-ਅਰਸ਼ਦੀਪ ਸਿੰਘ

ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਵਿਦਿਆਰਥੀ ਪੜ੍ਹਨ-ਲਿਖਣ ਦੇ ਨਾਲ-ਨਾਲ ਜੀਵਨ ਜਿਊਣ ਦੀ ਜਾਚ ਵੀ ਸਿੱਖਦੇ ਹਨ। ਓਥੇ ਪੜ੍ਹਦੇ ਸਮੇਂ ਹੀ ਵਿਦਿਆਰਥੀ ਸੁਚੱਜੇ ਢੰਗ ਨਾਲ ਗੱਲਬਾਤ ਕਰਨਾ, ਸਹੀ-ਗ਼ਲਤ ਦੀ ਪਛਾਣ ਕਰਨੀ, ਜ਼ਿੰਦਗੀ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਅਤੇ ਸਮਾਜ ਵਿਚ ਵਿਚਰਨਾ ਸਿੱਖਦੇ ਹਨ।

ਇਸ ਲਈ ਇਹ ਸਮਾਂ ਕਿਸੇ ਵੀ ਇਨਸਾਨ ਦੇ ਜੀਵਨ ਵਿਚ ਅਹਿਮ ਥਾਂ ਰੱਖਦਾ ਹੈ। ਤੁਸੀਂ ਜੀਵਨ ਵਿਚ ਕਿਹੋ ਜਿਹੇ ਇਨਸਾਨ ਬਣੋਗੇ, ਇਹ ਤੈਅ ਕਰਨ ਵਿਚ ਤੁਹਾਡੇ ਦੋਸਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅਜਿਹੇ ਜ਼ਿਆਦਾਤਰ ਦੋਸਤ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿਚ ਹੀ ਮਿਲਦੇ ਹਨ। ਕਾਲਜ ਜਾਂ ਯੂਨੀਵਰਸਿਟੀ ਵਿਚ ਪੜ੍ਹਦੇ ਸਮੇਂ ਦੋਸਤ ਜਿੰਨੇ ਨਜ਼ਦੀਕ ਹੁੰਦੇ ਹਨ, ਓਨੇ ਬਾਅਦ ਵਿਚ ਨਹੀਂ ਰਹਿੰਦੇ। ਇਸ ਲਈ ਹੀ ਯੂਨੀਵਰਸਿਟੀ, ਕਾਲਜ ਵਿਚ ਬਿਤਾਏ ਗਏ ਦਿਨਾਂ ਨੂੰ ਤੁਸੀਂ ਤਾਉਮਰ ਯਾਦ ਕਰੋਗੇ।

ਤੁਹਾਡੇ ਕੰਮ, ਵਿਵਹਾਰ ਅਤੇ ਗੱਲਬਾਤ ਕਰਨ ਦੇ ਤੌਰ-ਤਰੀਕੇ ਵਿਚ ਹਮੇਸ਼ਾ ਉਸ ਸਮੇਂ ਦਾ ਅਨੁਭਵ ਝਲਕੇਗਾ। ਉਸ ਸਮੇਂ ਬਣਾਏ ਗਏ ਦੋਸਤ, ਪਿਆਰ, ਅਧਿਆਪਕ, ਕੰਟੀਨ, ਜਮਾਤ ਅਤੇ ਹੋਸਟਲ ਆਦਿ ਤੁਹਾਨੂੰ ਹਮੇਸ਼ਾ ਯਾਦ ਆਉਣਗੇ।

ਕਾਲਜ, ਯੂਨੀਵਰਸਿਟੀ ਵਿਚ ਪੜ੍ਹਦੇ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਤੁਸੀਂ ਹਮੇਸ਼ਾ ਉਤਾਵਲੇ ਰਹੋਗੇ। ਦਰਅਸਲ, ਉਸ ਸਮੇਂ ਨੂੰ ਯਾਦ ਕਰ ਕੇ ਹਰ ਕਿਸੇ ਦਾ ਮਨ ਖਿੜ ਉੱਠਦਾ ਹੈ। ਕੋਲ ਕੁਝ ਨਾ ਹੁੰਦੇ ਹੋਏ ਵੀ ਉਨ੍ਹਾਂ ਯਾਦਾਂ ਦੇ ਸਹਾਰੇ ਤੁਸੀਂ ਅਮੀਰ ਮਹਿਸੂਸ ਕਰੋਗੇ। ਉਸ ਸਮੇਂ ਨੂੰ ਦੁਬਾਰਾ ਜੀਣ ਦੀ ਇੱਛਾ ਦਿਲ ਵਿਚ ਹਮੇਸ਼ਾ ਉੱਠਦੀ ਰਹਿੰਦੀ ਹੈ।

ਹਰੇਕ ਨੂੰ ਆਪਣਾ ਕਾਲਜ, 'ਵਰਸਿਟੀ ਵਿਚ ਬਿਤਾਇਆ ਸਮਾਂ ਕਿਸੇ ਦੂਸਰੇ ਨਾਲੋਂ ਵਧੇਰੇ ਚੰਗਾ ਲੱਗਦਾ ਹੈ। ਵਿਦਿਆਰਥੀ ਜੀਵਨ ਅਤੇ ਸੰਘਰਸ਼ ਦੇ ਦਿਨਾਂ ਵਿਚ ਅਸੀਂ ਜੋ ਕੁਝ ਸਿੱਖਦੇ ਹਾਂ ਉਹ ਸਿੱਖਣਾ ਉਸ ਤੋਂ ਪਹਿਲਾਂ ਜਾਂ ਬਾਅਦ ਵਿਚ ਸੰਭਵ ਨਹੀਂ।

ਹੋਸਟਲਾਂ ਵਿਚ ਰਹਿਣ ਵਾਲੇ ਵਿਦਿਆਰਥੀ ਲੋੜ ਤੋਂ ਘੱਟ ਪੈਸੇ, ਜਗ੍ਹਾ ਆਦਿ ਵਿਚ ਵੀ ਬਹੁਤ ਆਸਾਨੀ ਨਾਲ ਰਹਿੰਦੇ ਹਨ। ਘੱਟ ਸੁਵਿਧਾਵਾਂ ਵਿਚ ਵੀ ਆਪਣੇ-ਆਪ ਨੂੰ ਖ਼ੁਸ਼ ਰੱਖਣਾ ਕੋਈ ਇਨ੍ਹਾਂ ਤੋਂ ਸਿੱਖੇ। ਚਾਹੇ ਕੋਈ ਵਿਦਿਆਰਥੀ ਘਰੋਂ ਕਿੰਨਾ ਵੀ ਅਮੀਰ ਹੋਵੇ ਪਰ ਉਸ ਕੋਲ ਹਮੇਸ਼ਾ ਪੈਸੇ-ਧੇਲੇ ਦੀ ਤੋਟ ਰਹਿੰਦੀ ਹੈ। ਇਸ ਲਈ ਪੈਸੇ ਦਾ ਲੈਣ-ਦੇਣ ਦੋਸਤਾਂ ਵਿਚ ਅਕਸਰ ਚੱਲਦਾ ਰਹਿੰਦਾ ਹੈ ਜੋ ਇਨ੍ਹਾਂ ਨੂੰ ਵਿਹਾਰ ਠੀਕ ਰੱਖਣਾ ਤੇ ਬਿਨਾਂ ਸਵਾਰਥ ਮਦਦ ਕਰਨੀ ਸਿਖਾਉਂਦਾ ਹੈ।

ਜੀਵਨ ਦੇ ਇਸ ਵਕਫ਼ੇ ਵਿਚ ਵਿਦਿਆਰਥੀ ਅਕਸਰ ਪਿਆਰ ਵਿਚ ਪੈ ਜਾਂਦੇ ਹਨ। ਜੇ ਇਹ ਪਿਆਰ ਕਾਮਯਾਬ ਹੋ ਜਾਵੇ ਤਾਂ ਅਜਿਹਾ ਜੀਵਨ ਸਾਥੀ ਮਿਲਦਾ ਹੈ ਜੋ ਦਿਲ ਦੀਆਂ ਸਭ ਜਾਣਦਾ ਹੁੰਦਾ ਹੈ ਅਤੇ ਜੀਵਨ ਸਾਥੀ ਨੂੰ ਪੂਰੀ ਤਰ੍ਹਾਂ ਸਮਝਦਾ ਹੈ। ਜੇ ਪਿਆਰ ਨਾ-ਕਾਮਯਾਬ ਹੋ ਜਾਵੇ ਤਾਂ ਉਹ ਆਪਣੇ ਮਨ ਅਤੇ ਭਾਵਨਾਵਾਂ 'ਤੇ ਕਾਬੂ ਪਾਉਣਾ ਸਿੱਖਦੇ ਹਨ ਜੋ ਖ਼ੁਸ਼ਹਾਲ ਜੀਵਨ ਜੀਣ ਲਈ ਇਕ ਅਹਿਮ ਨੁਕਤਾ ਹੈ। ਇਸ ਦੇ ਨਾਲ-ਨਾਲ ਉਹ ਇਹ ਵੀ ਸਿੱਖਦੇ ਹਨ ਕਿ ਜੀਵਨ ਵਿਚ ਹਮੇਸ਼ਾ ਉਹੀ ਕੁਝ ਨਹੀਂ ਹੋਵੇਗਾ ਜੋ ਤੁਸੀਂ ਸੋਚਿਆ ਹੋਇਆ ਹੈ। ਉਸ ਦੇ ਉਲਟ ਵੀ ਹੋ ਸਕਦਾ ਹੈ। ਇਸ ਲਈ ਆਪਣੇ-ਆਪ ਨੂੰ ਹਰ ਤਰ੍ਹਾਂ ਦੇ ਹਾਲਾਤ ਦੇ ਟਾਕਰੇ ਲਈ ਤਿਆਰ-ਬਰ-ਤਿਆਰ ਰੱਖਣਾ ਚਾਹੀਦਾ ਹੈ।

ਆਪਣੇ-ਆਪ ਨੂੰ ਹਾਲਾਤ ਅਨੁਸਾਰ ਢਾਲ ਲੈਣਾ ਵੀ ਵਿਦਿਆਰਥੀ ਜੀਵਨ 'ਚੋਂ ਸਿੱਖੇ ਗੁਣਾਂ 'ਚੋਂ ਇਕ ਹੈ। ਹੋਸਟਲ ਵਿਚ ਰਹਿੰਦੇ ਸਮੇਂ ਇਹ ਬਹੁਤ ਸਾਰੇ ਲੋਕਾਂ ਨਾਲ ਮਿਲਦੇ-ਵਿਚਰਦੇ ਹਨ। ਹੌਲੀ-ਹੌਲੀ ਚੰਗੇ ਅਤੇ ਮਾੜੇ ਇਨਸਾਨ 'ਚ ਫ਼ਰਕ ਕਰਨ ਦਾ ਅਨੁਭਵ ਹਾਸਲ ਹੋ ਜਾਂਦਾ ਹੈ ਜੋ ਇਹ ਫ਼ੈਸਲਾ ਕਰਨ ਵਿਚ ਮਦਦਗਾਰ ਹੁੰਦਾ ਹੈ ਕਿ ਕਿਸ ਇਨਸਾਨ ਨਾਲ ਕਿਸ ਤਰ੍ਹਾਂ ਦਾ ਵਿਹਾਰ ਰੱਖਣਾ ਹੈ। ਦੋਸਤਾਂ ਦੁਆਰਾ ਉਡਾਏ ਗਏ ਮਜ਼ਾਕ ਸਹਿਣਸ਼ੀਲਤਾ ਸਿਖਾਉਂਦੇ ਹਨ। ਸਕੂਲ-ਕਾਲਜ ਜਾਣ ਲਈ ਵਿਦਿਆਰਥੀ ਸਵੇਰੇ ਜਲਦੀ ਉੱਠਦੇ ਹਨ, ਸਮੇਂ ਸਿਰ ਭੋਜਨ ਖਾਂਦੇ ਹਨ ਅਤੇ ਹੋਰ ਵੀ ਕਈ ਤਰ੍ਹਾਂ ਦੇ ਨੇਮ ਅਪਣਾਉਂਦੇ ਹਨ ਜੋ ਉਨ੍ਹਾਂ ਨੂੰ ਅਨੁਸ਼ਾਸਿਤ ਅਤੇ ਨੇਮਬੱਧ ਜੀਵਨ ਜਿਊਣ ਲਈ ਸੇਧ ਦਿੰਦੇ ਹਨ।

ਅਨੁਸ਼ਾਸਿਤ ਤੇ ਨੇਮਬੱਧ ਵਿਅਕਤੀ ਜੀਵਨ ਵਿਚ ਹਮੇਸ਼ਾ ਕਾਮਯਾਬ ਹੁੰਦਾ ਹੈ। ਓਥੇ ਪੜ੍ਹਦੇ ਸਮੇਂ ਹੀ, ਸਹੀ ਸਮੇਂ 'ਤੇ ਸਹੀ ਫ਼ੈਸਲਾ ਲੈਣ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੁਹਾਰਤ ਹਾਸਲ ਹੁੰਦੀ ਹੈ। ਪੁਰਾਣੇ ਸਮੇਂ ਵਿਚ ਇਹ ਗੁਣ ਸਾਨੂੰ ਪਰਿਵਾਰ, ਆਂਢ-ਗੁਆਂਢ ਅਤੇ ਕੰਮਕਾਰ 'ਚੋਂ ਵੀ ਸਿੱਖਣ ਨੂੰ ਮਿਲ ਜਾਂਦੇ ਸਨ ਪਰ ਅੱਜਕੱਲ੍ਹ ਰੁਝੇਵੇਂ ਵਧੇਰੇ ਹੋਣ ਅਤੇ ਮੋਬਾਈਲ ਫੋਨਾਂ ਦੀ ਵਰਤੋਂ ਜ਼ਿਆਦਾ ਹੋਣ ਕਰਕੇ ਲੋਕ ਆਪਸ ਵਿਚ ਗੱਲਬਾਤ ਘੱਟ ਕਰਦੇ ਹਨ ਅਤੇ ਇਕ-ਦੂਜੇ ਨਾਲ ਘੁਲਦੇ-ਮਿਲਦੇ ਨਹੀਂ।

ਅੱਜ ਦੇ ਸਮੇਂ 'ਚ ਅਜਿਹਾ ਸਿਰਫ਼ ਸਕੂਲਾਂ-ਕਾਲਜਾਂ ਵਿਚ ਹੀ ਸੰਭਵ ਹੈ। ਇਸ ਲਈ ਇਨ੍ਹਾਂ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਅੱਜਕੱਲ੍ਹ ਕੋਵਿਡ-19 ਮਹਾਮਾਰੀ ਕਾਰਨ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਹਨ ਜਿਸ ਨੂੰ ਦੇਖਦੇ ਹੋਏ ਇਨ੍ਹਾਂ ਅਦਾਰਿਆਂ ਵੱਲੋਂ ਆਨਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਅਜਿਹੇ ਸਮੇਂ ਵਿਚ ਜ਼ਰੂਰੀ ਸੀ ਕਿਉਂਕਿ ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਤੋਂ ਬਚਿਆ ਹੈ।

ਜੇਕਰ ਆਨਲਾਈਨ ਕਲਾਸਾਂ ਦਾ ਰੁਝਾਨ ਸਦਾ ਲਈ ਬਣ ਗਿਆ ਤਾਂ ਵਿਦਿਆਰਥੀ ਉਪਰੋਕਤ ਗੁਣ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਣਗੇ ਜਿਸ ਕਾਰਨ ਉਨ੍ਹਾਂ ਦੀ ਪ੍ਰਾਪਤ ਕੀਤੀ ਵਿੱਦਿਆ ਸਿਰਫ਼ ਰੋਜ਼ੀ-ਰੋਟੀ ਕਮਾਉਣ ਦੇ ਕੰਮ ਹੀ ਆਵੇਗੀ, ਉਨ੍ਹਾਂ ਦਾ ਸਮਾਜਿਕ, ਸਰੀਰਕ 'ਤੇ ਬੌਧਿਕ ਵਿਕਾਸ ਸੰਭਵ ਨਹੀਂ। ਲੋਕ-ਨਾਚ (ਭੰਗੜਾ, ਗਿੱਧਾ), ਲੋਕ-ਗੀਤ, ਸਾਹਿਤ ਪੜ੍ਹਨਾ, ਪੇਂਟਿੰਗ, ਖੇਡਾਂ ਆਦਿ ਵਿਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਵੀ ਸਕੂਲਾਂ ਵੱਲੋਂ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ ਤੇ ਉਹ ਸਬੰਧਤ ਖੇਤਰ ਵਿਚ ਕਾਮਯਾਬ ਹੁੰਦੇ ਹਨ।

ਆਨਲਾਈਨ ਕਲਾਸਾਂ ਪੜ੍ਹਾਉਣ ਦਾ ਸਾਧਨ ਹੋ ਸਕਦੀਆਂ ਹਨ ਪਰ ਵਿੱਦਿਅਕ ਅਦਾਰਿਆਂ ਦੀ ਥਾਂ ਕਦੇ ਵੀ ਨਹੀਂ ਲੈ ਸਕਦੀਆਂ ਕਿਉਂਕਿ ਪੜ੍ਹਨ-ਲਿਖਣ ਦਾ ਜੋ ਮਾਹੌਲ ਵਿੱਦਿਅਕ ਅਦਾਰੇ ਸਿਰਜਦੇ ਹਨ ਉਹ ਆਨਲਾਈਨ ਕਲਾਸਾਂ ਦੁਆਰਾ ਸੰਭਵ ਨਹੀਂ। ਸੋਸ਼ਲ-ਮੀਡੀਆ ਤੋਂ ਪੜ੍ਹੀ ਅੰਗਰੇਜ਼ੀ ਦੀ ਇਹ ਤੁਕ Education has nothing to do with Stupidity, You can be Graduate and still be stupid ਬਿਲਕੁਲ ਸਹੀ ਜਾਪਦੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਹਾਲਾਤ ਕੁਝ ਠੀਕ ਹੋ ਰਹੇ ਹਨ। ਕੋਰੋਨਾ ਦੇ ਮਾਮਲਿਆਂ 'ਚ ਕਾਫ਼ੀ ਕਮੀ ਆਈ ਹੈ ਅਤੇ ਮੌਤ ਦਰ ਵੀ ਕਾਫ਼ੀ ਘਟੀ ਹੈ। ਸਰਕਾਰ ਵੀ ਕੋਵਿਡ-19 ਦੇ ਸਬੰਧ 'ਚ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਹੌਲੀ-ਹੌਲੀ ਸਕੂਲ-ਕਾਲਜ ਖੋਲ੍ਹਣ ਲਈ ਉਪਰਾਲੇ ਕਰ ਰਹੀ ਹੈ।

ਅਜੇ ਤਕ ਪੰਜਾਬ ਸਰਕਾਰ ਨੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤਕ ਦੇ ਸਕੂਲ ਖੋਲ੍ਹੇ ਹਨ। ਜੇ ਹਾਲਾਤ ਸਹੀ ਰਹਿਣ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਬਾਕੀ ਜਮਾਤਾਂ ਦੇ ਵਿਦਿਆਰਥੀਆਂ ਲਈ ਵੀ ਸਕੂਲ ਖੋਲ੍ਹ ਦੇਵੇ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹ ਮਹਾਮਾਰੀ ਛੇਤੀ ਤੋਂ ਛੇਤੀ ਖ਼ਤਮ ਹੋਵੇ ਅਤੇ ਕਾਲਜ, ਯੂਨੀਵਰਸਿਟੀਆਂ, ਹੋਸਟਲ ਪੂਰਨ ਤੌਰ 'ਤੇ ਖੁੱਲ੍ਹਣ ਅਤੇ ਫਿਰ ਕਦੇ ਇਨ੍ਹਾਂ ਨੂੰ ਬੰਦ ਕਰਨ ਦੀ ਨੌਬਤ ਨਾ ਆਵੇ। ਵਿਦਿਆਰਥੀ ਫਿਰ ਤੋਂ ਚਾਵਾਂ-ਮਲਾਰਾਂ ਨਾਲ ਸਕੂਲਾਂ, ਕਾਲਜਾਂ ਵਿਚ ਆਉਣ ਤੇ ਜ਼ਿੰਦਗੀ ਜੀਣ ਦਾ ਅਨੁਭਵ ਹਾਸਲ ਕਰਨ ਤੇ ਜੀਵਨ ਦੇ ਇਸ ਖ਼ੂਬਸੂਰਤ ਵਕਫੇ ਨੂੰ ਪਹਿਲਾਂ ਦੀ ਤਰ੍ਹਾਂ ਹੀ ਮਾਣਨ।

-ਮੋਬਾਈਲ ਨੰ. : 95929-01164

Posted By: Jagjit Singh