ਘਰੇਲੂ ਹਿੰਸਾ ਅਜੋਕੇ ਸਮਾਜ ਦੇ ਖ਼ੂਬਸੂਰਤ ਆਖੇ ਜਾਂਦੇ ਚਿਹਰੇ ’ਤੇ ਲੱਗਾ ਬਦਨੁਮਾ ਦਾਗ਼ ਹੈ। ਘਰੇਲੂ ਹਿੰਸਾ ਦੀ ਵਰਤੋਂ ਕਰ ਕੇ ਅਜੋਕਾ ਮਨੁੱਖ ਇਹ ਸਿੱਧ ਕਰ ਰਿਹਾ ਹੈ ਕਿ ਉਸ ਨੇ ਸਿੱਖਿਆ ਗ੍ਰਹਿਣ ਤਾਂ ਕਰ ਲਈ ਹੈ ਪਰ ਧਾਰਨ ਨਹੀਂ ਕੀਤੀ। ਇਹ ਕੋਈ ਅਤਿਕਥਨੀ ਨਹੀਂ ਹੈ ਕਿ ਘਰੇਲੂ ਰਿਸ਼ਤਿਆਂ ’ਚ ਹਿੰਸਾ ਪੁਰਾਤਨ ਸਮੇਂ ਤੋਂ ਚੱਲਦੀ ਆ ਰਹੀ ਹੈ ਤੇ ਇਸ ਘਰੇਲੂ ਹਿੰਸਾ ਦਾ ਸਭ ਤੋਂ ਵੱਧ ਸ਼ਿਕਾਰ ਔਰਤਾਂ ਨੂੰ ਹੀ ਬਣਨਾ ਪਿਆ ਹੈ ਪਰ ਇਹ ਵੀ ਇਕ ਤੱਥ ਹੈ ਕਿ ਹੁਣ ਘਰੇਲੂ ਹਿੰਸਾ ਦਾ ਸ਼ਿਕਾਰ ਪਰਿਵਾਰ ਦੇ ਬੱਚੇ, ਬਜ਼ੁਰਗ ਤੇ ਮਰਦ ਵੀ ਹੋਣ ਲੱਗ ਪਏ ਹਨ। ਆਧੁਨਿਕ ਸਮਾਜ ਵਿਗਿਆਨੀਆਂ ਅਨੁਸਾਰ ਘਰੇਲੂ ਹਿੰਸਾ ਨੂੰ ਕੇਵਲ ਸਰੀਰਕ ਹਿੰਸਾ ਦੇ ਰੂਪ ’ਚ ਹੀ ਮੁਲਾਂਕਿਤ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਮੌਖਿਕ, ਭਾਵੁਕ ਜਾਂ ਮਾਨਸਿਕ ਹਿੰਸਾ ਨੂੰ ਵੀ ਇਸ ਸ਼੍ਰੇਣੀ ’ਚ ਰੱਖਿਆ ਜਾ ਸਕਦਾ ਹੈ। ਔਰਤਾਂ ਨਾਲ ਵਾਪਰਨ ਵਾਲੀ ਘਰੇਲੂ ਹਿੰਸਾ ਦੇ ਮੁੱਖ ਕਾਰਨਾਂ ’ਚ ਪੁਰਸ਼ ਪ੍ਰਧਾਨਤਾ, ਦਾਜ, ਜਾਇਦਾਦ ਦਾ ਲਾਲਚ, ਧੀਆਂ ਦਾ ਜਨਮ ਜਾਂ ਸੱਚ ਆਖਣ ਦੀ ਬੇਬਾਕੀ ਆਦਿ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਵੀ ਵੇਖਣ ’ਚ ਆਇਆ ਹੈ ਕਿ ਔਰਤਾਂ ਨਾਲ ਵਾਪਰਨ ਵਾਲੀ ਘਰੇਲੂ ਹਿੰਸਾ ’ਚ ਬਹੁਤੀ ਵਾਰ ਪਰਿਵਾਰ ਦੀ ਹੀ ਕਿਸੇ ਔਰਤ ਦਾ ਹੱਥ ਹੁੰਦਾ ਹੈ। ਅਜਿਹੀ ਔਰਤ ਕਈ ਵਾਰ ਸਿੱਧੇ ਤੌਰ ’ਤੇ ਆਪ ਹੀ ਜਾਂ ਕਈ ਵਾਰ ਪਰਿਵਾਰ ਦੇ ਕਿਸੇ ਮਰਦ ਮੈਂਬਰ ਰਾਹੀਂ ਦੂਜੀ ਔਰਤ ਉੱਤੇ ਸਰੀਰਕ, ਮਾਨਸਿਕ ਜਾਂ ਮੌਖਿਕ ਹਿੰਸਾ ਭਰਪੂੁਰ ਹਮਲਾ ਕਰਵਾਉਂਦੀ ਹੈ। ਮਾਪਿਆਂ ਦੇ ਵਧਦੇ ਰੁਝੇਵੇਂ ਤੇ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਪੈਸੇ ਦੀ ਵਧਦੀ ਲੋੜ ਨੇ ਮਾਪਿਆਂ ਦੇ ਸਬੰਧਾਂ ’ਚ ਤਣਾਅ ਪੈਦਾ ਕਰ ਦਿੱਤਾ ਹੈ। ਜ਼ਿਆਦਾਤਰ ਪਰਿਵਾਰਾਂ ’ਚ ਗੁਜ਼ਾਰਾ ਵਧੀਆ ਢੰਗ ਨਾਲ ਚਲਾਉਣ ਲਈ ਔਰਤਾਂ ਨੂੰ ਕੰਮ ’ਤੇ ਜਾਣਾ ਪੈਂਦਾ ਹੈ। ਆਪਣਾ ਗੁੱਸਾ, ਥਕਾਵਟ, ਖਿਝ ਤੇ ਮਾਨਸਿਕ ਅਸ਼ਾਂਤੀ ਆਦਿ ਨੂੰ ਬੱਚਿਆਂ ’ਤੇ ਕੱਢਣਾ ਬਹੁਤੇ ਮਾਪਿਆਂ ਦਾ ਸੁਭਾਅ ਬਣ ਗਿਆ ਹੈ। ਕਈ ਪਰਿਵਾਰਾਂ ’ਚ ਬਜ਼ੁਰਗਾਂ ਦੀ ਹਾਲਤ ਕਾਫੀ ਤਰਸਯੋਗ ਬਣੀ ਹੋਈ ਹੈ। ਬੁਢਾਪੇ ’ਚ ਪੈਸੇ ਦੀ ਕਮੀ ਤੇ ਸਰੀਰਕ ਅਯੋਗਤਾ ਹੋ ਜਾਣ ਕਰਕੇ ਉਨ੍ਹਾਂ ਨੂੰ ਆਪਣੇ ਪੁੱਤਰਾਂ ਜਾਂ ਨੂੰਹਾਂ ਹੱਥੋਂ ਮੌਖਿਕ, ਮਾਨਸਿਕ ਜਾਂ ਕਦੇ-ਕਦੇ ਸਰੀਰਕ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅੱਜ ਲੋੜ ਹੈ ਕਿ ਘਰੇਲੂ ਹਿੰਸਾ ਦੇ ਕਾਰਨਾਂ ਦੀ ਪਛਾਣ ਕਰ ਕੇ ਉਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ ਤੇ ਘਰੇਲੂ ਹਿੰਸਾ ਨੂੰ ਠੱਲ੍ਹ ਪਾਉਣ ਲਈ ਲੋੜੀਂਦੇ ਕਾਨੂੰਨ ਤੇ ਉਪਾਅ ਅਮਲ ’ਚ ਲਿਆਂਦੇ ਜਾਣ। ਸਕੂਲਾਂ, ਕਾਲਜਾਂ ਤੇ ਦਫ਼ਤਰਾਂ ’ਚ ਘਰੇਲੂ ਹਿੰਸਾ ਰੋਕਣ ਸਬੰਧੀ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਟੀਵੀ ’ਤੇ ਅਜਿਹੇ ਨਾਟਕਾਂ ਤੇ ਫਿਲਮਾਂ ਦਾ ਪ੍ਰਸਾਰਣ ਕੀਤਾ ਜਾਵੇ, ਜੋ ਨੈਤਿਕ ਗੁਣਾਂ ਨੂੰ ਵਧਾਉਣ ਅਤੇ ਘਰੇਲੂ ਹਿੰਸਾ ਦੀ ਥਾਂ ਘਰ ’ਚ ਪਿਆਰ, ਸਲੂਕ ਅਤੇ ਸਤਿਕਾਰ ਵਧਾਉਣ ਦੀ ਲੋੜ ਉੱਤੇ ਜ਼ੋਰ ਦਿੰਦੇ ਹੋਣ।

-ਅਸ਼ਵਨੀ ਚਤਰਥ, ਬਟਾਲਾ।

ਮੋ : 62842-20595

Posted By: Jagjit Singh