ਪੰਜਾਬ ’ਚ ਇਨ੍ਹੀਂ ਦਿਨੀਂ ਲੰਪੀ ਸਕਿੱਨ ਬਿਮਾਰੀ ਦਾ ਪ੍ਰਕੋਪ ਚੱਲ ਰਿਹਾ ਹੈ। ਇਹ ਬਿਮਾਰੀ ਵੱਡੇ ਪੱਧਰ ’ਤੇ ਪਸ਼ੂਆਂ ਖ਼ਾਸ ਤੌਰ ’ਤੇ ਗਾਂ ਜਾਤੀ ਦੇ ਪਸ਼ੂਆਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ। ਹਜ਼ਾਰਾਂ ਦੀ ਗਿਣਤੀ ’ਚ ਗਊਆਂ ਦੀ ਮੌਤ ਹੋ ਚੁੱਕੀ ਹੈ। ਪਸ਼ੂਆਂ ਦੀ ਇਸ ਬਿਮਾਰੀ ਦੇ ਫੈਲਾਅ ਕਾਰਨ ਪਸ਼ੂ ਪਾਲਕ ਡਾਹਢੀ ਚਿੰਤਾ ਵਿਚ ਹਨ। ਕਈ ਪਰਿਵਾਰਾਂ ਦੀ ਤਾਂ ਆਰਥਿਕਤਾ ਦਾ ਆਧਾਰ ਹੀ ਦੁਧਾਰੂ ਪਸ਼ੂ ਹਨ। ਉਨ੍ਹਾਂ ਦੇ ਇਕੱਲੇ-ਕਾਰੇ ਪਸ਼ੂ ਵੀ ਬਿਮਾਰੀ ਦੀ ਭੇਟ ਚੜ੍ਹ ਰਹੇ ਹਨ। ਵੱਡੇ ਪੱਧਰ ’ਤੇ ਪਸ਼ੂਆਂ ਦੀਆਂ ਹੋ ਰਹੀਆਂ ਮੌਤਾਂ ਭਵਿੱਖ ’ਚ ਦੁੱਧ ਦੇ ਭਾਅ ’ਚ ਇਜ਼ਾਫ਼ੇ ਦਾ ਵੀ ਸਬੱਬ ਬਣਨਗੀਆਂ। ਸੂਬਾ ਸਰਕਾਰ ਦੇ ਪਸ਼ੂ ਸਿਹਤ ਵਿਭਾਗ ਵੱਲੋਂ ਬਿਮਾਰੀ ਤੋਂ ਪਸ਼ੂਆਂ ਦੇ ਬਚਾਅ ਅਤੇ ਇਲਾਜ ਹਿੱਤ ਮੁਹਿੰਮ ਚਲਾਈ ਜਾ ਰਹੀ ਹੈ।

ਪੰਜਾਬ ਸਰਕਾਰ ਵੱਲੋਂ ਵੈਕਸੀਨ ਪ੍ਰਾਪਤੀ ਲਈ ਕੇਂਦਰ ਸਰਕਾਰ ਨਾਲ ਵੀ ਰਾਬਤਾ ਬਣਾਇਆ ਗਿਆ ਹੈ। ਮਾਹਿਰਾਂ ਦੇ ਦੱਸਣ ਅਨੁਸਾਰ ਪਸ਼ੂਆਂ ਦੀ ਇਹ ਬਿਮਾਰੀ ਬੇਸ਼ੱਕ ਪੁਰਾਣੀ ਹੈ ਪਰ ਪੰਜਾਬ ਵਿਚ ਪਹਿਲੀ ਵਾਰ ਵੇਖਣ ਨੂੰ ਮਿਲ ਰਹੀ ਹੈ। ਬਿਮਾਰੀ ਦਾ ਤੇਜ਼ੀ ਨਾਲ ਹੋਇਆ ਫੈਲਾਅ ਪਸ਼ੂ ਪਾਲਣ ਨੂੰ ਵਪਾਰਕ ਕਿੱਤੇ ਵਜੋਂ ਲੈਣ ਵਾਲਿਆਂ ਤੋਂ ਲੈ ਕੇ ਪਰਿਵਾਰਕ ਗੁਜ਼ਾਰੇ ਲਈ ਪਸ਼ੂ ਪਾਲਣ ਵਾਲਿਆਂ ਲਈ ਆਫ਼ਤ ਬਣ ਗਿਆ ਹੈ। ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਉਕਤ ਬਿਮਾਰੀ ਕਾਰਨ ਉਨ੍ਹਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ। ਪਸ਼ੂਆਂ ਦਾ ਮਹਿੰਗਾ ਇਲਾਜ ਆਮ ਪਰਿਵਾਰਾਂ ਦੇ ਵੱਸੋਂ ਬਾਹਰ ਹੋਣ ਦੇ ਨਾਲ-ਨਾਲ ਬਹੁਤੇ ਮਾਮਲਿਆਂ ’ਚ ਮਹਿੰਗੇ ਇਲਾਜ ਉਪਰੰਤ ਵੀ ਪਸ਼ੂਆਂ ਦੀ ਹੋ ਰਹੀ ਮੌਤ ਦੂਹਰੇ ਆਰਥਿਕ ਘਾਟੇ ਦਾ ਸਬੱਬ ਬਣ ਰਹੀ ਹੈ। ਬਿਮਾਰੀ ਤੋਂ ਪੀੜਤ ਗਲੀਆਂ ’ਚ ਘੁੰਮਦੇ ਬੇਸਹਾਰਾ ਪਸ਼ੂਆਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਦੇ ਇਲਾਜ ਲਈ ਹਾਲੇ ਤਕ ਕੋਈ ਵਿਆਪਕ ਉਪਰਾਲਾ ਨਜ਼ਰ ਨਹੀਂ ਆ ਰਿਹਾ।

ਹੋਰ ਤਾਂ ਹੋਰ, ਇਨ੍ਹਾਂ ਪਸ਼ੂਆਂ ਨੂੰ ਹਰਾ ਚਾਰਾ ਪਾਉਣ ਵਾਲੇ ਆਮ ਲੋਕ ਵੀ ਹੁਣ ਇਨ੍ਹਾਂ ਤੋਂ ਪਾਸਾ ਵੱਟਣ ਲੱਗੇ ਹਨ। ਪਸ਼ੂਆਂ ਦੀਆਂ ਵੱਡੀ ਪੱਧਰ ’ਤੇ ਹੋ ਰਹੀਆਂ ਮੌਤਾਂ ਕਾਰਨ ਮੁਰਦਾ ਪਸ਼ੂਆਂ ਦਾ ਨਿਪਟਾਰਾ ਚੁਣੌਤੀ ਤੇ ਖ਼ਤਰਾ ਬਣਦਾ ਜਾ ਰਿਹਾ ਹੈ। ਕਈ ਖੇਤਰਾਂ ਦੀਆਂ ਹੱਡਾਰੋੜੀਆਂ ਮੁਰਦਾ ਪਸ਼ੂਆਂ ਨਾਲ ਭਰ ਗਈਆਂ ਹਨ। ਕਈ ਖੇਤਰਾਂ ’ਚ ਹਾਲਾਤ ਇਸ ਤੋਂ ਵੀ ਖ਼ਤਰਨਾਕ ਹਨ। ਲੋਕ ਰਾਤ-ਬਰਾਤੇ ਮੁਰਦਾ ਪਸ਼ੂਆਂ ਨੂੰ ਜਨਤਕ ਥਾਵਾਂ ’ਤੇ ਸੁੱਟ ਜਾਂਦੇ ਹਨ। ਇਸ ਤਰ੍ਹਾਂ ਖੁੱਲੇ੍ਹ ’ਚ ਸੁੱਟੇ ਮੁਰਦਾ ਪਸ਼ੂਆਂ ਨੂੰ ਅਵਾਰਾ ਕੁੱਤੇ ਖਾ ਰਹੇ ਹਨ ਤੇ ਆਲਾ-ਦੁਆਲਾ ਬਦਬੂ ਨਾਲ ਭਰ ਰਿਹਾ ਹੈ। ਇਸ ਬਿਮਾਰੀ ਕਾਰਨ ਮਰੇ ਪਸ਼ੂਆਂ ਨੂੰ ਧਰਤੀ ’ਚ ਦੱਬਣਾ ਹੀ ਨਿਪਟਾਰੇ ਦਾ ਸਹੀ ਤਰੀਕਾ ਹੈ। ਖੁੱਲੇ ’ਚ ਸੁੱਟੇ ਮੁਰਦਾ ਪਸ਼ੂ ਹੋਰ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਕੇ ਹੋਰ ਪਸ਼ੂਆਂ ਦੇ ਨਾਲ-ਨਾਲ ਮਨੱਖਾਂ ਲਈ ਵੀ ਖ਼ਤਰਾ ਬਣ ਸਕਦੇ ਹਨ। ਇਸ ਗੰਭੀਰ ਬਿਮਾਰੀ ’ਚ ਪਸ਼ੂ ਗੁਆਉਣ ਵਾਲੇ ਪਰਿਵਾਰਾਂ ਦੀ ਸਰਕਾਰੀ ਪੱਧਰ ’ਤੇ ਆਰਥਿਕ ਮਦਦ ਵੀ ਸਮੇਂ ਦੀ ਮੁੱਖ ਜ਼ਰੂਰਤ ਹੈ।

-ਬਿੰਦਰ ਸਿੰਘ ਖੁੱਡੀ ਕਲਾਂ।

ਮੋਬਾਈਲ : 98786-05965

Posted By: Jagjit Singh