-ਡਾ. ਸਿਮਰਨ ਸਿੱਧੂ ਪੁਆਰ

ਜ਼ਿੰਦਗੀ ਦੇ 85 ਸਾਲ ਪੂਰੇ ਕਰਦੇ ਹੋਏ ਡਾ. ਜੋਗਿੰਦਰ ਸਿੰਘ ਪੁਆਰ 14-15 ਅਕਤੂਬਰ ਦੀ ਰਾਤ 2 ਵਜੇ ਇਸ.ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦਾ ਅਕਾਲ ਚਲਾਣਾ ਜਿੱਥੇ ਪਰਿਵਾਰ, ਦੋਸਤਾਂ-ਮਿੱਤਰਾਂ ਲਈ ਦੁਖਦਾਈ ਹੈ, ਉੱਥੇ ਹੀ ਨੌਜਵਾਨ ਪੀੜ੍ਹੀ ਨੂੰ ਵੀ ਉਨ੍ਹਾਂ ਦੀ ਵੱਡੀ ਘਾਟ ਮਹਿਸੂਸ ਹੁੰਦੀ ਰਹੇਗੀ। ਡਾ. ਪੁਆਰ ਦਾ ਜਨਮ 1934 ਵਿਚ ਅਣਵੰਡੇ ਪੰਜਾਬ ਦੀ ਉਕਾੜਾ ਤਹਿਸੀਲ ਜ਼ਿਲ੍ਹਾ ਮਿੰਟਗੁਮਰੀ ਦੇ ਪਿੰਡ 2 ਐੱਲ -32 (ਹੁਣ ਪਾਕਿਸਤਾਨ) ਵਿਚ ਹੋਇਆ ਸੀ। ਵੰਡ ਤੋਂ ਬਾਅਦ ਪਹਿਲਾਂ ਅਲਾਵਲਪੁਰ ਤੇ ਫਿਰ ਪੱਕੇ ਤੌਰ 'ਤੇ ਲੱਧੇਵਾਲੀ ਵਿਖੇ ਪਰਿਵਾਰ ਨਾਲ ਉਨ੍ਹਾਂ ਦਾ ਮੁੜ ਵਸੇਬਾ ਹੋਇਆ ਸੀ। ਦਸਵੀਂ ਅਲਾਵਲਪੁਰ ਦੇ ਹੀ ਸਰਕਾਰੀ ਸਕੂਲ ਤੋਂ ਕਰ ਕੇ ਜਲੰਧਰ ਦੇ ਲਾਇਲਪੁਰ ਖ਼ਾਲਸਾ ਸਕੂਲ ਤੇ ਫਿਰ ਲਾਇਲਪੁਰ ਖ਼ਾਲਸਾ ਕਾਲਜ ਤੋਂ ਪੜ੍ਹਾਈ ਕੀਤੀ। ਉੱਥੋਂ ਉਨ੍ਹਾਂ ਨੇ ਅੰਗਰੇਜੀ ਤੇ ਪੰਜਾਬੀ ਵਿਚ ਐੱਮਏ ਕੀਤੀ। ਉਨ੍ਹਾਂ ਇਸ ਕਾਲਜ ਵਿਚ ਅਧਿਆਪਨ ਵੀ ਕੀਤਾ। ਉਚੇਰੀ ਸਿੱਖਿਆ ਦੀ ਤਲਬ ਕਾਰਨ ਉਨ੍ਹਾਂ ਨੇ ਇੰਗਲੈਂਡ ਵਿਚ ਪੜ੍ਹਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਲੰਡਨ ਯੂਨੀਵਰਸਿਟੀ ਤੋਂ ਐੱਮ. ਲਿਟ ਦੀ ਡਿਗਰੀ ਹਾਸਲ ਕੀਤੀ।

ਇਸ ਡਿਗਰੀ ਲਈ ਫੀਸ ਅਤੇ ਹੋਰ ਖ਼ਰਚੇ ਪੂਰੇ ਕਰਨ ਲਈ ਉਨ੍ਹਾਂ ਨੇ ਹੋਰ ਪਰਵਾਸੀਆਂ ਵਾਂਗ ਫੈਕਟਰੀ ਵਿਚ ਮੁਸ਼ੱਕਤ ਕੀਤੀ। ਹਰ ਵੇਲੇ ਜ਼ਮੀਨੀ ਹਕੀਕਤਾਂ ਨਾਲ ਜੁੜੇ ਰਹਿਣਾ, ਲੋੜਵੰਦਾਂ ਦੀ ਮਦਦ ਕਰਨਾ ਅਤੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦੇ ਰਹਿਣਾ ਉਨ੍ਹਾਂ ਦੇ ਖ਼ਾਸ ਗੁਣ ਸਨ। ਜਦੋਂ 1972 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਲਿੰਗੁਇਸਟਿਕ ਵਿਭਾਗ ਦੀ ਸਥਾਪਨਾ ਹੋਈ ਤਾਂ ਉਸ ਵੇਲੇ ਦੇ ਮੁਖੀ ਡਾ. ਹਰਜੀਤ ਸਿੰਘ ਗਿੱਲ ਨੇ ਡਾ. ਪੁਆਰ ਨੂੰ ਵਾਪਸ ਯੂਨੀਵਰਸਿਟੀ 'ਚ ਬੁਲਾ ਲਿਆ। ਉਹ ਇਕ ਵਾਰ ਫਿਰ ਅਧਿਐਨ ਤੇ ਅਧਿਆਪਨ ਤੋਂ ਵੱਧ ਪੰਜਾਬ ਦੀ ਮਿੱਟੀ ਨਾਲ ਜੁੜੇ। ਉਨ੍ਹਾਂ ਨੇ ਥੋੜ੍ਹਾ ਸਮਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵੀ ਕੰਮ ਕੀਤਾ। ਇੰਗਲੈਂਡ ਦੇ ਪੜ੍ਹਨ-ਪੜ੍ਹਾਉਣ ਦੇ ਵਾਤਾਵਰਨ ਤੋਂ ਪ੍ਰਭਾਵਿਤ ਡਾ. ਪੁਆਰ ਜਦੋਂ ਵਾਈਸ-ਚਾਂਸਲਰ ਬਣੇ ਤਾਂ ਉਹ ਕਹਿੰਦੇ ਸਨ ਕਿ ਉਹ ਪੂਰੇ ਸਟੇਟ ਨੂੰ ਤਾਂ ਇੰਗਲੈਂਡ ਦੀ ਪੜ੍ਹਾਈ ਵਾਲਾ ਵਾਤਾਵਰਨ ਨਹੀਂ ਦੇ ਸਕਦੇ ਪਰ ਯੂਨੀਵਰਸਿਟੀ ਦੀ ਪੜ੍ਹਾਈ ਦਾ ਮਾਹੌਲ ਇੰਗਲੈਂਡ ਦੀਆਂ ਯੂਨੀਵਰਸਿਟੀਆਂ ਵਰਗਾ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਉਸ ਵੇਲੇ ਅਣਸੁਖਾਵੇਂ ਮਾਹੌਲ 'ਚੋਂ ਗੁਜ਼ਰ ਰਹੀ ਸੀ। ਡਾ. ਪੁਆਰ ਦੇ ਵੀਸੀ ਵਜੋਂ ਕਾਰਜਕਾਲ ਵਿਚ ਜਿੱਥੇ 'ਵਰਸਿਟੀ 'ਚ ਸਿੱਖਿਆ ਵਿਚ ਸੁਧਾਰ ਹੋਇਆ, ਉੱਥੇ ਹੀ ਅਨੇਕਾਂ ਉਸ ਵੇਲੇ ਦੀ ਲੋੜ ਅਤੇ ਮੇਚ ਦੇ ਨਵੇਂ ਵਿਭਾਗਾਂ ਦੀ ਉਸਾਰੀ ਸਦਕਾ ਯੂਨੀਵਰਸਿਟੀ ਦੀ ਨੁਹਾਰ ਬਦਲੀ ਗਈ। ਬਹੁਤ ਸਖ਼ਤ ਵਾਈਸ ਚਾਂਸਲਰ ਵਜੋਂ ਜਾਣੇ ਜਾਂਦੇ ਡਾ. ਪੁਆਰ ਸਵੇਰੇ 5 ਵਜੇ ਉੱਠ ਕੇ ਹੱਥੀਂ ਚਾਹ ਬਣਾ ਕੇ ਆਪਣੇ ਸਕਿਉਰਟੀ ਗਾਰਡਾਂ ਅਤੇ ਸਹਾਇਕ ਕਾਮਿਆਂ ਨੂੰ ਪਿਲਾ ਕੇ ਆਪਣਾ ਦਿਨ ਸ਼ੁਰੂ ਕਰਦੇ ਸਨ। ਸਮੇਂ ਦੇ ਪਾਬੰਦ ਡਾ. ਪੁਆਰ ਕਦੇ-ਕਦੇ ਠੀਕ 9 ਵਜੇ ਯੂਨੀਵਰਸਿਟੀ ਦੇ ਗੇਟ 'ਤੇ ਜਾ ਖੜ੍ਹਦੇ। ਸ਼ਾਇਦ ਇਹ ਉਨ੍ਹਾਂ ਦਾ ਇਸ਼ਾਰਾ ਹੁੰਦਾ ਸੀ ਯੂਨੀਵਰਸਿਟੀ ਵਿਚ ਲੇਟ ਆਉਣ ਵਾਲਿਆਂ ਲਈ। ਦੋ ਸਾਲ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਰਹੇ ਡਾ. ਪੁਆਰ ਨੇ 1992 ਤੋਂ ਅਗਲੇ ਸੱਤ ਸਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਸੇਵਾਵਾਂ ਨਿਭਾਈਆਂ।

ਬਤੌਰ ਵੀਸੀ ਡਾ. ਪੁਆਰ ਨੇ ਪੰਜਾਬੀ ਭਾਸ਼ਾ ਲਈ ਤਨਦੇਹੀ ਨਾਲ ਕੰਮ ਕੀਤਾ। ਯੂਨੀਵਰਸਿਟੀ ਨੇ ਫ਼ਾਰਸੀ ਤੋਂ ਪੰਜਾਬੀ, ਅੰਗਰੇਜ਼ੀ ਤੋਂ ਪੰਜਾਬੀ ਡਿਕਸ਼ਨਰੀਆਂ ਤਿਆਰ ਕਰਵਾਈਆਂ। ਯੂਨੀਵਰਸਿਟੀ ਦੇ ਹਰੇਕ ਵਿਭਾਗ ਨੂੰ ਤਵੱਜੋ ਦਿੰਦਿਆਂ ਉਨ੍ਹਾਂ ਵਿਚ ਹਰ ਪੱਖੋਂ ਸੁਧਾਰ ਕਰਵਾਇਆ। ਉਨ੍ਹਾਂ ਨੇ ਜਿੱਥੇ ਭਾਸ਼ਾ ਵਿਗਿਆਨ ਨੂੰ ਪੰਜਾਬੀ ਅਕਾਦਮਿਕ ਖੇਤਰ ਵਿਚ ਮੋਹਰੀ ਬਣਾਇਆ, ਉੱਥੇ ਹੀ 1980 ਵਿਚ ਉਨ੍ਹਾਂ ਨੇ ਪੰਜਾਬੀ ਭਾਸ਼ਾ ਅਕਾਦਮੀ ਦੀ ਸਥਾਪਨਾ ਕੀਤੀ। ਭਾਵੇਂ 1999 ਵਿਚ ਉਹ ਯੂਨੀਵਰਸਿਟੀ ਤੋਂ ਆਪਣਾ ਵੀਸੀ ਦਾ ਕਾਰਜਕਾਲ ਪੂਰਾ ਕਰ ਚੁੱਕੇ ਸਨ ਪਰ ਉਨ੍ਹਾਂ ਦੀ ਮਾਂ-ਬੋਲੀ ਪੰਜਾਬੀ ਅਤੇ ਪੰਜਾਬ ਦੇ ਵਿਕਾਸ ਵਿਚ ਸਿੱਖਿਆ ਦੀ ਭੂਮਿਕਾ ਪ੍ਰਤੀ ਵਚਨਬੱਧਤਾ ਆਖ਼ਰੀ ਦਿਨਾਂ ਤਕ ਬਰਕਰਾਰ ਸੀ। ਇਸ ਗੱਲ ਦੇ ਗਵਾਹ 10 ਅਕਤੂਬਰ ਨੂੰ 'ਨਵੀਂ ਸਿੱਖਿਆ ਨੀਤੀ : ਚੁਣੌਤੀਆਂ ਤੇ ਸਦਭਾਵਨਾ' ਵਿਸ਼ੇ ਤਹਿਤ ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈੱਨ ਵਿਚ ਹੋਏ ਸੈਮੀਨਾਰ ਮੌਕੇ ਪ੍ਰਗਟਾਏ ਗਏ ਉਨ੍ਹਾਂ ਦੇ ਵਿਚਾਰ ਹਨ। ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੇ ਨਵੀਂ ਸਿੱਖਿਆ ਨੀਤੀ 'ਤੇ ਫ਼ਿਕਰ ਜ਼ਾਹਿਰ ਕਰਦਿਆਂ ਇਸ ਨੂੰ ਗ਼ਰੀਬਾਂ ਨੂੰ ਸਿੱਖਿਆ ਤੋਂ ਵਾਂਝੇ ਰੱਖਣ ਵਾਲੀ ਅਤੇ ਨਿੱਜੀਕਰਣ ਰਾਹੀਂ ਸਿੱਖਿਆ ਸੰਸਥਾਵਾਂ ਦਾ ਦੁਕਾਨਾਂ ਵਿਚ ਬਦਲਣਾ ਦੱਸਿਆ। ਅਧਿਆਪਕਾਂ ਦੇ ਹਿੱਤਾਂ ਦੇ ਖ਼ਿਲਾਫ਼ ਸਰਕਾਰ ਦੀਆਂ ਨੀਤੀਆਂ ਨੂੰ ਨਿੰਦਦਿਆਂ ਅਧਿਆਪਕਾਂ ਦੇ ਐਡਹਾਕ, ਕੰਟਰੈਕਟ ਆਦਿ ਦੀ ਨਿੰਦਾ ਕੀਤੀ। ਉਹ ਹਮੇਸ਼ਾ ਕਹਿੰਦੇ ਸਨ ਕਿ ਮੈਂ ਆਪਣੇ ਭੈਣ-ਭਰਾ ਤੇ ਮਾਂ-ਬਾਪ ਦਾ ਦੇਣਾ ਨਹੀਂ ਦੇ ਸਕਦਾ ਜਿਨ੍ਹਾਂ ਨੇ ਮੈਨੂੰ ਮੁਸ਼ਕਲ ਸਮਿਆਂ ਵਿਚ ਪੜ੍ਹਾਇਆ-ਲਿਖਾਇਆ। ਘਰ ਵਿਚ ਉਨ੍ਹਾਂ ਦੇ ਛੋਟੇ ਭਰਾ ਦੀ ਨੂੰਹ ਅਤੇ ਫਿਰ ਪੱਤਰਕਾਰੀ ਦੀ ਅਧਿਆਪਕਾ ਹੋਣ ਕਾਰਨ ਉਨ੍ਹਾਂ ਦੀ ਮੇਰੇ ਨਾਲ ਜ਼ਿਆਦਾਤਰ ਪੱਤਰਕਾਰੀ, ਪੱਤਰਕਾਰੀ ਦੇ ਵਿਦਿਆਰਥੀਆਂ ਅਤੇ ਪੰਜਾਬ ਦੇ ਮਾਹੌਲ 'ਤੇ ਚਰਚਾ ਰਹਿੰਦੀ। ਜਦ 13 ਅਕਤੂਬਰ ਨੂੰ ਉਨ੍ਹਾਂ ਦੇ ਬਿਮਾਰ ਹੋਣ 'ਤੇ ਮੈਂ ਹਾਲ-ਚਾਲ ਪੁੱਛਣ ਗਈ ਤਾਂ ਆਖ਼ਰੀ ਗੱਲਬਾਤ ਵੀ ਉਨ੍ਹਾਂ ਬੁਖ਼ਾਰ ਦੀ ਨਹੀਂ, ਖੇਤੀਬਾੜੀ ਆਰਡੀਨੈਂਸ ਦੀ ਕੀਤੀ।

ਡੇਢ ਕੁ ਘੰਟਾ ਗੱਲਾਂ ਕਰਦਿਆਂ ਉਨ੍ਹਾਂ ਨੇ ਪੰਜਾਬ ਦੇ ਇਕਜੁੱਟ ਹੋਣ 'ਤੇ ਖ਼ੁਸ਼ੀ ਪ੍ਰਗਟਾਈ। ਖ਼ਬਰਾਂ ਨੂੰ ਬਰੀਕੀ ਨਾਲ ਸਮਝਦੇ ਡਾ. ਪੁਆਰ ਕੁਝ ਸਮੇਂ ਲਈ ਪੰਜਾਬੀ ਅਖ਼ਬਾਰ 'ਦੇਸ਼ ਸੇਵਕ' ਦੇ ਮੁੱਖ ਸੰਪਾਦਕ ਅਤੇ ਮੁੱਖ ਪ੍ਰਸ਼ਾਸਕੀ ਅਧਿਕਾਰੀ ਵੀ ਰਹੇ। ਉਨ੍ਹਾਂ ਦੀ ਪਤਨੀ ਡਾ. ਰਤਨੇਸ਼ ਕੌਰ ਅਨੁਸਾਰ ਉਨ੍ਹਾਂ ਦੇ ਅਠੱਤੀ ਸਾਲਾਂ ਦੇ ਵਿਆਹੁਤਾ ਸਫ਼ਰ 'ਚ 15 ਅਕਤੂਬਰ ਪਹਿਲਾ ਦਿਨ ਸੀ ਜਦੋਂ ਸਵੇਰੇ ਆਪਣੇ ਹੱਥੀਂ ਬਣਾਈ ਚਾਹ ਵਾਲੀ ਡਾ. ਪੁਆਰ ਦੀ ਆਵਾਜ਼ ਉਨ੍ਹਾਂ ਦੇ ਕੰਨੀਂ ਨਹੀਂ ਪਈ। ਉਨ੍ਹਾਂ ਨੇ ਆਪਣੇ ਹਰ ਰਿਸ਼ਤੇ ਤੇ ਫ਼ਰਜ਼ ਨੂੰ ਬਾਖ਼ੂਬੀ ਨਿਭਾਇਆ। ਮੇਰੇ ਲਈ ਉਹ ਇਕ ਸੰਸਥਾ ਤੇ ਇਕ ਬੋਲਦਾ ਸ਼ਬਦਕੋਸ਼ ਸਨ। ਮੈਨੂੰ ਇਹ ਯਕੀਨ ਸੀ ਕਿ ਮੇਰੇ ਹਰ ਸਵਾਲ ਜਾਂ ਮੁਸ਼ਕਲ ਦਾ ਹੱਲ ਉਨ੍ਹਾਂ ਕੋਲ ਸੀ। ਕੋਈ ਪੰਜਾਹ ਕੁ ਮੈਂਬਰਾਂ ਦੇ ਪਰਿਵਾਰ 'ਚ ਵੱਡਿਆਂ ਲਈ ਪੁਆਰ ਸਾਹਿਬ ਅਤੇ ਬੱਚਿਆਂ ਲਈ ਡੈਡੀ ਜੀ ਅਤੇ ਪੰਜਾਬੀ ਭਾਸ਼ਾ ਪ੍ਰੇਮੀਆਂ ਦੇ 'ਡਾ. ਪੁਆਰ' ਭਾਵੇਂ ਸੰਸਾਰਕ ਯਾਤਰਾ ਪੂਰੀ ਕਰ ਗਏ ਪਰ ਰਹਿੰਦੀ ਦੁਨੀਆ ਤਕ ਪੰਜਾਬ ਦੀ ਸਿੱਖਿਆ 'ਚ ਉਨ੍ਹਾਂ ਦਾ ਨਾਂ ਅਤੇ ਯੋਗਦਾਨ, ਉਨ੍ਹਾਂ ਦੇ ਦੋਸਤਾਂ-ਮਿੱਤਰਾਂ, ਵਿਦਿਆਰਥੀਆਂ ਤੇ ਸਾਡੀਆਂ ਵਿੱਦਿਅਕ ਸੰਸਥਾਵਾਂ ਦੀਆਂ ਲਾਇਬ੍ਰੇਰੀਆਂ ਵਿਚ ਨਜ਼ਰ ਆਵੇਗਾ।-ਮੋਬਾਈਲ ਨੰ. : 98143-18091

Posted By: Sunil Thapa