ਇਸ ਕੋਈ ਅਤਿਕਥਨੀ ਨਹੀਂ ਹੈ ਕਿ ਨਸ਼ਾ ਵਿਨਾਸ਼ ਦੀ ਜੜ੍ਹ ਹੈ। ਇਹ ਕਿਸੇ ਵੀ ਮੁਲਕ ਦੇ ਨਾਗਰਿਕਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਦੇ ਨਾਲ-ਨਾਲ ਉਸ ਮੁਲਕ ਦੀ ਆਰਥਿਕਤਾ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਵੱਡੀ ਢਾਹ ਲਗਾਉਂਦਾ ਹੈ। ਨਸ਼ੀਲੇ ਪਦਾਰਥਾਂ ਦੀ ਵਰਤੋਂ ਤੇ ਸਮੱਗਲਿੰਗ ਦਾ ਕਾਲਾ ਕਾਰੋਬਾਰ ਖ਼ਤਮ ਕਰਨ ਲਈ ਹਰੇਕ ਦੇਸ਼ ਅਤੇ ਕੌਮਾਂਤਰੀ ਸੰਸਥਾ ਸੰਯੁਕਤ ਰਾਸ਼ਟਰ ਸੰਘ ਵੱਲੋਂ ਵੱਡੇ ਯਤਨ ਕੀਤੇ ਜਾ ਰਹੇ ਹਨ ਪਰ ਕੌੜਾ ਸੱਚ ਇਹ ਹੈ ਕਿ ਨਸ਼ੀਲੇ ਪਦਾਰਥਾਂ ਦੀ ਖ਼ਰੀਦੋ-ਫ਼ਰੋਖ਼ਤ ਅਤੇ ਵਰਤੋਂ ਵਿਚ ਕੋਈ ਤਸੱਲੀਬਖ਼ਸ਼ ਕਮੀ ਨਹੀਂ ਆ ਰਹੀ ਹੈ। ਪੰਜਾਬ ਦੇ ਮੱਥੇ 'ਤੇ ਵੀ ਨਸ਼ਿਆਂ ਦੀ ਧਰਤੀ ਹੋਣ ਦਾ ਕਲੰਕ ਲੱਗ ਚੁੱਕਾ ਹੈ। ਸੰਨ 1987 'ਚ 17 ਜੂਨ ਤੋਂ 26 ਜੂਨ ਤਕ ਵੀਆਨਾ ਵਿਖੇ ਨਸ਼ਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਬੁਰਾਈ ਸਬੰਧੀ ਇਕ ਵਿਸ਼ਵ ਪੱਧਰੀ ਕਾਨਫਰੰਸ ਕੀਤੀ ਗਈ ਸੀ ਅਤੇ ਇਸ ਦੇ ਆਖ਼ਰੀ ਦਿਨ ਭਾਵ 26 ਜੂਨ ਨੂੰ 'ਨਸ਼ਿਆਂ ਦੀ ਅਲਾਮਤ ਅਤੇ ਨਸ਼ੀਲੇ ਪਦਾਰਥਾਂ ਦੇ ਗ਼ੈਰ-ਕਾਨੂੰਨੀ ਵਪਾਰ ਸਬੰਧੀ ਐਲਾਨਨਾਮੇ' ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਕਾਨਫਰੰਸ 'ਚ ਵੱਖ-ਵੱਖ ਮੁਲਕਾਂ ਦੇ ਪ੍ਰਤੀਨਿਧਾਂ ਨੇ ਇਹ ਸੁਝਾਅ ਦਿੱਤਾ ਸੀ ਕਿ ਨਸ਼ੀਲੇ ਪਦਾਰਥਾਂ ਦੀ ਗ਼ੈਰ-ਕਾਨੂੰਨੀ ਵਰਤੋਂ ਅਤੇ ਵਪਾਰ ਖ਼ਿਲਾਫ਼ ਸਾਲ ਵਿਚ ਘੱਟੋ ਘੱਟ ਇਕ ਦਿਨ ਜ਼ਰੂਰ ਮਨਾਇਆ ਜਾਵੇ। ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿਚ 7 ਦਸੰਬਰ 1987 ਨੂੰ ਇਕ ਮਤਾ ਪਾਸ ਕਰ ਕੇ ਉਕਤ ਦਿਵਸ ਮਨਾਉਣ ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਗਈ ਸੀ ਅਤੇ ਅਖ਼ੀਰ ਸੰਨ 1989 ਵਿਚ ਪਹਿਲਾ 'ਨਸ਼ਿਆਂ ਦੀ ਅਲਾਮਤ ਅਤੇ ਨਸ਼ੀਲੇ ਪਦਾਰਥਾਂ ਦਾ ਗ਼ੈਰ-ਕਾਨੂੰਨੀ ਵਪਾਰ ਵਿਰੋਧੀ ਦਿਵਸ' ਮਨਾ ਲਿਆ ਗਿਆ ਸੀ। ਇਸ ਦਿਨ ਨੂੰ ਚੁਣਨ ਦਾ ਮੂਲ ਕਾਰਨ ਇਹ ਸੀ ਕਿ ਸੰਨ 1839 ਵਿਚ ਚੀਨ ਵਿਖੇ ਹੋਏ 'ਅਫ਼ੀਮ ਯੁੱਧ' ਤੋਂ ਪਹਿਲਾਂ ਲਿਨ ਜ਼ੈਕਸੂ ਨੇ ਗੁਆਨਡੋਂਗ ਦੇ ਹਿਊਮਨ ਇਲਾਕੇ ਵਿਚ ਅਫ਼ੀਮ ਦੇ ਗ਼ੈਰ-ਕਾਨੂੰਨੀ ਵਪਾਰ ਨੂੰ ਤਹਿਸ-ਨਹਿਸ ਕਰਨ ਲਈ ਜੰਗੀ ਪੱਧਰ ਦੀ ਕਾਰਵਾਈ ਆਰੰਭ ਕੀਤੀ ਸੀ ਜੋ ਕਿ 25 ਜੂਨ 1839 ਨੂੰ ਖ਼ਤਮ ਹੋਈ ਸੀ। ਸੰਯੁਕਤ ਰਾਸ਼ਟਰ ਨੇ ਸੰਨ 2007 'ਚ ਦੱਸਿਆ ਸੀ ਕਿ ਉਸ ਵੇਲੇ ਦੁਨੀਆ 'ਚ 322 ਮਿਲੀਅਨ ਅਮਰੀਕੀ ਡਾਲਰ ਦੀ ਕੀਮਤ ਦੇ ਬਰਾਬਰ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਚੱਲ ਰਿਹਾ ਸੀ ਅਤੇ ਸੰਨ 2008 'ਚ ਵਿਸ਼ਵ ਪੱਧਰ 'ਤੇ ਕੇਵਲ ਹੈਰੋਇਨ ਦਾ ਵਪਾਰ ਹੀ 450 ਟਨ ਸੀ। ਸੰਨ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਗੁਜਰਾਤ 'ਚ 5243 ਕਰੋੜ ਰੁਪਏ, ਦਿੱਲੀ 'ਚ 3746 ਕਰੋੜ, ਪੰਜਾਬ ਵਿਚ 2185 ਕਰੋੜ, ਮਨੀਪੁਰ 'ਚ 319 ਕਰੋੜ ਰੁਪਏ ਅਤੇ ਉੱਤਰ ਪ੍ਰਦੇਸ਼ 'ਚ 283 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਫੜੇ ਗਏ ਸਨ। ਅੱਜ ਦੇ ਦਿਨ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਗ਼ੈਰ-ਕਾਨੂੰਨੀ ਵਪਾਰ ਦੀਆਂ ਗੱਲਾਂ ਕਰ ਕੇ ਜਾਂ ਸੈਮੀਨਾਰ ਤੇ ਕਾਨਫਰੰਸਾਂ ਕਰ ਕੇ ਬੁੱਤਾ ਸਾਰ ਲੈਣ ਨਾਲ ਕੁਝ ਨਹੀਂ ਬਣਨਾ। ਨਸ਼ਿਆਂ ਖ਼ਿਲਾਫ਼ ਲੋਕ ਲਹਿਰ ਖੜ੍ਹੀ ਕਰਨ ਦੀ ਭਾਰੀ ਲੋੜ ਹੈ।

-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ, ਬਟਾਲਾ। ਮੋ: 97816-46008

Posted By: Rajnish Kaur