-ਤਰੁਣ ਗੁਪਤ

ਇਕ ਅਜਿਹੇ ਦੌਰ ਵਿਚ ਜਦ ਕੋਵਿਡ ਮਹਾਮਾਰੀ ਦਾ ਸ਼ਿਕੰਜਾ ਨਿਰੰਤਰ ਕੱਸ ਹੁੰਦਾ ਜਾ ਰਿਹਾ ਹੈ ਤਾਂ ਦੇਸ਼ ਦੇ ਮਿਜ਼ਾਜ ਨੂੰ ਭਾਂਪਣਾ ਕਠਿਨ ਨਹੀਂ ਹੈ। ਇਸ ਮਿਜ਼ਾਜ ਵਿਚ ਉਦਾਸੀ ਤੇ ਗੁੱਸੇ ਦਾ ਮਿਸ਼ਰਨ ਹੈ। ਚਾਰੇ ਪਾਸੇ ਉਥਲ-ਪੁਥਲ ਮਚੀ ਹੋਈ ਹੈ। ਦੁੱਖ ਨਾਲ ਭਰੀਆਂ ਅਜਿਹੀਆਂ ਤਸਵੀਰਾਂ ਆ ਰਹੀਆਂ ਹਨ, ਜਿਨ੍ਹਾਂ ਦਾ ਵਰਣਨ ਵੀ ਸੰਭਵ ਨਹੀਂ। ਵੇਦਨਾ ਦਾ ਇਹ ਚੀਕ-ਚਿਹਾੜਾ ਰੋਸ ਵਿਚ ਰੂਪਾਂਤਰਿਤ ਹੋਣਾ ਆਰੰਭ ਹੋ ਗਿਆ ਹੈ।

ਅਜੇ ਅਸੀਂ ਹਰ ਤਰ੍ਹਾਂ ਦੀ ਕਿੱਲਤ ਨਾਲ ਜੂਝ ਰਹੇ ਹਾਂ। ਹਸਪਤਾਲਾਂ ਵਿਚ ਬੈੱਡ, ਆਈਸੀਯੂ, ਵੈਂਟੀਲੇਟਰਜ਼, ਜੀਵਨ ਰੱਖਿਅਕ ਦਵਾਈਆਂ ਅਤੇ ਇੱਥੋਂ ਤਕ ਕਿ ਆਕਸੀਜਨ ਦੀ ਸਪਲਾਈ ਵੀ ਸੀਮਤ ਹੋ ਗਈ ਹੈ। ਆਮ ਤੋਂ ਲੈ ਕੇ ਖ਼ਾਸ ਅਤੇ ਸੋਮਿਆਂ ਨਾਲ ਸੰਪੰਨ ਲੋਕਾਂ ਨੂੰ ਵੀ ਇਨ੍ਹਾਂ ਦੀ ਕਮੀ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ।

ਤ੍ਰਾਸਦੀ ਦੇਖੋ ਕਿ ਅਸੀਂ ਇਹੀ ਸੁਣਦੇ ਹੋਏ ਵੱਡੇ ਹੋਏ ਹਾਂ ਕਿ ਸੰਸਾਰ ਵਿਚ ਸਿਰਫ਼ ਪ੍ਰੇਮ ਤੇ ਹਵਾ ਹੀ ਮੁਫ਼ਤ ਉਪਲਬਧ ਹਨ। ਜੀਵਨ ਦੀ ਡੋਰ ਨਾਲ ਜੁੜੇ ਇਹ ਸਾਹ ਇਸ ਤੋਂ ਪਹਿਲਾਂ ਕਦੇ ਇੰਨੇ ਮੁੱਲਵਾਨ ਅਤੇ ਦੁਰਲਭ ਨਹੀਂ ਪ੍ਰਤੀਤ ਹੁੰਦੇ ਸਨ।

ਜੇਕਰ ਬਹਾਦਰ ਸ਼ਾਹ ਜ਼ਫਰ ਦੀ ਮਸ਼ਹੂਰ ਗ਼ਜ਼ਲ ਵਿਚ ਕੁਝ ਫੇਰਬਦਲ ਕਰੀਏ ਤਾਂ ਮੌਜੂਦਾ ਹਾਲਾਤ ਨੂੰ ਇਨ੍ਹਾਂ ਸ਼ਬਦਾਂ ਵਿਚ ਬਿਆਨ ਕੀਤਾ ਜਾ ਸਕਦਾ ਹੈ-ਸਾਂਸ ਲੇਨੀ ਮੁਝੇ ਮੁਸ਼ਕਲ ਕਭੀ ਏਸੇ ਤੋ ਨ ਥੀ। ਇੰਜ ਲੱਗਦਾ ਹੈ ਕਿ ਨਾਕਾਫੀ ਇਲਾਜ ਹੀ ਸਾਨੂੰ ਤੰਗ-ਪਰੇਸ਼ਾਨ ਕਰਨ ਲਈ ਕਾਫ਼ੀ ਨਹੀਂ ਸੀ, ਓਨੀ ਹੀ ਖ਼ਰਾਬ ਸਥਿਤੀ ਲਾਸ਼ਾਂ ਨੂੰ ਲੈ ਕੇ ਵੀ ਦਿਸਦੀ ਹੈ। ਮਸਾਣਾਂ-ਕਬਰਿਸਤਾਨਾਂ ਤੋਂ ਆ ਰਹੀਆਂ ਤਸਵੀਰਾਂ ਦਰਸਾਉਂਦੀਆਂ ਹਨ ਕਿ ਮੌਤ ਦੇ ਸਮੇਂ ਵੀ ਮਾਣ-ਮਰਿਆਦਾ ਦਾ ਕੋਈ ਖ਼ਿਆਲ ਨਹੀਂ ਰੱਖਿਆ ਜਾ ਰਿਹਾ। ਹਾਲਾਤ ਬਿਹਤਰ ਹੋਣ ਤੋਂ ਪਹਿਲਾਂ ਹਾਲਾਤ ਹੋਰ ਵੀ ਭਿਆਨਕ ਤੇ ਬਦਤਰ ਹੋ ਸਕਦੇ ਹਨ, ਅਜਿਹਾ ਸੋਚ ਕੇ ਹੀ ਕੰਬਣੀ ਜਿਹੀ ਛਿੜਨ ਲੱਗਦੀ ਹੈ। ਅੱਜ ਸ਼ਮਸ਼ਾਨਘਾਟਾਂ ਵਿਚ ਮੁਰਦੇ ਖ਼ਰਾਬ ਹੋ ਰਹੇ ਹਨ ਤਾਂ ਬਹਾਦਰ ਸ਼ਾਹ ਜ਼ਫ਼ਰ ਦੀ ਮਸ਼ਹੂਰ ਗ਼ਜ਼ਲ ਦਾ ਇਕ ਹੋਰ ਸ਼ਿਅਰ ਯਾਦ ਆ ਰਿਹਾ ਹੈ :

ਕਿਤਨਾ ਹੈ ਬਦਨਸੀਬ ਜ਼ਫ਼ਰ ਦਫ਼ਨ ਕੇ ਲੀਏ,

ਦੋ ਗਜ਼ ਜ਼ਮੀਨ ਭੀ ਨਾ ਮਿਲੀ ਕੂ-ਏ-ਯਾਰ ਮੇਂ।

ਅਸੀਂ ਸ਼ਾਇਦ ਇਹ ਕਦੇ ਜਾਣ ਹੀ ਨਹੀਂ ਸਕਾਂਗੇ ਕਿ ਇੰਨੀ ਵੱਡੀ ਗਿਣਤੀ ਵਿਚ ਹੋ ਰਹੀਆਂ ਮੌਤਾਂ ਦਾ ਕਾਰਨ ਕੋਰੋਨਾ ਦੇ ਨਵੇਂ ਰੂਪਾਂ ਦੀ ਘਾਤਕ ਸਮਰੱਥਾ ਹੈ ਜਾਂ ਫਿਰ ਇਲਾਜ ਸਹੂਲਤਾਂ ਦੀ ਘਾਟ। ਜੋ ਵੀ ਹੋਵੇ, ਇਸ ਨਾਲ ਤਿੰਨ ਮੁਹਾਜ਼ਾਂ ’ਤੇ ਸਾਡੀਆਂ ਨਾਕਾਮੀਆਂ ਹੀ ਉਜਾਗਰ ਹੁੰਦੀਆਂ ਹਨ। ਪਹਿਲੀ ਇਹ ਕਿ ਅਸੀਂ ਦੂਜੀ ਲਹਿਰ ਦਾ ਅਨੁਮਾਨ ਹੀ ਨਹੀਂ ਲਗਾ ਸਕੇ। ਦੂਜੀ, ਉਸ ਦੇ ਲਈ ਢੁੱਕਵੀਂ ਤਿਆਰੀ ਨਹੀਂ ਕਰ ਸਕੇ ਅਤੇ ਤੀਜੀ, ਹੁਣ ਇਸ ਨਾਲ ਜੂਝਣ ਵਿਚ ਅਸਮਰੱਥ ਸਾਬਿਤ ਹੋ ਰਹੇ ਹਾਂ।

ਅਜਿਹੇ ਵਿਚ ਸਾਨੂੰ ਸਵਾਲ ਚੁੱਕਣ ਦੇ ਨਾਲ-ਨਾਲ ਇਨ੍ਹਾਂ ਦੇ ਸਮਾਧਾਨ ’ਤੇ ਵੀ ਧਿਆਨ ਕੇਂਦਰਿਤ ਕਰਨਾ ਹੋਵੇਗਾ। ਨੀਤੀ ਘਾੜਿਆਂ ਨੂੰ ਗ਼ਲਤੀਆਂ ਮੰਨ ਲੈਣ ਦੇ ਨਾਲ ਹੀ ਦਿਲਾਸਾ ਦੇਣ ਵਾਲੀ ਹਮਦਰਦੀ ਦਿਖਾਉਣੀ ਹੋਵੇਗੀ ਅਤੇ ਉਸ ਤੋਂ ਬਾਅਦ ਵਿਆਪਕ ਪੱਧਰ ’ਤੇ ਸੁਧਾਰ ਕਰਨੇ ਹੋਣਗੇ। ਟੀਕਾਕਰਨ ਨੂੰ ਤਤਕਾਲੀ ਤੌਰ ’ਤੇ ਤੇਜ਼ ਕਰਨਾ ਲਾਜ਼ਮੀ ਹੈ। ਇਸ ਦੌਰਾਨ ਟੀਕੇ ਦੀ ਕੀਮਤ ’ਤੇ ਬੇਲੋੜੀ ਬਹਿਸ ਵੀ ਸ਼ੁਰੂ ਹੋ ਗਈ ਹੈ।

ਸੱਚਾਈ ਤਾਂ ਇਹ ਹੈ ਕਿ ਟੀਕਾਕਰਨ ਨੇ ਕੋਰੋਨਾ ਮਹਾਮਾਰੀ ਦੀ ਤੇਜ਼ ਰਫ਼ਤਾਰ ਨੂੰ ਠੱਲ੍ਹਣ ਵਿਚ ਇਮਦਾਦ ਕੀਤੀ ਹੈ। ਅਫ਼ਸੋਸ ਇਸ ਗੱਲ ਦਾ ਹੈ ਕਿ ਜਿਸ ਵਸਤੂ ਦੀ ਸਾਨੂੰ ਜ਼ਰੂਰਤ ਹੈ ਅਤੇ ਜਿਸ ਦੀ ਸਪਲਾਈ ਫ਼ਿਲਹਾਲ ਘੱਟ ਹੈ, ਅਸੀਂ ਉਸ ਦੇ ਮੁੱਲ ’ਤੇ ਹੀ ਸੌਦੇਬਾਜ਼ੀ ਕਰਨ ਲੱਗੇ ਹੋਏ ਹਾਂ। ਦਵਾਈ ਕੰਪਨੀਆਂ ਨੇ ਰਿਕਾਰਡ ਸਮੇਂ ਵਿਚ ਵਾਇਰਸ ਦਾ ਟੀਕਾ ਵਿਕਸਤ ਕੀਤਾ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਅਣਥੱਕ ਮੁਸ਼ੱਕਤ ਕਰਨੀ ਪਈ ਹੈ। ਅਜਿਹੇ ਵਿਚ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਤੋਂ ਵਿਰਵਾ ਨਹੀਂ ਕੀਤਾ ਜਾ ਸਕਦਾ। ਆਖ਼ਰ ਅਸੀਂ ਮੁਨਾਫ਼ੇ ਨੂੰ ਬੁਰਾ ਸਮਝਣ ਵਾਲੀ ਧਾਰਨਾ ਤੋਂ ਕਦੇ ਮੁਕਤੀ ਹਾਸਲ ਕਰਾਂਗੇ? ਅਜਿਹੀ ਮਾਨਸਿਕਤਾ ਕਾਰਨ ਹੀ ਅਸੀਂ ਆਪਣੀਆਂ ਸਮਰੱਥਾਵਾਂ ਵਧਾਉਣ ਵਿਚ ਬੁਰੀ ਤਰ੍ਹਾਂ ਅਸਫਲ ਰਹੇ ਹਾਂ। ਜਦ ਭਵਿੱਖ ਵਿਚ ਹੋਰ ਖ਼ਤਰਨਾਕ ਮਹਾਮਾਰੀਆਂ ਦੇ ਆਉਣ ਦੀਆਂ ਅਟਕਲਾਂ ਹਨ ਉਦੋਂ ਆਪਣੇ ਦਵਾ ਉਦਯੋਗ ਦੀ ਨਵੀਨਤਾ ਭਰਪੂਰ ਭਾਵਨਾਵਾਂ ’ਤੇ ਅਘਾਤ ਕਰਨਾ ਕਿੰਨੀ ਅਕਲਮੰਦੀ ਦੀ ਗੱਲ ਹੈ?

ਜੇਕਰ ਭਵਿੱਖ ਵਿਚ ਕਿਸੇ ਆਫ਼ਤ ਨੇ ਦਸਤਕ ਦਿੱਤੀ ਤਾਂ ਕੀ ਉਤਸ਼ਾਹ ਤੋਂ ਵੰਚਿਤ ਕੀਤੇ ਗਏ ਵਿਗਿਆਨੀਆਂ ਤੋਂ ਉਸੇ ਉਤਸ਼ਾਹ ਨਾਲ ਆਪਣੇ ਯਤਨ ਦੁਹਰਾਉਣ ਦੀ ਉਮੀਦ ਕੀਤੀ ਜਾ ਸਕਦੀ ਹੈ? ਬੇਸ਼ੱਕ ਹਰੇਕ ਭਾਰਤੀ ਟੀਕਾ ਲਗਵਾਉਣ ਦੇ ਯੋਗ ਹੈ ਪਰ ਇਹ ਟੀਕਾ ਉਪਲਬਧ ਕਰਵਾਉਣਾ ਸੂਬਾ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੈ।

ਅਜਿਹੇ ਵਿਚ ਜੋ ਜ਼ਿੰਮੇਵਾਰੀ ਸਰਕਾਰ ਦੀ ਹੈ, ਉਸ ਦਾ ਬੋਝ ਭਲਾ ਨਿੱਜੀ ਖੇਤਰ ’ਤੇ ਕਿਉਂ ਪਾਇਆ ਜਾਵੇ? ਅਸਲ ਵਿਚ ਸਾਨੂੰ ਵੈਕਸੀਨ ਅਤੇ ਜ਼ਰੂਰੀ ਦਵਾਈ ਨਿਰਮਾਣਕਾਰਾਂ ਲਈ ਮਾਫ਼ਕ ਮਾਹੌਲ ਵੀ ਉਪਲਬਧ ਕਰਵਾਉਣਾ ਚਾਹੀਦਾ ਹੈ। ਨਾਲ ਹੀ ਇਸ ’ਤੇ ਵੀ ਮੰਥਨ ਕਰਨਾ ਹੋਵੇਗਾ ਕਿ ਸਮਰੱਥਾਵਾਂ ਹੋਣ ਦੇ ਬਾਵਜੂਦ ਦੇਸ਼ ਵਿਚ ਟੀਕਾਕਰਨ ਦੀ ਰਫ਼ਤਾਰ ਸੁਸਤ ਕਿਉਂ ਰਹੀ ਹੈ? ਵਿਡੰਬਣਾ ਇਸ ਗੱਲ ਦੀ ਹੈ ਕਿ ਟੀਕਾਕਰਨ ਮੁਹਿੰਮ ’ਤੇ ਵੀ ਸਿਆਸਤ ਹੋ ਰਹੀ ਹੈ। ਇੱਥੋਂ ਤਕ ਕਿ ਨਿਰਮੂਲ ਟਿੱਪਣੀਆਂ ਵੀ ਵੇਖਣ-ਸੁਣਨ ਨੂੰ ਮਿਲਦੀਆਂ ਹਨ। ਜਦ ਅਸੀਂ ਵੈਕਸੀਨ ਨਿਰਮਾਣਕਾਰਾਂ ਦੇ ਵਾਜਿਬ ਮੁਨਾਫ਼ੇ ’ਤੇ ਝਿਜਕ ਰਹੇ ਹਾਂ, ਉਦੋਂ ਜ਼ਰੂਰੀ ਦਵਾਈਆਂ, ਆਕਸੀਜਨ ਸਿਲੰਡਰ ਅਤੇ ਕੰਸਨਟ੍ਰੇਟਰ ਨੂੰ ਲੈ ਕੇ ਨਾਜਾਇਜ਼, ਅਨੈਤਿਕ ਅਤੇ ਮਨਮਾਨੇ ਦਾਮ ਵਸੂਲਣ ਲਈ ਹੋ ਰਹੀ ਮੁਨਾਫ਼ਾਖੋਰੀ ਅਤੇ ਕਾਲਾਬਾਜ਼ਾਰੀ ਇਸ ਮੁਸ਼ਕਲ ਘੜੀ ਵਿਚ ਸਾਡੇ ’ਤੇ ਕਹਿਰ ਢਾਹ ਰਹੀ ਹੈ। ਇਨ੍ਹਾਂ ਨੂੰ ਨੱਥ ਪਾਉਣ ਵਿਚ ਕਿੰਨਾ ਵਕਤ ਲੱਗੇਗਾ? ਇਹ ਵੱਡਾ ਅਜੀਬ ਅਤੇ ਆਪਾ-ਵਿਰੋਧੀ ਸਮਾਂ ਹੈ।

ਇਕ ਪਾਸੇ ਅਜਿਹੇ ਲੋਕ ਹਨ ਜੋ ਹਰ ਸੰਭਵ ਮਦਦ ਲਈ ਹੱਥ ਵਧਾ ਰਹੇ ਹਨ ਤਾਂ ਦੂਜੇ ਪਾਸੇ ਕੁਝ ਦੁਸ਼ਟ ਮੁਨਾਫ਼ਾਖੋਰ ਅਣਮਨੁੱਖੀ ਤਰੀਕੇ ਨਾਲ ਲੋਕਾਂ ਨੂੰ ਤੰਗ-ਪਰੇਸ਼ਾਨ ਕਰਨ ਵਿਚ ਰੁੱਝੇ ਹੋਏ ਹਨ। ਇਸ ਨੂੰ ਬਿਲਕੁਲ ਨਹੀਂ ਨਕਾਰਿਆ ਜਾ ਸਕਦਾ ਕਿ ਕੋਰੋਨਾ ਇਨਫੈਕਸ਼ਨ ਦੀ ਪਹਿਲੀ ਅਤੇ ਦੂਜੀ ਲਹਿਰ ਦੇ ਵਿਚਾਲੇ ਕਾਫ਼ੀ ਕੁਝ ਕੀਤਾ ਜਾ ਸਕਦਾ ਸੀ।

ਹਾਲਾਂਕਿ ਇਸ ਨਾਲ ਸਾਡੇ ਸਿਹਤ ਖੇਤਰ ਦੀਆਂ ਇਤਿਹਾਸਕ ਕਮੀਆਂ ਵੱਲੋਂ ਧਿਆਨ ਨਹੀਂ ਹਟਣਾ ਚਾਹੀਦਾ। ਉਸ ਦੀ ਹਾਲਤ ਤਾਂ ਮਹਾਮਾਰੀ ਤੋਂ ਪਹਿਲਾਂ ਹੀ ਬਹੁਤ ਖਸਤਾ ਸੀ। ਜੇਕਰ ਅਸੀਂ ਵਿਕਸਤ ਦੇਸ਼ਾਂ ਨਾਲ ਤੁਲਨਾ ਕਰੀਏ ਤਾਂ ਮਿਸਾਲ ਵਜੋਂ ਅਮਰੀਕਾ ਨੂੰ ਹੀ ਲੈ ਲਓ ਜਿੱਥੇ ਉਹ ਆਪਣੀ ਜੀਡੀਪੀ ਦਾ 17 ਫ਼ੀਸਦੀ ਸਿਹਤ ’ਤੇ ਖ਼ਰਚ ਕਰਦਾ ਹੈ, ਓਥੇ ਸਾਡਾ ਇਹ ਖ਼ਰਚਾ 2 ਪ੍ਰਤੀਸ਼ਤ ਤੋਂ ਵੀ ਘੱਟ ਹੈ। ਅਰਥਚਾਰਿਆਂ ਦੇ ਆਕਾਰ ਅਤੇ ਆਬਾਦੀ ਦੇ ਆਧਾਰ ’ਤੇ ਪ੍ਰਤੀ ਵਿਅਕਤੀ ਅੰਕੜੇ ਇਸ ਅੰਤਰ ਦੇ ਖੱਪੇ ਨੂੰ ਹੋਰ ਚੌੜਾ ਕਰਦੇ ਹਨ। ਇਸ ਦਾ ਹੱਲ ਇਹੀ ਹੈ ਕਿ ਵੱਧ ਖ਼ਰਚੇ ਦੇ ਲਈ ਜ਼ਿਆਦਾ ਧਨ ਕਮਾਇਆ ਜਾਵੇ। ਕਿਉਂਕਿ ਇਸ ਵਿਚ ਸਮਾਂ ਲੱਗੇਗਾ, ਇਸ ਲਈ ਉਦੋਂ ਤਕ ਆਪਣੇ ਸੀਮਤ ਸੋਮਿਆਂ ਨਾਲ ਖ਼ਰਚੇ ਦੀਆਂ ਤਰਜੀਹਾਂ ਤੈਅ ਕਰਨਾ ਹੀ ਉਪਯੋਗੀ ਹੋਵੇਗਾ। ਦਰਅਸਲ, ਸਾਡੇ ਮੁਲਕ ਦਾ ਸਿਹਤ ਢਾਂਚਾ ਕਦੇ ਵੀ ਮਜ਼ਬੂਤ ਨਹੀਂ ਰਿਹਾ। ਹੁਣ ਮਹਾਮਾਰੀ ਦੇ ਦੌਰ ਵਿਚ ਤਾਂ ਇਹ ਪੂਰੀ ਤਰ੍ਹਾਂ ਢਹਿ-ਢੇਰੀ ਹੀ ਹੋ ਗਿਆ ਹੈ। ਇਸ ਨੂੰ ਮਜ਼ਬੂਤ ਕਰਨ ਲਈ ਮੈਂ ਰੱਖਿਆ ਖ਼ਰਚ ਘਟਾਉਣ ਦੀ ਦੁਹਾਈ ਦੇਣ ਵਾਲਿਆਂ ’ਚੋਂ ਨਹੀਂ ਹਾਂ। ਅਜੇ ਵੀ ਤਮਾਮ ਸਬਸਿਡੀਆਂ ਅਤੇ ਅਣ-ਉਤਪਾਦਕ ਖ਼ਰਚੇ ਹਨ ਜਿਨ੍ਹਾਂ ਵਿਚ ਕਟੌਤੀ ਕਰ ਕੇ ਬਚੇ ਧਨ ਨੂੰ ਸਿਹਤ ਅਤੇ ਹੋਰ ਜ਼ਰੂਰਤਾਂ ਦੀ ਪੂਰਤੀ ’ਤੇ ਖ਼ਰਚ ਕੀਤਾ ਜਾ ਸਕਦਾ ਹੈ। ਸਾਡੀਆਂ ਸਰਕਾਰੀ ਸੇਵਾਵਾਂ ਵਿਚ ਅਪਾਰ ਸੁਧਾਰ ਦੀ ਗੁੰਜਾਇਸ਼ ਹੈ। ਇਸ ਦੇ ਲਈ ਸਰਕਾਰ ’ਤੇ ਦਬਾਅ ਘਟਾਉਣਾ ਹੋਵੇਗਾ।

ਸਾਨੂੰ ਇਹ ਵੀ ਸਮਝਣਾ ਹੋਵੇਗਾ ਕਿ ਇਕ ਉਦਾਰ ਲੋਕਤੰਤਰ ਵਿਚ ਸਰਕਾਰ ਸਿਰਫ਼ ਸਿਹਤ, ਸਿੱਖਿਆ, ਮੁੱਢਲੇ ਢਾਂਚੇ, ਰੱਖਿਆ ਅਤੇ ਕਾਨੂੰਨ ਤੇ ਵਿਵਸਥਾ ਤਕ ਹੀ ਖ਼ੁਦ ਨੂੰ ਸੀਮਤ ਰੱਖੇ ਅਤੇ ਇਨ੍ਹਾਂ ਵਿਚ ਵਿਕਸਤ ਦੇਸ਼ਾਂ ਵਰਗੇ ਮਾਨਕ ਪ੍ਰਾਪਤ ਕਰਨ ਦਾ ਯਤਨ ਕਰੇ। ਫ਼ਿਲਹਾਲ ਇਹ ਇਕ ਦੂਰਗਾਮੀ ਟੀਚਾ ਹੋ ਸਕਦਾ ਹੈ। ਅਜੇ ਇਸ ਆਫ਼ਤ ਨਾਲ ਨਜਿੱਠਣਾ ਜ਼ਰੂਰੀ ਹੈ। ਬਤੌਰ ਨਾਗਰਿਕ ਅਸੀਂ ਇਹ ਸਵਾਲ ਚੁੱਕ ਸਕਦੇ ਹਾਂ, ਪਰ ਉਨ੍ਹਾਂ ਦੇ ਉੱਤਰ ਤਾਂ ਸਰਕਾਰੀ ਅਮਲੇ-ਫੈਲੇ ਤੋਂ ਹੀ ਮਿਲਣੇ ਹਨ।

ਕੁਝ ਸੂਬਿਆਂ ਵਿਚ ਇਨਫੈਕਸ਼ਨ ਦੀ ਰਫ਼ਤਾਰ ਮੱਠੀ ਪੈਣ ਨਾਲ ਉਮੀਦ ਦੀ ਕਿਰਨ ਜਾਗੀ ਹੈ। ਇਸ ਖ਼ੁਸ਼ਖ਼ਬਰੀ ਦੀ ਹਕੀਕਤ ਵੀ ਜਲਦ ਹੀ ਪਤਾ ਲੱਗ ਜਾਵੇਗੀ। ਬੇਸ਼ੱਕ ਅਸੀਂ ਸਰਕਾਰੀ ਸਮਰੱਥਾਵਾਂ ਅਤੇ ਉਦਾਰਤਾ ਨਾਲ ਰਾਹਤ ਦੀ ਉਡੀਕ ਵਿਚ ਹਾਂ, ਫਿਰ ਵੀ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਮੀਦ ਅਤੇ ਸਹਿਯੋਗ ਹੀ ਮਨੁੱਖੀ ਸੱਭਿਅਤਾਵਾਂ ਦੀ ਹੋਂਦ ਦੇ ਮਹੱਤਵਪੂਰਨ ਅੰਗ ਰਹੇ ਹਨ। ਇਸ ਲਈ ਸਬਰ ਨਾ ਛੱਡੋ ਅਤੇ ਇਕ-ਦੂਜੇ ਦੀ ਸਹਾਇਤਾ ਕਰਦੇ ਰਹੋ। ਕਹਿੰਦੇ ਨੇ ਨਾ ਕਿ ਅੰਧਕਾਰ ਜਦ ਜੋਬਨ ’ਤੇ ਹੁੰਦਾ ਹੈ, ਉਦੋਂ ਚਾਨਣ ਦੀ ਕਿਰਨ ਵੀ ਬਹੁਤੀ ਦੂਰ ਨਹੀਂ ਹੁੰਦੀ।

-response0jagran.com

Posted By: Susheel Khanna