-ਸੁਖਰਾਜ ਚਹਿਲ (ਧਨੌਲਾ)

‘‘ਭਾਈ ਗੇਲਿਆ ਆਹ ਮੋਬਾਈਲ ’ਤੇ ਕੀ ਸੁਣੀ ਜਾਨਾਂ!’’ ਬਾਬੇ ਮੇਹਰੂ ਨੇ ਸੱਥ ’ਚ ਆਉਂਦਿਆਂ ਹੀ ਗੇਲੇ ਨੂੰ ਟੋਕਿਆ। ਗੇਲੇ ਨੇ ਜਵਾਬ ਦਿੱਤਾ, ‘‘ਬਾਬਾ ਜੀ! ਇਕ ਨੌਜਵਾਨ ਜੋ ਪਰਿਵਾਰ ਦਾ ਇਕੱਲਾ ਮੁੰਡਾ ਸੀ, ਨਸ਼ਾ ਵੱਧ ਲੈਣ ਕਾਰਨ ਮਰ ਗਿਆ।’’ ਬਾਬੇ ਮੇਹਰੂ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ, ‘‘ਭਾਈ ਆਹ ਨਸ਼ਿਆਂ ਨੇ ਖਾ ਲਿਆ ਪੰਜਾਬ। ਹਰ ਰੋਜ਼ ਨਵੇਂ-ਨਰੋਏ ਮੁੰਡੇ ਮਰੀ ਜਾਂਦੇ ਨੇ।’’ ਤਾਂ ਗੇਲੇ ਨੇ ਪੁੱਛਿਆ, ‘‘ਬਾਬਾ ਜੀ! ਕੀ ਤੁਹਾਡੇ ਵੇਲੇ ਵੀ ਲੋਕ ਨਸ਼ੇ ਕਰਦੇ ਸਨ।’’ ਬਾਬੇ ਨੇ ਕਿਹਾ ‘‘ਨਾ ਭਾਈ। ਉਦੋਂ ਨੀ ਐਵੇਂ ਨਸ਼ੇ ਕਰਦੇ ਸੀ ਲੋਕ। ਕੋਈ ਵਿਰਲਾ-ਟਾਵਾਂ ਹੁੰਦਾ ਸੀ ਜਿਹੜਾ ਮਾੜੀ-ਮੋਟੀ ਭੁੱਕੀ-ਅਫ਼ੀਮ ਖਾਂਦਾ ਸੀ।’’

ਇਸ ਤੋਂ ਬਾਅਦ ਸ਼ਾਮ ਸਿੰਹੁ ਨੇ ਕਿਹਾ ‘‘ਉਦੋਂ ਲੋਕ ਵਧੀਆ ਖ਼ੁਰਾਕਾਂ ਖਾਂਦੇ ਸਨ ਅਤੇ ਚੰਗੀ ਸਿਹਤ ਵਾਲੇ ਹੁੰਦੇ ਸਨ। ਉਦੋਂ ਹੁਣ ਵਾਂਗੂ ਨਹੀਂ ਸੀ ਦੇਖਣ ਨੂੰ ਮਿਲਦਾ। ਲੋਕ ਕੰਮ ਕਰਦੇ ਸਨ।’’ ਏਨੇ ਨੂੰ ਬਾਬੇ ਮੇਹਰੂ ਨੇ ਫਿਰ ਕਿਹਾ, ‘‘ਉਨ੍ਹਾਂ ਵੇਲਿਆਂ ’ਚ ਲੋਕ ਹੁਣ ਵਰਗਿਆਂ ਵਾਂਗ ਨਸ਼ੇ-ਪੱਤੇ ਦਾ ਸਹਾਰਾ ਨਹੀਂ ਸਨ ਲੈਂਦੇ। ਹਰੇਕ ਬੰਦੇ ਦਾ ਵਕਤ ਕੰਮ ਵਿਚ ਹੀ ਲੰਘ ਜਾਂਦਾ ਸੀ।’’ ਬਾਬੇ ਦੀ ਇਸ ਗੱਲ ਨਾਲ ਹੀ ਗੱਲ ਜੋੜਦਿਆਂ ਫ਼ੌਜੀ ਮਿੰਦੇ ਨੇ ਕਿਹਾ, ‘‘ਬਾਬਾ ਜੀ! ਗੱਲ ਤੁਹਾਡੀ ਬਿਲਕੁਲ ਠੀਕ ਆ। ਉਦੋਂ ਲੋਕ ਹੁਣ ਵਾਂਗ ਵਿਹਲੇ ਨਹੀਂ ਸਨ। ਹੁਣ ਇੱਥੇ ਰੁਜ਼ਗਾਰ ਦੀ ਘਾਟ ਪਾ ਦਿੱਤੀ ਆ। ਵਧੇਰੇ ਗਿਣਤੀ ’ਚ ਸਾਡੇ ਮੁੰਡੇ ਬੇਰੁਜ਼ਗਾਰ ਫ਼ਿਰਦੇ ਨੇ।

ਉਨ੍ਹਾਂ ਨੂੰ ਇਕ ਤਾਂ ਕੰਮ ਦੇ ਮੌਕੇ ਘੱਟ ਪ੍ਰਦਾਨ ਕੀਤੇ ਜਾ ਰਹੇ ਹਨ, ਦੂਸਰਾ ਕਈ ਐਵੇਂ ਘਰਦਿਆਂ ਨੇ ਖੁੱਲ੍ਹੇ ਛੱਡੇ ਹੋਏ ਹੁੰਦੇ ਨੇ ਜੋ ਹੋਰਾਂ ਨੂੰ ਅੱਗੇ ਦੀ ਅੱਗੇ ਨਸ਼ਿਆਂ ਦੀ ਲਤ ਲਾਈ ਜਾਂਦੇ ਨੇ। ਇਸ ਤੋਂ ਇਲਾਵਾ ਸਾਡੇ ਸਮਾਜ ’ਚ ਕਈ ਵੱਡੇ ਲੋਕ ਜਿਹੜੇ ਚੰਗੀ ਪਹੁੰਚ ਰੱਖਦੇ ਹਨ, ਉਹ ਨਸ਼ੇ ਵੰਡ ਕੇ ਆਪਣੇ ਕਾਰੋਬਾਰ ਵਧਾਈ ਜਾਂਦੇ ਹਨ।’’

ਇਹ ਸੁਣਨ ਤੋਂ ਬਾਅਦ ਬਾਬੇ ਮੇਹਰੂ ਨੇ ਕਿਹਾ, ‘‘ਹੇ ਰੱਬਾ! ਨਸ਼ੇ ਵੇਚ ਕੇ ਵੀ ਕਮਾਈ ਕਰਦੇ ਨੇ ਲੋਕ।’’ ਤਾਂ ਗੇਲੇ ਨੇ ਕਿਹਾ, ‘‘ਬਾਬਾ ਜੀ, ਇੱਥੇ ਤਾਂ ਬਹੁਤ ਕੁਝ ਹੁੰਦਾ ਹੈ। ਹੁਣ ਤਾਂ ਬਹੁਤ ਡੂੰਘੀਆਂ ਚਾਲਾਂ ਸਦਕਾ ਲੋਕਾਂ ਖ਼ਾਸ ਤੌਰ ’ਤੇ ਪੰਜਾਬੀਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ।’’ ਤਾਂ ਫ਼ੌਜੀ ਮਿੰਦੇ ਨੇ ਕਿਹਾ ‘‘ਤੁਸੀਂ ਦੇਖ ਲਵੋ, ਪਹਿਲਾਂ ਫ਼ੌਜ ਵਿਚ ਸਭ ਤੋਂ ਵੱਧ ਪੰਜਾਬੀ ਨੌਜਵਾਨ ਜਾਂਦੇ ਹੁੰਦੇ ਸਨ। ਪੰਜਾਬੀਆਂ ਦੀਆਂ ਚੰਗੀਆਂ ਸਿਹਤਾਂ ਤੇ ਭਰਵੇਂ ਜੁੱਸਿਆਂ ਨੂੰ ਸਭ ਮੰਨਦੇ ਸਨ ਪਰ ਹੁਣ ਫ਼ੌਜ ਵਿਚ ਵੀ ਪੰਜਾਬੀਆਂ ਦੀ ਗਿਣਤੀ ਘਟਦੀ ਜਾਂਦੀ ਆ ਕਿਉਂਕਿ ਨੌਜਵਾਨ ਤਾਂ ਖੋਖਲੇ ਹੋਈ ਜਾਂਦੇ ਹਨ।’’ ਅੰਤ ’ਚ ਸ਼ਾਮ ਸਿੰਹੁ ਨੇ ਕਿਹਾ, ‘‘ਗੌਰਮਿੰਟ ਨੂੰ ਸੋਚਣਾ ਚਾਹੀਦਾ ਹੈ। ’ਕੱਲੀਆਂ ਗੱਲਾਂ ਮਾਰ ਕੇ ਕੰਮ ਨੀ ਚੱਲਦਾ।’’ ਫਿਰ ਸਭ ਜਣੇ ਚਰਚਾ ਸਮੇਟ ਕੇ ਘਰਾਂ ਨੂੰ ਤੁਰ ਪਏ।

ਮੋਬਾਈਲ ਨੰ. : 97810-48055

Posted By: Jagjit Singh