-ਡਾ. ਸ. ਪ. ਸਿੰਘ

ਮਿੱਤਰਾਂ ਦੇ ਪਿਆਰੇ ਮਿੱਤਰ, ਮਾਨਵਤਾ ਦੇ ਪੁਜਾਰੀ ਭਾਸ਼ਾ ਵਿਗਿਆਨੀ, ਸਿੱਖਿਆ ਸ਼ਾਸਤਰੀ, ਪੰਜਾਬੀ ਪਿਆਰੇ ਅਤੇ ਇਕ ਵਧੀਆ ਇਨਸਾਨ ਡਾਕਟਰ ਜੋਗਿੰਦਰ ਸਿੰਘ ਪੁਆਰ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਾਡੇ ਵਿਚ ਨਹੀਂ ਰਹੇ। ਡਾ. ਪੁਆਰ 15 ਅਕਤੂਬਰ ਨੂੰ ਵੱਡੇ ਤੜਕੇ 2.30 ਵਜੇ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਵਿਛੜਨ ਦਾ ਦੁੱਖ ਮਿੱਤਰਾਂ-ਸਨੇਹੀਆਂ ਨੂੰ ਤਾਂ ਹੋਣਾ ਸੁਭਾਵਿਕ ਹੀ ਸੀ ਪਰ ਪੰਜਾਬੀ ਜਗਤ ਲਈ ਇਕ ਅਜਿਹੀ ਪ੍ਰਤੀਬੱਧ ਸ਼ਖ਼ਸੀਅਤ ਦਾ ਜਾਣਾ ਵਧੇਰੇ ਦੁੱਖਦਾਇਕ ਹੈ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਦੇ ਵਿਕਾਸ, ਪੰਜਾਬੀ ਭਾਸ਼ਾ ਦੇ ਅਧਿਐਨ ਅਤੇ ਪੰਜਾਬੀ ਭਾਸ਼ਾ ਦੇ ਹੱਕਾਂ ਲਈ ਸੰਘਰਸ਼ ਦੇ ਲੇਖੇ ਲਾਈ ਸੀ।

ਡਾ. ਪੁਆਰ ਨੇ ਜਿੱਥੇ ਭਾਸ਼ਾ ਵਿਗਿਆਨ ਨੂੰ ਪੰਜਾਬੀ ਅਕਾਦਮਿਕ ਖੇਤਰ ਵਿਚ ਮਹੱਤਵਪੂਰਨ ਸਥਾਨ ਦਿਵਾਉਣ ਲਈ ਮਿਹਨਤ ਕੀਤੀ ਉੱਥੇ ਹੀ ਪੰਜਾਬੀ ਭਾਸ਼ਾ ਵਿਗਿਆਨ ਦੀ ਪ੍ਰਗਤੀ ਲਈ ਪੰਜਾਬੀ ਭਾਸ਼ਾ ਅਕਾਦਮੀ ਦੀ 1980 ਵਿਚ ਸਥਾਪਨਾ ਕੀਤੀ ਅਤੇ ਇਸ ਰਾਹੀਂ ਪੰਜਾਬੀ ਭਾਸ਼ਾ ਨੂੰ ਸਮਝਣ ਅਤੇ ਇਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਪਾਰ ਭੂਮੀ ਤਿਆਰ ਕੀਤੀ। ਡਾ. ਜੋਗਿੰਦਰ ਸਿੰਘ ਪੁਆਰ 1934 ਵਿਚ ਪਾਕਿਸਤਾਨ ਦੀ ਉਕਾੜਾ ਤਹਿਸੀਲ ਜ਼ਿਲ੍ਹਾ ਮਿੰਟਗੁਮਰੀ ਵਿਚ ਜਨਮੇ ਅਤੇ ਜ਼ਿੰਦਗੀ ਦੇ 86 ਸਾਲ ਪੂਰੇ ਕਰਦੇ ਹੋਏ ਸਾਡੇ ਤੋਂ ਵਿੱਛੜੇ ਹਨ। ਮੁੱਢਲੀ ਪੜ੍ਹਾਈ ਉਪਰੰਤ ਡਾ. ਪੁਆਰ ਨੇ ਉਚੇਰੀ ਸਿੱਖਿਆ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੋਂ ਪ੍ਰਾਪਤ ਕੀਤੀ ਅਤੇ ਸ਼ੁਰੂਆਤ ਵਿਚ ਜਲੰਧਰ ਦੇ ਕਾਲਜ ਵਿਚ ਅਧਿਆਪਨ

ਕਾਰਜ ਕੀਤਾ।

ਸਮੇਂ ਦੇ ਪ੍ਰਭਾਵ ਅਧੀਨ ਡਾ. ਪੁਆਰ ਇੰਗਲੈਂਡ ਚਲੇ ਗਏ। ਉੱਥੇ ਰਹਿੰਦੇ ਹੋਏ ਦੂਜੇ ਪਰਵਾਸੀਆਂ ਵਾਂਗ ਮਿਹਨਤ ਮੁਸ਼ੱਕਤ ਕਰਦੇ ਹੋਏ ਆਪਣੀ ਪੜ੍ਹਾਈ ਦੀ ਲਗਨ ਨੂੰ ਜਾਰੀ ਰੱਖਦੇ ਹੋਏ ਲੰਡਨ ਯੂਨੀਵਰਸਿਟੀ ਤੋਂ ਐੱਮ. ਲਿਟ ਦੀ ਡਿਗਰੀ ਪ੍ਰਾਪਤ ਕੀਤੀ ਪਰ ਅਧਿਐਨ ਤੇ ਅਧਿਆਪਨ ਦੀ ਚੇਤਨਾ ਦੇ ਪ੍ਰਭਾਵ ਅਧੀਨ ਇੰਗਲੈਂਡ ਨੂੰ ਛੱਡ ਕੇ ਭਾਰਤ ਮੁੜ ਆਏ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਬਤੌਰ ਅਧਿਆਪਕ ਕਾਰਜ ਆਰੰਭਿਆ ਅਤੇ ਉੱਥੇ ਹੀ ਬਤੌਰ ਪ੍ਰੋ. ਵਾਈਸ ਚਾਂਸਲਰ ਤੇ ਫਿਰ 6 ਸਾਲ ਲਈ ਵਾਈਸ ਚਾਂਸਲਰ ਦੇ ਅਹੁਦੇ 'ਤੇ ਬਿਰਾਜਮਾਨ ਰਹੇ। ਡਾਕਟਰ ਪੁਆਰ ਨਾਲ ਮੇਰੀ ਦੋਸਤੀ 'ਤੈਨੂੰ ਤਾਪ ਚੜ੍ਹੇ ਮੈਂ ਹੂੰਘਾਂ' ਵਰਗੀ ਸੀ। ਉਹ ਉਨ੍ਹਾਂ ਚੋਣਵੇਂ ਸੁਹਿਰਦ ਦੋਸਤਾਂ 'ਚੋਂ ਇਕ ਸਨ ਜਿਨ੍ਹਾਂ ਨਾਲ ਮੈਂ ਹਰ ਦੁੱਖ-ਸੁੱਖ ਸਾਂਝਾ ਕਰ ਲੈਂਦਾ ਸਾਂ। ਇਸ ਮਿੱਤਰਤਾ ਦਾ ਸਬੱਬ ਦੁਆਬੇ ਦੀ ਸਾਂਝ ਸੀ। ਮੈਂ ਜਦੋਂ ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਡਾਕਟਰ ਪੁਆਰ ਦੀ ਨਿਰਛਲ ਮੁਹੱਬਤ ਨੇ ਮੈਨੂੰ ਮੋਹ ਲਿਆ ਸੀ। ਸਾਡੀ ਇਸ ਸਾਂਝ ਕਰਕੇ ਸਾਡੇ ਕਈ ਮਿੱਤਰ ਅਤੇ ਆਲੋਚਕ ਵੀ ਸਾਂਝੇ ਬਣ ਗਏ। ਡਾ. ਪੁਆਰ ਖੱਬੇ-ਪੱਖੀ ਵਿਚਾਰਧਾਰਾ ਨੂੰ ਪਰਣਾਏ ਹੋਏ ਸਨ। ਸੰਨ 1964 ਵਿਚ ਸੀਪੀਆਈ ਅਤੇ ਸੀਪੀਐੱਮ ਦੇ ਤੋੜ-ਵਿਛੋੜੇ ਵੇਲੇ ਉਹ ਹਰਕਿਸ਼ਨ ਸਿੰਘ ਸੁਰਜੀਤ ਦੇ ਸਭ ਤੋਂ ਨੇੜੇ ਸਨ। ਉੱਚ ਵਿੱਦਿਆ ਲਈ ਜਦੋਂ ਉਹ ਵਲੈਤ ਗਏ ਤਾਂ ਉਨ੍ਹਾਂ ਨੇ ਸੀਪੀਐੱਮ ਲਈ ਚੰਦਾ ਇਕੱਠਾ ਕੀਤਾ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵੱਡਾ ਕਾਰਜ ਕੀਤਾ। ਸੁਰਜੀਤ ਤੋਂ ਇਲਾਵਾ ਉਹ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ (ਮਰਹੂਮ) ਦੇ ਵੀ ਵਿਸ਼ਵਾਸਪਾਤਰਾਂ 'ਚੋਂ ਇਕ ਸਨ।

ਉਨ੍ਹਾਂ ਦੀ ਨੇੜਤਾ ਦਾ ਕਾਰਨ ਉਕਾੜਾ, ਜ਼ਿਲ੍ਹਾ ਮਿੰਟਗੁਮਰੀ (ਹੁਣ ਪਾਕਿਸਤਾਨ) ਸੀ ਜਿੱਥੇ ਦੋਨਾਂ ਦੇ ਪੁਰਖੇ ਰਿਹਾ ਕਰਦੇ ਸਨ। ਜਦੋਂ ਬੇਅੰਤ ਸਿੰਘ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਬਣੇ ਤਾਂ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਇਕ ਡੈਪੂਟੇਸ਼ਨ ਨੇ ਉਨ੍ਹਾਂ ਨੂੰ ਮਿਲ ਕੇ ਬੇਨਤੀ ਕੀਤੀ ਕਿ ਉਨ੍ਹਾਂ ਦੇ ਵਾਈਸ ਚਾਂਸਲਰ ਨੂੰ ਹਟਾਇਆ ਜਾਵੇ। ਸਰਦਾਰ ਬੇਅੰਤ ਸਿੰਘ ਨੇ ਡਾ. ਪੁਆਰ ਨੂੰ ਪੁੱਛਿਆ ਕਿ ਕੀ ਉਹ ਖ਼ੁਦ ਇਸ ਅਹੁਦੇ 'ਤੇ ਬਿਰਾਜਮਾਨ ਹੋਣਾ ਚਾਹੁੰਦੇ ਨੇ! ਡਾ. ਪੁਆਰ ਦੇ ਮੂੰਹੋਂ ਸਹਿਜ-ਸੁਭਾਅ ਨਿਕਲ ਗਿਆ ਕਿ ਜਦੋਂ ਉਹ (ਬੇਅੰਤ ਸਿੰਘ) ਮੁੱਖ ਮੰਤਰੀ ਬਣਨਗੇ ਤਾਂ ਉਹ ਅਵੱਸ਼ ਵਾਈਸ ਚਾਂਸਲਰ ਬਣਨਾ ਪਸੰਦ ਕਰਨਗੇ। ਕੁਦਰਤੀ ਬੇਅੰਤ ਸਿੰਘ 19 ਫਰਵਰੀ 1992 ਨੂੰ ਮੁੱਖ ਮੰਤਰੀ ਬਣ ਗਏ ਅਤੇ ਉਨ੍ਹਾਂ ਨੇ ਆਪਣੇ ਬੋਲ ਪੁਗਾਉਣ ਲਈ ਉਨ੍ਹਾਂ ਨੂੰ ਵਾਈਸ ਚਾਂਸਲਰ ਬਣਨ ਦੀ ਪੇਸ਼ਕਸ਼ ਕੀਤੀ ਜੋ ਉਨ੍ਹਾਂ ਖਿੜੇ ਮੱਥੇ ਪ੍ਰਵਾਨ ਕਰ ਲਈ। ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਬਣਨ ਉਪਰੰਤ ਡਾ. ਪੁਆਰ ਨੇ ਪੰਜਾਬੀ ਮਾਂ-ਬੋਲੀ ਦੀ ਖ਼ੂਬ ਸੇਵਾ ਕੀਤੀ ਜਿਸ ਨੂੰ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਇਸ ਸਮੇਂ ਦੌਰਾਨ ਡਾ. ਪੁਆਰ ਨੇ ਜਿੱਥੇ ਅਕਾਦਮਿਕ ਜਗਤ 'ਚ ਨਵੀਆਂ ਲੀਹਾਂ ਸਥਾਪਿਤ ਕੀਤੀਆਂ ਉੱਥੇ ਹੀ ਪੰਜਾਬੀ ਦੇ ਵਿਕਾਸ ਲਈ ਨਿਰੰਤਰ ਤੇ ਠੋਸ ਕਾਰਜ ਕੀਤੇ। ਵਾਈਸ ਚਾਂਸਲਰ ਬਣਨ ਤੋਂ ਪਹਿਲਾਂ ਉਹ ਕੁਝ ਸਮਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਬਤੌਰ ਪ੍ਰੋਫ਼ੈਸਰ ਵੀ ਕਾਰਜਸ਼ੀਲ ਰਹੇ। ਡਾ. ਜੋਗਿੰਦਰ ਸਿੰਘ ਪੁਆਰ ਨੇ ਵਾਈਸ ਚਾਂਸਲਰ ਵਰਗੇ ਅਹੁਦੇ ਉਪਰੰਤ ਪੰਜਾਬੀ ਭਾਸ਼ਾ ਤੇ ਪੰਜਾਬ ਦੇ ਹਿੱਤਾਂ ਪ੍ਰਤੀ ਨਿਸ਼ਠਾ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਨਵੀਂ ਸੋਚ ਤੇ ਨਵੀਆਂ ਪੈੜਾਂ ਸਥਾਪਤ ਕਰਨ ਹਿੱਤ 'ਦੇਸ਼ ਸੇਵਕ' ਰੋਜ਼ਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਅਤੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਕਾਰਜ ਸੰਭਾਲਿਆ ਅਤੇ 'ਦੇਸ਼ ਸੇਵਕ' ਨੂੰ ਪੱਕੇ ਪੈਰੀਂ ਸਥਾਪਿਤ ਕੀਤਾ।

ਵਾਸਤਵ ਵਿਚ ਡਾ. ਜੋਗਿੰਦਰ ਸਿੰਘ ਪੁਆਰ ਆਪਣੀ ਜੀਵਨ-ਸ਼ੈਲੀ ਨੂੰ ਸਮਾਜਿਕ ਹਿੱਤਾਂ ਨਾਲ ਜੋੜ ਕੇ ਹੀ ਦੇਖਦੇ ਸਨ।

ਇਸ ਲਈ ਜਿਸ ਥਾਂ 'ਤੇ ਵੀ ਪਹੁੰਚਦੇ ਉੱਥੇ ਉਨ੍ਹਾਂ ਨੇ ਆਪਣੀ ਸੋਚ 'ਤੇ ਪਹਿਰਾ ਹੀ ਨਹੀਂ ਦਿੱਤਾ ਸਗੋਂ ਉਸ ਦਾ ਵਿਕਾਸ ਵੀ ਕੀਤਾ। ਉਸ ਦੀ ਮਿਸਾਲ ਪੰਜਾਬੀ ਭਾਸ਼ਾ ਅਕਾਦਮੀ ਦੀ ਸਥਾਪਨਾ ਅਤੇ ਉਸ ਨੂੰ ਇਕ ਪ੍ਰਭਾਵਸ਼ਾਲੀ ਸੰਸਥਾ ਦੇ ਰੂਪ ਵਿਚ ਸਥਾਪਿਤ ਕਰਨਾ ਹੈ। ਭਾਸ਼ਾ ਅਕਾਦਮੀ ਵੱਲੋਂ ਪੁਸਤਕਾਂ ਦੀ ਪ੍ਰਕਾਸ਼ਨਾ, ਸੈਮੀਨਾਰਾਂ ਤੇ ਕਾਨਫਰੰਸਾਂ ਦਾ ਆਯੋਜਨ ਅਤੇ ਅਕਾਦਮਿਕ ਖੇਤਰ ਵਿਚ ਭਾਸ਼ਾ ਵਿਗਿਆਨ ਦਾ ਮਹੱਤਵ ਅਤੇ ਭਾਸ਼ਾ ਦੇ ਵਿਕਾਸ 'ਚ ਇਸ ਦੀ ਅਹਿਮ ਭੂਮਿਕਾ ਪ੍ਰਤੀ ਪੰਜਾਬੀ ਪਿਆਰਿਆਂ ਨੂੰ ਸੁਚੇਤ ਕੀਤਾ। ਇਸ ਲਈ ਅੱਜ ਅਸੀਂ ਆਪਣੇ ਪਿਆਰੇ ਮਿੱਤਰ, ਇਕ ਸੱਚੀ ਤੇ ਸੁੱਚੀ ਮਾਨਵਤਾਵਾਦੀ ਸੋਚ ਦੇ ਮਾਲਕ, ਪੰਜਾਬੀ ਭਾਸ਼ਾ ਲਈ ਸੰਘਰਸ਼ ਕਰਨ ਵਾਲੇ ਸੱਚੇ ਤੇ ਸੁੱਚੇ ਸਿਪਾਹੀ ਦੇ ਸਦੀਵੀ ਵਿਛੋੜੇ ਕਾਰਨ ਵੱਡਾ ਘਾਟਾ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਡਾ. ਜੋਗਿੰਦਰ ਸਿੰਘ ਪੁਆਰ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਪੇਸ਼ ਕਰਦੇ ਹਾਂ।

-(ਸਾਬਕਾ ਵੀਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ)।

-ਮੋਬਾਈਲ ਨੰ. : 98142-25278

Posted By: Jagjit Singh