ਕਿਤਾਬਾਂ ਮਨੁੱਖ ਦੀਆਂ ਦੋਸਤ ਹੀ ਨਹੀਂ ਸਗੋਂ ਹਮਸਫ਼ਰ ਹੁੰਦੀਆਂ ਹਨ। ਚੰਗੀ ਕਿਤਾਬ ਦਾ ਕੀਤਾ ਗਿਆ ਅਧਿਐਨ ਮਨੁੱਖ ਦੇ ਤਾ-ਉਮਰ ਸੰਗ ਚੱਲਦਾ ਹੈ ਤੇ ਇਕ ਚੰਗਾ ਜੀਵਨ ਜਿਊਣ ਦੀ ਸੋਝੀ ਦੇ ਨਾਲ ਬੀਤੇ ਦੀਆਂ ਕਮੀਆਂ-ਪੇਸ਼ੀਆਂ ਦੂਰ ਕਰਨ ਵਿਚ ਵੀ ਉਸ ਦੀ ਅਗਵਾਈ ਕਰਦਾ ਹੈ। ਇਹ ਕਿਤਾਬ ਹੀ ਹੈ ਜਿੱਥੋਂ ਮਨੁੱਖ ਭੂਤਕਾਲ ਦੀ ਜਾਣਕਾਰੀ ਹਾਸਲ ਕਰ ਕੇ ਆਪਣੇ ਵਰਤਮਾਨ ਅਤੇ ਭਵਿੱਖ ਸਬੰਧੀ ਘਾੜਤਾਂ ਘੜ ਸਕਦਾ ਹੈ ਅਤੇ ਆਪਣੇ ਆਲੇ-ਦੁਆਲੇ ਨੂੰ ਸਿੱਖਿਅਤ ਕਰਨ ਦੇ ਯੋਗ ਹੋ ਸਕਦਾ ਹੈ। ਇਨ੍ਹਾਂ ਕਿਤਾਬਾਂ ਦੇ ਡੂੰਘੇ ਅਧਿਐਨ ਲਈ ਮਨੁੱਖ ਨੂੰ ਕਿਸੇ ਇਕਾਂਤ ਅਤੇ ਸ਼ਾਂਤਮਈ ਵਾਤਾਵਰਨ ਦੀ ਲੋੜ ਹੁੰਦੀ ਹੈ ਜਿੱਥੇ ਉਸ ਦੀ ਲੋੜ ਅਨੁਸਾਰ ਕਿਤਾਬਾਂ ਤੇ ਹੋਰ ਸਾਜ਼ੋ- ਸਾਮਾਨ ਵੀ ਮੌਜੂਦ ਹੋਵੇ। ਇਨ੍ਹਾਂ ਸਭ ਲੋੜਾਂ ਦੀ ਪੂਰਤੀ ਲਈ ਇਕ ਲਾਇਬ੍ਰੇਰੀ ਤੋਂ ਢੁੱਕਵਾਂ ਹੋਰ ਕੋਈ ਸਥਾਨ ਨਹੀਂ ਹੋ ਸਕਦਾ। ਹਰ ਕਿਤਾਬ ਪ੍ਰੇਮੀ ਲਾਇਬ੍ਰੇਰੀ ਦੀ ਮਹੱਤਤਾ ਤੋਂ ਭਲੀਭਾਂਤ ਵਾਕਿਫ਼ ਹੁੰਦਾ ਹੈ ਪਰ ਉਸ ਦੇ ਮਨ ਵਿਚ ਇਕ ਸਵਾਲ ਜ਼ਰੂਰ ਰਹਿੰਦਾ ਹੈ ਕਿ ਆਖ਼ਰ ਲਾਇਬ੍ਰੇਰੀ ਦੇ ਮੌਜੂਦਾ ਸਰੂਪ ਦੀ ਸਿਰਜਣਹਾਰ ਕਿਹੜੀ ਸ਼ਖ਼ਸੀਅਤ ਹੈ? ਡਾ. ਐੱਸ. ਆਰ. ਰੰਗਾਨਾਥਨ ਨੂੰ ਲਾਇਬ੍ਰੇਰੀ ਸਾਇੰਸ ਦਾ ਪਿਤਾਮਾ ਮੰਨਿਆ ਜਾਂਦਾ ਹੈ।

ਉਨ੍ਹਾਂ ਦਾ ਜਨਮ ਦਿਨ ਹਰ ਸਾਲ ਭਾਰਤ ਵਿਚ ‘ਰਾਸ਼ਟਰੀ ਲਾਇਬ੍ਰੇਰੀਅਨ ਦਿਵਸ’ ਵਜੋਂ 12 ਅਗਸਤ ਨੂੰ ਮਨਾਇਆ ਜਾਂਦਾ ਹੈ। ਸਿਆਲੀ ਰਾਮ (ਐੱਸ. ਆਰ) ਰੰਗਾਨਾਥਨ ਦਾ ਜਨਮ ਇਕ ਗ਼ਰੀਬ ਬ੍ਰਾਹਮਣ ਪਰਿਵਾਰ ’ਚ 12 ਅਗਸਤ 1892 ਨੂੰ ਸਿਆਲੀ (ਮੌਜੂਦਾ ਸਮੇਂ ਸਿਰਕਾਜੀ) ਵਿਚ ਬਿ੍ਟਿਸ਼ ਸ਼ਾਸਿਤ ਭਾਰਤ ਵਿਚ ਤੰਜਾਵਰ (ਮੌਜੂਦਾ ਸਮੇਂ ਉਬਯੇਵਥਨਥਪੁਰਮ ਤਿਰੂਵੂਰਰ ਜ਼ਿਲ੍ਹਾ) ਤਾਮਿਲਨਾਡੂ ਵਿਖੇ ਹੋਇਆ ਸੀ। ਬਚਪਨ ਤੋਂ ਹੀ ਡਾ. ਰੰਗਾਨਾਥਨ ਦੀ ਸਿੱਖਿਆ ਵਿਚ ਦਿਲਚਸਪੀ ਰਹੀ ਜਿਸ ਸਦਕਾ 1910 ਵਿਚ ਮਾੜੀ ਸਿਹਤ ਅਤੇ ਗ਼ਰੀਬੀ ਦੇ ਬਾਵਜੂਦ ਉਨ੍ਹਾਂ ਚੰਗੇ ਅੰਕਾਂ ਨਾਲ ਮੈਟ੍ਰਿਕ ਪਾਸ ਕਰ ਲਈ। ਡਾ. ਰੰਗਾਨਾਥਨ ਨੇ ਆਪਣੀ ਪੇਸ਼ੇਵਰ ਜ਼ਿੰਦਗੀ ਦੀ ਸ਼ੁਰੂਆਤ ਗਣਿਤ ਦੇ ਵਿਗਿਆਨੀ ਵਜੋਂ ਕੀਤੀ। ਉਨ੍ਹਾਂ ਬੀਏ 1913 ਅਤੇ ਐੱਮਏ ਦੀ ਪੜ੍ਹਾਈ 1916 ’ਚ ਮਦਰਾਸ ਕਿ੍ਸਚੀਅਨ ਕਾਲਜ ’ਚੋਂ ਪ੍ਰਾਪਤ ਕੀਤੀ। ਉਨ੍ਹਾਂ ਦੇ ਜੀਵਨ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਗਣਿਤ ਵਿਸ਼ੇ ’ਚ ਵਿਸ਼ਵ ਦੇ ਹਾਣ ਦਾ ਬਣਾਉਣਾ ਸੀ। ਸਾਲ 1917 ਵਿਚ ਅਧਿਆਪਕ ਸਿਖਲਾਈ ਕਾਲਜ ਤੋਂ ਅਧਿਆਪਨ ਦਾ ਡਿਪਲੋਮਾ ਕਰਨ ਉਪਰੰਤ ਉਨ੍ਹਾਂ ਨੇ ਸਰਕਾਰੀ ਕਾਲਜਾਂ ’ਚ ਗਣਿਤ ਅਤੇ ਸਾਇੰਸ ਵਿਸ਼ਾ ਪੜ੍ਹਾਉਣ ਦਾ ਕਾਰਜ ਆਰੰਭਿਆ। ਇਸ ਤੋਂ ਇਲਾਵਾ ਉਹ ਮੰਗਲੌਰ, ਕੋਇੰਬਟੂਰ ਅਤੇ ਮਦਰਾਸ ਦੀਆਂ ਯੂਨੀਵਰਸਿਟੀਆਂ ਵਿਚ ਗਣਿਤ ਫੈਕਲਟੀਜ਼ ਦੇ ਲਗਾਤਾਰ ਮੈਂਬਰ ਰਹੇ। ਸੰਨ 1923 ਵਿਚ ਮਦਰਾਸ ਯੂਨੀਵਰਸਿਟੀ ਨੇ ਸੰਗ੍ਰਹਿ ਦੀ ਨਿਗਰਾਨੀ ਲਈ ਲਾਇਬ੍ਰੇਰੀਅਨ ਦੀ ਪੋਸਟ ਬਣਾਈ ਅਤੇ ਬਹੁਤ ਸਾਰੇ ਉਮੀਦਵਾਰਾਂ ’ਚੋਂ ਡਾ. ਰੰਗਾਨਾਥਨ ਦੀ ਚੋਣ ਕੀਤੀ ਗਈ। ਡਾ. ਰੰਗਾਨਾਥਨ ਸ਼ੁਰੂ ਵਿਚ ਇਹ ਅਹੁਦਾ ਸੰਭਾਲਣ ਤੋਂ ਝਿਜਕਦੇ ਰਹੇ ਪਰ ਫਿਰ ਮਨ ਕਰੜਾ ਕਰਕੇ ਉਨ੍ਹਾਂ ਨੇ ਜਨਵਰੀ 1924 ਵਿਚ ਇਸ ਅਹੁਦੇ ਨੂੰ ਸਵੀਕਾਰ ਕਰ ਲਿਆ। ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੂੰ ਸਥਿਤੀ ਦਾ ਇਕਾਂਤ ਅਸਹਿਣਸ਼ੀਲ ਜਾਪਿਆ ਤਾਂ ਕੁਝ ਹਫ਼ਤਿਆਂ ਵਿਚ ਹੀ ਪੂਰੀ ਤਰ੍ਹਾਂ ਨਾਲ ਮਨ ਉਚਾਟ ਹੋਣ ਦੀ ਸ਼ਿਕਾਇਤ ਕਰਦਿਆਂ ਉਹ ਯੂਨੀਵਰਸਿਟੀ ਪ੍ਰਸ਼ਾਸਨ ਕੋਲ ਵਾਪਸ ਆਪਣੀ ਪੜ੍ਹਾਉਣ ਵਾਲੀ ਸਥਿਤੀ ਬਹਾਲ ਕਰਨ ਦੀ ਅਪੀਲ ਲੈ ਕੇ ਜਾ ਪੁੱਜੇ ਜਿਸ ’ਤੇ ਉਸ ਵਕਤ ਯੂਨੀਵਰਸਿਟੀ ਪ੍ਰਸ਼ਾਸਨ ਤੇ ਡਾ. ਰੰਗਾਨਾਥਨ ਵਿਚਕਾਰ ਇਕ ਸਮਝੌਤਾ ਹੋਇਆ ਕਿ ਡਾ. ਰੰਗਾਨਾਥਨ ਲਾਇਬ੍ਰੇਰੀਅਨਸ਼ਿਪ ਵਿਚ ਸਮਕਾਲੀ ਪੱਛਮੀ ਪ੍ਰਥਾਵਾਂ (ਲਾਇਬ੍ਰੇਰੀ ਪ੍ਰਬੰਧਨ ਵਿਚ ਆਧੁਨਿਕ ਅਭਿਆਸ) ਦਾ ਅਧਿਐਨ ਕਰਨ ਲਈ ਲੰਡਨ ਜਾਣਗੇ ਤੇ ਜੇ ਉਹ ਵਾਪਸ ਆ ਕੇ ਵੀ ਇਸ ਕੰਮ ਨੂੰ ਆਪਣੇ ਕਰੀਅਰ ਵਜੋਂ ਰੱਦ ਕਰਦੇ ਹਨ ਤਾਂ ਉਨ੍ਹਾਂ ਦੀ ਗਣਿਤ ਦੀ ਲੈਕਚਰਰਸ਼ਿਪ ਬਹਾਲ ਕਰ ਦਿੱਤੀ ਜਾਵੇਗੀ।

ਨੌਂ ਮਹੀਨੇ ਇੰਗਲੈਂਡ ਵਿਚ ਰਹਿਣ ਤੇ ਅਧਿਐਨ ਕਰਨ ਤੋਂ ਬਾਅਦ ਡਾ. ਰੰਗਾਨਾਥਨ ਨੂੰ ਭਾਰਤ ਵਰਗੇ ਦੇਸ਼ ਵਿਚ ਸਮਾਜਿਕ ਸੰਸਥਾਵਾਂ ਵਜੋਂ ਲਾਇਬ੍ਰੇਰੀ ਦੀ ਮਹੱਤਤਾ ਦਾ ਅਹਿਸਾਸ ਹੋਇਆ। ਉਹ ਲਾਇਬ੍ਰੇਰੀਆਂ ਤੇ ਲਾਇਬ੍ਰੇਰੀਅਨਸ਼ਿਪ ਲਈ ਬਹੁਤ ਦਿਲਚਸਪੀ ਲੈ ਕੇ ਵਾਪਸ ਪਰਤਿਆ ਤੇ ਵੀਹ ਸਾਲਾਂ ਤਕ ਮਦਰਾਸ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਲਾਇਬ੍ਰੇਰੀਅਨ ਦਾ ਅਹੁਦਾ ਸੰਭਾਲਿਆ। ਇਸੇ ਸਮੇਂ ਦੌਰਾਨ ਉਨ੍ਹਾਂ ‘ਮਦਰਾਸ ਲਾਇਬ੍ਰੇਰੀ ਐਸੋਸੀਏਸ਼ਨ’ ਦੀ ਸਥਾਪਨਾ ਦਾ ਵੱਡਾ ਕਾਰਜ ਨੇਪਰੇ ਚੜ੍ਹਾਇਆ ਅਤੇ ਪੂਰੇ ਭਾਰਤ ਵਿਚ ਮੁਫ਼ਤ ਜਨਤਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ। ਡਾ. ਰੰਗਾਨਾਥਨ ਨੇ ਉਸ ਸਮੇਂ ਦੀ ਅੱਧੀ-ਅਧੂਰੀ ਟੈਕਨਾਲੋਜੀ ’ਚੋਂ ਵੱਖ-ਵੱਖ ਕਿਤਾਬਾਂ ਲੈ ਕੇ ਹਰੇਕ ਦੇ ਬਿਲਕੁਲ ਵੱਖੋ-ਵੱਖਰੇ ਨਤੀਜਿਆਂ ਵਾਲੇ ਡੀਡੀਸੀ ਨੰਬਰਾਂ ਨੂੰ ਸ਼੍ਰੇਣੀਬੱਧ ਕਰ ਕੇ ਦਰਸਾਉਣ ਦੀ ਤਕਨੀਕ ਵਿਕਸਤ ਕੀਤੀ ਜੋ ਲਾਇਬ੍ਰੇਰੀ ਦੇ ਇਤਿਹਾਸ ਵਿਚ ਇਕ ਕ੍ਰਾਂਤੀਕਾਰੀ ਕਦਮ ਸੀ। ਸੰਨ 1928 ਵਿਚ ਡਾ. ਰੰਗਾਨਾਥਨ ਨੇ ਮਦਰਾਸ ਦੇ ਉੱਘੇ ਵਕੀਲ ਕੇਵੀ ਕਿ੍ਰਸ਼ਨਵਾਮੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਜੁੜੇ ਕੁਝ ਉੱਘੇ ਲੋਕਾਂ ਦੇ ਸਮਰਥਨ ਨਾਲ ‘ਮਦਰਾਸ ਲਾਇਬ੍ਰੇਰੀ ਐਸੋਸੀਏਸ਼ਨ’ ਦੀ ਸਥਾਪਨਾ ਦੇ ਨਾਲ-ਨਾਲ ਦਿਹਾਤੀ ਖੇਤਰਾਂ ’ਚ ਲਾਇਬ੍ਰੇਰੀ ਲਈ ਪਹਿਲੀ ਬੈਲ ਗੱਡੀਆਂ ਵਾਲੀ ਲਾਇਬ੍ਰੇਰੀ ਸੇਵਾ ਸ਼ੁਰੂ ਕਰਨ ਦਾ ਮਾਣ ਵੀ ਉਨ੍ਹਾਂ ਨੂੰ ਹਾਸਲ ਹੈ। ਡਾ. ਰੰਗਾਨਾਥਨ ਨੇ ਭਾਰਤ ਦੇ ਕਈ ਰਾਜਾਂ ਲਈ ਜਨਤਕ ਲਾਇਬ੍ਰੇਰੀ ਬਿੱਲ ਤਿਆਰ ਕੀਤੇ। ਉਨ੍ਹਾਂ ਦੇ ਯਤਨਾਂ ਸਦਕਾ ਮਦਰਾਸ ਪਬਲਿਕ ਲਾਇਬ੍ਰੇਰੀ ਐਕਟ 1948 ਵਿਚ ਪਾਸ ਕੀਤਾ ਗਿਆ।

ਡਾ. ਰੰਗਾਨਾਥਨ ਕੋਲ ਲਾਇਬ੍ਰੇਰੀਸ਼ਿਪ, ਸੂਚਨਾ ਦਾ ਕੰਮ ਅਤੇ ਸੇਵਾ ਦਾ ਸ਼ਾਇਦ ਹੀ ਕੋਈ ਅਜਿਹਾ ਕਾਰਜ ਹੋਵੇ ਜਿਸ ’ਤੇ ਉਨ੍ਹਾਂ ਕੰਮ ਨਹੀਂ ਕੀਤਾ। ਉਹ ਇਕ ਲੇਖਕ ਅਤੇ ਖੋਜਕਰਤਾ ਵੀ ਸਨ। ਉਨ੍ਹਾਂ ਨੇ ਬਹੁਤ ਲੰਬੇ ਸਮੇਂ ਤਕ ਲਿਖਣਾ ਅਤੇ ਕਿਤਾਬਾਂ ਦਾ ਪ੍ਰਕਾਸ਼ਨ ਜਾਰੀ ਰੱਖਿਆ। ਉਨ੍ਹਾਂ ਨੇ 1944 ਤੋਂ 1953 ਤਕ ਇੰਡੀਅਨ ਲਾਇਬ੍ਰੇਰੀ ਐਸੋਸੀਏਸ਼ਨ ਦੀ ਅਗਵਾਈ ਕੀਤੀ। ਸੰਨ 1945-47 ’ਚ ਉਨ੍ਹਾਂ ਨੇ ਬਨਾਰਸ ਵਿਚ ਹਿੰਦੂ ਵਿਸ਼ਵਵਿਦਿਆਲਾ ਵਿਚ ਲਾਇਬ੍ਰੇਰੀ ਵਿਗਿਆਨ ਦੇ ਅਧਿਆਪਕ ਦੇ ਰੂਪ ਵਿਚ ਕੰਮ ਕੀਤਾ ਅਤੇ 1947-54 ਦੌਰਾਨ ਦਿੱਲੀ ਯੂਨੀਵਰਸਿਟੀ ਵਿਚ ਪੜ੍ਹਾਇਆ। ਡਾ. ਐੱਸ. ਆਰ. ਰੰਗਾਨਾਥਨ ਨੂੰ ਉਨ੍ਹਾਂ ਦੇ ਯੋਗਦਾਨ ਲਈ ਅਨੇਕਾਂ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਡਾ. ਰੰਗਾਨਾਥਨ ਨੇ ਬਹੁਤ ਸਾਰੀਆਂ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ। ਉਨ੍ਹਾਂ ਦੀ ਸਵੈ-ਜੀਵਨੀ ਜਿਸ ਦਾ ਸਿਰਲੇਖ ‘ਲਾਇਬ੍ਰੇਰੀਅਨ ਲੁਕਸ ਬੈਕ’ ਵੀ ਪ੍ਰਕਾਸ਼ਿਤ ਹੋਈ। ਇਸ ਤੋਂ ਇਲਾਵਾ ਉਨ੍ਹਾਂ ਨੇ ਅਨੇਕਾਂ ਖੋਜ ਪੱਤਰ ਲੇਖ ਪ੍ਰਕਾਸ਼ਿਤ ਕੀਤੇ। ਉਨ੍ਹਾਂ ਦੀ ਵਿਰਾਸਤ ਨੂੰ ਭਾਰਤ ਭਰ ਦੀਆਂ ਲਾਇਬ੍ਰੇਰੀਆਂ ਅਤੇ ਵਿੱਦਿਅਕ ਸੰਸਥਾਵਾਂ ਵਿਚ ਬਾਖ਼ੂਬੀ ਵੇਖਿਆ ਜਾ ਸਕਦਾ ਹੈ। ਡਾ. ਰੰਗਾਨਾਥਨ ਦੀ ਅੰਤਿਮ ਵੱਡੀ ਪ੍ਰਾਪਤੀ 1962 ’ਚ ਬੰਗਲੌਰ ਵਿਚ ਇੰਡੀਅਨ ਸਟੈਟਿਕਸ ਇੰਸਟੀਚਿਊਟ ਵਿਚ ਉੱਚ ਪ੍ਰਲੇਖ ਇਕ ਵਿਭਾਗ ਅਤੇ ਖੋਜ ਕੇਂਦਰ ਵਜੋਂ ਦਸਤਾਵੇਜ਼ੀ ਖੋਜ ਅਤੇ ਸਿਖਲਾਈ ਕੇਂਦਰ ਦੀ ਸਥਾਪਨਾ ਸੀ ਜਿੱਥੇ ਉਨ੍ਹਾਂ ਨੇ ਪੰਜ ਸਾਲਾਂ ਲਈ ਆਨਰੇਰੀ ਡਾਇਰੈਕਟਰ ਵਜੋਂ ਸੇਵਾ ਨਿਭਾਈ। ਸੰਨ 1965 ਵਿਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਇਸ ਖੇਤਰ ਵਿਚ ਯੋਗਦਾਨ ਲਈ ਸਨਮਾਨਿਤ ਕੀਤਾ। ਡਾ. ਰੰਗਾਨਾਥਨ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਵਿਚ ਸਿਹਤ ਖ਼ਰਾਬ ਹੋਣ ਕਾਰਨ 27 ਸਤੰਬਰ 1972 ਨੂੰ ਦੁਨੀਆ ਤੋਂ ਰੁਖ਼ਸਤ ਹੋ ਗਏ।

-ਅਮਨਦੀਪ ਕੌਰ ਮਾਨ

-ਮੋਬਾਈਲ : 99420-35000

Posted By: Jagjit Singh