-ਦਰਬਾਰਾ ਸਿੰਘ ਕਾਹਲੋਂ

ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੇ ਲੋਕਤੰਤਰ ਨੂੰ ਸ੍ਰੇਸ਼ਠ, ਉੱਚ ਮੁੱਲਾਂ, ਸੰਵਿਧਾਨਕ ਸੰਸਥਾਵਾਂ ਦੇ ਸੰਤੁਲਨ ਅਤੇ ਮਾਨਵ ਅਧਿਕਾਰਾਂ ਦੀ ਰਾਖੀ ਕਰਨ ਵਾਲਾ ਇਕ ਨਿਵੇਕਲਾ ਲੋਕਤੰਤਰ ਪ੍ਰਚਾਰਦਾ ਰਿਹਾ ਹੈ। ਵਿਸ਼ਵ ਮਹਾ-ਸ਼ਕਤੀ ਵਜੋਂ ਸਰਦਾਰੀ ਦਾ ਸਿਹਰਾ ਇਸ ਲੋਕਤੰਤਰ ਸਿਰ ਬੰਨ੍ਹਦਾ ਹੈ ਪਰ ਹਕੀਕਤ ਵਿਚ ਅਜਿਹਾ ਕੁਝ ਨਹੀਂ ਹੈ। ਜੋ ਉਹ ਪ੍ਰਚਾਰਦਾ ਹੈ, ਉਸ ’ਤੇ ਅਮਲ ਕਿਧਰੇ ਨਹੀਂ ਕਰਦਾ।

ਦਰਅਸਲ, ਸਮੇਂ-ਸਮੇਂ ਡੋਨਾਲਡ ਟਰੰਪ ਵਰਗੇ ਚੁਣੇ ਜਾਂਦੇ ਰਾਸ਼ਟਰਪਤੀਆਂ ਨੇ ਇਸ ਦੇ ਲੋਕਤੰਤਰ, ਸੰਵਿਧਾਨਕ ਸੰਸਥਾਵਾਂ, ਕੌਮੀ ਏਕਤਾ, ਮਨੁੱਖੀ ਅਧਿਕਾਰਾਂ, ਵਿਦੇਸ਼ੀ ਸਬੰਧਾਂ, ਪ੍ਰਸ਼ਾਸਨਿਕ ਅਦਾਰਿਆਂ ਨੂੰ ਇੰਨਾ ਵੱਡਾ ਨੁਕਸਾਨ ਪਹੁੰਚਾਇਆ ਹੈ ਜਿਸ ਦੀ ਪੂਰਤੀ ਲਈ ਦਹਾਕੇ ਲੱਗਦੇ ਰਹੇ।

ਆਪਣੇ ਚਾਰ ਸਾਲਾ ਕਾਰਜਕਾਲ ਵਿਚ ਡੋਨਾਲਡ ਟਰੰਪ ਨੇ ਅਮਰੀਕੀ ਲੋਕਤੰਤਰ, ਕੌਮ, ਭਾਈਚਾਰੇ, ਸੰਵਿਧਾਨਕ ਸੰਸਥਾਵਾਂ, ਵਿਦੇਸ਼ ਨੀਤੀ, ਸਿਹਤ ਨੀਤੀ ਨੂੰ ਜਿੰਨਾ ਨੁਕਸਾਨ ਪਹੁੰਚਾਇਆ ਹੈ, ਓਨਾ ਉਸ ਤੋਂ ਪਹਿਲਾਂ ਹੋਏ ਰਾਸ਼ਟਰਪਤੀਆਂ ਨੇ ਕਦੇ ਨਹੀਂ ਪਹੁੰਚਾਇਆ।

ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਜੋ ਵਿਸ਼ਵ ਦੇ ਸਭ ਲੋਕਤੰਤਰੀ ਪਦਾਂ ਨਾਲੋਂ ਤਾਕਤਵਰ, ਸ਼ਾਨਾਂਮੱਤਾ, ਪ੍ਰਭਾਵਸ਼ਾਲੀ, ਗੌਰਵਸ਼ਾਲੀ ਅਤੇ ਪ੍ਰਬੁੱਧਤਾ ਭਰੀ ਸ਼ਾਲੀਨਤਾ ਦਾ ਮੁਜੱਸਮਾ ਸਮਝਿਆ ਜਾਂਦਾ ਹੈ, ਨੂੰ ਟਰੰਪ ਦੀਆਂ ਕਾਲੀਆਂ, ਨੀਮ-ਪਾਗਲਾਨਾ, ਤੋੜ-ਫੋੜ ਅਤੇ ਦਹਿਸ਼ਤਵਾਦੀ ਹਿੰਸਕ ਕਰਤੂਤਾਂ, ਅਨੇਕ ਤਾਕਤਵਰ ਰਾਸ਼ਟਰਾਂ ਦੇ ਮੁਖੀਆਂ ਜਾਂ ਪ੍ਰਧਾਨ ਮੰਤਰੀਆਂ ਦੀਆਂ ਭਰੀ ਮਹਿਫਲ ਵਿਚ ਲਾਹ-ਪਾਹ ਭਰੀਆਂ ਆਦਤਾਂ ਨੇ ਮਿੱਟੀ ਵਿਚ ਰੋਲ ਕੇ ਰੱਖ ਦਿੱਤਾ ਹੈ।

ਡੋਨਾਲਡ ਟਰੰਪ ਨੇ ਆਪਣੇ ਅੱਖੜ ਸੁਭਾਅ ਕਾਰਨ ਜਿੱਥੇ ਕਈ ਮੁਲਕਾਂ ਦੇ ਮੁਖੀਆਂ ਨੂੰ ਵਕਤ ਪਾਈ ਰੱਖਿਆ, ਓਥੇ ਹੀ ਵਾਰ-ਵਾਰ ਝੂਠ ਬੋਲਣ ਦੀ ਆਦਤ ਕਾਰਨ ਆਪਣੀ ਜਗ ਹਸਾਈ ਵੀ ਕਰਾਈ। ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ-ਜੋਂਗ-ਉਨ ਨਾਲ ਹੋਸ਼ੀ ਬਿਆਨਬਾਜ਼ੀ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਖਹਿਬੜਨ ਦੀ ਘਟਨਾ ਟਰੰਪ ਦੇ ਸਨਕੀ ਹੋਣ ਦੀ ਦਾਸਤਾਨ ਬਿਆਨ ਕਰਦੀ ਹੈ। ਉਹ ਈਰਾਨ ਦੇ ਰਾਸ਼ਟਰਪਤੀ ਨਾਲ ਵੀ ਜ਼ੁਬਾਨੀ ਜੰਗ ਵਿਚ ਫਸਿਆ ਰਿਹਾ।

ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਉਸ ਦੀ ਭਾਵੇਂ ਨੇੜਤਾ ਸੀ ਪਰ ਉਹ ਵੇਲੇ-ਕੁਵੇਲੇ ਅਜਿਹੇ ਬਿਆਨ ਦਿੰਦਾ ਰਿਹਾ ਜੋ ਭਾਰਤੀ ਲੀਡਰਸ਼ਿਪ ਨੂੰ ਪਰੇਸ਼ਾਨ ਕਰਦੇ ਰਹੇ। ਇਸੇ ਲਈ ਅਮਰੀਕੀ ਰਾਸ਼ਟਰਪਤੀਆਂ ਦੇ ਇਤਿਹਾਸਕ ਸਥਾਨ ਸਬੰਧੀ ਤਿਆਰ ਕੀਤੀ ਜਾਣ ਵਾਲੀ ਸੂਚੀ ਵਿਚ ਟਰੰਪ ਹੁਣ ਤਕ ਦੇ 45 ਰਾਸ਼ਟਰਪਤੀਆਂ ’ਚੋਂ ਸਭ ਤੋਂ ਨਿਕੰਮੇ ਸਾਬਤ ਹੋਣ ਕਾਰਨ ਸਭ ਤੋਂ ਸ਼ਰਮਨਾਕ ਹੇਠਲੇ ਸਥਾਨ ’ਤੇ ਦਰਜ ਹੋਣਗੇ। ਸ਼ੁਰੂ ਵਿਚ ਉਹ ਆਪਣੇ ਅੰਦਰੂਨੀ ਸਰਕਲ ਵਿਚ ਫੜ੍ਹਾਂ ਮਾਰਦਾ ਹੋਇਆ ਆਪਣੇ-ਆਪ ਨੂੰ ਮਹਾਨ ਇਬਰਾਹਮ ਲਿੰਕਨ ਦੇ ਬਰਾਬਰ ਹੋਣ ਦਾ ਦਾਅਵਾ ਕਰਦਾ ਰਿਹਾ।

ਇਹੀ ਨਹੀਂ, ਉਹ ਆਪਣੀ ਤੁਲਨਾ ਜਾਰਜ ਵਾਸ਼ਿੰਗਟਨ ਅਤੇ ਥਾਮਸ ਜੈਫਰਸਨ ਵਰਗੇ ਰਾਸ਼ਟਰਪਤੀਆਂ ਨਾਲ ਵੀ ਕਰਦਾ ਰਿਹਾ ਪਰ ਸਵਾਲ ਤਾਂ ਇਹ ਸੀ ਕਿ ਉਨ੍ਹਾਂ ਵਰਗੇ ਗੁਣ, ਸੁੱਘੜਤਾ, ਦੂਰ-ਦਿ੍ਰਸ਼ਟੀ, ਸੁਭਾਅ ਅਤੇ ਵਰਤਾਰਾ ਕਿੱਥੋਂ ਪੈਦਾ ਕਰਦਾ?

ਅਮਰੀਕੀ ਇਤਿਹਾਸ ਵਿਚ ਰਾਸ਼ਟਰਪਤੀਆਂ ਦੀ ਕਾਰਜਸ਼ੈਲੀ ਦੀ ਨਿਪੁੰਨਤਾ ਦੇ ਆਧਾਰ ’ਤੇ ਉਨ੍ਹਾਂ ਨੂੰ ਸੂਚੀਬੱਧ ਕਰਨ ਦਾ ਕੰਮ ਆਰਥਰ ਸ਼ਲੇਸਿੰਗਰ ਨੇ ਸੰਨ 1948 ਵਿਚ ਪਹਿਲੀ ਵਾਰ ਲਾਈਫ ਮੈਗਜ਼ੀਨ ਦੀ ਬੇਨਤੀ ’ਤੇ ਆਰੰਭ ਕੀਤਾ ਸੀ। ਉਸ ਨੇ 55 ਨਾਮਵਰ ਇਤਿਹਾਸਕਾਰਾਂ ਨੂੰ ਇਕ ਪੋਲ ਰਾਹੀਂ ਅਜਿਹੀ ਦਰਜਾਬੰਦ ਸੂਚੀ ਤਿਆਰ ਕਰਨ ਲਈ ਸ਼ਾਮਲ ਕੀਤਾ ਸੀ।

ਸਿਵਲ ਵਾਰ ਕਾਲ ਵਿਚ ਅਮਰੀਕੀ ਰਾਸ਼ਟਰ ਨੂੰ ਇਕਜੁੱਟ ਰੱਖਣ ਵਿਚ ਸਫਲਤਾ ਪ੍ਰਾਪਤ ਕਰਨ ਵਾਲੇ ਇਬਰਾਹਮ ਲਿੰਕਨ ਨੂੰ ਨੰਬਰ ਇਕ, ਦੇਸ਼ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੇ ਆਜ਼ਾਦੀ ਪ੍ਰਾਪਤੀ, ਲੋਕਤੰਤਰ ਸਥਾਪਤੀ ਦੇ ਰੋਲ ਕਰ ਕੇ ਨੰਬਰ 2, ਆਰਥਿਕ ਮੰਦਹਾਲੀ ਨਜਿੱਠਣ ਅਤੇ ਦੂਸਰੀ ਵੱਡੀ ਜੰਗ ਵਿਚ ‘ਨਿਊ ਡੀਲ’ ਨੀਤੀ ਕਾਰਨ ਫਰੈਂਕਲਿਨ ਡੀ ਰੂਜ਼ਵੈਲਟ ਨੂੰ ਨੰਬਰ 3 ਵਜੋਂ ਦਰਜ ਕੀਤਾ।

ਆਖਰੀ ਥਾਂ ਤੇ ਵਾਰੇਨ ਹਾਰਡਿੰਗ ਸੀ ਜੋ 1921 ਤੋਂ 1923 ਨੂੰ ਆਪਣੀ ਮੌਤ ਤਕ ਰਾਸ਼ਟਰਪਤੀ ਰਿਹਾ ਪਰ ਉਹ ਕਈ ਸਕੈਂਡਲਾਂ ਕਾਰਨ ਬਦਨਾਮੀ ਖੱਟ ਚੁੱਕਾ ਸੀ। ਉਸ ਦੇ ਇਕ ਕੈਬਨਿਟ ਮੰਤਰੀ (ਸਕੱਤਰ) ’ਤੇ ਭਿ੍ਰਸ਼ਟਾਚਾਰ ਦੇ ਦੋਸ਼ ਲੱਗੇ ਸਨ। ਹੁਣ ਕਈ ਸੰਸਥਾਵਾਂ ਰਾਸ਼ਟਰਪਤੀਆਂ ਦੀ ਦਰਜਾਬੰਦੀ ਸਬੰਧੀ ਸਰਵੇ ਕਰਾਉਂਦੀਆਂ ਰਹਿੰਦੀਆਂ ਹਨ।

ਇਨ੍ਹਾਂ ਵਿਚ ‘ਸ਼ਿਕਾਗੋ ਟਿ੍ਰਬਿਊਨ’, ‘ਸ਼ਿਕਾਗੋ ਸਨ-ਟਾਈਮਜ਼’, ‘ਵਾਲ ਸਟਰੀਟ ਜਰਨਲ’, ‘ਪੋਲੀਟੀਕਲ ਸਾਇੰਸ ਐਸੋਸੀਏਸ਼ਨ’, ‘ਵਿਕੀਪੀਡੀਆ’, ‘ਸੇਇਨਾ ਕਾਲਜ ਖੋਜ ਸੰਸਥਾ, ਨਿਊਯਾਰਕ’ ਆਦਿ ਸ਼ਾਮਲ ਹਨ। ਸੇਇਨਾ ਕਾਲਜ ਖੋਜ ਸੰਸਥਾ ਸੰਨ 1982 ਤੋਂ ਇਸ ਕਾਰਜ ਵਿਚ ਜੁਟੀ ਹੋਈ ਹੈ ਅਤੇ 20 ਗੱਲਾਂ ਜਿਵੇਂ ਦਿਆਨਤਦਾਰੀ, ਪ੍ਰਬੁੱਧਤਾ, ਜੋਖ਼ਮ ਉਠਾਉਣ ਦੀ ਜੁਅਰਤ, ਆਰਥਿਕ ਪ੍ਰਬੰਧ, ਵਿਦੇਸ਼ ਨੀਤੀ, ਪ੍ਰਾਪਤੀਆਂ, ਅਮਰੀਕੀ ਕਾਂਗਰਸ (ਸੰਸਦ) ਨਾਲ ਸਬੰਧ ਆਦਿ ਨੂੰ ਆਧਾਰ ਬਣਾਉਂਦੀ ਹੈ।

ਅਕਸਰ ਪਹਿਲੇ ਵਧੀਆ 5 ਰਾਸ਼ਟਰਪਤੀਆਂ ਵਿਚ ਜਾਰਜ ਵਾਸ਼ਿੰਗਟਨ, ਥਾਮਸ ਜੈਫਰਸਨ, ਇਬਰਾਹਮ ਲਿੰਕਨ, ਥਿਉਡਰ ਰੂਜ਼ਵੈਲਟ, 4 ਵਾਰ ਰਾਸ਼ਟਰਪਤੀ ਰਹੇ ਫ੍ਰੈਂਕਲਿਨ ਡੀ ਰੂਜ਼ਵੈਲਟ ਅਤੇ ਪੰਜ ਨਿਕੰਮਿਆਂ ਵਿਚ ਫਰੈਂਕਲਿਨ ਪੀਅਰਸ, ਮਿਲਾਰਡ ਫਿਲਮੋਰ, ਜੇਮਜ਼ ਬੁਕਾਨਿਨ, ਐਂਡਰਿਊ ਜਾਹਨਸਨ ਅਤੇ ਵਾਰੇਨ ਹਾਰਡਿੰਗ ਦਰਜ ਪਾਏ ਜਾਂਦੇ ਹਨ।

ਅਮਰੀਕਨ ਪੋਲੀਟੀਕਲ ਸਾਇੰਸ ਐਸੋਸੀਏਸ਼ਨ ਦੇ 2015 ਦੇ ਸਰਵੇ ਵਿਚ ਦੇਸ਼ ਦੀ ਇਕਜੁੱਟਤਾ ਕਾਇਮ ਰੱਖਣ ਵਾਲਾ ਇਬਰਾਹਮ ਲਿੰਕਨ ਨੰਬਰ ਇਕ ਅਤੇ ਦੱਖਣੀ ਅਮਰੀਕਾ ਨੂੰ ਵੱਖਰੇ ਹੋਣ ਦੀ ਸ਼ਹਿ ਦੇਣ ਵਾਲਾ ਜੇਮਜ਼ ਬੁਕਾਨਨ ਸਭ ਤੋਂ ਹੇਠਲੇ ਦਰਜੇ ’ਤੇ ਦਰਜ ਕੀਤਾ ਗਿਆ ਸੀ।

ਸੰਨ 2020 ਵਿਚ ਚੋਣਾਂ ਸਬੰਧੀ ਡਿਬੇਟ ਵਿਚ ਨਵੇਂ 46ਵੇਂ ਰਾਸ਼ਟਰਪਤੀ ਜੋਅ ਬਾਇਡਨ ਨੇ ਟਰੰਪ ਦੇ ਮੂੰਹ ’ਤੇ ਕਿਹਾ ਸੀ, ‘‘ਤੁਸੀਂ ਇਤਿਹਾਸ ਦੇ ਸਭ ਤੋਂ ਨਿਕੰਮੇ ਰਾਸ਼ਟਰਪਤੀ ਸਾਬਤ ਹੋਵੋਗੇ।’’ ਸੰਨ 2018 ਵਿਚ ਸਿਆਸੀ ਪੰਡਿਤਾਂ ਵੱਲੋਂ ਤਿਆਰ ਸੂਚੀ ਵਿਚ ਟਰੰਪ ਦਾ ਨਾਂ ਸਭ ਤੋਂ ਥੱਲੇ ਸੀ।

ਬਰਾਂਡਨ ਰੋਟਿੰਗਹਸ ਦਾ ਕਹਿਣਾ ਹੈ ਕਿ ਮੈਂ ਨਹੀਂ ਸਮਝਦਾ ਕਿ ਟਰੰਪ ਸਾਡੇ ਸਰਵੇ ਵਿਚ ਸਭ ਤੋਂ ਹੇਠਾਂ ਤੋਂ ਉਪਰ ਆ ਸਕੇ। ਦਰਅਸਲ, ਡੋਨਾਲਡ ਟਰੰਪ ਦੀ ਕਾਰਗੁਜ਼ਾਰੀ ਬਹੁਤ ਹੀ ਨਿਕੰਮੀ, ਨਿੰਦਣਯੋਗ ਅਤੇ ਸ਼ਰਮਨਾਕ ਰਹੀ ਹੈ। ਫਰਵਰੀ 2017 ਵਿਚ ਉਸ ਨੇ ਮੀਡੀਆ ਨੂੰ ਅਮਰੀਕੀ ਲੋਕਾਂ ਦਾ ਦੁਸ਼ਮਣ ਕਿਹਾ ਸੀ ਜੋ ਲੋਕੰਤਤਰ ਦਾ ਚੌਥਾ ਸਤੰਭ ਮੰਨਿਆ ਜਾਂਦਾ ਹੈ।

ਅਜਿਹਾ ਹੀ ਸਟਾਲਿਨ ਅਤੇ ਮਾਓ ਜ਼ੇ ਤੁੰਗ ਨੇ ਕਿਹਾ ਸੀ। ਟਰੰਪ ਪਹਿਲਾ ਅਜਿਹਾ ਰਾਸ਼ਟਰਪਤੀ ਹੈ ਜਿਸ ’ਤੇ 4 ਸਾਲ ਦੇ ਕਾਰਜਕਾਲ ਵਿਚ ਦੋ ਵਾਰ ਮਹਾਦੋਸ਼ ਅਧੀਨ ਮੁਕੱਦਮਾ ਚਲਾਉਣ ਦੇ ਮਤੇ ਕਾਂਗਰਸ ਦੇ ਹੇਠਲੇ ਸਦਨ ਵੱਲੋਂ ਪਾਸ ਕੀਤੇ ਗਏ। ਪਹਿਲਾ 18 ਦਸੰਬਰ 2019 ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ’ਤੇ ਟੈਲੀਫੋਨ ਰਾਹੀਂ ਜੋਅ ਬਾਇਡਨ ਪਰਿਵਾਰ ਵਿਰੁੱਧ ਵਪਾਰਕ ਭਿ੍ਰਸ਼ਟਾਚਾਰ ਬਾਰੇ ਦੋਸ਼ਾਂ ਲਈ ਦਬਾਅ ਪਾਉਣ, ਦੂਸਰਾ 13 ਜਨਵਰੀ 2021 ਨੂੰ ਮਹਿਜ਼ ਪਦ-ਮੁਕਤ ਹੋਣ ਤੋਂ 7 ਦਿਨ ਪਹਿਲਾਂ ਉਸ ਦੀ ਸਮਰਥਕ ਹਿੰਸਕ ਭੀੜ ਨੂੰ ਸੰਸਦ ’ਤੇ ਹਮਲਾ ਕਰ ਕੇ ਉਸ ਦੀ ਹਾਰ, ਜਿੱਤ ਵਿਚ ਬਦਲਣ ਲਈ।

ਉਸ ਤੋਂ ਪਹਿਲਾਂ ਦੋ ਰਾਸ਼ਟਰਪਤੀਆਂ ਸੰਨ 1868 ਵਿਚ ਐਂਡਰਿਊ ਜਾਹਨਸਨ ਅਤੇ 1998 ਵਿਚ ਬਿੱਲ ਕਲਿੰਟਨ ’ਤੇ ਮਹਾਦੋਸ਼ ਲੱਗੇ ਸਨ ਜਿਨ੍ਹਾਂ ਨੂੰ ਸੈਨੇਟ ਨੇ ਬਰੀ ਕਰ ਦਿੱਤਾ ਸੀ। ਸੰਨ 1974 ਵਿਚ ਵਾਟਰਗੇਟ ਸਕੈਂਡਲ ਵਿਚ ਫਸੇ ਰਾਸ਼ਟਰਪਤੀ ਨਿਕਸਨ ਵਿਰੁੱਧ ਮਹਾਦੋਸ਼ ਦੀ ਤਿਆਰੀ ਕੀਤੀ ਗਈ ਪਰ ਉਹ ਅਸਤੀਫ਼ਾ ਦੇ ਗਿਆ ਸੀ।

ਰਾਸ਼ਟਰਪਤੀ ਦੀ ਮਹਾਨਤਾ ਗਰਦਸ਼ ਵੇਲੇ ਪਛਾਣੀ ਜਾਂਦੀ ਹੈ ਪਰ ਡੋਨਾਲਡ ਟਰੰਪ ਕੋਵਿਡ-19 ਮਹਾਮਾਰੀ ਤੋਂ ਦੇਸ਼ ਨੂੰ ਬਚਾਉਣ ਵਿਚ ਬੁਰੀ ਤਰ੍ਹਾਂ ਅਸਫਲ ਰਿਹਾ। ਉਸ ਦੀ ਨਾ-ਅਹਿਲੀਅਤ ਕਾਰਨ 4 ਲੱਖ ਦੇ ਕਰੀਬ ਅਮਰੀਕੀ ਮਾਰੇ ਗਏ। ਫਿਰ ਵੀ ਇਹ ਬਿਮਾਰੀ ਬੇਕਾਬੂ ਹੈ। ਉਸ ਨੇ ਦੇਸ਼ ਨੂੰ ਨਸਲਵਾਦੀ ਲੀਹਾਂ ’ਤੇ ਘਾਤਕ ਢੰਗ ਨਾਲ ਵੰਡਿਆ।

ਟਰੰਪ ਨੇ ਗੋਰਾ ਪ੍ਰਭੂਸੱਤਾਵਾਦ ਬੇਸ਼ਰਮੀ ਨਾਲ ਬੁਲੰਦ ਕੀਤਾ। ਰਾਸ਼ਟਰਪਤੀ ਚੋਣਾਂ ਵਿਚ ਹਾਰਨ ਕਾਰਨ ਉਹ ਦਿਮਾਗੀ ਤਵਾਜ਼ਨ ਗੁਆ ਬੈਠਾ। ਫਲੋਰੀਡਾ ਰਾਜ ਦੇ ਗ੍ਰਹਿ ਸਕੱਤਰ ਨੂੰ ਫੋਨ ’ਤੇ 11780 ਵੋਟਾਂ ਲੱਭਣ ਲਈ ਧਮਕੀਆਂ ਦਿੱਤੀਆਂ। ਜਦੋਂ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਉਸ ਦੀ ਹਾਰ ਸੰਸਦ ਦੇ ਸਾਂਝੇ ਸਦਨ ਵਿਚ ਜਿੱਤ ਵਿਚ ਬਦਲਣ ਤੋਂ ਨਾਂਹ ਕੀਤੀ ਤਾਂ ਭੀੜ ਨੂੰ ਉਸ ਨੂੰ ਫਾਂਸੀ ਚੜ੍ਹਾਉਣ

ਲਈ ਉਕਸਾਇਆ। ਸੱਠ ਅਦਾਲਤਾਂ ਅਤੇ ਸੁਪਰੀਮ ਕੋਰਟ ਵਿਚ ਚੋਣ ਚੁਣੌਤੀਆਂ ਰੱਦ ਹੋਣ ’ਤੇ ਸਮਰਥਕਾਂ ਦੀ ਹਿੰਸਕ ਭੀੜ ਨੂੰ ਸੰਸਦ ’ਤੇ ਹਮਲੇ ਲਈ ਉਕਸਾਉਣ ਦਾ ਗੁਨਾਹ ਕੀਤਾ ਜੋ ਲੋਕਤੰਤਰ ਦਾ ਕਤਲ ਕਰਨ ਦੇ ਬਰਾਬਰ ਹੈ।

ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਰਵਾਇਤੀ ਮਿੱਤਰ ਗੁਆਂਢੀਆਂ ਕੈਨੇਡਾ, ਮੈਕਸੀਕੋ ਨਾਲ ਸੰਬੰਧ ਵਿਗਾੜੇ। ਨਾਟੋ ਸੰਗਠਨ ਕਮਜ਼ੋਰ ਕੀਤਾ। ਉਸ ਨੇ ਐਸੀਆਂ ਬੱਜਰ ਗ਼ਲਤੀਆਂ ਕਰ ਕੇ ਅਮਰੀਕੀ ਰਾਸ਼ਟਰ ਅਤੇ ਲੋਕਤੰਤਰ ਨੂੰ ਇੰਨਾ ਵੱਡਾ ਨੁਕਸਾਨ ਪਹੁੰਚਾਇਆ ਹੈ ਕਿ ਜਿਸ ਦੀ ਪੂਰਤੀ ਲਈ ਲੰਬਾ ਸਮਾਂ ਲੱਗ ਜਾਵੇਗਾ।

-(ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ)

-ਸੰਪਰਕ : +1 2898 292929

Posted By: Jagjit Singh