ਕੋਰੋਨਾ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਦੇਖ ਕੇ ਇਹ ਸਪੱਸ਼ਟ ਹੈ ਕਿ ਇਸ ਦੀ ਲਾਗ ਦੀ ਦੂਜੀ ਲਹਿਰ ਪਹਿਲੀ ਲਹਿਰ ਨੂੰ ਪਾਰ ਕਰਨ ਵਾਲੀ ਹੀ ਹੈ। ਛੇਤੀ ਹੀ ਰੋਜ਼ਾਨਾ ਇਕ ਲੱਖ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਸਾਹਮਣੇ ਆ ਸਕਦੇ ਹਨ। ਇਹ ਚਿੰਤਾਜਨਕ ਸਥਿਤੀ ਹੋਵੇਗੀ।

ਇਸ ਸਥਿਤੀ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਜਦੋਂ ਇਕ ਪਾਸੇ ਜਿੱਥੇ ਆਮ ਲੋਕ ਇਸ ਦੀ ਲਾਗ ਤੋਂ ਬਚੇ ਰਹਿਣ ਦੇ ਉਪਾਆਂ ਨੂੰ ਲੈ ਕੇ ਸਾਵਧਾਨੀ ਵਰਤਣ ਅਤੇ ਦੂਜੇ ਪਾਸੇ ਟੀਕਾਕਰਨ ਦੀ ਰਫ਼ਤਾਰ ਤੇਜ਼ ਕੀਤੀ ਜਾਵੇ। ਇਸ ਤੋਂ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ ਕਿ ਹੁਣ ਤਕ ਸੱਤ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਟੀਕੇ ਲਾਏ ਜਾ ਚੁੱਕੇ ਹਨ। ਟੀਕਾਕਰਨ ਮੁਹਿੰਮ ਜਨਵਰੀ ’ਚ ਸ਼ੁਰੂ ਹੋਈ ਸੀ ਅਤੇ ਹੁਣ ਤਕ 10-15 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਟੀਕੇ ਲੱਗ ਜਾਣੇ ਚਾਹੀਦੇ ਸਨ।

ਇਹ ਠੀਕ ਹੈ ਕਿ ਜਦੋਂ ਤੋਂ 45 ਸਾਲਾਂ ਤੋਂ ਉੱਪਰ ਦੇ ਲੋਕਾਂ ਨੂੰ ਟੀਕਾ ਲਗਵਾਉਣ ਦੀ ਸਹੂਲਤ ਦਿੱਤੀ ਗਈ ਹੈ, ਉਦੋਂ ਤੋਂ ਟੀਕਾਕਰਨ ਦੀ ਰਫ਼ਤਾਰ ਕੁਝ ਵਧੀ ਹੈ ਪਰ ਇਹ ਹਾਲੇ ਵੀ ਟੀਚੇ ਤੋਂ ਪਿੱਛੇ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਆਖ਼ਰ ਰੋਜ਼ਾਨਾ 50 ਲੱਖ ਲੋਕਾਂ ਦੇ ਟੀਕਾਕਰਨ ਦਾ ਟੀਚਾ ਕਿਉਂ ਨਹੀਂ ਹਾਸਲ ਹੋ ਰਿਹਾ ਹੈ?

ਇਹ ਟੀਚਾ ਉਦੋਂ ਹੀ ਹਾਸਲ ਕੀਤਾ ਜਾ ਸਕਦਾ ਹੈ ਜਦੋਂ ਟੀਕਾਕਰਨ ਕੇਂਦਰਾਂ ਦੀ ਗਿਣਤੀ ਵਧਾਈ ਜਾਵੇ ਅਤੇ ਯੋਗ ਲੋਕ ਟੀਕਾ ਲਗਵਾਉਣ ’ਚ ਤਤਪਰਤਾ ਦਿਖਾਉਣ। ਇਹ ਸਮਝਣਾ ਮੁਸ਼ਕਲ ਹੈ ਕਿ ਜਦੋਂ ਟੀਕਾਕਰਨ ਦਾ ਟੀਚਾ ਪ੍ਰਾਪਤ ਕਰਨ ’ਚ ਮੁਸ਼ਕਲ ਆ ਰਹੀ ਹੈ ਤਾਂ ਫਿਰ ਹਰ ਉਮਰ ਵਰਗ ਦੇ ਲੋਕਾਂ ਨੂੰ ਟੀਕਾ ਲਗਵਾਉਣ ਦੀ ਸਹੂਲਤ ਦੇਣ ਤੋਂ ਕਿਉਂ ਬਚਿਆ ਜਾ ਰਿਹਾ ਹੈ?

ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਟੀਕਿਆਂ ਦੇ ਖ਼ਰਾਬ ਹੋਣ ਦਾ ਇਕ ਕਾਰਨ ਲੋੜੀਂਦੀ ਗਿਣਤੀ ’ਚ ਲੋਕਾਂ ਦਾ ਟੀਕਾਕਰਨ ਕੇਂਦਰਾਂ ’ਚ ਨਾ ਪਹੁੰਚਣਾ ਹੈ। ਜੇ ਲੋੜੀਂਦੀ ਗਿਣਤੀ ’ਚ ਟੀਕੇ ਮੁਹੱਈਆ ਹਨ ਤਾਂ ਫਿਰ ਘਰ-ਘਰ ਟੀਕੇ ਲਗਵਾਉਣ ਦੀ ਵੀ ਕੋਈ ਮੁਹਿੰਮ ਸ਼ੁਰੂ ਕਰਨ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਘੱਟੋ-ਘੱਟ ਇਹ ਤਾਂ ਹੋਣਾ ਹੀ ਚਾਹੀਦਾ ਹੈ ਕਿ ਜੋ ਲੋਕ ਆਪਣੇ ਕੰਮ-ਧੰਦੇ ਦੇ ਸਿਲਸਿਲੇ ’ਚ ਘਰਾਂ ਤੋਂ ਬਾਹਰ ਨਿਕਲਦੇ ਹਨ ਅਤੇ ਭੀੜਭਾੜ ਵਾਲੇ ਇਲਾਕਿਆਂ ’ਚ ਜਾਂਦੇ ਹਨ, ਉਨ੍ਹਾਂ ਨੂੰ ਤਰਜੀਹ ਦੇ ਆਧਾਰ ’ਤੇ ਟੀਕਾ ਲੱਗੇ ਭਾਵੇਂ ਹੀ ਉਨ੍ਹਾਂ ਦੀ ਉਮਰ 45 ਸਾਲਾਂ ਤੋਂ ਘੱਟ ਕਿਉਂ ਨਾ ਹੋਵੇ। ਅਜਿਹੇ ਕੋਈ ਉਪਾਅ ਇਸ ਲਈ ਜ਼ਰੂਰੀ ਹੋ ਗਏ ਹਨ ਕਿਉਂਕਿ ਇਹ ਦੇਖਣ ’ਚ ਆ ਰਿਹਾ ਹੈ ਕਿ ਹੁਣ ਘੱਟ ਉਮਰ ਵਾਲੇ ਲੋਕ ਵੀ ਕੋਰੋਨਾ ਦੀ ਲਪੇਟ ’ਚ ਆ ਰਹੇ ਹਨ।

ਹੁਣ ਜਦੋਂ ਕੋਰੋਨਾ ਦੀ ਲਾਗ ਦੇ ਖ਼ਤਰੇ ਨੇ ਫਿਰ ਤੋਂ ਸਿਰ ਚੁੱਕ ਲਿਆ ਹੈ, ਉਦੋਂ ਵੀ ਟੀਕਾ ਲਗਵਾਉਣ ’ਚ ਦੇਰੀ ਕਰਨ ਦੀ ਕੋਈ ਤੁਕ ਨਹੀਂ ਬਣਦੀ। ਜੋ ਲੋਕ ਕਿਸੇ ਨਾ ਕਿਸੇ ਕਾਰਨ ਟੀਕਾ ਲਗਵਾਉਣ ਤੋਂ ਬਚ ਰਹੇ ਹਨ, ਉਨ੍ਹਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਹਾਲ-ਫ਼ਿਲਹਾਲ ਕੋਵਿਡ-19 ਤੋਂ ਛੁਟਕਾਰਾ ਮਿਲਦਾ ਨਹੀਂ ਦਿਸ ਰਿਹਾ ਤੇ ਇਹ ਹਾਲੇ ਵੀ ਘਾਤਕ ਬਣਿਆ ਹੋਇਆ ਹੈ। ਇਸ ਲਈ ਟੀਕਾਕਰਨ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ ਕਿਉਂਕਿ ਸੰਜੀਦਗੀ ਨਾਲ ਹੀ ਕੋਰੋਨਾ ਨਾਲ ਲੜਿਆ ਜਾ ਸਕਦਾ ਹੈ।

Posted By: Jagjit Singh