ਕਣਕ ਦੀ ਫ਼ਸਲ ਸੰਭਾਲਣ ਤੋਂ ਬਾਅਦ ਇਕ ਵਾਰ ਤਾਂ ਸਾਰੇ ਪਾਸੇ ਜ਼ੋਰ-ਸ਼ੋਰ ਨਾਲ ਪ੍ਰਚਾਰ ਚੱਲਿਆ ਕਿ ਐਤਕੀਂ ਕਿਸਾਨਾਂ ਨੇ ਕਣਕ ਦੀ ਰਹਿੰਦ- ਖੂੰਹਦ ਨੂੰ ਅੱਗ ਨਾ ਲਾ ਕੇ ਬੇਹੱਦ ਸ਼ਲਾਘਾਯੋਗ ਕਾਰਜ ਕੀਤਾ ਹੈ। ਪਿਛਲੇ ਦਿਨੀਂ ਖੇਤਾਂ ’ਚ ਅੱਗ ਦੀਆਂ ਲਪਟਾਂ ਨਾ ਉੱਠਣ ਕਾਰਨ ਵਾਤਾਵਰਨ ਪ੍ਰੇਮੀ ਤੇ ਹੋਰ ਸੂਝਵਾਨ ਲੋਕਾਂ ਨੇ ਕਿਹਾ ਸੀ ਕਿ ਜੇ ਸਾਰੇ ਕਿਸਾਨ ਇਸ ਤਰ੍ਹਾਂ ਸਿਆਣਪ ਤੋਂ ਕੰਮ ਲੈਣ ਤਾਂ ਜਿੱਥੇ ਪਸ਼ੂ, ਪੰਛੀ, ਜੀਵ- ਜੰਤੂ ਤੇ ਰੁੱਖ ਬੂਟੇ ਬਚੇ ਰਹਿਣਗੇ, ਉੱਥੇ ਹੀ ਮਨੁੱਖ ਵੀ ਸੌਖਾ ਸਾਹ ਲੈ ਸਕੇਗਾ ਤੇ ਅਰੋਗ ਜੀਵਨ ਦਾ ਆਨੰਦ ਮਾਣ ਸਕੇਗਾ ਪਰ ਅਫ਼ਸੋਸ ਕਿ ਪਿਛਲੇ ਇਕ ਡੇਢ ਹਫ਼ਤੇ ਤੋਂ ਖੇਤਾਂ ’ਚ ਅੱਗ ਖੇਡ ਰਹੀ ਹੈ ਅਤੇ ਕਿਨਾਰਿਆਂ ਉੱਪਰ ਖੜ੍ਹੇ ਬਿਰਖ ਕੁਰਲਾ ਰਹੇ ਹਨ, ਪੰਛੀ ਸਹਿਮ ਗਏ ਹਨ ਅਤੇ ਮਨੁੱਖੀ ਬੱਚੇ ਝੁਲਸ ਰਹੇ ਹਨ।

ਇੱਥੇ ਇਹ ਕਹਿਣਾ ਵੀ ਠੀਕ ਰਹੇਗਾ ਕਿ ‘ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।’ ਭਾਵੇਂ ਹੋਰ ਲੱਖਾਂ ਲੋਕ ਮਾੜੇ ਕੰਮਾਂ ਰਾਹੀਂ ਵਾਤਾਵਰਨ ’ਚ ਵਿਗਾੜ ਪੈਦਾ ਕਰ ਰਹੇ ਹੋਣ ਪਰ ਪੰਜਾਬ ਦਾ ਕਿਸਾਨ ਸਮਝਦਾਰ ਹੈ ਅਤੇ ਉਹ ਇਸ ਗੱਲ ਨੂੰ ਭਲੀਭਾਂਤ ਜਾਣਦਾ ਹੈ ਕਿ ਮੇਰੇ ਕੀ ਫ਼ਰਜ਼ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਜੋ ਗ਼ਲਤੀ ਕਿਸਾਨ ਨੇ ਕੀਤੀ ਹੈ, ਇਹ ਹਰਗਿਜ਼ ਠੀਕ ਨਹੀਂ ਹੈ। ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਬਿਲਕੁਲ ਲੋੜ ਨਹੀਂ ਹੈ, ਐਨੀ ਕੁ ਰਹਿੰਦ-ਖੂੰਹਦ ਨੂੰ ਸੌਖਿਆਂ ਹੀ ਖੇਤਾਂ ’ਚ ਨਸ਼ਟ ਕਰ ਕੇ ਖਾਦ ਦਾ ਕੰਮ ਲਿਆ ਜਾ ਸਕਦਾ ਹੈ।

ਜਦੋਂ ਆਪਣੀ ਪੱਕੀ ਫ਼ਸਲ ਉੱਪਰ ਮੀਂਹ ਜਾਂ ਗੜੇ ਆਣ ਡਿੱਗਦੇ ਹਨ ਤਾਂ ਆਪਾਂ ਰੋਣਾ-ਪਿੱਟਣਾ ਸ਼ੁਰੂ ਕਰ ਦਿੰਦੇ ਹਾਂ ਪਰ ਜਦੋਂ ਖ਼ੁਦ ਅੱਗ ਲਾ ਕੇ ਬਹੁਤ ਹੀ ਨਾਜ਼ੁਕ ਜਿਹੇ ਛੋਟੇ- ਛੋਟੇ ਬੂਟਿਆਂ, ਕੋਮਲ ਪੰਛੀਆਂ, ਜਾਨਵਰਾਂ ਤੇ ਜੀਵ-ਜੰਤੂਆਂ ਨੂੰ ਜਿਉਂਦਿਆਂ ਨੂੰ ਸਾੜ ਸੁੱਟਦੇ ਹਾਂ, ਉਦੋਂ ਕਿਉਂ ਨਹੀਂ ਕਦੇ ਭੋਰਾ ਤਰਸ ਆਇਆ? ਇਸ ਵਾਰ ਵੀ ਸੜਕਾਂ ਕਿਨਾਰੇ ਖੜ੍ਹੇ ਸੈਂਕੜੇ ਬਿਰਖ ਕਿਸਾਨਾਂ ਦੀ ਅਣਗਹਿਲੀ ਤੇ ਆਕੜ ਨਾਲ ਸੜ ਕੇ ਸੁਆਹ ਹੋ ਗਏ ਹਨ। ਉਨ੍ਹਾਂ ਦਾ ਮੁਆਵਜਜ਼ਾ ਕੌਣ ਦੇਵੇਗਾ ? ਅੰਨਦਾਤਾ ਕਹਾਉਣ ਵਾਲਾ ਕਿਸਾਨ ਕੁਰਾਹੇ ਕਦੇ-ਕਦੇ ਕੁਰਾਹੇ ਕਿਉਂ ਤੁਰ ਪੈਂਦਾ ਹੈ?

ਸਾਰੀ ਕਣਕ ਦੀ ਫ਼ਸਲ ਸਾਂਭਣ ਤੋਂ ਬਾਅਦ ਪਤਾ ਨਹੀਂ ਕਿਉਂ ਹੁਣ ਫਿਰ ਕੁਦਰਤ ਨਾਲ ਖਿਲਵਾੜ ਕਰਨ ਲੱਗ ਪਿਆ ਹੈ? ਕੁਦਰਤ ਦੇ ਕਹਿਰ ਤੋਂ ਡਰਨਾ ਚਾਹੀਦਾ ਹੈ। ਜਦੋਂ ਕੁਦਰਤ ਦੀ ਮਾਰ ਪੈਂਦੀ ਹੈ ਤਾਂ ਕੋਈ ਟਿਕਾਣਾ ਨਹੀਂ ਦਿਸਦਾ। ਜਦੋਂ ਸਰਕਾਰ ਨੇ ਝੋਨੇ ਦੀ ਬਿਜਾਈ ਦਾ ਸਮਾਂ ਤੈਅ ਕਰ ਦਿੱਤਾ ਹੈ ਤਾਂ ਕਿਉਂ ਵਿਹਲੇ ਪਏ ਖੇਤਾਂ ’ਚ ਪਾਣੀ ਭਰਿਆ ਜਾ ਰਿਹਾ ਹੈ ? ਪਾਣੀ ਦੀ ਦੁਰਵਰਤੋਂ ਨਾ ਕੀਤੀ ਜਾਵੇ। ਇਸ ਨਾਲ ਬਿਜਲੀ ਦੀ ਵੀ ਦੁਰਵਰਤੋਂ ਹੁੰਦੀ ਹੈ। ਰੁੱਖ, ਪੰਛੀਆਂ ਤੇ ਇਨਸਾਨਾਂ ਨਾਲ ਮੁਹੱਬਤ ਦੀ ਸਾਂਝ ਮਜ਼ਬੂਤ ਕਰਨੀ ਚਾਹੀਦੀ ਹੈ। ਖੇਤਾਂ ’ਚ ਅੱਗ ਲਾ ਕੇ ਅਸੀਂ ਹਰ ਕਿਸੇ ਦੇ ਜੀਵਨ ਨਾਲ ਖਿਲਵਾੜ ਕਰਨ ਦੇ ਗੁਨਾਹਗਾਰ ਬਣਦੇ ਹਾਂ।

-ਬੇਅੰਤ ਗਿੱਲ, ਭਲੂਰ।

Posted By: Jagjit Singh