ਮਨੁੱਖੀ ਸੋਮੇ ਵਿਕਾਸ ਮੰਤਰਾਲਾ ਨਵੀਂ ਕੌਮੀ ਸਿੱਖਿਆ ਨੀਤੀ ਅਰਥਾਤ ਐੱਨਈਪੀ ਦੇ ਸੋਧੇ ਹੋਏ ਖਰੜੇ ਨੂੰ ਅੰਤਿਮ ਰੂਪ ਦੇ ਕੇ ਕੈਬਨਿਟ ਸਾਹਮਣੇ ਰੱਖਣ ਦੀ ਤਿਆਰੀ ਵਿਚ ਹੈ। ਉੱਚ ਸਿੱਖਿਆ ਦੇ ਸਬੰਧ ਵਿਚ ਦੇਖੀਏ ਤਾਂ ਇਸ ਖਰੜੇ ਵਿਚ ਆਗਾਮੀ ਚੌਥੀ ਸਨਅਤੀ ਕ੍ਰਾਂਤੀ ਦੇ ਮੱਦੇਨਜ਼ਰ ਇਕ ਨਾਲੇਜ ਸੁਸਾਇਟੀ ਦੇ ਨਾਲ-ਨਾਲ ਆਰਥਿਕ ਸ਼ਕਤੀ ਦੇ ਰੂਪ ਵਿਚ ਭਾਰਤ ਦੀ ਭਾਵੀ ਰੂਪਰੇਖਾ ਦਾ ਖਾਕਾ ਹੈ ਪਰ ਸਿੱਖਿਆ ਜਗਤ ਵਿਚ ਇਸ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ। ਉੱਚ ਸਿੱਖਿਆ ਦੇ ਸਬੰਧ ਵਿਚ ਇਹ ਮੁਹਾਂਦਰਾ ਮਹੱਤਵਪੂਰਨ ਤਾਂ ਹੈ ਪਰ ਉਸ ਵਿਚ ਕੁਝ ਕਮੀਆਂ ਹਨ ਜਿਨ੍ਹਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਇਨ੍ਹਾਂ 'ਚ ਇਕ ਹੈ ਇਕੱਲੇ ਪ੍ਰੋਗਰਾਮ ਆਧਾਰਿਤ ਸੰਸਥਾਵਾਂ ਦੀ ਥਾਂ ਬਹੁ-ਵਿਸ਼ੇ ਵਾਲੇ ਪਾਠਕ੍ਰਮ ਚਲਾਉਣ ਵਾਲੀਆਂ ਸੰਸਥਾਵਾਂ 'ਤੇ ਜ਼ੋਰ। ਸਾਡੀਆਂ 51000 ਤੋਂ ਵੱਧ ਉੱਚ ਸਿੱਖਿਆ ਸੰਸਥਾਵਾਂ ਵਿਚੋਂ ਵੱਡੀ ਗਿਣਤੀ 'ਚ ਸੰਸਥਾਵਾਂ ਇਕੱਲਾ 'ਤੇ ਪ੍ਰੋਗਰਾਮ ਕੇਂਦਰਿਤ ਹਨ। ਇਸ ਖਾਮੀ ਵਾਲੇ ਸਿੱਖਿਆ ਤੰਤਰ ਦੇ ਰੂਪ ਵਿਚ ਬੀਐੱਡ ਕਾਲਜ, ਇੰਜੀਨੀਅਰਿੰਗ, ਲਾਅ ਜਾਂ ਮੈਨੇਜਮੈਂਟ ਕਾਲਜ ਇਕੱਲਾ ਪ੍ਰੋਗਰਾਮ ਚਲਾਉਣ ਵਾਲੀਆਂ ਸੰਸਥਾਵਾਂ ਦੀ ਮਿਸਾਲ ਹਨ। ਪ੍ਰਾਚੀਨ ਭਾਰਤੀ ਯੂਨੀਵਰਸਿਟੀਆਂ ਹੋਣ ਜਾਂ ਆਧੁਨਿਕ ਯੂਨੀਵਰਸਿਟੀਆਂ, ਉਨ੍ਹਾਂ ਦੇ ਤਜਰਬੇ ਦਰਸਾਉਂਦੇ ਹਨ ਕਿ ਬਹੁ-ਵਿਸ਼ਾ ਸਿੱਖਿਆ ਸੰਸਥਾਨ ਕਿੰਨੇ ਫ਼ਾਇਦੇਮੰਦ ਸਿੱਧ ਹੁੰਦੇ ਹਨ। ਨਵੀਂ ਸਿੱਖਿਆ ਨੀਤੀ ਦੀ ਇਕ ਹੋਰ ਸਿਫ਼ਾਰਸ਼ ਹੈ ਸ਼ੁਰੂਆਤ ਤੋਂ ਹੀ ਸਿੱਖਿਆ-ਅਧਿਐਨ ਨੂੰ ਮੁਹਾਰਤ ਵੱਲ ਮੋੜਨ ਦੀ ਥਾਂ ਬਹੁ-ਵਿਸ਼ਾ ਗ੍ਰੈਜੂਏਸ਼ਨ ਸਿੱਖਿਆ 'ਤੇ ਜ਼ੋਰ ਦੇਣਾ। ਪ੍ਰਾਚੀਨ ਭਾਰਤੀ ਪ੍ਰੰਪਰਾ ਵਿਚ 64 ਕਲਾਵਾਂ ਦੇ ਗਿਆਨ ਦੀ ਜੋ ਚਰਚਾ ਹੁੰਦੀ ਹੈ, ਉਹ ਇਸੇ ਤਾਲਮੇਲ ਵਾਲੇ ਸਮੁੱਚੇ ਗਿਆਨ ਦੀ ਗਵਾਹੀ ਭਰਦੀ ਹੈ। ਇਨ੍ਹਾਂ 64 ਕਲਾਵਾਂ ਵਿਚ ਸੰਗੀਤ, ਸਾਹਿਤ ਅਤੇ ਕਲਾ ਆਦਿ ਤੋਂ ਲੈ ਕੇ ਇੰਜੀਨੀਅਰਿੰਗ, ਮੈਡੀਕਲ ਅਤੇ ਗਣਿਤ ਵਰਗੇ ਵਿਗਿਆਨਕ ਵਿਸ਼ਿਆਂ ਦੇ ਨਾਲ-ਨਾਲ ਕਾਰੀਗਰੀ-ਸ਼ਿਲਪਕਾਰੀ ਵੀ ਸ਼ਾਮਲ ਸਨ। ਅੱਜ ਅਮਰੀਕਾ-ਯੂਰਪ ਵਿਚ ਗ੍ਰੈਜੂਏਸ਼ਨ ਪੱਧਰ ਦੀ ਸਿੱਖਿਆ ਇਸੇ ਪ੍ਰਾਚੀਨ ਭਾਰਤੀ ਪ੍ਰਣਾਲੀ ਨਾਲ ਬਹੁਤ ਮਿਲਦੀ-ਜੁਲਦੀ ਹੈ ਜਿਸ ਨੂੰ ਉਹ ਬੜੇ ਮਾਣ ਨਾਲ 'ਲਿਬਰਲ ਆਰਟਸ' ਕਹਿੰਦੇ ਹਨ। ਹਾਲੀਆ ਖੋਜਾਂ ਵੀ ਸਿੱਧ ਕਰ ਰਹੀਆਂ ਹਨ ਕਿ ਆਰਟਸ ਅਤੇ ਸਾਇੰਸ ਆਦਿ ਨੂੰ ਏਕੀਕ੍ਰਿਤ ਕਰਨ ਵਾਲੀ ਅਜਿਹੀ ਗ੍ਰੈਜੂਏਸ਼ਨ ਸਿੱਖਿਆ ਦੇ ਨਤੀਜੇ ਅਤਿਅੰਤ ਹਾਂ-ਪੱਖੀ ਹੁੰਦੇ ਹਨ ਜੋ ਰਚਨਾਤਮਕਤਾ, ਉੱਚ ਪੱਧਰੀ ਚਿੰਤਨ, ਸਮੱਸਿਆ-ਹੱਲ ਦੀ ਸਮਰੱਥਾ, ਟੀਮ ਵਰਕ, ਸੰਚਾਰ ਕੌਸ਼ਲ ਆਦਿ ਦੀ ਦ੍ਰਿਸ਼ਟੀ ਨਾਲ ਬੇਹੱਦ ਸਹਾਇਕ ਹਨ। ਐੱਨਈਪੀ ਦੇ ਖਰੜੇ ਵਿਚ ਇਕ ਸਰਵੇਖਣ ਦਾ ਹਵਾਲਾ ਹੈ ਕਿ ਔਸਤ ਵਿਗਿਆਨੀਆਂ ਦੀ ਤੁਲਨਾ ਵਿਚ ਨੋਬਲ ਪੁਰਸਕਾਰ ਜੇਤੂ ਵਿਗਿਆਨਕਾਂ ਵਿਚ ਕਲਾਤਮਕ ਸ਼ੌਕ ਤਿੰਨ ਗੁਣਾ ਵੱਧ ਸੀ। ਉੱਚ ਸਿੱਖਿਆ ਪ੍ਰਣਾਲੀ ਵਿਚ ਸਮੁਦਾਇਕ ਮੇਲ-ਮਿਲਾਪ, ਸਮਾਜ ਸੇਵਾ ਅਤੇ ਵਿਕਾਸ ਆਦਿ ਨੂੰ ਸ਼ਾਮਲ ਕਰਨ ਦਾ ਵੀ ਇਕ ਪ੍ਰਸਤਾਵ ਖਰੜੇ ਵਿਚ ਹੈ। ਇਸ ਤੋਂ ਬਿਨਾਂ ਹੋਰ ਵੀ ਕੁਝ ਅਹਿਮ ਕਦਮ ਚੁੱਕੇ ਗਏ ਹਨ। ਜੇ ਉਨ੍ਹਾਂ ਨੂੰ ਅਮਲੀਜਾਮਾ ਪੁਆ ਦਿੱਤਾ ਜਾਂਦਾ ਹੈ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਨਵੇਂ ਭਾਰਤ ਦੇ ਨਿਰਮਾਣ ਦਾ ਮੁੱਢ ਸਿੱਧ ਹੋਵੇਗੀ।

-ਨਿਰੰਜਨ ਕੁਮਾਰ (ਲੇਖਕ ਦਿੱਲੀ ਯੂਨੀਵਰਸਿਟੀ 'ਚ ਪ੍ਰੋਫੈਸਰ ਹੈ)।

Posted By: Susheel Khanna