-ਜੋਗਿੰਦਰ ਸਿੰਘ

-(ਲੜੀ ਜੋੜਨ ਲਈ 11 ਅਗਸਤ ਦਾ ਸੰਪਾਦਕੀ ਸਫ਼ਾ ਪੜ੍ਹੋ)

ਗੁਰੂ ਗ੍ਰੰਥ ਸਾਹਿਬ ਦੀ ਛਪਾਈ ਵੇਲੇ ਮਰਿਆਦਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਜਿਵੇਂ-ਜਿਵੇਂ ਛਪਾਈ ਹੋਈ ਜਾਂਦੀ ਹੈ, ਗੁਰਬਾਣੀ ਦੇ ਫਰਮੇ (ਇਕ ਪੇਪਰ 'ਤੇ ਛਪੇ ਅੱਠ ਅੰਗ, ਚਾਰ ਅਗਲੇ ਅਤੇ ਚਾਰ ਪਿਛਲੇ ਪਾਸੇ ਨੂੰ ਫਰਮਾ ਆਖਦੇ ਹਨ) ਬਾਈਂਡਿੰਗ ਵਿਭਾਗ ਵਿਚ ਲਿਫਟ ਰਾਹੀਂ ਸਤਿਕਾਰ ਨਾਲ ਪਹੁੰਚਾਏ ਜਾਂਦੇ ਹਨ। ਜਿੱਥੇ ਪੂਰਨ ਮਰਿਆਦਾ ਅਤੇ ਸਤਿਕਾਰ ਨਾਲ ਜਿਲਦ ਬੰਨ੍ਹੀ ਜਾਂਦੀ ਹੈ। ਉਪਰੰਤ ਇਸ ਕਾਰਜ ਲਈ ਰੱਖੇ ਪਲੰਘਾਂ 'ਤੇ ਸਰੂਪ ਬਿਰਾਜਮਾਨ ਕੀਤੇ ਜਾਂਦੇ ਹਨ। ਬਾਈਂਡਿੰਗ ਮੈਟੀਰੀਅਲ ਵਿਚ ਕਿਸੇ ਕਿਸਮ ਦਾ ਕੋਈ ਸਮਝੌਤਾ ਨਾ ਹੋਵੇ, ਇਸ ਲਈ ਇਹ ਸਾਰਾ ਮੈਟੀਰੀਅਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖ਼ਰੀਦ ਵਿਭਾਗ ਵੱਲੋਂ ਹੀ ਟੈਂਡਰ ਲੈ ਕੇ ਖ਼ਰੀਦ ਕੀਤਾ ਜਾਂਦਾ ਹੈ।

ਸ਼ਰਧਾਲੂ ਵੱਲੋਂ ਲਿਖਤੀ ਮੰਗ ਆਉਣ 'ਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਚਾਰਕ ਵੱਲੋਂ ਪ੍ਰਕਾਸ਼ ਕਰਨ ਲਈ ਨਿਯਤ ਅਸਥਾਨ ਦਾ ਮੌਕਾ ਵੇਖ ਕੇ ਸੇਵਾ-ਸੰਭਾਲ ਅਤੇ ਮਰਿਆਦਾ ਸਬੰਧੀ ਹੋਈ ਰਿਪੋਰਟ 'ਤੇ ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਦੀ ਸੰਮਤੀ/ਸਿਫ਼ਾਰਸ਼ 'ਤੇ ਸਕੱਤਰ ਸ਼੍ਰੋਮਣੀ ਕਮੇਟੀ ਵੱਲੋਂ ਪਾਵਨ ਸਰੂਪ ਦੇ ਦੇਣ ਦੀ ਆਗਿਆ ਹੋ ਜਾਣ ਉਪਰੰਤ ਸ਼ਰਧਾਲੂ ਪਰਿਵਾਰ ਸਪੈਸ਼ਲ ਗੱਡੀ ਵਿਚ ਪੰਜ ਸਿੰਘ, ਰੁਮਾਲੇ, ਚੰਦੋਆ ਅਤੇ ਪੀੜਾ ਸਾਹਿਬ ਲੈ ਕੇ ਆਉਂਦੇ ਹਨ ਅਤੇ ਪਾਵਨ ਸਰੂਪ ਕੈ ਕੇ ਜਾਂਦੇ ਹਨ। ਸ਼ਰਧਾਲੂ ਪਰਿਵਾਰਾਂ ਦੇ ਘਰਾਂ ਅਤੇ ਗੁਰਦੁਆਰਾ ਸਾਹਿਬਾਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਸਤਿਕਾਰ ਰੱਖਿਆ ਜਾਂਦਾ ਹੈ। ਸ਼ਾਇਦ ਇਸੇ ਸਤਿਕਾਰ ਨੇ ਹੀ ਸਿੱਖਾਂ ਦੇ ਸ਼ਰੀਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣਾ ਦਿੱਤਾ।ਹੈ। ਉਹ ਸਮਝਦੇ ਹਨ ਕਿ ਇਹ ਹੀ ਸਿੱਖਾਂ ਦੀ ਸ਼ਾਹ-ਰਗ ਹੈ ਜਿਸ ਨੂੰ ਦੱਬਣ 'ਤੇ ਸ਼ਰਧਾਲੂ ਸਿੱਖ ਅੱਤ ਦੀ ਪੀੜ ਮਹਿਸੂਸ ਕਰਦਾ ਹੈ ਅਤੇ ਉਨ੍ਹਾਂ ਦੀ ਇਹ ਸੋਚ ਸਹੀ ਵੀ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ/ਬੇਹੁਰਮਤੀ ਵੇਖ ਕੇ ਕੋਈ ਵੀ ਸੱਚਾ ਸਿੱਖ ਮਰਨ/ਮਾਰਨ ਲਈ ਤਿਆਰ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਬੇਅਦਬੀ ਦੀਆਂ ਹਿਰਦੇਵੇਧਕ ਘਟਨਾਵਾਂ ਥਾਂ-ਥਾਂ ਹੋ ਰਹੀਆਂ ਹਨ। ਅਜਿਹੀਆਂ ਘਟਨਾਵਾਂ ਦੀ ਰੋਕਥਾਮ ਲਈ ਪੰਜਾਬ ਵਿਧਾਨ ਸਭਾ ਵੱਲੋਂ ਬਾਕਾਇਦਾ ਕਾਨੂੰਨ ਬਣਾਇਆ ਜਾ ਚੁੱਕਾ ਹੈ ਜਿਸ ਵਿਚ ਕੈਦ ਦੀ ਵਿਵਸਥਾ ਵੀ ਹੈ। ਪਰ ਕਾਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਨਾ ਕਰ ਸਕਣ ਕਾਰਨ ਹੀ ਗੁਰੂ-ਦੋਖੀਆਂ ਦੇ ਹੌਸਲੇ ਕਈ ਵਾਰ ਇੰਨੇ ਬੁਲੰਦ ਹੋ ਜਾਂਦੇ ਹਨ ਕਿ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਰਗੀਆਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਫਿਰ ਸੱਤਾ ਦੇ ਭੁੱਖੇ ਅਤੇ ਵੋਟਾਂ ਦੇ ਵਣਜਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਪਿੱਠ ਦੇ ਕੇ ਸੰਗਤ ਦੀ ਕਰੋਪੀ ਸਹੇੜ ਬੈਠਦੇ ਹਨ ਜਿਵੇਂ ਕਿ ਸੰਨ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਥਕ ਪਾਰਟੀ ਅਖਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਸ਼ਰਮਨਾਕ ਹਾਰ ਹੈ ਜੋ ਸਿਰਫ਼ ਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ, ਖੁੱਲ੍ਹੀ ਚੁਣੌਤੀ ਅਤੇ ਬੇਹੁਰਮਤੀ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਬਚਾਉਣ ਲਈ ਸਿੱਖ ਸੰਗਤ ਵੱਲੋਂ ਦਿੱਤੀ ਗਈ ਸਜ਼ਾ ਵਜੋਂ ਹੀ ਵੇਖੀ ਜਾ ਰਹੀ ਹੈ।

ਇਨ੍ਹਾਂ ਹਿਰਦੇਵੇਧਕ ਘਟਨਾਵਾਂ ਤੋਂ ਅਗਲੇ ਹੀ ਸਾਲ ਇਕ ਮੰਦਭਾਗੀ ਘਟਨਾ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ 2016 ਵਿਚ ਵਾਪਰੀ ਸੀ ਜਿਸ ਵਿਚ ਬਿਜਲੀ ਦੇ ਸ਼ਾਰਟ-ਸਰਕਟ ਕਾਰਨ ਲੱਗੀ ਅੱਗ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਪਾਵਨ ਸਰੂਪਾਂ ਦੀ ਬੇਹੁਰਮਤੀ ਹੋਈ ਸੀ। ਕੁਝ ਪਾਵਨ ਸਰੂਪ ਫਾਇਰ ਬ੍ਰਿਗੇਡ ਵੱਲੋਂ ਪਾਣੀ ਦੀਆਂ ਬੁਛਾੜਾਂ ਕਾਰਨ ਵੀ ਨੁਕਸਾਨੇ ਗਏ। ਕੁਝ ਗੱਲਾਂ ਇਨਸਾਨ ਦੇ ਵੱਸੋਂ ਬਾਹਰ ਹੁੰਦੀਆਂ ਹਨ। ਇਸ ਲਈ ਇਹ ਤਾਂ ਮੰਨ ਲੈਂਦੇ ਹਾਂ ਕਿ ਇਸ ਲਈ ਸ਼੍ਰੋਮਣੀ ਕਮੇਟੀ ਦੋਸ਼ੀ ਤਾਂ ਹੋ ਸਕਦੀ ਹੈ ਪਰ ਜ਼ਿੰਮੇਵਾਰ ਨਹੀਂ ਪਰ ਅਗਨ-ਭੇਟ ਹੋਏ ਅਤੇ ਪਾਣੀ ਨਾਲ ਨੁਕਸਾਨੇ ਗਏ ਪਾਵਨ ਸਰੂਪਾਂ ਦੀ ਗਿਣਤੀ ਸਬੰਧੀ ਭੰਬਲਭੂਸਾ ਹੋਣਾ, ਸਸਕਾਰ ਵਾਲੀ ਥਾਂ ਇੰਦਰਾਜ ਨਾ ਹੋਣਾ, ਘਟਨਾ 'ਤੇ ਪਰਦਾਪੋਸ਼ੀ ਦੀ ਕਥਿਤ ਕੋਸ਼ਿਸ਼, ਪਸ਼ਚਾਤਾਪ ਦਾ ਅਖੰਡ-ਪਾਠ ਨਾ ਕਰਵਾਇਆ ਜਾਣਾ ਕੁਝ ਅਜਿਹੀਆਂ ਗੱਲਾਂ ਹਨ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁਜਰਿਮ ਦੇ ਕਟਹਿਰੇ ਵਿਚ ਖੜ੍ਹਾ ਕਰ ਰਹੀਆਂ ਹਨ। ਉੱਪਰੋਂ 267 ਪਾਵਨ ਸਰੂਪਾਂ ਦਾ ਘੱਟ ਹੋ ਜਾਣਾ, ਗੁੰਮ/ਚੋਰੀ ਹੋ ਜਾਣਾ ਆਦਿ ਨੂੰ ਕਬੂਲਣ ਨੇ ਸ਼੍ਰੋਮਣੀ ਕਮੇਟੀ ਨੂੰ ਕਸੂਤੀ ਹਾਲਤ ਵਿਚ ਫਸਾ ਦਿੱਤਾ ਹੈ।

ਸਰਕਾਰ ਵੀ ਕਾਂਗਰਸ ਦੀ ਹੈ ਅਤੇ ਇਸੇ ਵਰ੍ਹੇ ਸ਼੍ਰੋਮਣੀ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ (ਸ਼ਤਾਬਦੀ) ਵੀ ਹੈ। ਸ਼੍ਰੋਮਣੀ ਕਮੇਟੀ ਨੇ ਇਸ ਮੁਸ਼ਕਲ ਤੋਂ ਛੁਟਕਾਰਾ ਪਾਉਣ ਲਈ ਅੰਤ੍ਰਿੰਗ ਕਮੇਟੀ ਦੀ ਉਚੇਚੀ ਇਕੱਤਰਤਾ ਬੁਲਾ ਕੇ ਇਸ ਦੀ ਪੜਤਾਲ ਕਿਸੇ ਰਿਟਾਇਰਡ ਜੱਜ (ਹਾਈ ਕੋਰਟ) ਤੋਂ ਕਰਵਾਉਣ ਲਈ ਜਾਂਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਵਾਲੇ ਕਰ ਦਿੱਤੀ ਹੈ। ਜਥੇਦਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ 'ਤੇ ਪਹਿਲਾਂ ਤਾਂ ਕਿੰਤੂ-ਪ੍ਰੰਤੂ ਹੋਇਆ ਅਤੇ ਹੁਣ ਜਾਂਚ ਲਈ ਦਿੱਤੇ ਗਏ ਇਕ ਮਹੀਨੇ ਦੇ ਸਮੇਂ 'ਚੋਂ 15 ਦਿਨ ਗੁਜ਼ਰ ਜਾਣ 'ਤੇ ਜਾਂਚ ਕਮੇਟੀ ਦੀ ਅਗਵਾਈ ਕਰਨ ਵਾਲੀ ਮਹਿਲਾ ਜੱਜ ਵੱਲੋਂ ਜਾਂਚ ਕਰਨ ਤੋਂ ਕੀਤੀ ਗਈ ਨਾਂਹ ਉਪਰੰਤ ਜਥੇਦਾਰ ਸਾਹਿਬ ਨੇ ਉਸੇ ਜੱਜ ਦੇ ਪਹਿਲਾਂ ਤੋਂ ਸਹਾਇਕ ਬਣਾਏ ਗਏ ਭਾਈ ਈਸ਼ਰ ਸਿੰਘ ਨੂੰ ਹੀ ਕਮੇਟੀ ਦਾ ਮੁਖੀ ਬਣਾ ਦਿੱਤਾ ਹੈ। ਵਾਪਸ ਮੁੜਦੇ ਹਾਂ ਅਤੇ ਗੱਲ ਕਰਦੇ ਹਾਂ ਕਿ ਸ਼੍ਰੋਮਣੀ ਕਮੇਟੀ ਨੂੰ ਦੋਸ਼ੀ ਕਿਉਂ ਗਰਦਾਨਿਆ ਜਾ ਰਿਹਾ ਹੈ ਅਤੇ ਇਹ ਕਿੱਥੇ-ਕਿੱਥੇ ਦੋਸ਼ੀ ਹੈ? ਸੰਨ 2015 'ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਹੀ ਸ਼੍ਰੋਮਣੀ ਕਮੇਟੀ ਨੇ ਕੁਝ ਸਬਕ ਲਿਆ ਹੁੰਦਾ ਤਾਂ ਕੁਝ ਹੀ ਮਹੀਨੇ ਬਾਅਦ ਗੁਰਦੁਆਰਾ ਰਾਮਸਰ ਸਾਹਿਬ ਵਾਲੀ ਘਟਨਾ ਤੋਂ ਸ਼ਾਇਦ ਬਚਾਅ ਹੋ ਜਾਂਦਾ।

ਸ਼੍ਰੋਮਣੀ ਕਮੇਟੀ ਜੇਕਰ ਇਹ ਕਹਿੰਦੀ ਹੈ ਕਿ ਘਟਨਾ ਬਿਜਲੀ ਦੇ ਸ਼ਾਰਟ-ਸਰਕਟ ਕਾਰਨ ਵਾਪਰੀ ਤਾਂ ਸਮਾਂ ਰਹਿੰਦੇ ਬਿਜਲੀ ਦਾ ਕੁਨੈਕਟਿਡ ਲੋਡ ਚੈੱਕ ਕਰਵਾ ਕੇ ਘੱਟ ਸਮਰੱਥਾ ਵਾਲੀਆਂ ਪਾਈਆਂ ਬਿਜਲੀ ਦੀਆਂ ਤਾਰਾਂ ਨੂੰ ਵੱਧ ਸਮਰੱਥਾ ਵਾਲੀਆਂ ਚੰਗੀ ਕੁਆਲਿਟੀ ਦੀਆਂ ਤਾਰਾਂ ਨਾਲ ਬਦਲ ਲੈਣਾ ਚਾਹੀਦਾ ਸੀ। ਅਕਸਰ ਇਹ ਹੁੰਦਾ ਹੈ ਕਿ ਜਦੋਂ ਕੋਈ ਇਮਾਰਤ ਬਣਾਈ ਜਾਂਦੀ ਹੈ ਤਾਂ ਬਿਜਲੀ ਦੇ ਲੋਡ ਅਨੁਸਾਰ ਤਾਰ ਪਾ ਦਿੱਤੀ ਜਾਂਦੀ ਹੈ ਪਰ ਬਾਅਦ ਵਿਚ ਕਦੇ ਦੋ ਏਸੀ ਲਾ ਲਏ, ਕਦੇ ਚਾਰ ਹੋਰ ਲਾ ਲਏ ਜਾਣ ਕਾਰਨ ਰਨਿੰਗ ਲੋਡ ਵੱਧ ਜਾਣ ਕਾਰਨ ਤਾਰਾਂ ਦੀ ਰਬੜ ਕਮਜ਼ੋਰ ਹੋ ਜਾਂਦੀ ਹੈ ਅਤੇ ਤਾਰਾਂ ਸਪਾਰਕ ਕਰ ਜਾਂਦੀਆਂ ਹਨ ਅਤੇ ਹਾਦਸੇ ਵਾਪਰ ਜਾਂਦੇ ਹਨ। ਜਿੱਥੇ ਸਤਿਗੁਰਾਂ ਦੇ ਏਨੇ ਪਾਵਨ ਸਰੂਪ ਬਿਰਾਜਮਾਨ ਸਨ, ਉੱਥੋਂ ਦੀ ਸੁਰੱਖਿਆ ਲਈ ਕੋਈ ਸੇਵਾਦਾਰ/ਚੌਕੀਦਾਰ/ ਸਕਿਉਰਿਟੀ ਮੌਜੂਦ ਨਹੀਂ ਸੀ। ਜੇ ਹੁੰਦੀ ਤਾਂ ਜਾਂ ਤਾਂ ਇਹ ਬੇਅਦਬੀ ਹੋਣ ਤੋਂ ਬਚਾਅ ਲੈਂਦੀ ਜਾਂ ਆਪ ਝੁਲਸ ਜਾਂਦੀ। ਅੱਗ ਲੱਗੀ ਦਾ ਪਤਾ ਤਾਂ ਸਵੇਰੇ ਲੱਗਿਆ ਦੱਸਿਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਸਬਕ ਨਹੀਂ ਸਿੱਖਿਆ ਸੀ ਅਤੇ 2016 ਵਾਲੀ ਇਸ ਮੰਦਭਾਗੀ ਘਟਨਾ ਤੋਂ ਵੀ ਨਹੀਂ ਸਿੱਖਿਆ ਕਿਉਂਕਿ ਇਸ ਘਟਨਾ ਦੀ ਜਾਂਚ ਲਈ ਬਣਾਈ ਗਈ ਕਮੇਟੀ ਨੇ ਇਕ ਰਿਪੋਰਟ ਦਿੱਤੀ ਸੀ ਜਿਸ ਵਿਚ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਦੇ ਨਾਲ-ਨਾਲ ਸੁਰੱਖਿਆ ਲਈ ਵੀ ਪ੍ਰਕਾਸ਼ ਵਾਲੀ ਜਗ੍ਹਾ 'ਤੇ ਸੀਸੀਟੀਵੀ ਕੈਮਰੇ, ਰਾਤ-ਦਿਨ ਇਕ ਸੇਵਾਦਾਰ ਹਾਜ਼ਰ ਰਹਿਣ, ਫਾਇਰ ਸੈਂਸਰ ਅਤੇ ਸਮੋਕ ਸੈਂਸਰ ਲਗਵਾਉਣ ਵਰਗੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਸਨ। ਇਸ ਰਿਪੋਰਟ 'ਤੇ ਅੰਤ੍ਰਿੰਗ ਕਮੇਟੀ ਦੀ ਪ੍ਰਵਾਨਗੀ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਸਿੱਖ ਜਗਤ ਨੂੰ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਲਈ ਅਖ਼ਬਾਰੀ ਬਿਆਨਾਂ ਦੇ ਨਾਲ-ਨਾਲ ਅਖ਼ਬਾਰਾਂ ਵਿਚ ਇਸ਼ਤਿਹਾਰ ਵੀ ਪ੍ਰਕਾਸ਼ਿਤ ਕਰਵਾਏ ਗਏ ਕਿ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੀਸੀਟੀਵੀ ਕੈਮਰੇ, ਫਾਇਰ ਅਤੇ ਸਮੋਕ ਸੈਂਸਰ ਲਗਵਾਉਣ ਅਤੇ ਇਕ ਸੇਵਾਦਾਰ ਦਿਨ-ਰਾਤ ਹਾਜ਼ਰ ਰੱਖਣ ਦਾ ਪ੍ਰਬੰਧ ਕਰਨ।

ਇਸ ਤੋਂ ਇਲਾਵਾ ਇਹ ਵੀ ਪੇਸ਼ਕਸ਼ ਕੀਤੀ ਗਈ ਕਿ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਕਤ ਕਾਰਜਾਂ 'ਤੇ ਖ਼ਰਚ ਨਹੀਂ ਕਰ ਸਕਦੀਆਂ, ਸ਼੍ਰੋਮਣੀ ਕਮੇਟੀ ਆਪਣੇ ਖ਼ਰਚੇ 'ਤੇ ਇਹ ਉਪਕਰਨ ਲਗਵਾ ਕੇ ਦੇਵੇਗੀ ਅਤੇ ਸ਼੍ਰੋਮਣੀ ਕਮੇਟੀ ਨੇ ਇਹ ਲਗਵਾ ਕੇ ਵੀ ਦਿੱਤੇ।ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਪਾਵਨ ਸਰੂਪ ਛਪਦੇ, ਜਿਲਦਬੰਦੀ ਹੁੰਦੇ ਅਤੇ ਹੋਰ ਵੀ ਗੁਰਮਤਿ ਲਿਟਰੇਚਰ ਛਪਦਾ ਅਤੇ ਸਟਾਕ ਹੁੰਦਾ ਹੈ, ਉੱਥੇ ਨਾ ਤਾਂ ਕੋਈ ਸੀਸੀਟੀਵੀ ਕੈਮਰਾ, ਨਾ ਸਮੋਕ ਸੈਂਸਰ, ਨਾ ਫਾਇਰ ਸੈਂਸਰ ਅਤੇ ਨਾ ਹੀ ਕੋਈ ਰਾਤ ਦਾ ਸੇਵਾਦਾਰ ਸੀ। ਇਹ ਸਭ ਕੁਝ ਸ਼੍ਰੋਮਣੀ ਕਮੇਟੀ ਦੀ ਅਣਗਹਿਲੀ, ਪ੍ਰਬੰਧਕੀ ਘਾਟ ਜਾਂ ਕੁਦਰਤੀ ਕਰੋਪੀ 'ਚੋਂ ਕੀ ਸਾਬਤ ਕਰਦਾ ਹੈ? ਇਹ ਅਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਰ ਸਾਹਿਬ ਵੱਲੋਂ ਕਰਵਾਈ ਜਾ ਰਹੀ ਜਾਂਚ ਵਿਚ ਸਾਹਮਣੇ ਆਵੇਗਾ ਪਰ ਸ਼੍ਰੋਮਣੀ ਕਮੇਟੀ ਦੇ ਸ਼ਤਾਬਦੀ ਵਰ੍ਹੇ ਅਜਿਹਾ ਕੁਝ ਉਜਾਗਰ ਹੋਣਾ ਮੰਦਭਾਗਾ ਜ਼ਰੂਰ ਹੈ।

-(ਸਾਬਕਾ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ)।

-ਮੋਬਾਈਲ ਨੰ. : 98148-98123

Posted By: Jagjit Singh