ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਸਮਾਜਵਾਦੀ ਪਾਰਟੀ (ਸਪਾ) ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਗੱਠਜੋੜ ਚੋਣਾਂ ਖ਼ਤਮ ਹੁੰਦਿਆਂ ਸਾਰ ਹੀ ਟੁੱਟ ਗਿਆ। ਭਾਵੇਂ ਇਸ ਦੇ ਕਿਆਸ ਪਹਿਲਾਂ ਤੋਂ ਹੀ ਲਾਏ ਜਾ ਰਹੇ ਸਨ ਕਿ ਇਹ ਗੱਠਜੋੜ ਲੰਬਾ ਨਹੀਂ ਚੱਲੇਗਾ ਪਰ ਇੰਨੀ ਜਲਦੀ ਇਹ ਟੁੱਟ ਜਾਵੇਗਾ, ਇਸ ਦਾ ਸ਼ਾਇਦ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ। ਹੁਣ ਇਸ ਦੇ ਸਿਆਸੀ ਮਾਅਨੇ ਤਲਾਸ਼ੇ ਜਾ ਰਹੇ ਹਨ ਕਿ ਆਖਰ ਇੰਨੀ ਛੇਤੀ ਗੱਠਜੋੜ ਟੁੱਟ ਕਿਉਂ ਗਿਆ? 16ਵੀਂ ਲੋਕ ਸਭਾ ਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਉੱਤਰ ਪ੍ਰਦੇਸ਼ ਦੀਆਂ 80 'ਚੋਂ 73 ਸੀਟਾਂ ਹਾਸਲ ਕੀਤੀਆਂ ਸਨ। ਹਾਲਾਂਕਿ ਉਸ ਤੋਂ ਬਾਅਦ ਕੁਝ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਸਪਾ, ਬਸਪਾ, ਕਾਂਗਰਸ ਤੇ ਹੋਰ ਪਾਰਟੀਆਂ ਨੇ ਮਿਲ ਕੇ ਲੜੀਆਂ ਸਨ ਜਿਸ ਕਾਰਨ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਤਜਰਬੇ ਨੂੰ ਮੁੱਖ ਰੱਖਦੇ ਹੋਏ ਇਕ ਅਰਸੇ ਬਾਅਦ ਬਸਪਾ ਤੇ ਸਪਾ ਇਕ ਮੰਚ 'ਤੇ ਇਕੱਠੀਆਂ ਹੋਈਆਂ। ਦੋਵਾਂ ਪਾਰਟੀਆਂ ਦੇ ਇਸ ਗੱਠਜੋੜ 'ਚੋਂ ਕਾਂਗਰਸ ਨੂੰ ਬਾਹਰ ਰੱਖਿਆ ਗਿਆ ਸੀ ਪਰ ਅਮੇਠੀ ਤੇ ਰਾਏ ਬਰੇਲੀ ਸੀਟਾਂ ਕਾਂਗਰਸ ਲਈ ਛੱਡ ਦਿੱਤੀਆਂ ਗਈਆਂ। ਫਿਰ ਵੀ 17ਵੀਂ ਲੋਕ ਸਭਾ ਦੀਆਂ ਚੋਣਾਂ ਵਿਚ ਭਾਜਪਾ ਨੇ ਉੱਤਰ ਪ੍ਰਦੇਸ਼ ਵਿਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ 57 ਸੀਟਾਂ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ।

ਉੱਤਰ ਪ੍ਰਦੇਸ਼ ਦੀਆਂ ਸੀਟਾਂ 'ਤੇ ਸਪਾ-ਬਸਪਾ ਗੱਠਜੋੜ ਦੇ ਪ੍ਰਦਰਸ਼ਨ 'ਤੇ ਪੂਰੇ ਮੁਲਕ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਸਿਆਸੀ ਮਾਹਰਾਂ ਤੋਂ ਲੈ ਕੇ ਸੈਫੋਲੌਜਿਸਟਾਂ ਤਕ ਸਾਰੇ ਭਾਜਪਾ ਨੂੰ ਯੂਪੀ ਵਿਚ ਵੱਡੇ ਨੁਕਸਾਨ ਦੇ ਅੰਦਾਜ਼ੇ ਲਾ ਰਹੇ ਸਨ ਪਰ ਹੋਇਆ ਸਭ ਕੁਝ ਉਲਟ। ਭਾਜਪਾ ਨੇ ਨਾ ਸਿਰਫ਼ ਉੱਤਰ ਪ੍ਰਦੇਸ਼ ਬਲਕਿ ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼, ਹਰਿਆਣਾ, ਹਿਮਾਚਲ, ਉਤਰਾਖੰਡ, ਮਹਾਰਾਸ਼ਟਰ, ਕਰਨਾਟਕ ਵਿਚ ਵੀ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਵਿਰੋਧੀਆਂ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ। ਅਜਿਹੇ ਵਿਚ ਉੱਤਰ ਪ੍ਰਦੇਸ਼ ਵਿਚ ਗੱਠਜੋੜ ਦੀ ਸਾਰੀ ਰਣਨੀਤੀ ਧਰੀ-ਧਰਾਈ ਰਹਿ ਗਈ। ਪਾਰਟੀ ਦੇ ਅਹੁਦੇਦਾਰਾਂ, ਚੁਣੇ ਗਏ ਨੁਮਾਇੰਦਿਆਂ ਨਾਲ ਸਮੀਖਿਆ ਤੋਂ ਬਾਅਦ ਬਸਪਾ ਸੁਪਰੀਮੋ ਮਾਇਆਵਤੀ ਨੇ ਐਲਾਨ ਕੀਤਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ 11 ਸੀਟਾਂ 'ਤੇ ਹੋਣ ਵਾਲੀ ਜ਼ਿਮਨੀ ਚੋਣ ਬਸਪਾ ਆਪਣੇ ਦਮ 'ਤੇ ਲੜੇਗੀ। ਇਸ ਦੇ ਜਵਾਬ ਵਿਚ ਸਪਾ ਮੁਖੀ ਅਖਿਲੇਸ਼ ਯਾਦਵ ਦਾ ਕਹਿਣਾ ਹੈ ਕਿ ਜੇਕਰ ਰਸਤੇ ਵੱਖ-ਵੱਖ ਹਨ ਤਾਂ ਉਸ ਦਾ ਵੀ ਸਵਾਗਤ ਹੈ। ਗੱਠਜੋੜ ਜ਼ਿਮਨੀ ਚੋਣਾਂ ਵਾਸਤੇ ਤਾਂ ਹੋਇਆ ਹੀ ਨਹੀਂ। ਮਾਇਆਵਤੀ ਦਾ ਕਹਿਣਾ ਹੈ ਕਿ ਸਪਾ ਦੇ ਵੱਡੇ ਨੇਤਾਵਾਂ ਦਾ ਹਾਰ ਜਾਣ ਦਾ ਮਤਲਬ ਹੈ ਕਿ ਸਪਾ ਦਾ ਵੋਟ ਬੈਂਕ ਇਕਜੁੱਟ ਨਹੀਂ ਹੋ ਸਕਿਆ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦੌਰਾਨ ਗੱਠਜੋੜ 'ਤੇ ਕਾਫੀ ਤਿੱਖੇ ਬਿਆਨ ਦਿੱਤੇ ਸਨ। ਉਨ੍ਹਾਂ ਤਾਂ ਇੱਥੋਂ ਤਕ ਕਹਿ ਦਿੱਤਾ ਸੀ ਕਿ ਇਹ ਮਹਾ-ਮਿਲਾਵਟੀ ਗੱਠਜੋੜ ਹੈ। ਦਰਅਸਲ ਉੱਤਰ ਪ੍ਰਦੇਸ਼ ਵਿਚ ਗੱਠਜੋੜ ਦੀ ਹਾਰ ਨੇ ਸਾਰੇ ਤਰ੍ਹਾਂ ਦੇ ਗਣਿਤਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ। ਯੂਪੀ ਵਿਚ ਗੱਠਜੋੜ ਨੂੰ ਜਾਤ, ਧਰਮ ਆਦਿ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਪਰ ਚੋਣਾਂ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਕੌਮੀ ਮਸਲਿਆਂ 'ਤੇ ਜਨਤਾ ਹੋਰ ਨਜ਼ਰੀਏ ਤੋਂ ਸੋਚਦੀ ਹੈ। ਇਕ ਪਾਸੇ ਜਿੱਥੇ ਨਵੇਂ ਤਰ੍ਹਾਂ ਦੇ ਧਰੁਵੀਕਰਨ ਹੋ ਰਹੇ ਹਨ ਤਾਂ ਦੂਜੇ ਪਾਸੇ ਕਈ ਤਰ੍ਹਾਂ ਦੇ ਪੁਰਾਣੇ ਧਰੁਵੀਕਰਨ ਟੁੱਟ ਵੀ ਰਹੇ ਹਨ। ਮੌਜੂਦਾ ਦੌਰ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਬਦਲ ਰਹੀ ਹੈ। ਅਜਿਹੇ ਵਿਚ ਖੇਤਰੀ ਪਾਰਟੀਆਂ ਲਈ ਆਪਣੀ ਹੋਂਦ ਬਚਾਉਣਾ ਵੀ ਔਖਾ ਹੋਇਆ ਪਿਆ ਹੈ ਤਾਂ ਬਸਪਾ-ਸਪਾ ਦੇ ਵੱਖ-ਵੱਖ ਰਸਤੇ ਕਿਸ ਪਾਸੇ ਜਾਣਗੇ, ਇਹ ਤਾਂ ਸਮਾਂ ਹੀ ਦੱਸੇਗਾ।

Posted By: Sukhdev Singh