ਸਵੇਰੇ ਜਦ ਅਖ਼ਬਾਰ ਵੇਖੀਏ ਜਾਂ ਸੋਸ਼ਲ ਮੀਡੀਆ ’ਤੇ ਨਜ਼ਰ ਮਾਰੀਏ ਤਾਂ ਪੰਜਾਬ ਵਿਚ ਹਰ ਰੋਜ਼ ਨਸ਼ੇ ਦੀ ਭੇਟ ਚੜ੍ਹੇ ਨੌਜਵਾਨਾਂ ਦੀਆਂ ਖ਼ਬਰਾਂ ਪੜ੍ਹਨ-ਸੁਣਨ ਨੂੰ ਆਮ ਹੀ ਮਿਲਦੀਆਂ ਹਨ। ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ, ਬੱਚਿਆਂ ਦੇ ਬਾਪ ਤੇ ਸੁਹਾਗਣਾਂ ਦੇ ਸੁਹਾਗ ਲਗਾਤਾਰ ਨਸ਼ਿਆਂ ਨਾਲ ਮਰ ਰਹੇ ਹਨ ਪਰ ਸਰਕਾਰਾਂ ਦੇ ਕੰਨ ’ਤੇ ਜੂੰ ਨਹੀਂ ਸਰਕਦੀ। ਅਸੀਂ ਅਕਸਰ ਵੇਖਦੇ ਹਾਂ ਕਿ ਇਹ ਨਸ਼ੇ ਦੇ ਸੌਦਾਗਰ ਸਾਨੂੰ ਸਾਡੇ ਆਸ-ਪਾਸ, ਗਲੀ-ਮੁਹੱਲੇ, ਪਿੰਡਾਂ-ਸ਼ਹਿਰਾਂ ਵਿਚ ਆਮ ਹੀ ਵੇਖਣ ਨੂੰ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਵੇਖ ਕੇ ਅਸੀਂ ਅੱਖੋਂ-ਪਰੋਖੇ ਕਰ ਦਿੰਦੇ ਹਾਂ ਕਿਉਂਕਿ ਉਹ ਜਾਂ ਤਾਂ ਸਾਡੇ ਜਾਣਕਾਰ ਹੁੰਦੇ ਹਨ ਜਾਂ ਉਨ੍ਹਾਂ ਨੂੰ ਅਫ਼ਸਰਸ਼ਾਹੀ ਜਾਂ ਹੁਕਮਰਾਨਾਂ ਦੀ ਛੱਤਰ-ਛਾਇਆ ਹੁੰਦੀ ਹੈ। ਪਿਛਲੇ ਦਿਨਾਂ ਵਿਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦੀ ਦਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਮੇਰੀ ਜਾਣਕਾਰੀ ਵਿਚ ਬਹੁਤ ਸਾਰੇ ਪਰਿਵਾਰ ਅਜਿਹੇ ਹਨ ਜੋ ਨਸ਼ੇ ਕਾਰਨ ਬਰਬਾਦ ਹੋ ਗਏ ਹਨ। ਨਸ਼ੇ ਦੇ ਸੌਦਾਗਰਾਂ ਨੂੰ ਕੋਈ ਸਰਕਾਰ ਜਾਂ ਕੋਈ ਵੀ ਅਫ਼ਸਰ ਹੱਥ ਨਹੀਂ ਪਾਉਂਦਾ। ਨਸ਼ੇ ਨੇ ਪੰਜਾਬ ਦੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ। ਜੇ ਇਹੀ ਹਾਲ ਰਿਹਾ ਤਾਂ ਪੰਜਾਬ ਬਰਬਾਦ ਹੋ ਜਾਵੇਗਾ। ਵੇਖਣ ਵਿਚ ਆਇਆ ਹੈ ਕਿ ਨਸ਼ਾ ਕਰਨ ਵਾਲੇ ਜਦੋਂ ਨਸ਼ੇ ਵਾਲਾ ਟੀਕਾ ਲਗਾਉਂਦੇ ਹਨ ਤਾਂ ਓਵਰਡੋਜ਼ ਕਾਰਨ ਅਕਸਰ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਸੂਈਆਂ-ਸਰਿੰਜਾਂ ਦੇ ਨਾਲ ਨਾੜਾਂ ਵਿੰਨ੍ਹੀ ਫਿਰਦੇ ਇਹ ਨਸ਼ੇੜੀ ਨਸ਼ੇ ਦੀ ਲਤ ਪੂਰੀ ਕਰਨ ਲਈ ਹਰ ਵਾਹ ਲਾਉਂਦੇ ਹਨ ਪਰ ਆਪਣੇ ਪਰਿਵਾਰ ਬਾਰੇ ਰਤਾ ਵੀ ਨਹੀਂਂ ਸੋਚਦੇ ਕਿ ਸਾਡੇ ਤੋਂ ਬਾਅਦ ਉਸ ’ਤੇ ਕੀ ਬੀਤੇਗੀ। ਉਹ ਜ਼ਿੰਦਗੀ ਕਿਵੇਂ ਬਸਰ ਕਰਨਗੇ। ਜੇ ਨਸ਼ੇ ਕਰਨ ਵਾਲਾ ਵਿਅਕਤੀ ਏਨਾ ਕੁ ਸੋਚੇ ਤਾਂ ਉਹ ਇਸ ਦਲਦਲ ’ਚੋਂ ਬਾਹਰ ਨਿਕਲ ਸਕਦਾ ਹੈ ਪਰ ਉਸ ਦੇ ਸਰੀਰ ਵਿਚ ਨਸ਼ਾ ਏਨਾ ਘਰ ਕਰ ਚੁੱਕਾ ਹੁੰਦਾ ਹੈ ਕਿ ਉਸ ਵਾਸਤੇ ਨਸ਼ਾ ਛੱਡਣਾ ਬਹੁਤ ਮੁਸ਼ਕਲ ਕੰਮ ਹੁੰਦਾ ਹੈ। ਉਨ੍ਹਾਂ ਲਈ ਤਾਂ ਸਭ ਕੁਝ ਨਸ਼ਾ ਹੀ ਹੁੰਦਾ ਹੈ। ਜਦ ਨਸ਼ੇ ਦਾ ਅਸਰ ਘੱਟ ਹੁੰਦਾ ਹੈ ਤਾਂ ਇਹ ਨਸ਼ੇ ਵਾਲੇ ਟੀਕੇ ਲਾਉਣ ਲੱਗ ਜਾਂਦੇ ਹਨ ਜੋ ਇਨ੍ਹਾਂ ਦਾ ਕਾਲ ਬਣ ਜਾਂਦੇ ਹਨ। ਵੇਖਣ ਵਿਚ ਆਇਆ ਹੈ ਕਿ ਨੌਜਵਾਨ ਪੀੜ੍ਹੀ ’ਚੋਂ ਕਾਫ਼ੀ ਲੋਕ ਇਸ ਨਾਮੁਰਾਦ ਨਸ਼ੇ ਚਿੱਟੇ ਦੇ ਆਦੀ ਹੋ ਰਹੇ ਹਨ ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਬਹੁਤ ਮਹਿੰਗਾ ਨਸ਼ਾ ਹੋਣ ਦੇ ਬਾਵਜੂਦ ਇਸ ਦੀ ਵਰਤੋਂ ਗ਼ਰੀਬ ਬਸਤੀਆਂ ਵਿਚ ਜ਼ਿਆਦਾ ਹੋ ਰਹੀ ਹੈ। ਆਓ! ਸਾਰੇ ਇਨਸਾਫ਼ ਪਸੰਦ ਲੋਕੋ, ਨਸ਼ੇ ਦੀ ਦਲਦਲ ਵਿਚ ਫਸਦੀ ਜਾਂਦੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਯੋਗ ਉਪਰਾਲਾ ਕਰੀਏ। ਆਓ! ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਾਗਰੂਕ ਕਰੀਏ। ਸ਼ਾਇਦ ਸਾਡੇ ਉਪਰਾਲੇ ਨਾਲ ਕਿਸੇ ਦੀ ਜਾਨ ਬਚ ਜਾਵੇ। ਆਸ ਕਰਦੇ ਹਾਂ ਕਿ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ’ਤੇ ਖ਼ਰੀ ਉਤਰੇਗੀ ਤੇ ਨਸ਼ਿਆਂ ਨੂੰ ਠੱਲ੍ਹ ਪਾਵੇਗੀ।

-ਸੁਖਦੇਵ ਭੱਟੀ । ਮੋਬਾਈਲ : 94637-83375

Posted By: Shubham Kumar