-ਮੋਹਨ ਸ਼ਰਮਾ

ਪਿਛਲੇ ਦਿਨੀਂ ਵਾਪਰੀਆਂ ਦੋ ਤਿੰਨ ਹਿਰਦੇਵੇਧਕ ਘਟਨਾਵਾਂ ਨੇ ਮਨੁੱਖੀ ਹਿਰਦਿਆਂ ਨੂੰ ਵਲੂੰਧਰਿਆ ਹੈ। ਪੰਜਾਬ ਵਿਚ ਰਿਉੜੀਆਂ ਦੀ ਤਰ੍ਹਾਂ ਗਲੀ-ਗਲੀ ਵਿੱਚ ਵਿਕਦੇ ਨਸ਼ਿਆਂ ਨੇ ਰਾਜ ਸੱਤਾ ਭੋਗ ਰਹੇ ਸਿਆਸੀ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਦਾ ਇਹ ਦਾਅਵਾ ਕਿ 'ਪੰਜਾਬ ਵਿਚੋਂ ਨਸ਼ਿਆਂ ਦਾ ਲੱਕ ਤੋੜ ਦਿੱਤਾ ਹੈ' ਨੂੰ ਬੁਰੀ ਤਰ੍ਹਾਂ ਝੁਠਲਾਇਆ ਹੈ। ਇਕ ਵਾਰ ਚਿੰਤਾ ਅਤੇ ਚਿੰਤਨ ਕਰਦਿਆਂ ਇਹ ਗੱਲ ਪ੍ਰਤੱਖ ਰੂਪ ਵਿਚ ਸਾਹਮਣੇ ਆਈ ਹੈ ਕਿ ਇਸ ਵੇਲੇ ਕਿਸਾਨ ਦੀਆਂ ਫ਼ਸਲਾਂ 'ਤੇ ਹੀ ਨਹੀਂ ਸਗੋਂ ਪੰਜਾਬ ਦੀਆਂ ਨਸਲਾਂ 'ਤੇ ਵੀ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ ਅਤੇ ਜੇਕਰ ਸਥਿਤੀ ਨੂੰ ਨਾ ਸੰਭਾਲਿਆ ਗਿਆ ਤਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਦੈਂਤ ਨਿਗਲ ਜਾਵੇਗਾ। ਬੇਰਾਂ ਵਾਂਗ ਝੜ ਰਹੇ ਨਸ਼ਿਆਂ ਕਾਰਨ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਨੂੰ ਬੇਵੱਸ ਅਤੇ ਖ਼ੂਨ ਦੇ ਅੱਥਰੂ ਕੇਰਦੇ ਮਾਪੇ ਮੋਢਾ ਦੇ ਰਹੇ ਹਨ।

ਵਿਹੜੇ 'ਚ ਵਿਛੇ ਸੱਥਰ ਤੇ ਸਵਾਲ ਧੁਖ ਰਹੇ ਹਨ ਕਿ ਇਹ ਕਿਹੋ ਜਿਹਾ ਵਿਕਾਸ ਹੈ ਜਿਸ ਨੇ ਘਰ ਦੀਆਂ ਚੂਲਾਂ ਹਿਲਾ ਦਿੱਤੀਆਂ ਹਨ। ਘਰ ਦੀ ਬਰਕਤ ਗੁੰਮ ਹੋ ਗਈ ਹੈ। ਲੋਕ ਹੁਣ ਸਿਆਸੀ ਆਗੂਆਂ ਨੂੰ ਮਿਹਣਾ ਮਾਰਦਿਆਂ ਸਿਵਾ ਬਾਲਣ ਲਈ ਲੱਕੜਾਂ ਦੀ ਮੰਗ ਕਰ ਰਹੇ ਹਨ। ਪੀੜਤ ਔਰਤਾਂ ਨੇ ਉਨ੍ਹਾਂ ਲਈ ਚਿੱਟੀਆਂ ਚੁੰਨੀਆਂ ਭੇਜਣ ਦੀ ਮੰਗ ਕੀਤੀ ਹੈ। ਕਦੇ-ਕਦਾਈਂ ਪਿੰਡ 'ਚ ਗੇੜਾ ਮਾਰਦੇ ਸਿਆਸੀ ਆਗੂ ਹਾਲੇ ਵੀ ਵਿਕਾਸ ਦੀ ਝੜੀ ਲਾਉਣ ਦੇ ਦਾਅਵਿਆਂ 'ਤੇ ਜ਼ੋਰ ਲਾ ਰਹੇ ਹਨ। ਸ਼ਾਇਦ ਉਹ ਇਹ ਭੁੱਲ ਜਾਂਦੇ ਹਨ ਕਿ ਵਿਕਾਸ ਨਿਰਾ ਗਲੀਆਂ-ਨਾਲੀਆਂ ਪੱਕੀਆਂ ਕਰਨੀਆਂ, ਦਰਵਾਜ਼ੇ ਉਸਾਰਨੇ, ਧਰਮਸ਼ਾਲਾਵਾਂ ਉਸਾਰਨੀਆਂ, ਸਕੂਲ ਦੇ ਕਮਰੇ ਉਸਾਰਨੇ ਜਾਂ ਫਿਰ ਫਿਰਨੀ ਪੱਕੀ ਕਰਨੀ ਨਹੀਂ ਹੈ ਸਗੋਂ ਗੰਭੀਰ ਹੋ ਕੇ ਇਹ ਸੋਚਣਾ ਹੈ ਕਿ ਇਹ ਸਹੂਲਤਾਂ ਪ੍ਰਾਪਤ ਕਰਨ ਵਾਲੇ ਹੀ ਜੇਕਰ ਨਾ ਰਹੇ ਫਿਰ ਭਲਾਂ ਇਹੋ ਜਿਹੇ ਵਿਕਾਸ ਦਾ ਕੀ ਅਰਥ ਰਹਿ ਜਾਂਦਾ ਹੈ? ਇਸ ਸਾਲ 28 ਜੂਨ ਨੂੰ ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਨਾਲ ਸਬੰਧਤ 26 ਸਾਲਾਂ ਦਾ ਨੌਜਵਾਨ ਜੋ ਗਾਇਕੀ ਦੇ ਖੇਤਰ ਵਿੱਚ ਵੀ ਸਥਾਪਤੀ ਲਈ ਯਤਨਸ਼ੀਲ ਸੀ, ਬੇਹੋਸ਼ੀ ਦੀ ਹਾਲਤ ਵਿਚ ਵਿਹੜੇ ਵਿਚ ਡਿੱਗ ਗਿਆ। ਨਸ਼ੇ ਦੇ ਟੀਕੇ ਵਾਲੀ ਸਰਿੰਜ ਉਹ ਬਾਂਹ ਦੀ ਨਾੜ 'ਚੋਂ ਬਾਹਰ ਨਹੀਂ ਕੱਢ ਸਕਿਆ ਅਤੇ ਦਮ ਤੋੜ ਗਿਆ। ਉਸ ਦੇ ਪਿਤਾ ਨੇ ਆਪਣੇ ਪੁੱਤ ਦੀ ਲਾਸ਼ 'ਤੇ ਅੱਥਰੂ ਕੇਰਦਿਆਂ ਦੱਸਿਆ ਕਿ ਪਿਛਲੇ ਅੱਠ ਵਰ੍ਹਿਆਂ 'ਚ ਉਹ ਲੱਖਾਂ ਦਾ ਚਿੱਟਾ ਪੀ ਕੇ ਜਿੱਥੇ ਘਰ ਦੀ ਆਰਥਿਕ ਸਥਿਤੀ ਡਾਵਾਂਡੋਲ ਕਰ ਗਿਆ ਉੱਥੇ ਆਪ ਵੀ ਸਿਵਿਆਂ ਦੇ ਰਾਹ ਤੁਰ ਗਿਆ।

ਦੋ ਸਾਲ ਪਹਿਲਾਂ ਉਸ ਦਾ ਵਿਆਹ ਕੀਤਾ ਪਰ ਨਸ਼ੇੜੀ ਪਤੀ ਦੀਆਂ ਹਰਕਤਾਂ ਤੋਂ ਤੰਗ ਆ ਕੇ ਨੂੰਹ ਪੇਕੇ ਚਲੀ ਗਈ ਅਤੇ ਵਾਪਸ ਨਹੀਂ ਆਈ। ਬਾਪ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਸ਼ਰੇਆਮ ਵਿਕ ਰਹੇ ਨਸ਼ਿਆਂ ਸਬੰਧੀ ਉਹ ਪਿੰਡ ਵਿਚ ਹੀ ਸਥਾਪਤ ਪੁਲਿਸ ਚੌਕੀ ਵਿਚ ਜਾ ਕੇ ਸੂਚਿਤ ਕਰਦਾ ਰਿਹਾ ਹੈ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਨ ਲਈ ਦੁਹਾਈਆਂ ਪਾਉਂਦਾ ਰਿਹਾ ਹੈ। ਪੁਲਿਸ ਨੇ ਅਮਲੀਆਂ ਨੂੰ ਫੜਨ 'ਤੇ ਤਾਂ ਸਾਰਾ ਜ਼ੋਰ ਲਾ ਦਿੱਤਾ ਪਰ ਤਸਕਰਾਂ ਵੱਲ ਪਿੱਠ ਕਰ ਕੇ ਰੱਖੀ। ਆਹ ਵੇਖ ਲਉ, ਨਸ਼ਿਆਂ ਕਾਰਨ ਇਕਲੌਤਾ ਪੁੱਤ ਵੀ ਗਿਆ, ਮੈਂ ਅਤੇ ਮੇਰੀ ਪਤਨੀ ਦੋਨੋਂ ਹੀ ਸਰਕਾਰੀ ਨੌਕਰੀ ਤੋਂ ਸੇਵਾ

ਮੁਕਤ ਹੋਏ ਹਾਂ। ਦੋਨਾਂ ਪਤੀ-ਪਤਨੀ ਦੀ ਕਮਾਈ ਨਸ਼ਿਆਂ ਦੇ ਲੇਖੇ ਲੱਗਦੀ ਰਹੀ ਹੈ। ਉਹਨੇ ਹਟਕੋਰੇ ਭਰਦਿਆਂ ਗੱਲ ਨੂੰ ਅਗਾਂਹ ਤੋਰਿਆ, “ਇਹ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਤਾਂ ਕੋਈ ਟਾਵਾਂ-ਟਾਵਾਂ ਹੀ ਮਰਦੈ ਪਰ ਜਿਸ ਘਰ ਵਿਚ ਨਸ਼ਾ ਵੜ ਗਿਆ ਉਸ ਘਰ ਦਾ ਝੁੱਗਾ ਚੌੜ ਹੋਣ ਦੇ ਨਾਲ-ਨਾਲ ਨਸ਼ੇੜੀ ਵੀ ਛੇਤੀ ਹੀ ਮਰ ਜਾਂਦੈ। ਪਿੱਛੋਂ ਮਾਂ-ਬਾਪ ਨਾ ਜਿਊਂਦਿਆਂ ਵਿਚ ਹੁੰਦੇ ਨੇ, ਨਾ ਮੋਇਆਂ ਵਿਚ। ਇਸ ਪਿੰਡ ਦੇ ਨਾਲ-ਨਾਲ ਗੁਆਂਢੀ ਪਿੰਡਾਂ ਦੇ ਬਹੁਤ ਸਾਰੇ ਜਵਾਨ ਮੁੰਡੇ ਨਸ਼ਿਆਂ ਨੇ ਨਿਗਲ ਲਏ ਨੇ। ਇੱਦਾਂ ਹੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੈਰੋਂ ਵਿਚ 24 ਜੂਨ ਨੂੰ ਨਸ਼ਾ ਤਸਕਰਾਂ ਦੇ ਘਰ ਵਿਚ ਇੱਕੋ ਸਮੇਂ ਵਿਛੇ ਪੰਜ ਸੱਥਰ ਵੀ ਅਖ਼ਬਾਰਾਂ ਦੀ ਸੁਰਖੀ ਬਣੇ ਹਨ। ਘਰ ਦੇ ਹੀ ਗੱਭਰੂ ਨੇ ਆਪਣੇ ਪਿਤਾ, ਭਰਾ, ਦੋ ਭਰਜਾਈਆਂ, ਇਕ ਡਰਾਈਵਰ ਨੂੰ ਨਸ਼ਿਆਂ ਦੀ ਅੰਨ੍ਹੀ ਕਮਾਈ 'ਚੋਂ ਆਪਣਾ ਬਣਦਾ ਹਿੱਸਾ ਨਾ ਮਿਲਣ 'ਤੇ ਮੌਤ ਦੇ ਘਾਟ ਉਤਾਰ ਦਿੱਤਾ। ਘਰ ਦਾ ਮੁਖੀ ਆਪਣੇ ਬਚਾਅ ਲਈ ਭੱਜਣ ਦੀ ਹਾਲਤ ਵਿਚ ਵੀ ਨਹੀਂ ਸੀ। ਬਿਮਾਰੀ ਕਾਰਨ ਉਸ ਦੇ ਪੈਰ ਗਲ਼ ਗਏ ਸਨ। ਇਸ ਤੋਂ ਪਹਿਲਾਂ ਘਰ ਦੇ ਮੁਖੀ ਦੀ ਪਤਨੀ ਨਸ਼ਿਆਂ ਦੀ ਤਸਕਰੀ ਕਾਰਨ ਜੇਲ੍ਹ 'ਚ ਸਜ਼ਾ ਭੁਗਤਦਿਆਂ ਮਰ ਚੁੱਕੀ ਸੀ।

ਦੋ ਪੁੱਤਰ ਨਸ਼ਿਆਂ ਦੇ ਧੰਦੇ ਕਾਰਨ ਜੇਲ੍ਹ ਕੱਟ ਰਹੇ ਹਨ ਅਤੇ ਧੀ 'ਤੇ ਵੀ ਨਸ਼ਾ ਤਸਕਰੀ ਦਾ ਕੇਸ ਚੱਲ ਰਿਹਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਤਸਕਰੀ ਦਾ ਕਾਲਾ ਧੰਦਾ ਕਰਨ ਵਾਲੇ ਇਸ ਪਰਿਵਾਰ ਨੇ ਕੈਰੋਂ ਪਿੰਡ ਦੇ ਨਾਲ-ਨਾਲ ਇਲਾਕੇ ਭਰ ਦੇ ਨੌਜਵਾਨਾਂ ਦਾ ਸੱਤਿਆਨਾਸ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਇਹੋ ਜਿਹੀ ਮਾਰੂ ਵਾਰਦਾਤ ਅਜਿਹਾ ਅਰਥ ਭਰਪੂਰ ਸੁਨੇਹਾ ਵੀ ਦਿੰਦੀ ਹੈ ਕਿ ਨਸ਼ੇ ਦੇ ਤਸਕਰ ਇਹ ਨਾ ਸੋਚਣ ਕਿ ਅਜਿਹੀ ਅੰਨ੍ਹੀ ਕਮਾਈ ਨਾਲ ਵਿਆਹ ਦਾ ਜੋੜਾ ਖ਼ਰੀਦਿਆ ਜਾ ਸਕਦਾ ਹੈ ਸਗੋਂ ਇਹ ਵੀ ਸੋਚਣ ਕਿ ਅਜਿਹੀ ਕਮਾਈ ਨਾਲ ਕੱਫਣ ਵੀ ਖ਼ਰੀਦਿਆ ਜਾ ਸਕਦੈ ਅਤੇ ਹੋਰਾਂ ਦਾ ਘਰ ਉਜਾੜਨ ਵਾਲੇ ਆਪ ਵੀ ਲਪਟਾਂ ਦਾ ਸ਼ਿਕਾਰ ਹੋ ਸਕਦੇ ਹਨ। ਇਸ ਤਰ੍ਹਾਂ ਹੀ ਸਨਅਤੀ ਸ਼ਹਿਰ ਲੁਧਿਆਣਾ ਵਿਖੇ ਇਕ ਨੌਜਵਾਨ ਦੀ ਲਾਸ਼ ਕਾਰ 'ਚੋਂ ਮਿਲੀ ਸੀ। ਪੁਲਿਸ ਨੇ ਪ੍ਰਗਟਾਵਾ ਕੀਤਾ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਡਾਵਾਂਡੋਲ ਸਥਿਤੀ ਵਿਚ ਲਾਗੇ ਖੜ੍ਹਾ ਬਾਪ ਥਾਣੇਦਾਰ ਨੂੰ ਮੁਖਾਤਿਬ ਹੋ ਕੇ ਅੰਤਾਂ ਦੀ ਗਮਗ਼ੀਨ ਆਵਾਜ਼ ਵਿਚ ਕਹਿ ਰਿਹਾ ਸੀ, “ਮੈਂ ਮੰਨਦਾਂ ਕਿ ਮੇਰਾ ਪੁੱਤ ਨਸ਼ੇ ਦੀ ਓਵਰਡੋਜ਼ ਕਾਰਨ ਮਰਿਐ ਪਰ ਇਹਦੇ ਕੋਲ ਨਸ਼ਾ ਆਇਆ ਕਿੱਥੋਂ? ਤੁਸੀਂ ਤਾਂ ਹਰ ਰੋਜ਼ ਆਪਣੀ ਪਿੱਠ ਆਪ ਹੀ ਥਪਥਪਾ ਕੇ ਕਹਿੰਦੇ ਹੋ ਕਿ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਹੈ। ਫਿਰ ਇਹ ਕੀ?” ਉਸ ਵਿਚਾਰੇ ਦਾ ਸਵਾਲ ਹਵਾ ਵਿਚ ਹੀ ਗੁਆਚ ਗਿਆ ਅਤੇ ਪੁਲਿਸ ਅਧਿਕਾਰੀ ਨੂੰ ਕੋਈ ਜਵਾਬ ਨਹੀਂ ਸੀ ਅਹੁੜ ਰਿਹਾ।

ਅਜਿਹੀ ਮਾਰੂ ਅਤੇ ਦੁਖਾਂਤਮਈ ਸਥਿਤੀ ਦਾ ਸਾਹਮਣਾ ਕਰ ਰਹੇ ਲੋਕਾਂ ਦਾ ਹੁਣ ਸਿਆਸਤਦਾਨਾਂ ਦੇ ਦਿਲ ਲੁਭਾਊ ਵਾਅਦਿਆਂ ਅਤੇ ਦਾਅਵਿਆਂ ਤੋਂ ਵਿਸ਼ਵਾਸ ਉੱਠ ਚੁੱਕਾ ਹੈ। ਲੋਕਾਂ ਦੀ ਇਹ ਧਾਰਨਾ ਬਣ ਚੁੱਕੀ ਹੈ ਕਿ ਵਰਤਮਾਨ ਸਿਆਸਤ ਵਿਚ ਨਿੱਜੀ, ਵਪਾਰਕ ਅਤੇ ਰਾਜਸੀ ਹਿੱਤ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਲੋਕਾਂ ਦੇ ਅੱਥਰੂ, ਪੀੜਾ ਅਤੇ ਜੀਵਨ ਲੋੜਾਂ ਦਾ ਖ਼ਿਆਲ ਚੋਣਾਂ ਤੋਂ ਸਿਰਫ਼ ਦੋ ਕੁ ਮਹੀਨੇ ਪਹਿਲਾਂ ਖ਼ੁਦਗਰਜ਼ੀ ਦੀ ਭਾਵਨਾ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ। ਆਮ ਲੋਕ ਅਸੁਰੱਖਿਆ ਦੀ ਭਾਵਨਾ ਅਧੀਨ ਡੰਗ ਟਪਾਈ ਕਰ ਰਹੇ ਹਨ। ਪੰਜਾਬ 'ਚ ਕੋਈ ਵੀ ਖਿੱਤਾ ਜਾਂ ਜ਼ਿਲ੍ਹਾ ਅਜਿਹਾ ਨਹੀਂ ਜਿੱਥੇ ਕਤਲ, ਗੁੰਡਾਗਰਦੀ, ਲੁੱਟਾਂ-ਖੋਹਾਂ, ਚੋਰੀਆਂ, ਜਬ-ਜਨਾਹ ਦੀਆਂ ਵਾਰਦਾਤਾਂ ਨਹੀਂ ਹੋ ਰਹੀਆਂ। ਅਜਿਹੀਆਂ ਵਾਰਦਾਤਾਂ ਦਾ ਦਿਨ-ਦਿਹਾੜੇ ਵਾਪਰਨਾ ਕੋਈ ਸ਼ੁਭ ਸੰਕੇਤ ਨਹੀਂ ਹੈ। ਤਾਲਾਬੰਦੀ ਅਤੇ ਕਰਫਿਊ ਦੌਰਾਨ ਜਿੱਥੇ ਦੁਕਾਨਾਂ, ਸ਼ਾਪਿੰਗ ਮਾਲਜ਼ ਅਤੇ ਸ਼ਰਾਬ ਦੇ ਠੇਕੇ ਬੰਦ ਰਹੇ, ਉੱਥੇ ਹੀ ਰਾਜਪੁਰਾ ਇਲਾਕੇ ਦੇ ਸ਼ੰਭੂ ਬੈਰੀਅਰ ਲਾਗੇ ਇਕ ਪਿੰਡ ਵਿਚ ਨਕਲੀ ਸ਼ਰਾਬ ਦੀ ਫੈਕਟਰੀ 'ਚੋਂ 2680 ਪੇਟੀਆਂ ਸ਼ਰਾਬ ਦੀਆਂ ਫੜੀਆਂ ਜਾਣੀਆਂ ਅਤੇ ਫਿਰ ਖੰਨਾ ਲਾਗੇ ਸ਼ਰਾਬ ਦੀ ਜਾਅਲੀ ਫੈਕਟਰੀ 'ਚੋਂ ਅੰਗਰੇਜ਼ੀ ਸ਼ਰਾਬ ਦੀਆਂ 22000 ਪੇਟੀਆਂ ਦੇ ਫੜੇ ਜਾਣ ਨਾਲ ਸਿਆਸੀ ਆਕਾਵਾਂ ਦੀ ਸਰਪ੍ਰਸਤੀ ਵੱਲ ਉਂਗਲ ਉੱਠਦੀ ਹੈ। ਇਹ ਸ਼ਰਾਬ ਦੀਆਂ ਪੇਟੀਆਂ ਠੇਕੇ ਬੰਦ ਹੋਣ ਕਾਰਨ 'ਲੋਕਾਂ ਦੀ ਸੇਵਾ' ਵਿਚ ਵੰਡੀਆਂ ਜਾਣੀਆਂ ਸਨ ਅਤੇ ਚਰਚਾ ਹੈ ਕਿ ਇਸ ਤੋਂ ਪਹਿਲਾਂ 405 ਕਰੋੜ ਦੀ ਸ਼ਰਾਬ ਵੰਡੀ ਜਾ ਚੁੱਕੀ ਸੀ। ਹੈਰਾਨੀ ਇਸ ਗੱਲ ਦੀ ਹੈ ਕਿ 8-9 ਸ਼ਰਾਬ ਦੀਆਂ ਬੋਤਲਾਂ ਦੀ ਬਰਾਮਦਗੀ ਵਾਲੇ ਅਦਾਲਤਾਂ 'ਚ ਪੇਸ਼ੀਆਂ ਭੁਗਤ ਰਹੇ ਹਨ ਪਰ ਟਰੱਕਾਂ ਦੇ ਟਰੱਕ ਨਾਜ਼ਾਇਜ਼ ਸ਼ਰਾਬ ਵੰਡਣ ਵਾਲੇ ਦਨਦਨਾਉਂਦੇ ਫਿਰਦੇ ਹਨ।

ਹੋਰ ਤਾਂ ਹੋਰ, ਲੋਕ ਰਾਜ ਦੀ ਮੁੱਢਲੀ ਇਕਾਈ ਪੰਚਾਇਤਾਂ ਵੱਲੋਂ ਸ਼ਰਾਬ ਦੇ ਠੇਕੇ ਬੰਦ ਕਰਨ ਸਬੰਧੀ ਪਾਏ ਮਤੇ ਵੀ ਆਬਕਾਰੀ ਵਿਭਾਗ ਵੱਲੋਂ ਇਸ ਆਧਾਰ 'ਤੇ ਦਰਕਿਨਾਰ ਕੀਤੇ ਗਏ ਕਿ ਸਬੰਧਤ ਪਿੰਡ ਵਿਚ ਕਿਸੇ ਕੋਲੋਂ ਪੰਜ-ਛੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਸਨ ਅਤੇ ਇਸ ਆਧਾਰ 'ਤੇ 'ਨਾਜਾਇਜ਼ ਸ਼ਰਾਬ' ਦੀ ਵਿਕਰੀ ਕਾਰਨ ਪੰਚਾਇਤ ਦੋਸ਼ੀ ਹੈ। ਇਸ 'ਤੇ ਕੁਝ ਸਰਪੰਚ ਹਾਈ ਕੋਰਟ ਦੀ ਸ਼ਰਨ 'ਚ ਵੀ ਗਏ ਹਨ। ਬਿਨਾਂ ਸ਼ੱਕ ਪੰਜਾਬ ਇਸ ਵੇਲੇ ਬਹੁ-ਪੱਖੀ ਅਤੇ ਬਹੁ-ਪਰਤੀ ਸੰਕਟ 'ਚੋਂ ਗੁਜ਼ਰ ਰਿਹਾ ਹੈ। ਬੇਰੁਜ਼ਗਾਰੀ, ਗੁਰਬਤ, ਕਿਸਾਨੀ ਸੰਕਟ, ਨਸ਼ੇ ਜਿਹੀਆਂ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਕਈ ਜਨਤਕ ਅੰਦੋਲਨ ਵੀ ਸਾਹਮਣੇ ਆਏ ਪਰ ਪੈਸੇ ਅਤੇ ਸੱਤਾ ਦੇ ਗੱਠਜੋੜ ਨੇ ਇਨ੍ਹਾਂ ਅੰਦੋਲਨਾਂ ਨੂੰ ਜਨਤਕ ਅੰਦੋਲਨ ਨਹੀਂ ਬਣਨ ਦਿੱਤਾ। ਪੈਸਾ ਇਕੱਠਾ ਕਰਨ ਦੀ ਦੌੜ 'ਚ ਨੈਤਿਕਤਾ, ਸਮਾਜਿਕ ਸਰੋਕਾਰ, ਧਰਮ ਦਰਸ਼ਨ ਤੇ ਸੱਭਿਆਚਾਰ ਵੀ ਦਾਅ 'ਤੇ ਲੱਗਿਆ ਹੈ। ਭਲਾ ਜਦ ਮਾਲੀ ਹੀ ਦਗਾਬਾਜ਼ ਹੋ ਜਾਣ, ਦਰਬਾਨਾਂ ਦੀ ਅੱਖ ਚੋਰਾਂ ਨਾਲ ਰਲ ਜਾਵੇ, ਫਿਰ ਆਰਥਿਕ, ਮਾਨਸਿਕ, ਸਰੀਰਕ ਅਤੇ ਬੌਧਿਕ ਕੰਗਾਲੀ ਨੂੰ ਕਿੰਜ ਰੋਕਿਆ ਜਾ ਸਕਦਾ ਹੈ?

-(ਪ੍ਰਾਜੈਕਟ ਡਾਇਰੈਕਟਰ, ਨਸ਼ਾ ਛੁਡਾਊ ਕੇਂਦਰ, ਸੰਗਰੂਰ)। -ਸੰਪਰਕ :94171-48866

Posted By: Sunil Thapa