ਮਨੁੱਖ ਦੀ ਜੂਨ ਨੂੰ ਹੋਰ ਸਭ ਜੂਨਾਂ ਨਾਲੋਂ ਉੱਤਮ ਮੰਨਿਆ ਗਿਆ ਹੈ। ਪਰਮਾਤਮਾ ਨੇ ਉਸ ਨੂੰ ਸਭ ਜੀਵ-ਜੰਤੂਆਂ ਨਾਲੋਂ ਵੱਧ ਬੁੱਧੀ ਬਖ਼ਸ਼ੀ ਹੈ ਜਿਸ ਸਹਾਰੇ ਉਹ ਉਨ੍ਹਾਂ ਨਾਲੋਂ ਵਿਲੱਖਣ ਬਣ ਜਾਂਦਾ ਹੈ। ਉਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਦਸਾਂ ਨਹੁੰਆਂ ਦੀ ਕਿਰਤ-ਕਮਾਈ ਕਰ ਕੇ ਆਪਣੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਕਰੇ ਅਤੇ ਆਪਣੀ ਕਮਾਈ ’ਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਮਦਦ ਕਰੇ ਪਰ ਤ੍ਰਾਸਦੀ ਇਹ ਹੈ ਕਿ ਅੱਜਕੱਲ੍ਹ ਜ਼ਿਆਦਾਤਰ ਮਨੁੱਖ ਪਰਉਪਕਾਰ ਦੀ ਥਾਂ ਆਪਣੇ ਘਰ ਭਰਨ ਨੂੰ ਤਰਜੀਹ ਦੇ ਰਹੇ ਹਨ।

ਇਸ ਕੰਮ ਲਈ ਉਹ ਹਰ ਜਾਇਜ਼-ਨਾਜਾਇਜ਼ ਕੰਮ ਕਰਨ ਤੋਂ ਪਿਛਾਂਹ ਨਹੀਂ ਹਟਦੇ। ਪਿਛਲੇ ਸਮਿਆਂ ਵੱਲ ਦੇਖਿਆ ਜਾਵੇ ਤਾਂ ਮਿਹਨਤ ਪੁੰਨ-ਦਾਨ, ਸੇਵਾ, ਕਿਰਤ, ਦਸਵੰਧ, ਦਇਆ, ਸਬਰ-ਸੰਤੋਖ, ਪ੍ਰੇਮ, ਸਹਿਣਸ਼ੀਲਤਾ, ਨਿਮਰਤਾ ਜਿਹੇ ਗੁਣਾਂ ਨਾਲ ਮਨੁੱਖ ਭਰੇ ਹੁੰਦੇ ਸਨ ਪਰ ਅੱਜ ਸਾਡੀ ਨੌਜਵਾਨ ਪੀੜ੍ਹੀ ਅਜਿਹੇ ਗੁਣਾਂ ਤੋਂ ਦੂਰ ਹੁੰਦੀ ਜਾ ਰਹੀ ਹੈ।

ਕਿਰਤ ਸਾਡੀ ਆਰਥਿਕ ਸਥਿਤੀ ਵਿਚ ਸੁਧਾਰ ਕਰਨ ਦੇ ਨਾਲ-ਨਾਲ ਮਾਨਸਿਕ ਸਥਿਤੀ ਨੂੰ ਵੀ ਵਧੀਆ ਰੱਖਦੀ ਹੈ। ਇਸ ਸਹਾਰੇ ਸਿਹਤ ਵੀ ਚੰਗੀ ਰਹਿੰਦੀ ਹੈ। ਇਸ ਸਦਕਾ ਕਈ ਤਰ੍ਹਾਂ ਦੀਆਂ ਮੁਸੀਬਤਾਂ ਤੋਂ ਬਚਿਆ ਜਾ ਸਕਦਾ ਹੈ। ਕਿਰਤ ਵਿਹੂਣਾ ਮਨੁੱਖ ਕਈ ਤਰ੍ਹਾਂ ਦੇ ਵਿਕਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ। ਉਹ ਡਿਪ੍ਰੈਸ਼ਨ ਵਿਚ ਆ ਕੇ ਨਸ਼ੇ ਕਰਨ ਲੱਗਦਾ ਹੈ।

ਅਪਰਾਧਾਂ ਦਾ ਦਾਮਨ ਫੜ ਲੈਂਦਾ ਹੈ ਜਿਸ ਸਦਕਾ ਉਸ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਖ਼ੁਦ ਨੂੰ ਚੁਫੇਰਿਓਂ ਫਸਿਆ ਦੇਖ ਕੇ ਕਈ ਵਾਰ ਤਾਂ ਉਹ ਖ਼ੁਦਕੁਸ਼ੀ ਦਾ ਰਾਹ ਵੀ ਚੁਣ ਲੈਂਦਾ ਹੈ। ਜੋ ਲੋਕ ਮਿਹਨਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੇ ਹਨ ਉਹ ਹਰ ਮੋਰਚੇ ’ਤੇ ਝੰਡੇ ਗੱਡਦੇ ਜਾਂਦੇ ਹਨ। ਜ਼ਿੰਦਗੀ ਆਪਣੇ ਦਮ ’ਤੇ ਗੁਜ਼ਾਰਨੀ ਚਾਹੀਦੀ ਹੈ। ਹੋਰਾਂ ਦੇ ਸਹਾਰੇ ਅਰਥੀ ਉੱਠਦੀ ਹੈ।

ਵਧੀਆ ਜ਼ਿੰਦਗੀ ਜਿਊਣ ਲਈ ਕਿਰਤ ਕਰਨ ਦੀ ਆਦਤ ਪਾਉਣੀ ਬਹੁਤ ਜ਼ਰੂਰੀ ਹੈ। ਜੋ ਮਨੁੱਖ ਇਮਾਨਦਾਰੀ ਨਾਲ ਕਿਰਤ-ਕਮਾਈ ਕਰਦਾ ਹੈ, ਪਰਮਾਤਮਾ ਉਸ ਦਾ ਸਾਥ ਜ਼ਰੂਰ ਦਿੰਦਾ ਹੈ। ਮਿਹਨਤ, ਇਮਾਨਦਾਰੀ ਨਾਲ ਕੀਤੀ ਕਮਾਈ ਕਾਰਨ ਮਨੁੱਖ ਨੂੰ ਸਕੂਨ ਮਿਲਦਾ ਹੈ।

ਦੂਜੇ ਬੰਨੇ ਜੋ ਲੋਕ ਬੇਈਮਾਨੀ, ਰਿਸ਼ਵਤਖੋਰੀ, ਹੋਰਾਂ ਦਾ ਹੱਕ ਮਾਰ ਕੇ ਜਾਂ ਹੋਰ ਗ਼ਲਤ ਤਰੀਕਿਆਂ ਨਾਲ ਧਨ ਇਕੱਠਾ ਕਰਦੇ ਹਨ, ਉਹ ਅਜਿਹੀ ਕਮਾਈ ਸਦਕਾ ਸੁੱਖ-ਸਹੂਲਤਾਂ ਦਾ ਆਨੰਦ ਤਾਂ ਮਾਣ ਸਕਦੇ ਹਨ ਅਤੇ ਲੋਕਾਂ ’ਚ ਵਾਹ-ਵਾਹ ਜ਼ਰੂਰ ਖੱਟ ਸਕਦੇ ਹਨ ਪਰ ਆਤਮਿਕ ਸ਼ਾਂਤੀ, ਪਵਿੱਤਰਤਾ, ਇਮਾਨਦਾਰੀ ਅਤੇ ਰੱਬੀ ਰਹਿਮਤ ਤੋਂ ਵਾਂਝੇ ਰਹਿ ਜਾਂਦੇ ਹਨ।

ਹਰੇਕ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਕਾਮ, ਕਰੋਧ, ਲੋਭ, ਮੋਹ, ਹੰਕਾਰ ਤੇ ਵਿਹਲੜਪੁਣੇ ਵਰਗੇ ਔਗੁਣਾਂ ਨੂੰ ਤਿਆਗਣ ਲਈ ਜੀਅਤੋੜ ਯਤਨ ਕਰੇ। ਉਹ ਦਇਆ-ਭਾਵਨਾ, ਪੁੰਨ-ਦਾਨ ਤੇ ਹਮਦਰਦੀ ਵਾਲੇ ਗੁਣਾਂ ਨੂੰ ਅਪਣਾ ਲਏ ਅਤੇ ਮਿਹਨਤਕਸ਼ਾਂ ਦਾ ਸਾਥ ਦੇਵੇ ਤਾਂ ਕਿ ਨਵੀਂ ਪਨੀਰੀ ਵਿਚ ਵੀ ਇਹ ਭਾਵਨਾ ਪਕੇਰੀ ਹੁੰਦੀ ਜਾਵੇ।

-ਰੇਸ਼ਮ ਸਿੰਘ।

ਮੋਬਾਈਲ ਨੰ. : 98151-53111

Posted By: Jagjit Singh