-ਪਰਮਜੀਤ ਢੀਂਗਰਾ

ਡਾਕਟਰ ਜੇ. ਐੱਸ. ਗਰੇਵਾਲ ਦਾ ਚਲੇ ਜਾਣਾ ਅਕਾਦਮਿਕ ਜਗਤ ਲਈ ਵੱਡਾ ਘਾਟਾ ਹੈ। ਮੱਧਕਾਲੀ ਭਾਰਤੀ ਇਤਿਹਾਸ ਤੇ ਸਿੱਖ ਇਤਿਹਾਸ ਦੇ ਖੇਤਰ ਵਿਚ ਉਨ੍ਹਾਂ ਦਾ ਕੀਤਾ ਕੰਮ ਲਾਸਾਨੀ ਹੈ। ਮੇਰਾ ਉਨ੍ਹਾਂ ਨਾਲ ਕਾਫ਼ੀ ਵਾਹ-ਵਾਸਤਾ ਰਿਹਾ ਤੇ ਅੱਜ ਮੈਂ ਜਿਸ ਮੁਕਾਮ ’ਤੇ ਪਹੁੰਚਿਆ ਹਾਂ, ਉਸ ਵਿਚ ਡਾਕਟਰ ਗਰੇਵਾਲ ਦਾ ਵੀ ਯੋਗਦਾਨ ਹੈ। ਉਨ੍ਹਾਂ ਦੀ ਪਰਖ ਦੀ ਦਾਦ ਦੇਣੀ ਬਣਦੀ ਹੈ। ਉਨ੍ਹਾਂ ਦਾ ਜਨਮ ਚੱਕ ਨੰਬਰ ਜੇ ਬੀ-46 ਲਾਇਲਪੁਰ ਵਿਖੇ 1927 ਨੂੰ ਹੋਇਆ ਸੀ। ਲੰਡਨ ਯੂਨੀਵਰਸਿਟੀ ਤੋਂ 1963 ਵਿਚ ਉਨ੍ਹਾਂ ਨੇ ਡਾਕਟਰੇਟ ਕੀਤੀ ਅਤੇ 1964 ਵਿਚ ਪੰਜਾਬ ਯੂਨੀਵਰਸਿਟੀ ਵਿਚ ਪੜ੍ਹਾਉਣ ਦਾ ਕਾਰਜ ਆਰੰਭਿਆ। ਸੰਨ 1969 ਵਿਚ ਗੁਰੂ ਨਾਨਕ ਦੇਵ ਜੀ ਦੀ ਪੰਜ ਸੌ ਸਾਲਾ ਸ਼ਤਾਬਦੀ ਮੌਕੇ ਉਨ੍ਹਾਂ ਨੇ ਯਾਦਗਾਰੀ ਕਿਤਾਬ ਲਿਖੀ-‘ਗੁਰੂ ਨਾਨਕ ਇਨ ਹਿਸਟਰੀ’। ਸੰਨ 1971 ਵਿਚ ਉਨ੍ਹਾਂ ਨੂੰ ਡੀ.ਲਿਟ ਦੀ ਡਿਗਰੀ ਦਿੱਤੀ ਗਈ। ਸੰਨ 1975 ਵਿਚ ਉਨ੍ਹਾਂ ਨੇ ਬਹੁਤ ਸਾਰੇ ਫਾਰਸੀ ਸਰੋਤਾਂ ਨੂੰ ਖੰਘਾਲ ਕੇ ‘ਲੇਨਜ਼ ਆਫ ਹਿਸਟਰੀ: ਸਮ ਪਰਸ਼ੀਅਨ ਡਾਕੂਮੈਂਟਸ’ ਦੀ ਰਚਨਾ ਕੀਤੀ। ਸੰਨ 1980 ਵਿਚ ਕੈਂਬਰਿਜ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਸਿੱਖ ਇਤਿਹਾਸ ਦਾ ਖੰਡ ਲਿਖਣ ਲਈ ਕਿਹਾ। ਸੰਨ 1990 ਵਿਚ ਉਨ੍ਹਾਂ ਨੇ ‘ਸਿੱਖਸ ਆਫ ਪੰਜਾਬ’ ਕਿਤਾਬ ਲਿਖੀ। ਪਿੱਛੇ ਜਿਹੇ ਕੀਤੇ ਉਨ੍ਹਾਂ ਦੇ ਦੋ ਕੰਮ ਚਰਚਾ ਦਾ ਵਿਸ਼ਾ ਰਹੇ-‘ਮਾਸਟਰ ਤਾਰਾ ਸਿੰਘ ਇਨ ਇੰਡੀਅਨ ਹਿਸਟਰੀ’ ਅਤੇ ‘ਗੁਰੂ ਗੋਬਿੰਦ ਸਿੰਘ: ਮਾਸਟਰ ਆਫ ਵਾਈਟ ਹਾਕ’। ਉਨ੍ਹਾਂ ਨਾਲ ਜੁੜੀਆਂ ਕੁਝ ਯਾਦਾਂ ਮਨ ਵਿਚ ਉੱਭਰ ਆਈਆਂ ਹਨ। ਗੱਲ 26 ਜਨਵਰੀ 1983 ਦੀ ਹੈ। ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਦੋ ਫੈਲੋਸ਼ਿਪਸ ਲਈ ਇੰਟਰਵਿਊ ਸੀ। ਮੈਂ ਉਨ੍ਹਾਂ ਦਿਨਾਂ ਵਿਚ ਵਿਭਾਗ ਵਿਚ ਐੱਮ.ਫਿਲ. ਦਾ ਵਿਦਿਆਰਥੀ ਸਾਂ। ਖੋਜ-ਨਿਬੰਧ ਰੇਡੀਓ ਪ੍ਰਸਾਰਣ ਵਿਚ ਪੰਜਾਬੀ ਸੀ, ਇਸ ਬਾਰੇ ਪੜ੍ਹ ਤੇ ਡਾਟਾ ਇਕੱਠਾ ਕਰ ਰਿਹਾ ਸਾਂ। ਬਾਕੀ ਵਿਦਿਆਰਥੀਆਂ ਦੀ ਦੇਖਾ-ਦੇਖੀ ਮੈਂ ਵੀ ਫੈਲੋਸ਼ਿਪ ਲਈ ਅਪਲਾਈ ਕਰ ਦਿੱਤਾ। ਇਸ ਗੱਲ ਦਾ ਪੱਕਾ ਯਕੀਨ ਸੀ ਕਿ ਚੋਣ ਨਹੀਂ ਹੋਣੀ, ਸਿਰਫ਼ ਇਕ ਹੀ ਟੀਚਾ ਸੀ ਕਿ ਦੇਖਿਆ ਜਾਵੇ ਇੰਟਰਵਿਊ ਕਿਹੋ ਜਿਹੀ ਹੁੰਦੀ ਹੈ ਕਿਉਂਕਿ ਬਤੌਰ ਵਾਈਸ ਚਾਂਸਲਰ ਗਰੇਵਾਲ ਸਾਹਿਬ ਦਾ ਇੰਟਰਵਿਊ ਲੈਣਾ ਵੱਡੀ ਗੱਲ ਸੀ। ਸਵੇਰੇ ਨੌਂ ਵਜੇ ਰਿਪੋਰਟ ਕਰਨੀ ਸੀ। ਦੇਖਿਆ ਤਾਂ ਅੱਸੀ ਦੇ ਕਰੀਬ ਉਮੀਦਵਾਰ ਸਨ। ਕਈਆਂ ਕੋਲ ਭਾਰੀ ਸਿਫ਼ਾਰਸ਼ਾਂ ਸਨ, ਕਈ ਆਪਣੀ ਖੋਜ ਤੇ ਕਿਤਾਬਾਂ ਦੇ ਟਰੰਕ ਭਰ ਕੇ ਲਿਆਏ ਸਨ। ਮੇਰੇ ਕੋਲ ਅਜਿਹਾ ਕੁਝ ਵੀ ਨਹੀਂ ਸੀ। ਸਾਰੇ ਦਿਨ ਦੀ ਉਡੀਕ, ਸਹਿਮ ਤੇ ਡਰ ਮਗਰੋਂ ਸ਼ਾਮ ਪੌਣੇ ਚਾਰ ਵਜੇ ਮੇਰੀ ਵਾਰੀ ਆਈ। ਇਸ ਗੱਲ ਦਾ ਡਰ ਸੀ ਕਿ ਸਿਲੈਕਸ਼ਨ ਟੀਮ ਹੁਣ ਤਕ ਥੱਕ ਚੁੱਕੀ ਹੋਵੇਗੀ ਤੇ ਹੋ ਸਕਦੈ ਖਾਨਾਪੂਰਤੀ ਹੀ ਹੋਵੇ। ਦੁਆ-ਸਲਾਮ ਹੋਈ ਹੀ ਸੀ ਕਿ ਕਮੇਟੀ ਲਈ ਚਾਹ ਆ ਗਈ। ਗਰੇਵਾਲ ਸਾਹਿਬ ਨੇ ਮੈਨੂੰ ਵੀ ਚਾਹ ਪੀਣ ਲਈ ਕਿਹਾ ਪਰ ਉਸ ਵੇਲੇ ਚਾਹ ਕਿੱਥੇ ਸੁੱਝਦੀ ਸੀ। ਉਨ੍ਹਾਂ ਨੇ ਮੈਨੂੰ ਮੇਰੇ ਥੀਸਿਸ ਦੇ ਟੋਪਿਕ ਬਾਰੇ ਪੁੱਛਿਆ ਤੇ ਉਹਦੇ ਬਾਰੇ ਪੰਜ ਮਿੰਟ ਬੋਲਣ ਲਈ ਕਿਹਾ। ਮੇਰਾ ਸਿਧਾਂਤਕ ਪਸਾਰ ਸਮਾਜ ਭਾਸ਼ਾ ਵਿਗਿਆਨ’ਤੇ ਆਧਾਰਤ ਸੀ। ਮੈਂ ਜਿੰਨਾ ਨਵਾਂ ਪੜਿ੍ਹਆ ਸੀ, ਸਾਰਾ ਉਚਾਰ ਦਿੱਤਾ। ਮੈਂ ਦੇਖਿਆ ਕਿ ਗਰੇਵਾਲ ਸਾਹਿਬ ਪੈਡ ’ਤੇ ਕੁਝ ਨੋਟ ਕਰਦੇ ਜਾ ਰਹੇ ਸਨ। ਮੇਰੇ ਉਚਾਰ ਤੋਂ ਬਾਅਦ ਉਨ੍ਹਾਂ ਦੀ ਟਿੱਪਣੀ ਸੀ ਕਿ ਇਹ ਬਿਲਕੁਲ ਵੱਖਰੇ ਕਿਸਮ ਦਾ ਨਵਾਂ ਕੰਮ ਹੈ। ਅੱਗੋਂ ਉਨ੍ਹਾਂ ਨੇ ਮਾਈਕ ਵਿਭਾਗ ਦੇ ਮੁਖੀ ਵੱਲ ਕਰ ਦਿੱਤਾ। ਮੁਖੀ ਸਾਹਿਬ ਨੇ ਆਪਣੇ ਵਿਸ਼ੇ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਲੋਕ ਗੀਤਾਂ ਬਾਰੇ ਸਵਾਲ ਪੁੱਛੇ ਪਰ ਗਰੇਵਾਲ ਸਾਹਿਬ ਨੇ ਟੋਕ ਦਿੱਤਾ ਕਿ ਸਵਾਲ ਸਿਰਫ਼ ਐੱਮ. ਫਿਲ. ਦੇ ਟੋਪਿਕ ਜਾਂ ਭਾਸ਼ਾ ਵਿਗਿਆਨ ਬਾਰੇ ਪੁੱਛੇ ਜਾਣ ਪਰ ਉਸ ਵਿਸ਼ੇ ਬਾਰੇ ਮੁਖੀ ਸਾਹਿਬ ਨੂੰ ਗਿਆਨ ਨਹੀਂ ਸੀ। ਉਹ ਅਜੇ ਸੋਚ ਹੀ ਰਹੇ ਸਨ ਕਿ ਗਰੇਵਾਲ ਸਾਹਿਬ ਨੇ ਇਕ ਸਵਾਲ ਪੁੱਛਿਆ ਕਿ ਪਾਕਿਸਤਾਨ ਟੀਵੀ ’ਤੇ ਰਾਤ ਨੂੰ ਇਕ ਸੂਚਨਾ ਦਿੱਤੀ ਜਾਂਦੀ ਹੈ ਕਿ-‘ਅਬ ਵਕਤ ਹੂਆ ਚਾਹਤਾ ਹੈ, ਆਪ ਨਮਾਜ਼ ਅਤਾ ਫਰਮਾਏਂ।’ ਇਹਦਾ ਕੀ ਅਰਥ ਹੈ। ਮੈਂ ਯਥਾਯੋਗ ਉੱਤਰ ਦਿੱਤਾ। ਸੁਣ ਕੇ ਉਨ੍ਹਾਂ ਦੀ ਤਸੱਲੀ ਹੋ ਗਈ। ਉਨ੍ਹਾਂ ਮੁਖੀ ਸਾਹਿਬ ਨੂੰ ਅੱਗੇ ਹੋਰ ਸਵਾਲ ਪੁੱਛਣ ਲਈ ਕਿਹਾ ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ। ਇਹ ਇੰਟਰਵਿਊ ਸਤਾਰਾਂ ਮਿੰਟਾਂ ਦੀ ਸੀ ਪਰ ਯਾਦਗਾਰੀ ਸੀ। ਗਰੇਵਾਲ ਸਾਹਿਬ ਨੂੰ ਕੋਲ ਬਹਿ ਕੇ ਸੁਣਨਾ ਬੜਾ ਚੰਗਾ ਲੱਗਾ। ਅਗਲੇ ਦਿਨ ਉਨ੍ਹਾਂ ਨੇ ਮੇਰੇ ਨਿਗਰਾਨ ਡਾਕਟਰ ਆਤਮਜੀਤ ਸਿੰਘ ਹੋਰਾਂ ਨੂੰ ਆਪਣੇ ਦਫ਼ਤਰ ਬੁਲਾ ਕੇ ਵਧਾਈ ਦਿੱਤੀ ਕਿ ਵੱਡੇ ਮੁਕਾਬਲੇ ਵਿਚ ਤੁਹਾਡੇ ਚੇਲੇ ਦੀ ਫੈਲੋਸ਼ਿਪ ਲਈ ਸਿਲੈਕਸ਼ਨ ਹੋ ਗਈ ਹੈ ਤੇ ਨਾਲ ਹੀ ਕੁਝ ਸ਼ਬਦਾਂ ਦੀ ਸੂਚੀ ਫੜਾ ਦਿੱਤੀ ਕਿ ਤੁਹਾਡੇ ਚੇਲੇ ਨੇ ਕੱਲ੍ਹ ਇੰਟਰਵਿਊ ਵਿਚ ਇਹ ਬੋਲੇ ਸਨ। ਇਨ੍ਹਾਂ ਦੇ ਕਾਂਸੈਪਚੂਅਲ ਅਰਥ ਦੱਸੋ। ਹਾਂ, ਕੁਝ ਸਕਾਲਰ ਪੀਐੱਚਡੀ ਦੀਆਂ ਉਪਾਧੀਆਂ ਜ਼ਰੂਰ ਲੈ ਗਏ। ਏਸੇ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹਿਸਟਰੀ ਕਾਂਗਰਸ ਦਾ ਆਯੋਜਨ ਕੀਤਾ ਗਿਆ। ਗਰੇਵਾਲ ਸਾਹਿਬ ਨੇ ਸਾਨੂੰ ਸਭ ਨੂੰ ਬੁਲਾਇਆ ਤੇ ਪੁੱਛਿਆ ਕਿ ਅਸੀਂ ਇਸ ਕਾਂਗਰਸ ਨੂੰ ਵੱਧ ਤੋਂ ਵੱਧ ਸਫਲ ਬਣਾਉਣ ਲਈ ਕੀ ਕਰ ਸਕਦੇ ਹਾਂ। ਅਨੇਕਾਂ ਸੁਝਾਅ ਦਿੱਤੇ ਗਏ। ਮੇਰਾ ਇਕ ਸੁਝਾਅ ਸੀ ਕਿ ਪੁਰਾਤਨ ਸਮੱਗਰੀ ਦੀ ਨੁਮਾਇਸ਼ ਲਾਈ ਜਾਵੇ। ਇਹ ਗੱਲ ਉਨ੍ਹਾਂ ਨੂੰ ਜਚ ਗਈ ਅਤੇ ਉਨ੍ਹਾਂ ਨੇ ਲਾਇਬ੍ਰੇਰੀ ਵਿਚ ਪਏ ਖਰੜਿਆਂ ਨੂੰ ਸੰਭਾਲ ਕੇ ਨੁਮਾਇਸ਼ ਲਾਉਣ ਦੀ ਮਨਜ਼ੂਰੀ ਦੇ ਦਿੱਤੀ। ਇਸ ਤੋਂ ਇਲਾਵਾ ਹੋਰ ਲੋਕਾਂ ਕੋਲ ਜਿਹੜੇ ਹੱਥ ਲਿਖਤ ਖਰੜੇ ਹੋਣ, ਉਨ੍ਹਾਂ ਤਕ ਪਹੁੰਚ ਕਰਕੇ ਉਨ੍ਹਾਂ ਨੂੰ ਨੁਮਾਇਸ਼ ਵਿਚ ਲਿਆਉਣ ਲਈ ਯਤਨ ਕੀਤੇ ਜਾਣ ਲਈ ਕਿਹਾ। ਮੇਰੀ ਅਜਿਹੇ ਕੁਝ ਲੋਕਾਂ ਤਕ ਪਹੁੰਚ ਸੀ ਜਿਨ੍ਹਾਂ ਕੋਲ ਕੀਮਤੀ ਖਰੜੇ ਤੇ ਹੋਰ ਸਾਮਾਨ ਪਿਆ ਸੀ। ਇਕ ਸੱਜਣ ਨੇ ਤਾਂ ਦੇਣ ਤੋਂ ਇਨਕਾਰ ਕਰ ਦਿੱਤਾ। ਦੂਸਰੀ ਪਹੁੰਚ ਭਾਈ ਮੋਹਨ ਸਿੰਘ ਵੈਦ ਹੋਰਾਂ ਦੇ ਪਰਿਵਾਰ ਕੋਲ ਕੀਤੀ ਗਈ। ਉਨ੍ਹਾਂ ਨਾਲ ਮੇਰੀ ਨੇੜਤਾ ਸੀ। ਉਨ੍ਹਾਂ ਨੇ ਪੁਰਾਣੀਆਂ ਹੱਥ ਲਿਖਤਾਂ, ਖਰੜੇ ਤੇ ਹੋਰ ਕਈ ਚੀਜ਼ਾਂ ਦੇ ਤਿੰਨ ਟਰੰਕ ਭਰ ਕੇ ਸੌਂਪ ਦਿੱਤੇ ਤੇ ਇੰਜ ਹੀ ਵਾਪਸ ਲਿਆਉਣ ਦੀ ਤਗੀਦ ਕਰ ਦਿੱਤੀ। ਤਿੰਨ ਦਿਨ ਉਸ ਸਾਮਾਨ ਦੀ ਨੁਮਾਇਸ਼ ਕੀਤੀ ਗਈ। ਗਰੇਵਾਲ ਸਾਹਿਬ ਨੇ ਉਸ ਸਾਰੀ ਸਮੱਗਰੀ ਨੂੰ ਵਾਚਿਆ ਤੇ ਸੁਝਾਅ ਦਿੱਤਾ ਕਿ ਜੇ ਪਰਿਵਾਰ ਸਹਿਮਤ ਹੋਵੇ ਤਾਂ ਇਸ ਸਮੱਗਰੀ ਨੂੰ ਯੂਨੀਵਰਸਿਟੀ ਵਿਚ ਸੰਭਾਲਿਆ ਜਾ ਸਕਦਾ ਹੈ। ਪਰ ਭਾਈ ਸਾਹਿਬ ਦੇ ਪਰਿਵਾਰ ਨੇ ਸਹਿਮਤੀ ਨਾ ਦਿੱਤੀ ਕਿਉਂਕਿ ਉਹ ਸਾਰੇ ਪਰਿਵਾਰ ਦਾ ਸਾਂਝਾ ਸਰਮਾਇਆ ਅਤੇ ਵਿਰਾਸਤ ਸੀ। ਹਿਸਟਰੀ ਕਾਂਗਰਸ ਬੜੀ ਸਫਲ ਰਹੀ ਪਰ ਪੰਜਾਬ ਦੇ ਉਸ ਵੇਲੇ ਦੇ ਹਾਲਾਤ ਕਾਫ਼ੀ ਖ਼ਰਾਬ ਸਨ। ਯੂਨੀਵਰਸਿਟੀ ਟਾਰਗੇਟ ’ਤੇ ਸੀ। ਓਥੇ ਹੀ ਇਕ ਅਖੀਰੀ ਮੀਟਿੰਗ ਪੰਜਾਬ ਦੇ ਗਵਰਨਰ ਦੇ ਸਲਾਹਕਾਰ ਐੱਸ ਐੱਸ ਧਨੋਏ ਨਾਲ ਹੋਈ ਸੀ ਜਿਸ ਵਿਚ ਸਰਕਾਰ ਨੌਜਵਾਨ ਪੀੜ੍ਹੀ ਦਾ ਪੰਜਾਬ ਸਮੱਸਿਆ ਬਾਰੇ ਨਜ਼ਰੀਆ ਜਾਣਨਾ ਚਾਹੁੰਦੀ ਸੀ। ਬੜੇ ਖ਼ਾਸ-ਖ਼ਾਸ ਵਿਦਿਆਰਥੀਆਂ ਨਾਲ ਗੁਪਤ ਮੀਟਿੰਗ ਕੀਤੀ ਗਈ ਤੇ ਬਾਅਦ ਵਿਚ ਗਰੇਵਾਲ ਸਾਹਿਬ ਨੇ ਫੀਡਬੈਕ ਲਈ। ਪਰ ਸੁਝਾਵਾਂ ਤੋਂ ਅੱਗੇ ਪੰਜਾਬ ਮਸਲੇ ਦਾ ਕੋਈ ਹੱਲ ਨਾ ਨਿਕਲ ਸਕਿਆ। ਯੂਨੀਵਰਸਿਟੀ ਦੇ ਬਦਤਰ ਹੋ ਰਹੇ ਹਾਲਾਤ ਲਈ ਗਰੇਵਾਲ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਸਾਰੇ ਇਹ ਜਾਣਦੇ ਸਨ ਕਿ ਮਸਲਾ ਲੀਡਰਾਂ ਨੇ ਉਲਝਾਇਆ ਹੈ ਤੇ ਯੂਨੀਵਰਸਿਟੀ ਦੇ ਮਾਹੌਲ ਦੀ ਆੜ ਵਿਚ ਗਰੇਵਾਲ ਸਾਹਿਬ ’ਤੇ ਕਮਿਊਨਿਸਟ ਹੋਣ ਦਾ ਇਲਜ਼ਾਮ ਲਾ ਕੇ ਅਗਲੀ ਟਰਮ ਨਾ ਦਿੱਤੀ ਗਈ। ਬਾਅਦ ਵਿਚ ਉਹ ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟੱਡੀ ਸ਼ਿਮਲੇ ਦੇ ਡਾਇਰੈਕਟਰ ਤੇ ਚੇਅਰਮੈਨ ਵੀ ਰਹੇ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮਸ੍ਰ੍ਰੀ ਦੀ ਉਪਾਧੀ ਦਿੱਤੀ। ਅੱਜ-ਕੱਲ੍ਹ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸਿੱਖ ਇਤਿਹਾਸ ਲਿਖ ਰਹੇ ਸਨ। ਉਨ੍ਹਾਂ ਦਾ ਚਲੇ ਜਾਣਾ ਨਿੱਜੀ ਘਾਟੇ ਵਾਂਗ ਮਹਿਸੂਸ ਹੁੰਦਾ ਹੈ। ਉਨ੍ਹਾਂ ਨਾਲ ਜੁੜੀਆਂ ਯਾਦਾਂ ਸਦਾ ਚੇਤਿਆਂ ਵਿਚ ਰਹਿਣਗੀਆਂ। ਉਨ੍ਹਾਂ ਦੀ ਖੋਜ ਹਮੇਸ਼ਾ ਸਾਡੀ ਅਗਵਾਈ ਕਰਦੀ ਰਹੇਗੀ। ਮੈਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ।

-ਮੋਬਾਈਲ : 94173-58120

Posted By: Shubham Kumar