਰਦਾਨ ਕਰੇ। ਇੰਜ ਔਰਤਾਂ ਦੀ ਸਿੱਖਿਆ ਵਿਚ ਕਾਫ਼ੀ ਸੁਧਾਰ ਆ ਸਕਦਾ ਹੈ।

-ਇੰਦਰਪ੍ਰੀਤ ਕੌਰ। ਮੋਬਾਈਲ ਨੰ. : 98886-90280

Posted By: Sukhdev Singh