-ਡਾ. ਲਕਸ਼ਮੀ ਨਰਾਇਣ ਭੀਖੀ

-ਆਕਸਫੈਮ ਦੀ ਨਵੀਂ ਰਿਪੋਰਟ ਦੱਸਦੀ ਹੈ ਕਿ ਭਾਰਤ ਦੇ ਇਕ ਫ਼ੀਸਦੀ ਅਰਬਪਤੀਆਂ ਕੋਲ 70 ਫ਼ੀਸਦੀ ਗ਼ਰੀਬਾਂ ਦੀ ਕੁੱਲ ਆਮਦਨ ਤੋਂ ਵੀ ਚਾਰ ਗੁਣਾ ਵੱਧ ਧਨ ਮੌਜੂਦ ਹੈ। ਹੁਣ ਉਹ ਦਿਨ ਵੀ ਦੂਰ ਨਹੀਂ, ਜਦੋਂ ਭਾਰਤ ਅਤੇ ਵਿਸ਼ਵ ਦੇ ਇਕ ਫ਼ੀਸਦੀ ਅਰਬਪਤੀਆਂ ਕੋਲ 99 ਫ਼ੀਸਦੀ ਧਨ ਹੋਵੇਗਾ ਅਤੇ ਦੁਨੀਆ ਸਮੇਤ ਸਾਡੇ ਮੁਲਕ ਦੇ 99 ਫ਼ੀਸਦੀ ਗ਼ਰੀਬ ਲੋਕਾਂ ਕੋਲ 1 ਫ਼ੀਸਦੀ ਧਨ ਵੀ ਨਹੀਂ ਹੋਵੇਗਾ।

ਅਜਿਹੀ ਅਸਾਵੀਂ ਆਰਥਿਕ ਵਿਵਸਥਾ 'ਚ ਦੁਨੀਆ ਦੇ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਨੂੰ ਕੁਝ ਗਿਣਤੀ ਦੇ ਅਰਬਪਤੀ ਹੀ ਬਣਾਇਆ ਕਰਨਗੇ। ਉਹੀ ਰਿਮੋਟ ਕੰਟਰੋਲ ਰਾਹੀਂ ਉਨ੍ਹਾਂ ਨੂੰ ਚਲਾਇਆ ਕਰਨਗੇ ਅਤੇ ਵੱਖ-ਵੱਖ ਮੁਲਕਾਂ ਦੇ ਸਰਕਾਰੀ ਬਜਟ ਵੀ ਉਨ੍ਹਾਂ ਦੇ ਨਿਰਦੇਸ਼ਾਂ/ਆਦੇਸ਼ਾਂ ਅਤੇ ਇਸ਼ਾਰਿਆਂ ਨਾਲ ਬਣਾਏ ਜਾਇਆ ਕਰਨਗੇ। ਇਸ ਵੇਲੇ ਭਾਰਤ ਦੇ 66 ਅਰਬਪਤੀਆਂ ਦੀ ਕੁੱਲ ਸੰਪਤੀ ਮੁਲਕ ਦੇ 2018-19 ਦੇ ਬਜਟ ਤੋਂ 24, 42, 200 ਕਰੋੜ ਰੁਪਈਏ ਤੋਂ ਕਿਤੇ ਵੱਧ ਹੈ।

ਇਸ ਤਰ੍ਹਾਂ ਦੀ ਸਮਾਜਿਕ ਨਾਬਰਾਬਰੀ ਵਾਲੀ ਸਥਿਤੀ ਕਾਰਨ ਆਮ ਲੋਕਾਂ ਵਿਚ ਅਸ਼ਾਂਤੀ ਵਾਲਾ ਮਾਹੌਲ ਬਣ ਰਿਹਾ ਹੈ। ਗੰਭੀਰ ਆਰਥਿਕ ਸੰਕਟ ਕਾਰਨ ਘਰਾਂ ਅੰਦਰ ਲੜਾਈਆਂ ਅਤੇ ਮੁਲਕਾਂ ਦੇ ਆਪਸੀ ਝਗੜੇ ਹੋਰ ਵੱਧ ਜਾਣਗੇ। ਇਨ੍ਹਾਂ ਵੱਧ ਰਹੇ ਆਰਥਿਕ ਪਾੜਿਆਂ ਤੋਂ ਛੁਟਕਾਰੇ ਲਈ ਲੋਕ ਪੱਖੀ ਕਹਾਉਣ ਵਾਲੀਆਂ ਦ੍ਰਿਸ਼ਟੀਆਂ ਅੰਦਰਲੇ ਭੈਂਗ ਨੂੰ ਸਮਝਣਾ ਵੀ ਜ਼ਰੂਰੀ ਹੈ। ਇਸ ਤਰ੍ਹਾਂ ਦੀ ਨਾਬਰਾਬਰੀ ਵਾਲੀ ਸਥਿਤੀ ਲਈ ਜਿੱਥੇ ਵਿਸ਼ਵ ਦਾ ਪੂੰਜੀਵਾਦੀ ਨਿਜ਼ਾਮ ਅਤੇ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ, ਉੱਥੇ ਹੀ ਲੋਕ-ਪੱਖੀ ਕਹਾਉਣ ਵਾਲੀਆਂ ਸ਼ਕਤੀਆਂ ਵੀ ਦੋਸ਼ੀ ਹਨ ਕਿਉਂਕਿ ਉਹ 70% ਲੋਕਾਂ ਦੀ ਨੁਮਾਇੰਦਗੀ ਕਰਨ 'ਚ ਅਸਮਰੱਥ ਰਹੀਆਂ ਹਨ। ਫ਼ਿਲਹਾਲ ਲੋਕਾਂ ਨੂੰ ਸੰਕਟਾਂ ਤੋਂ ਮੁਕਤ ਕਰਨ ਲਈ ਚਾਰ ਦ੍ਰਿਸ਼ਟੀਆਂ ਅਹਿਮ ਮੰਨੀਆਂ ਜਾ ਸਕਦੀਆਂ ਹਨ ਮਸਲਨ ਦਿੱਬ-ਦ੍ਰਿਸ਼ਟੀ, ਦੂਰ-ਦ੍ਰਿਸ਼ਟੀ, ਸਾਧਾਰਨ-ਦ੍ਰਿਸ਼ਟੀ ਅਤੇ ਦ੍ਰਿਸ਼ਟੀਹੀਣਤਾ। ਪਹਿਲੀ ਦ੍ਰਿਸ਼ਟੀ ਉਹ ਹੁੰਦੀ ਹੈ ਜਿਸ ਵਿਚ ਦਿੱਬ-ਦ੍ਰਿਸ਼ਟੀ ਵਾਲੇ ਆਗੂ ਲੋਕਾਂ ਦੀ ਅਗਵਾਈ ਕਰਦਿਆਂ ਹੋਇਆਂ ਆਉਣ ਵਾਲੇ ਸੰਕਟਾਂ ਪ੍ਰਤੀ ਪਹਿਲਾਂ ਹੀ ਭਵਿੱਖਬਾਣੀ ਕਰ ਦਿੰਦੇ ਹਨ ਕਿ ਅਗਾਂਹ ਕੀ ਸੰਕਟ ਆਉਣ ਵਾਲੇ ਹਨ ਅਤੇ ਰਸਤੇ ਵਿਚ ਕਿੱਥੇ-ਕਿੱਥੇ ਟੋਏ, ਟਿੱਬੇ ਅਤੇ ਉਚਾਣਾਂ/ਨਿਵਾਣਾਂ ਹਨ। ਦੂਜੀ ਦੂਰ-ਦ੍ਰਿਸ਼ਟੀ ਵਾਲੇ ਆਗੂ ਟੋਏ ਵਿਚ ਡਿੱਗਣ ਤੋਂ ਪਹਿਲਾਂ ਹੀ ਸਮਾਜ ਨੂੰ ਰਸਤਾ ਬਦਲ ਲੈਣ ਦੀ ਸਲਾਹ ਦਿੰਦੇ ਹਨ।

ਉਹ ਲੋਕਾਂ ਨੂੰ ਵਰਤਮਾਨ ਸੰਕਟਾਂ ਦੇ ਖੂਹ ਵਿਚ ਡਿੱਗਣੋਂ ਬਚਾ ਲੈਂਦੇ ਹਨ। ਇਸ ਤਰ੍ਹਾਂ ਦੀ ਲੀਡਰਸ਼ਿਪ ਵਰਤਮਾਨ ਵਰਤਾਰਿਆਂ ਨਾਲ ਇਕਮਿਕ ਹੁੰਦੀ ਹੈ। ਉਸ ਨੂੰ ਲੋਕ-ਪੱਖੀ ਯੁੱਧ ਕਰਨ ਦੀ ਜਾਚ ਹੁੰਦੀ ਹੈ। ਤੀਜੀ-ਸਧਾਰਨ ਦ੍ਰਿਸ਼ਟੀ ਵਾਲੇ ਆਗੂ ਉਨ੍ਹਾਂ ਨੂੰ ਆਖਿਆ ਜਾ ਸਕਦਾ ਹੈ ਕਿ ਜਦੋਂ ਲੋਕ ਸੰਕਟਾਂ ਵਿਚ ਘਿਰ ਜਾਂਦੇ ਹਨ ਅਤੇ ਟੋਇਆਂ ਵਿਚ ਡਿੱਗ ਜਾਂਦੇ ਹਨ, ਅਜਿਹੇ ਆਗੂ ਆਪਣੀ ਚੇਤਨ ਦ੍ਰਿਸ਼ਟੀ ਨਾਲ ਟੋਏ ਵਿਚ ਡਿੱਗੀ ਖਲਕਤ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਕੱਢ ਲੈਂਦੇ ਹਨ। ਚੌਥੀ ਕਿਸਮ ਵਾਲੇ ਦ੍ਰਿਸ਼ਟੀਹੀਣ ਆਗੂ ਲੋਕਾਂ ਦੇ ਨਾਲ-ਨਾਲ ਆਪ ਵੀ ਟੋਏ ਵਿਚ ਡਿੱਗ ਜਾਂਦੇ ਹਨ।

ਉੱਥੋਂ ਉਹ ਨਾ ਤਾਂ ਲੋਕਾਂ ਨੂੰ ਬਾਹਰ ਕੱਢ ਸਕਦੇ ਹਨ, ਨਾ ਉਨ੍ਹਾਂ ਕੋਲ ਬਾਹਰ ਨਿਕਲਣ ਲਈ ਕੋਈ ਦ੍ਰਿਸ਼ਟੀ ਹੁੰਦੀ ਹੈ। ਲੱਗਦਾ ਹੈ ਕਿ ਪੂੰਜੀਵਾਦੀ ਵਰਤਾਰੇ ਨੇ ਦ੍ਰਿਸ਼ਟੀ ਵਾਲੇ ਲੋਕਾਂ ਦੀ ਸੋਚ 'ਤੇ ਅਜਿਹਾ ਕਾਲਾ ਜਾਦੂ ਧੂੜਿਆ ਹੈ ਕਿ ਬਹੁਤਿਆਂ ਨੂੰ ਦ੍ਰਿਸ਼ਟੀਹੀਣ ਬਣਾ ਦਿੱਤਾ ਹੈ। ਵੱਡੀਆਂ ਵੱਡੀਆਂ ਦਿੱਬ-ਦ੍ਰਿਸ਼ਟੀਆਂ, ਦੂਰ-ਦ੍ਰਿਸ਼ਟੀਆਂ ਅਤੇ ਸਾਧਾਰਨ-ਦ੍ਰਿਸ਼ਟੀਆਂ ਪੂੰਜੀਵਾਦੀ ਵਰਤਾਰੇ ਨੇ ਰੋਲ ਕੇ ਰੱਖ ਦਿੱਤੀਆਂ ਹਨ। ਇੱਥੇ ਮੈਨੂੰ ਗੁਰਸ਼ਰਨ ਭਾਅ ਜੀ ਦਾ ਨਾਟਕ 'ਟੋਆ' ਯਾਦ ਆਉਂਦਾ ਹੈ ਜਿਸ 'ਚ ਉਨ੍ਹਾਂ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਟੋਏ ਵਿਚ ਡਿੱਗਿਆ ਮਹਿਸੂਸ ਕੀਤਾ। ਡਿੱਗੇ ਇਨਸਾਨ ਨੂੰ ਟੋਏ ਵਿੱਚੋਂ ਨਿਕਲਣ ਲਈ ਸਮੇਂ ਦੀਆਂ ਸਰਕਾਰਾਂ, ਵਿਚਾਰਵਾਨਾਂ, ਪੱਤਰਕਾਰਾਂ, ਸਾਧਾਂ/ਅਧਿਆਤਮਵਾਦੀਆਂ ਅਤੇ ਲੋਕ-ਪੱਖੀ ਆਗੂਆਂ ਨੇ ਆਪੋ-ਆਪਣੇ ਵਿਚਾਰ ਅਤੇ ਸਿਧਾਂਤਕ ਪ੍ਰਸਤਾਵ ਤਾਂ ਪੇਸ਼ ਕੀਤੇ ਪਰ ਅਮਲ ਨਹੀਂ ਹੋਇਆ। ਟੋਏ ਵਿਚਲਾ ਆਦਮੀ ਟੋਏ 'ਚ ਰਿਹਾ ਜੋ ਅੱਜ ਵੀ ਉਵੇਂ ਹੀ ਟੋਏ ਵਿਚ ਡਿੱਗਿਆ ਪਿਆ ਹੈ। ਅਜਿਹੀ ਸਥਿਤੀ ਅੱਜ ਵਿਸ਼ਵ ਦੇ ਆਮ ਲੋਕਾਂ ਦੀ ਬਣੀ ਹੋਈ ਹੈ ਕਿ ਲੋਕਾਂ ਨੂੰ ਸੰਕਟਾਂ ਦੇ ਟੋਏ ਅਤੇ ਵਿਸ਼ਵੀਕਰਨ ਦੇ ਚੱਕਰਵਿਊ ਵਿੱਚੋਂ ਕੌਣ ਕੱਢੇਗਾ?

ਇਸ ਦੇ ਬਹੁਤ ਸਾਰੇ ਕਾਰਨ ਹਨ ਕਿ ਦੁਨੀਆ ਭਰ ਦੇ ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਇਕਜੁੱਟ ਕਰਨ ਵਾਲੇ ਆਗੂ ਖ਼ੁਦ ਪਾਟੋਧਾੜ ਦਾ ਸ਼ਿਕਾਰ ਹੋਏ ਪਏ ਹਨ। ਜਿਵੇਂ ਕਿਸੇ ਹੁਕਮਰਾਨ ਨੂੰ ਆਪਣੀ ਸੱਤਾ/ਕੁਰਸੀ ਛੱਡਣੀ ਔਖੀ ਹੁੰਦੀ ਹੈ, ਉਵੇਂ ਹੀ ਕੱਟੜ ਵਿਚਾਰਾਂ ਦੇ ਧਾਰਨੀ ਆਗੂ ਆਪਣੇ ਵਿਚਾਰਾਂ ਨੂੰ ਦੂਜਿਆਂ 'ਤੇ ਥੋਪਦੇ ਰਹਿੰਦੇ ਹਨ। ਵਿਚਾਰਾਂ ਦਾ ਤਿਆਗ਼ ਕੁਰਸੀ ਦੇ ਤਿਆਗ ਤੋਂ ਵੀ ਕਿਤੇ ਵੱਡਾ ਹੋ ਜਾਂਦਾ ਹੈ।

ਦੂਜੀ ਤਰ੍ਹਾਂ ਦੇ ਆਗੂ ਦਲਿਤ ਲੋਕਾਂ ਦੇ ਅਖੌਤੀ ਮਸੀਹੇ ਹਨ। ਕੁਝ ਦਲਿਤ ਆਗੂ ਅਮੀਰ ਲੋਕਾਂ ਨਾਲ ਸਤਿਕਾਰ ਭਰਿਆ ਵਰਤਾਅ ਕਰਦੇ ਹਨ ਜਦਕਿ ਆਰਥਿਕ ਅਤੇ ਸਮਾਜੀ ਤੌਰ 'ਤੇ ਪੱਛੜੇ ਅਤੇ ਗ਼ਰੀਬ ਲੋਕਾਂ ਨਾਲ ਅਮੀਰਾਂ ਵਾਂਗ ਵਿਤਕਰੇ ਵਾਲਾ ਵਿਹਾਰ ਕਰਦੇ ਹਨ। ਅਜਿਹੇ ਅਖੌਤੀ ਆਗੂਆਂ ਦੀ ਸੋਚ ਬਰਾਬਰੀ ਵਾਲੀ ਅਤੇ ਕੁਦਰਤ ਵਾਂਗ ਇਕਸਾਰਤਾ ਵਾਲੀ ਨਹੀਂ ਹੁੰਦੀ। ਤੀਜੀ ਧਿਰ ਧਾਰਮਿਕ ਸੋਚ ਦੇ ਧਾਰਨੀ ਆਗੂਆਂ ਦੀ ਆਖੀ ਜਾ ਸਕਦੀ ਹੈ। ਜੋ ਜਾਤੀਵਾਦ, ਜਮਾਤੀ ਕਿਸਮ ਸਭ ਤਰ੍ਹਾਂ ਦੀਆਂ ਵੰਡੀਆਂ ਨੂੰ ਮੰਨਦੇ ਨਹੀਂ, ਜਿਨ੍ਹਾਂ ਦੀ ਦ੍ਰਿਸ਼ਟੀ ਅਨੁਸਾਰ ਸਾਰੀ ਸ੍ਰਿਸ਼ਟੀ ਦੇ ਲੋਕ ਅਤੇ ਸਭ ਜੂਨੀਆਂ ਬਰਾਬਰ ਹਨ। ਉਹ ਆਗੂ/ਨੇਤਾ ਮਾਇਆ ਨੂੰ ਨਾਗਣੀ ਆਖਦੇ ਹਨ, ਨੀਚਾਂ ਅੰਦਰਲੇ ਨੀਚਾਂ ਨਾਲ ਖੜ੍ਹਨ ਦਾ ਤਹੱਈਆ ਕਰਦੇ ਹਨ। ਉਹ ਉੱਪਰੋਂ ਧਰਮੀ-ਕਰਮੀ ਲੱਗਦੇ ਹਨ ਪਰ ਅੰਦਰੋਂ ਮਨਮੁਖ ਹੁੰਦੇ ਹਨ। ਜੇ ਤਿੰਨੇ ਧਿਰਾਂ ਵਿਚ ਕਹਿਣੀ ਅਤੇ ਕਰਨੀ ਦਾ, ਅਮਲ ਅਤੇ ਸਿਧਾਂਤਾਂ ਦਾ ਵਿਤਕਰੇ ਭਰਿਆ ਵਤੀਰਾ ਨਾ ਹੁੰਦਾ ਤਾਂ ਘੱਟ ਤੋਂ ਘੱਟ 70% ਲੋਕਾਂ ਦੀ ਤਰਜਮਾਨੀ ਕਰਨ ਵਾਲੇ ਇਹ ਆਗੂ ਸਾਡੇ ਮੁਲਕ ਦਾ ਇਹ ਹਸ਼ਰ ਨਾ ਹੋਣ ਦਿੰਦੇ।

ਇਨ੍ਹਾਂ ਆਗੂਆਂ ਨੂੰ ਜਦੋਂ ਵੀ ਪੁੱਛੋ ਤਾਂ ਇਹ ਕੁਰਸੀਧਾਰੀ ਵਿਚਾਰਧਾਰਾ ਨੂੰ ਲਾਗੂ ਕਰਨ ਵਾਲੇ ਦਲਿਤ ਆਗੂ, ਦੂਜੇ ਦਲਿਤ ਆਗੂਆਂ ਨੂੰ ਦੋਸ਼ੀ ਜਾਂ ਮਹਾਦੋਸ਼ੀ ਮੰਨਦੇ ਹਨ। ਇਵੇਂ ਹੀ ਮਾਰਕਸਵਾਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਆਗੂ ਜਿੱਥੇ ਪੂੰਜੀਵਾਦੀ ਸ਼੍ਰੇਣੀ ਨੂੰ ਵਰਤਮਾਨ ਹਾਲਤ ਲਈ ਕਸੂਰਵਾਰ ਮੰਨਦੇ ਹਨ, ਉੱਥੇ ਹੀ ਸਮਾਜ ਵਿਚ ਕਾਰਜਸ਼ੀਲ ਹੋਰਨਾਂ ਸਮਾਜਵਾਦੀ ਗਰੁੱਪਾਂ ਦੀ ਵਿਚਾਰਧਾਰਾ ਨੂੰ ਮੁੱਖ ਅੜਿੱਕਾ ਮੰਨਦੇ ਹਨ ਪਰ ਕਦੇ ਵੀ ਸਵੈ-ਪੜਚੋਲ ਨਹੀਂ ਕਰਦੇ। ਇਵੇਂ ਹੀ ਅਧਿਆਤਮ ਨਾਲ ਜੁੜੇ ਧਾਰਮਿਕ ਲੀਡਰ, ਇਨਕਲਾਬੀ ਧਿਰਾਂ ਦੀ ਨਾਸਤਕ ਸੋਚ ਨੂੰ ਇੱਕੋ-ਇਕ ਕਾਰਨ ਮੰਨਦੇ ਹਨ ਜਾਂ ਵਰਤਮਾਨ ਸਥਿਤੀ ਨੂੰ ਕੁਦਰਤ ਦਾ ਭਾਣਾ ਮੰਨ ਲੈਂਦੇ ਹਨ। ਜਦੋਂਕਿ ਧਾਰਮਿਕ ਦ੍ਰਿਸ਼ਟੀ ਨਾ ਤਾਂ ਦੂਜੇ ਮਨੁੱਖਾਂ/ਗਰੁੱਪਾਂ ਨੂੰ ਦੋਸ਼ੀ ਮੰਨਦੀ ਹੈ ਅਤੇ ਨਾ ਹੀ ਕਿਸੇ ਜਮਾਤ ਨੂੰ। ਉਹ ਮਨੁੱਖ ਅਤੇ ਮੁਲਕਾਂ ਦੀ ਹੋਣੀ ਲਈ ਖ਼ੁਦ ਨੂੰ ਜ਼ਿੰਮੇਵਾਰ ਮੰਨਦੇ ਹਨ। ਸੋ ਉਕਤ ਸਮੀਖਿਆ ਦ੍ਰਿਸ਼ਟੀ ਅਨੁਸਾਰ ਅਜੇ ਤਕ ਤਿੰਨਾਂ ਵਿਚੋਂ ਕਿਸੇ ਵੀ ਧਿਰ ਨੇ ਆਤਮ ਚਿੰਤਨ ਨਹੀਂ ਕੀਤਾ। ਜਦੋਂਕਿ ਦੁਨੀਆ ਦੇ ਅਮੀਰ ਮੁਲਕਾਂ ਨੇ ਆਪਣੀਆਂ ਆਪਸੀ ਵਿਰੋਧਤਾਈਆਂ ਘਟਾ ਲਈਆਂ ਹਨ। ਲੋਕ-ਪੱਖੀ ਕਹਾਉਣ ਵਾਲੀਆਂ ਇਨ੍ਹਾਂ ਸ਼ਕਤੀਆਂ ਨੇ ਆਪਸੀ ਮਤਭੇਦ ਘਟਾਉਣ ਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ। ਬਲਕਿ ਇਨ੍ਹਾਂ ਦੇ ਅੰਤਰ-ਵਿਰੋਧ ਦਿਨੋ-ਦਿਨ ਵੱਧ ਰਹੇ ਹਨ।

ਸੰਸਾਰੀਕਰਨ ਦੇ ਦੌਰ ਵਿਚ ਬਹੁ-ਕੌਮੀ ਕੰਪਨੀਆਂ ਅਤੇ ਵਰਤਮਾਨ ਸਰਕਾਰਾਂ ਨੇ ਲੋਕਾਂ ਨੂੰ ਲੁੱਟਣ ਲਈ ਸਾਂਝੇ ਪ੍ਰੋਗਰਾਮ ਘੜ ਲਏ ਹਨ। ਇਹ ਬਹੁ-ਕੌਮੀ ਕੰਪਨੀਆਂ ਵੱਖ-ਵੱਖ ਤਰੀਕਿਆਂ ਨਾਲ ਸੰਸਾਰ ਦੇ ਲੋਕਾਂ ਨੂੰ ਲੁੱਟਣ ਲਈ ਨਿੱਤ ਨਵੀਆਂ ਤੋਂ ਨਵੀਆਂ ਯੋਜਨਾਵਾਂ ਬਣਾ ਰਹੀਆਂ ਹਨ। ਲਘੂ ਉਦਯੋਗਾਂ ਦਾ ਤਾਂ ਜਿਵੇਂ ਭੋਗ ਹੀ ਪੈ ਗਿਆ ਹੈ। ਕਿਰਤੀ-ਕਿਸਾਨਾਂ ਦੀ ਗਾੜ੍ਹੇ ਪਸੀਨੇ ਦੀ ਕਮਾਈ ਨਾਲ ਘਰਾਂ ਦਾ ਗੁਜ਼ਾਰਾ ਮੁਸ਼ਕਲ ਹੋ ਰਿਹਾ ਹੈ। ਹੱਥੀਂ ਕਾਰ ਤੋਂ ਵੈਸੇ ਵੀ ਨਵੀਂ ਪੀੜ੍ਹੀ ਕਿਨਾਰਾ ਕਰ ਰਹੀ ਹੈ। ਲੋਕਾਂ ਤੇ ਜੋਕਾਂ ਦਾ ਪਾੜਾ ਦਿਨ-ਬਦਿਨ ਵੱਧ ਰਿਹਾ ਹੈ ਜੋ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ।

ਇਸ ਕਾਰਨ ਆਰਥਿਕ-ਸਮਾਜਿਕ ਪਾੜੇ ਦਿਨੋ-ਦਿਨ ਵੱਧ ਰਹੇ ਹਨ ਜੋ ਸਭ ਪੁਆੜਿਆਂ ਦੀ ਜੜ੍ਹ ਹਨ। ਇਨ੍ਹਾਂ ਪਾੜਿਆਂ ਨੂੰ ਦੂਰ ਕਰਨ ਲਈ ਲੋਕ-ਪੱਖੀ ਸ਼ਕਤੀਆਂ ਨੂੰ ਵਰਤਮਾਨ ਪੂੰਜੀਵਾਦ ਖ਼ਿਲਾਫ਼ ਸਾਂਝਾ ਮੋਰਚਾ ਬਣਾ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਜੇਕਰ ਇਨ੍ਹਾਂ ਸਮਾਜਵਾਦੀ ਆਗੂਆਂ ਅਤੇ ਦਲਿਤ-ਪੱਖੀ ਆਗੂਆਂ ਅਤੇ ਦੁਨੀਆ ਨੂੰ ਦਿੱਬ-ਦ੍ਰਿਸ਼ਟੀ ਨਾਲ ਦੇਖਣ ਵਾਲੇ ਲੋਕ-ਪੱਖੀ ਧਾਰਮਿਕ ਲੀਡਰਾਂ ਨੇ ਸਾਂਝੇ ਮੁੱਦਿਆਂ 'ਤੇ ਰਲ-ਮਿਲ ਕੇ ਸੰਘਰਸ਼ ਨਾ ਕੀਤਾ ਤਾਂ ਦੁਨੀਆ ਦੀ ਹਾਲਤ ਹੋਰ ਵੀ ਬਦਤਰ ਹੋ ਜਾਵੇਗੀ। ਇਸ ਸਭ ਵਾਸਤੇ ਇਨ੍ਹਾਂ ਆਗੂਆਂ ਦੀਆਂ ਮਾਰੂ ਦ੍ਰਿਸ਼ਟੀਆਂ ਅਤੇ ਆਪਸੀ ਪੁਆੜੇ ਹੀ ਜ਼ਿੰਮੇਵਾਰ ਹੋਣਗੇ ਅਤੇ ਇਤਿਹਾਸ ਇਨ੍ਹਾਂ ਨੂੰ ਕਦੇ ਵੀ ਮਾਫ਼ ਨਹੀਂ ਕਰੇਗਾ।

-ਮੋਬਾਈਲ ਨੰ. : 96461-11669

Posted By: Jagjit Singh