-ਪੰਡਿਤਰਾਓ ਧਰੇਨਵਰ

ਰਵਾਇਤੀ ਲੋਕ ਸੰਗੀਤ ਦਾ ਮਾਣ ਈਦੂ ਜੀ ਪਿਛਲੇ ਦਿਨੀਂ ਫਾਨੀ ਜਹਾਨ ਤੋਂ ਰੁਖ਼ਸਤ ਹੋ ਕੇ ਨਿਰੰਕਾਰ ਦੇ ਚਰਨਾਂ 'ਚ ਜਾ ਵਿਰਾਜੇ ਸਨ। ਆਪਣੇ ਗਾਇਕੀ ਦੇ ਸਫ਼ਰ ਦੌਰਾਨ ਕੇਵਲ ਸਾਫ਼-ਸੁਥਰੇ ਗਾਣੇ ਗਾਉਣ ਵਾਲੇ ਈਦੂ ਸ਼ਰੀਫ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਸਮਰਪਿਤ ਸਨ। ਉਨ੍ਹਾਂ ਨੇ ਹਮੇਸ਼ਾ ਸਮਾਜ ਨੂੰ ਸੇਧ ਦੇਣ ਵਾਲੇ ਗਾਣੇ ਗਾਏ ਅਤੇ ਹੱਕ-ਸੱਚ ਦੀ ਰੋਟੀ ਖਾਧੀ। ਉਨ੍ਹਾਂ ਨੇ ਜੀਵਨ ਬਹੁਤ ਤੰਗੀਆਂ-ਤੁਰਸ਼ੀਆਂ 'ਚ ਗੁਜ਼ਾਰਿਆ ਪਰ ਕਦੇ ਵੀ ਪੰਜਾਬੀਅਤ ਨਾਲ ਧਰੋਹ ਨਹੀਂ ਕਮਾਇਆ। ਉਨ੍ਹਾਂ ਸਮਾਜ ਨੂੰ ਢਾਹ ਲਾਉਣ ਵਾਲੇ ਗਾਣੇ ਨਹੀਂ ਗਾਏ। ਇਸਲਾਮ ਧਰਮ ਦੇ ਧਾਰਨੀ ਹੋਣ ਦੇ ਬਾਵਜੂਦ ਉਨ੍ਹਾਂ ਕੇਵਲ ਪੰਜਾਬੀ ਭਾਸ਼ਾ ਵਿਚ ਹੀ ਗਾਣੇ ਗਾਏ। ਉਨ੍ਹਾਂ ਆਪਣੇ ਦੋਹਾਂ ਪੁੱਤਰਾਂ ਦੇ ਹੱਥ ਸਾਰੰਗੀ ਫੜਾ ਕੇ ਕਿਹਾ ਸੀ, ''ਪੁੱਤਰੋ! ਇਹ ਸਾਰੰਗੀ ਵਜਾ ਕੇ ਪੰਜਾਬੀਅਤ ਦੇ ਵਿਹੜੇ ਵਿਚ ਖੜ੍ਹ ਕੇ ਗਾਉਣਾ ਹੈ ਅਤੇ ਹੱਕ, ਸੱਚ ਅਤੇ ਇਮਾਨਦਾਰੀ ਦੀ ਰੋਟੀ ਖਾਣੀ ਹੈ। ਪਟਿਆਲਾ ਦੇ ਪਿੰਡ ਲਾਲੌਡਾ ਵਿਚ ਜਨਮੇ ਈਦੂ ਸ਼ਰੀਫ ਚੰਡੀਗੜ੍ਹ ਦੇ ਨੇੜੇ ਮਨੀਮਾਜਰਾ ਵਿਖੇ ਵਸ ਗਏ ਸਨ।

ਉਨ੍ਹਾਂ ਦੀ ਸਾਰੰਗੀ ਦੀਆਂ ਤਾਰਾਂ ਦੀ ਆਵਾਜ਼ ਅਤੇ ਉਨ੍ਹਾਂ ਦਾ ਦਿਲ ਸਦਾ ਪੰਜਾਬ ਲਈ ਧੜਕਦਾ ਰਿਹਾ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਰਾਸ਼ਟਰਪਤੀ ਮਰਹੂਮ ਅਬਦੁਲ ਕਲਾਮ ਵੀ ਈਦੂ ਸ਼ਰੀਫ ਨੂੰ ਬਹੁਤ ਸੁਣਦੇ ਸਨ। ਕਾਫੀ ਪੁਰਾਣੀ ਗੱਲ ਹੈ ਕਿ ਈਦੂ ਸ਼ਰੀਫ ਦੇ ਲੋਕ ਗੀਤ ਦੇ ਜਾਦੂ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਨੂੰ ਇੰਨਾ ਕੀਲ ਲਿਆ ਸੀ ਕਿ ਉਹ ਤਕਰੀਬਨ ਡੇਢ ਘੰਟਾ ਲਗਾਤਾਰ ਬੈਠੇ ਰਹੇ ਸਨ। ਦੇਸ਼-ਵਿਦੇਸ਼ ਵਿਚ ਬਹੁਤ ਸਾਰੇ ਲੋਕ ਈਦੂ ਸ਼ਰੀਫ ਦੀ ਆਵਾਜ਼ ਦੇ ਦੀਵਾਨੇ ਸਨ। ਉਨ੍ਹਾਂ ਦੇ ਬਹੁਤ ਮਕਬੂਲ ਗਾਣੇ 'ਜ਼ਿੰਦਗੀ ਦੇ ਰੰਗ ਸੱਜਣਾ' ਨੂੰ ਲੋਕ ਵਾਰ-ਵਾਰ ਸੁਣਦੇ ਹਨ। ਈਦੂ ਸ਼ਰੀਫ ਦੀ ਮਹਾਨ ਵਿਰਾਸਤੀ ਕਲਾ ਨੂੰ ਦੇਖ ਕੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਦਾ ਬਹੁਤ ਮਾਣ-ਤਾਣ ਕੀਤਾ ਗਿਆ ਸੀ। ਈਦੂ ਸ਼ਰੀਫ ਦਾ ਗੀਤ 'ਜ਼ਿੰਦਗੀ ਦੇ ਰੰਗ ਸੱਜਣਾ' ਉਦੋਂ ਸਾਰਥਕ ਜਾਪਿਆ ਜਦੋਂ ਉਨ੍ਹਾਂ ਦੀ ਜ਼ਿੰਦਗੀ ਨੇ ਵੀ ਐਸਾ ਰੰਗ ਬਦਲਿਆ ਕਿ ਉਹ ਅਧਰੰਗ ਦੀ ਨਾਮੁਰਾਦ ਬਿਮਾਰੀ ਕਾਰਨ ਸੁਰੀਲੀ ਆਵਾਜ਼ ਗੁਆ ਬੈਠੇ। ਅਧਰੰਗ ਤੋਂ ਪੀੜਤ ਈਦੂ ਸ਼ਰੀਫ ਮਨੀਮਾਜਰਾ ਵਿਖੇ ਇਕ ਟੁੱਟੇ ਹੋਏ ਘਰ ਦੇ ਮੰਜੇ 'ਤੇ ਪੈ ਗਏ। ਮਨੀਮਾਜਰਾ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਹੋਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਈਦੂ ਸ਼ਾਹ ਦੀ ਕੋਈ ਮਦਦ ਨਹੀਂ ਕੀਤੀ ਗਈ। ਕੁਝ ਪ੍ਰਮੁੱਖ ਸ਼ਖ਼ਸੀਅਤਾਂ ਮਸਲਨ ਨਵਜੋਤ ਸਿੰਘ ਸਿੱਧੂ, ਗੁਰਦਾਸ ਮਾਨ, ਹਰਭਜਨ ਮਾਨ, ਫਿਰੋਜ਼ ਖ਼ਾਨ, ਪੰਮੀ ਬਾਈ, ਰਣਜੀਤ ਬਾਵਾ, ਪਵਨ ਕੁਮਾਰ ਬਾਂਸਲ, ਹਰਦੀਪ ਗਿੱਲ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੁਝ ਨੇੜਲੇ ਸਬੰਧੀਆਂ ਨੇ ਆਪਣੇ ਕੋਲੋਂ ਈਦੂ ਸ਼ਾਹ ਦੀ ਮਾਲੀ ਇਮਦਾਦ ਕੀਤੀ ਪਰ ਇਸ ਨਾਲ ਕੁਝ ਦਿਨਾਂ ਤਕ ਹੀ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਿਆ। ਉਨ੍ਹਾਂ ਨੂੰ ਜੀਵਨ ਭਰ ਕੋਈ ਪੈਨਸ਼ਨ ਜਾਂ ਹੋਰ ਮਾਲੀ ਮਦਦ ਕਿਸੇ ਸਰਕਾਰ ਜਾਂ ਕਿਸੇ ਸੰਸਥਾ ਨੇ ਨਹੀਂ ਦਿੱਤੀ।

ਈਦੂ ਸ਼ਰੀਫ ਦੀ ਜ਼ਿੰਦਗੀ ਦੇ ਅੰਤਲੇ ਦਿਨਾਂ ਦੇ ਹਾਲਾਤ ਇੰਨੇ ਮਾੜੇ ਹੋ ਗਏ ਸਨ ਕਿ ਉਹ ਬਿਆਨ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਦੀ ਦੇਹ ਨੂੰ ਉਨ੍ਹਾਂ ਦੇ ਪਿੰਡ ਲਾਲੌਡਾ ਲਿਜਾਣ ਲਈ ਉਨ੍ਹਾਂ ਦੇ ਬੱਚਿਆਂ ਕੋਲ ਪੈਸੇ ਨਹੀਂ ਸਨ। ਈਦੂ ਸ਼ਰੀਫ ਦੀ ਅਜਿਹੀ ਮਾੜੀ ਹਾਲਤ ਲਈ ਸਰਕਾਰ ਦੀ ਕਲਾਕਾਰਾਂ ਦੀ ਮਦਦ ਵਾਸਤੇ ਕੋਈ ਠੋਸ ਨੀਤੀ ਦੀ ਅਣਹੋਂਦ ਜ਼ਿੰਮੇਵਾਰ ਸੀ। ਸਭ ਸਰਕਾਰੀ, ਅਰਧ-ਸਰਕਾਰੀ ਸੰਸਥਾਵਾਂ ਦੇ ਮੁਲਾਜ਼ਮਾਂ ਲਈ ਕੋਈ ਨਾ ਕੋਈ ਪੈਨਸ਼ਨ ਜਾਂ ਬੀਮੇ ਦੀ ਸਹੂਲਤ ਹੈ ਪਰ ਇਹੋ ਜਿਹੇ ਦਰਵੇਸ਼ ਗਾਇਕਾਂ ਲਈ ਨਾ ਤਾਂ ਕੋਈ ਪੈਨਸ਼ਨ ਹੈ ਅਤੇ ਨਾ ਬੀਮੇ ਦੀ ਸਹੂਲਤ। ਜੇ ਸਰਕਾਰ ਈਦੂ ਸ਼ਰੀਫ ਵਰਗੇ ਕਲਾਕਾਰਾਂ ਦੀ ਸੱਚੀ ਹਮਦਰਦ ਹੈ ਅਤੇ ਉਨ੍ਹਾਂ ਦੀ ਕਲਾ ਨੂੰ ਜਿਊਂਦਾ ਰੱਖਣਾ ਚਾਹੁੰਦੀ ਹੈ ਤਾਂ ਉਨ੍ਹਾਂ ਦੀ ਮਦਦ ਲਈ ਕੋਈ ਨਾ ਕੋਈ ਠੋਸ ਨੀਤੀ ਬਣਾਉਣੀ ਪਵੇਗੀ। ਨਹੀਂ ਤਾਂ ਇਹੋ ਜਿਹੇ ਕਲਾਕਾਰਾਂ ਦਾ ਵਜੂਦ ਖ਼ਤਮ ਹੋ ਜਾਵੇਗਾ ਜਿਸ ਦਾ ਪੰਜਾਬ ਦੀ ਵਿਰਾਸਤ ਤੇ ਕਲਾ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਸਰਕਾਰ ਨੂੰ ਈਦੂ ਸ਼ਰੀਫ ਵਰਗੇ ਕਲਾਕਾਰਾਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ।

ਕਰਨਾਟਕ ਸੰਗੀਤ ਦੁਨੀਆ ਭਰ ਵਿਚ ਇਸ ਲਈ ਪ੍ਰਸਿੱਧ ਹੈ ਕਿਉਂਕ ਕਰਨਾਟਕ ਦੇ ਲੋਕ ਆਪਣੇ ਕਲਾਕਾਰਾਂ ਨੂੰ ਰੱਬ ਵਾਂਗ ਪੂਜਦੇ ਹਨ। ਕਰਨਾਟਕ ਦੀ ਕੰਨੜ ਭਾਸ਼ਾ ਨੂੰ 8 ਗਿਆਨਪੀਠ ਐਵਾਰਡ ਇਸ ਲਈ ਮਿਲ ਚੁੱਕੇ ਹਨ ਕਿਉਂਕਿ ਉੱਥੋਂ ਦੇ ਲੋਕ ਲੇਖਕਾਂ ਦਾ ਬਹੁਤ ਸਨਮਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਰਚਨਾਵਾਂ ਨੂੰ ਖ਼ਰੀਦ ਕੇ ਪੜ੍ਹਦੇ ਵੀ ਹਨ। ਦੂਜੇ ਪਾਸੇ ਪੰਜਾਬ ਵਿਚ ਚੰਗੇ, ਇਮਾਨਦਾਰ ਅਤੇ ਵਿਰਾਸਤੀ ਕਲਾਕਾਰਾਂ ਦੀ ਹਾਲਤ ਬਦਤਰ ਹੈ। ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਲੱਚਰਤਾ, ਹਥਿਆਰਾਂ ਅਤੇ ਨਸ਼ਿਆਂ ਬਾਰੇ ਗਾਉਣ ਵਾਲੇ ਕਲਾਕਾਰਾਂ ਨੂੰ ਨਿਰ-ਉਤਸ਼ਾਹਤ ਕਰ ਕੇ ਈਦੂ ਸ਼ਰੀਫ ਵਰਗੇ ਪੰਜਾਬੀਅਤ ਦੇ ਪੱਕੇ ਸੇਵਕਾਂ ਨੂੰ ਗਲਵੱਕੜੀ ਪਾਉਣ। ਈਦੂ ਸ਼ਰੀਫ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ 15 ਜਨਵਰੀ ਨੂੰ ਮਨੀਮਾਜਰਾ ਦੀ ਖਟੀਕ ਧਰਮਸ਼ਾਲਾ ਵਿਚ ਹੋਵੇਗੀ।

-(ਸਹਾਇਕ ਪ੍ਰੋਫੈਸਰ, ਸਰਕਾਰੀ ਕਾਲਜ,ਸੈਕਟਰ-46, ਚੰਡੀਗੜ੍ਹ)।

-ਮੋਬਾਈਲ ਨੰ. : 99883-51695

Posted By: Rajnish Kaur