ਜੋਗਿੰਦਰ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਆਂ ਬੇਅਦਬੀ/ਬੇਹੁਰਮਤੀ ਦੀਆਂ ਹਿਰਦੇਵੇਧਕ ਘਟਨਾਵਾਂ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਸਿੱਖ ਧਰਮ ਦੀ ਰੂਹਾਨੀ ਵਿਰਾਸਤ 'ਤੇ ਪੰਛੀ ਝਾਤ ਮਾਰਨੀ ਜ਼ਰੂਰੀ ਹੈ। ਵਹਿਮਾਂ-ਭਰਮਾਂ, ਜ਼ੁਲਮ-ਜਬਰ ਅਤੇ ਲੁੱਟ-ਖਸੁੱਟ ਦੇ ਸਮੇਂ 1469 ਈ: ਵਿਚ ਜਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ ਤਾਂ ਇਹ ਸਾਰੀ ਹਨੇਰਗਰਦੀ ਦੂਰ ਹੋਈ ਅਤੇ ਜੱਗ 'ਤੇ ਗਿਆਨ ਦਾ ਚਾਨਣ ਪਸਰਨਾ ਸ਼ੁਰੂ ਹੋ ਗਿਆ। ਜਰਵਾਣਿਆਂ ਨੂੰ ਸ਼ੀਂਹ ਅਤੇ ਮੁਕੱਦਮ ਕੁੱਤੇ ਆਖ ਕੇ ਬਾਬੇ ਨਾਨਕ ਨੇ ਗ਼ਰੀਬਾਂ, ਨਿਤਾਣਿਆਂ, ਮਜ਼ਲੂਮਾਂ ਅਤੇ ਲੋੜਵੰਦਾਂ ਦੀ ਢਾਰਸ ਬਣ, ਹੋਰਨਾਂ ਨੂੰ ਵੀ ਇਸ ਕਾਰਜ ਵਿਚ ਜੁਟਣ ਲਈ ਹੋਕਾ ਦਿੱਤਾ।

ਇਸੇ ਨੂੰ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦਾ ਨਿਰਮਲ ਪੰਥ ਕਿਹਾ ਹੈ। ਚਾਰ ਉਦਾਸੀਆਂ ਸਮੇਂ ਗੁਰੂ ਨਾਨਕ ਸਾਹਿਬ ਜਿੱਥੇ ਵੀ ਜਾਂਦੇ ਪਰਵਰਦਗਾਰ ਦੀ ਸਿਫ਼ਤ-ਸਲਾਹ ਕਰਦੇ ਅਤੇ ਲੋਕ ਸੰਗਤ ਰੂਪ ਵਿਚ ਗੁਰੂ ਸਾਹਿਬ ਦੇ ਪ੍ਰਵਚਨ ਸੁਣਨ ਲਈ ਉਚੇਚੇ ਤੌਰ 'ਤੇ ਚੱਲ ਕੇ ਆਉਂਦੇ ਤੇ ਅੱਗੋਂ ਗੁਰੂ ਨਾਨਕ ਸਾਹਿਬ ਦੀ ਨਿਰਮਲ ਵਿਚਾਰਧਾਰਾ ਦਾ ਪ੍ਰਚਾਰ ਕਰਨ ਲੱਗੇ। ਘਰ-ਘਰ ਅੰਦਰ ਧਰਮਸਾਲ ਬਣ ਗਈ ਅਤੇ ਇਹ ਧਰਮਸ਼ਾਲਾਵਾਂ ਸਮੇਂ ਨਾਲ ਬਦਲ ਕੇ ਗੁਰਧਾਮ, ਗੁਰੂ-ਘਰ ਜਾਂ ਗੁਰਦੁਆਰੇ ਕਹਾਏ। ਜਿੱਥੇ-ਜਿੱਥੇ ਵੀ ਗੁਰੂ ਨਾਨਕ ਸਾਹਿਬ ਜਾਂ ਉਨ੍ਹਾਂ ਦੀ ਜੋਤ ਦੇ ਵਾਰਸ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ ਤੇ ਬਾਕੀ ਸਿੱਖ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਪ੍ਰਚਾਰੀ ਤੇ ਪ੍ਰਸਾਰੀ, ਬਾਣੀ ਦੀ ਰਚਨਾ ਕੀਤੀ, ਉੱਥੇ-ਉੱਥੇ ਗੁਰਧਾਮ ਸਥਾਪਤ ਹੋ ਗਏ। ਗੁਰੂ ਅਰਜਨ ਸਾਹਿਬ ਜੀ ਨੇ ਇਸ ਪਰੰਪਰਾ ਨੂੰ ਅੱਗੇ ਤੋਰਦਿਆਂ ਬਾਣੀ ਦੀ ਰਚਨਾ ਦੇ ਨਾਲ-ਨਾਲ ਪਹਿਲੇ ਚਾਰ ਸਿੱਖ ਗੁਰੂ ਸਾਹਿਬਾਨ ਅਤੇ ਆਪਣੀ ਰਚਨਾ ਨੂੰ ਸੰਕਲਿਤ ਕਰਨ ਦਾ ਅਤਿ ਲੋੜੀਂਦਾ ਕਾਰਜ ਆਪਣੇ ਹੱਥ ਲਿਆ। ਇਸ ਕਾਰਜ ਲਈ ਉਨ੍ਹਾਂ ਨੇ ਗੁਰੂ ਸਾਹਿਬਾਨ ਤੋਂ ਇਲਾਵਾ ਗੁਰਮਤਿ ਆਸ਼ੇ 'ਤੇ ਖਰੀ ਉਤਰਦੀ 15 ਭਗਤਾਂ, 11 ਭੱਟਾਂ ਅਤੇ 4 ਮਹਾਪੁਰਸ਼ਾਂ ਦੀ ਰਚਨਾ ਨੂੰ ਗੁਰੂ ਸਾਹਿਬਾਨ ਦੀ ਰਚਨਾ ਨਾਲ ਬਰਾਬਰੀ ਦਾ ਸਨਮਾਨਿਤ ਥਾਂ ਦੇ ਕੇ ਭਾਈ ਗੁਰਦਾਸ ਜੀ ਦੇ ਹੱਥੀਂ ਇਕ ਸਰਬ ਸਾਂਝਾ ਪਵਿੱਤਰ ਗ੍ਰੰਥ ਤਿਆਰ ਕਰਵਾਇਆ ਜੋ ਊਚ-ਨੀਚ, ਅਮੀਰ-ਗ਼ਰੀਬ, ਜਾਤ-ਪਾਤ ਅਤੇ ਕਿੱਤੇ-ਖਿੱਤੇ ਦੇ ਬੰਧਨਾਂ ਤੋਂ ਮੁਕਤ ਹੈ।

ਸ੍ਰੀ ਗੁਰੂ ਰਮਦਾਸ ਜੀ ਵੱਲੋਂ ਤਿਆਰ ਕਰਵਾਏ ਗਏ ਅਲੌਕਿਕ ਅਤੇ ਅਦਭੁਤ ਧਰਮ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 1604 ਈ: ਵਿਚ ਜਦ ਇਸ ਸਰਬ-ਸਾਂਝੇ ਧਰਮ ਗ੍ਰੰਥ ਦਾ ਪ੍ਰਕਾਸ਼ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਕਰਵਾ ਕੇ ਅਤੇ ਬਾਬਾ ਬੁੱਢਾ ਜੀ ਵੱਲੋਂ ਪਹਿਲਾ ਮੁੱਖ ਵਾਕ ਸਰਵਣ ਕੀਤਾ ਗਿਆ ਤਾਂ ਸਰਬ-ਸਾਂਝੇ ਧਰਮ ਗ੍ਰੰਥ ਨੂੰ ਆਦਿ ਗ੍ਰੰਥ ਸਾਹਿਬ ਜੀ ਦੇ ਨਾਮ ਨਾਲ ਸਤਿਕਾਰਿਆ ਗਿਆ। ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕਰਨ ਉਪਰੰਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਆਪਣੇ ਤੋਂ ਬਾਅਦ ਗੁਰ-ਸ਼ਬਦ ਨੂੰ ਸਦੀਵ ਕਾਲ ਲਈ ਗੁਰੂ ਦਾ ਦਰਜਾ ਦਿੱਤਾ ਗਿਆ।

ਇਸ ਤਰ੍ਹਾਂ ਇਸ ਪਾਵਨ-ਪਵਿੱਤਰ ਗ੍ਰੰਥ ਵਿਚ ਛੇ ਗੁਰੂ ਸਾਹਿਬਾਨ ਸਮੇਤ 36 ਮਹਾਪੁਰਖਾਂ ਦੀ ਰਚਨਾ ਸ਼ਾਮਲ ਹੈ। ਗੁਰੂ ਸਾਹਿਬਾਨ ਦੇ ਸਮੇਂ ਵਿਚ ਅਤੇ ਉਸਤੋਂ ਬਾਅਦ ਵੀ ਛਪਾਈ ਸੁਵਿਧਾਵਾਂ ਦੀ ਉਪਲਬਧੀ ਤੋਂ ਪਹਿਲਾਂ ਬਾਣੀ ਦੇ ਉਤਾਰੇ ਦਸਤੀ ਹੁੰਦੇ ਰਹੇ ਹਨ। ਅੱਜ ਵੀ ਕਈ ਸ਼ਰਧਾਵਾਨ ਸੇਵਾ-ਭਾਵ ਨਾਲ ਆਪਣੇ ਹੱਥੀਂ ਇਹ ਸੇਵਾ ਕਰਨ ਵਿਚ ਜੁਟੇ ਹੋਏ ਹਨ। ਬਾਣੀ ਦੀ ਸੂਖ਼ਮਤਾ ਅਤੇ ਸਤਿਕਾਰ ਦੇ ਮੱਦੇਨਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ, ਸੁਧਾਈ, ਸੰਗਤਾਂ ਤੀਕ ਪਹੁੰਚਾਉਣ ਦਾ ਕਾਰਜ ਪਿਛਲੇ 100 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਰਿਹਾ ਹੈ। ਪੰਜਾਬ ਵਿਚ ਖ਼ਾਸ ਕਰਕੇ ਅੰਮ੍ਰਿਤਸਰ ਵਿਚ ਛਪਾਈ ਸੁਵਿਧਾ ਨਾ ਹੋਣ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰਬਾਣੀ ਦੇ ਗੁਟਕੇ ਦਿੱਲੀ ਦੀਆਂ ਪ੍ਰਿੰਟਿੰਗ ਪ੍ਰੈੱਸਾਂ ਤੋਂ ਆਪਣੇ ਕਰਮਚਾਰੀਆਂ ਦੀ ਨਿਗਰਾਨੀ ਹੇਠ ਲੰਬਾ ਸਮਾਂ ਤਿਆਰ ਕਰਵਾਏ ਜਾਂਦੇ ਰਹੇ ਹਨ। ਪ੍ਰਿੰਟਿੰਗ ਪ੍ਰੈੱਸਾਂ ਵਾਲਿਆਂ ਨਾਲ ਇਹ ਸ਼ਰਤ ਪਹਿਲਾਂ ਪੱਕੀ ਕਰ ਲਈ ਜਾਂਦੀ ਸੀ ਕਿ ਜਿਸ ਮਸ਼ੀਨ 'ਤੇ ਪਾਵਨ ਸਰੂਪ ਅਤੇ ਗੁਰਬਾਣੀ ਦੀਆਂ ਪਲੇਟਾਂ ਚੜ੍ਹਨਗੀਆਂ, ਉਸ ਮਸ਼ੀਨ 'ਤੇ ਕੋਈ ਜੁੱਤੀ ਪਾ ਕੇ, ਨੰਗੇ ਸਿਰ ਕੰਮ ਨਹੀਂ ਕਰੇਗਾ ਅਤੇ ਨਾ ਹੀ ਕੋਈ ਸਿਗਰਟ-ਬੀੜੀ, ਗੁਟਖੇ ਆਦਿ ਦਾ ਸੇਵਨ ਕਰੇਗਾ। ਪ੍ਰਸ਼ਾਦਾ-ਪਾਣੀ ਛਕਣ ਤੋਂ ਬਾਅਦ ਬਾਕਾਇਦਾ ਹੱਥ ਧੋ ਕੇ ਮਸ਼ੀਨ ਦੇ ਨੇੜੇ ਆਵੇਗਾ।

ਉਸ ਵੇਲੇ ਪਾਵਨ ਸਰੂਪ ਆਮ ਤੌਰ 'ਤੇ 1000 ਕੁ ਹੀ ਛਪਾਏ ਜਾਂਦੇ ਸਨ। ਫਿਰ ਉਸ ਦੇ ਫਰਮੇ ਜੋ ਕਿ 180 ਬਣਦੇ ਹਨ, ਨੂੰ ਟਰੱਕਾਂ 'ਤੇ ਸ੍ਰੀ ਅੰਮ੍ਰਿਤਸਰ ਲਿਆਂਦਾ ਜਾਂਦਾ ਸੀ ਜਿੱਥੇ ਪਾਵਨ ਸਰੂਪ ਦੀ ਜਿਲਦਬੰਦੀ ਕਰਵਾਉਣ ਉਪਰੰਤ ਸੰਗਤ ਨੂੰ ਉਨ੍ਹਾਂ ਦੀ ਲਿਖਤੀ ਮੰਗ 'ਤੇ ਭੇਟਾ ਸਹਿਤ/ਭੇਟਾ ਰਹਿਤ ਦਿੱਤਾ ਜਾਂਦਾ ਸੀ। ਟਰੱਕਾਂ ਉੱਤੇ ਫਰਮੇ ਬੇਸ਼ੱਕ ਟਰੱਕ ਨੂੰ ਧੋ ਕੇ, ਸਾਫ਼-ਸਫ਼ਾਈ ਕਰ ਕੇ ਰੱਖੇ ਜਾਂਦੇ ਸਨ ਅਤੇ ਨਾਲ ਆਉਣ ਵਾਲਾ ਸਟਾਫ ਵੀ ਜੋੜੇ ਆਦਿ ਨਹੀਂ ਪਹਿਨਦਾ ਸੀ ਪਰ ਉਸ ਵੇਲੇ ਲਗਪਗ 10 ਘੰਟੇ ਦੇ ਇਸ ਸਫ਼ਰ ਵਿਚ ਬਹੁਤ ਦੁਸ਼ਵਾਰੀਆਂ ਪੇਸ਼ ਆਉਂਦੀਆਂ ਸਨ ਜਿਨ੍ਹਾਂ ਦਾ ਜ਼ਿਕਰ ਕਰਨਾ ਹੁਣ ਇਸ ਲਈ ਜ਼ਰੂਰੀ ਨਹੀਂ ਲੱਗ ਰਿਹਾ ਕਿਉਂਕਿ ਇਹ ਸਭ ਹੁਣ ਬੀਤੇ ਸਮੇਂ ਦੀਆਂ ਗੱਲਾਂ ਹਨ ਜਿਨ੍ਹਾਂ ਨੂੰ ਹਾਂ-ਪੱਖੀ ਲੈ ਕੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਬਹੁਤ ਸਾਰੇ ਸੁਧਾਰ ਕਰ ਲਏ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਬਾਣੀ ਦੇ ਮਾਹਿਰਾਂ ਅਤੇ ਗੁਰਬਾਣੀ ਵਿਆਕਰਨ ਦੇ ਗਿਆਤਾਵਾਂ ਦੀਆਂ ਸੇਵਾਵਾਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਦ-ਛੇਦ ਕਰ ਲਿਆ ਗਿਆ ਸੀ ਅਤੇ ਸੰਗਤ ਵੱਲੋਂ ਮੰਗ ਵੀ ਕਾਫੀ ਵੱਧ ਗਈ ਸੀ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਗੋਲਡਨ ਆਫਸੈੱਟ ਪ੍ਰੈੱਸ ਸਥਾਪਿਤ ਕਰ ਲਈ ਗਈ ਜਿਸ ਲਈ ਇਕ ਦੋ-ਰੰਗੀ ਪ੍ਰਿੰਟਿੰਗ ਮਸ਼ੀਨ, ਇਕ ਪੇਪਰ ਫੋਲਡਿੰਗ ਮਸ਼ੀਨ ਤੇ ਇਕ ਕੰਪਿਊਟਰਾਈਜ਼ਡ ਪੇਪਰ ਕਟਿੰਗ ਮਸ਼ੀਨ ਤਿੰਨੇ ਆਧੁਨਿਕ ਮਸ਼ੀਨਾਂ ਜਰਮਨੀ ਤੋਂ ਮੰਗਵਾਈਆਂ ਗਈਆਂ।

ਇਕ-ਦੋ ਪ੍ਰਾਈਵੇਟ ਪਬਲਿਸ਼ਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਛਾਪਦੇ ਸਨ, ਵੱਲੋਂ ਕਈ ਤਰ੍ਹਾਂ ਦੇ ਢੁੱਚਰ ਡਾਹੇ ਗਏ। ਪਰ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਮੁਸ਼ਕਲਾਂ ਦੀ ਪਰਵਾਹ ਨਹੀਂ ਕੀਤੀ। ਆਟੋਮੈਟਿਕ ਆਧੁਨਿਕ ਮਸ਼ੀਨਾਂ ਤੇ ਅਣਥੱਕ ਵਰਕਰਾਂ ਦੇ ਬਲਬੂਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਦੀ ਮੰਗ ਤੋਂ ਵਧੇਰੇ ਸਰੂਪ ਛਾਪਣ ਦੇ ਸਮਰੱਥ ਹੋ ਚੁੱਕੀ ਸੀ। ਪਾਵਨ ਸਰੂਪਾਂ ਦਾ ਵਪਾਰੀਕਰਨ ਕਰਨ ਅਤੇ ਸਤਿਕਾਰ ਦੀ ਘਾਟ ਦੀਆਂ ਪੁੱਜ ਰਹੀਆਂ ਸ਼ਿਕਾਇਤਾਂ ਦੇ ਸੰਦਰਭ ਵਿਚ ਪ੍ਰਾਈਵੇਟ ਪਬਲਿਸ਼ਰਾਂ ਤੋਂ ਪਾਵਨ ਸਰੂਪਾਂ ਦੀ ਛਪਾਈ 'ਤੇ ਪਾਬੰਦੀ ਲਗਾ ਦਿੱਤੀ ਗਈ। ਇਸ ਤਰ੍ਹਾਂ ਹੁਣ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਪਾਵਨ ਸਰੂਪ ਛਾਪਦੀ ਹੈ। ਬਾਣੀ ਦੀ ਸੁਧਾਈ ਅਤੇ ਇਕਸਾਰਤਾ ਨੂੰ ਮੁੱਖ ਰੱਖਦਿਆਂ ਪ੍ਰਿੰਟਿੰਗ ਪਲੇਟਾਂ ਬਣਾਉਣ ਲਈ ਪਾਜ਼ੇਟਿਵ ਗੋਲਡਨ ਆਫਸੈੱਟ ਪ੍ਰੈੱਸ ਵੱਲੋਂ ਹੀ ਦਿੱਤੇ ਗਏ ਹਨ। ਗੋਲਡਨ ਆਫਸੈੱਟ ਪ੍ਰੈੱਸ ਵੱਲੋਂ ਇਸ ਸਮੇਂ ਤਿੰਨ ਤਰ੍ਹਾਂ ਦੇ ਪਾਵਨ ਸਰੂਪ ਛਾਪੇ ਜਾ ਰਹੇ ਹਨ। ਇਕ ਦਰਮਿਆਨਾ ਆਕਾਰ (ਪਦ-ਛੇਦ) ਸਰੂਪ ਜਿਸ ਦੀ ਮੰਗ ਜ਼ਿਆਦਾ ਰਹਿੰਦੀ ਹੈ ਕਿਉਂਕਿ ਨਿਸ਼ਠਾਵਾਨ ਸਿੱਖਾਂ ਵੱਲੋਂ ਇਸ ਸਰੂਪ ਦਾ ਪ੍ਰਕਾਸ਼ ਆਪਣੇ ਗ੍ਰਹਿ ਵਿਖੇ ਵੀ ਕੀਤਾ ਜਾਂਦਾ ਹੈ ਅਤੇ ਲੋੜ ਨਾ ਵੀ ਹੋਣ 'ਤੇ ਸਮੇਂ ਤੋਂ ਪਹਿਲਾਂ ਹੀ ਪਾਵਨ ਸਰੂਪ ਬਦਲੀ ਕਰ ਲੈਣ ਦੀ ਸ਼ਰਧਾ ਹੁੰਦੀ ਹੈ। ਦੂਜਾ ਪਦ-ਛੇਦ ਪਾਵਨ ਸਰੂਪ ਦਾ ਵੱਡਾ ਆਕਾਰ ਹੈ ਜਿਸ ਦਾ ਪ੍ਰਕਾਸ਼ ਆਮ ਤੌਰ 'ਤੇ ਗੁਰਦੁਆਰਾ ਸਾਹਿਬਾਨ ਵਿਚ ਕੀਤਾ ਜਾਂਦਾ ਹੈ ਅਤੇ ਤੀਜਾ ਹੈ ਲੜੀਵਾਰ (ਜੁੜਵੇਂ ਅੱਖਰਾਂ ਵਾਲਾ) ਪਾਵਨ ਸਰੂਪ। ਇਸ ਤੋਂ ਇਲਾਵਾ ਸੰਥਾ ਸੈਂਚੀਆਂ ਅਤੇ ਸ਼ਬਦਾਰਥ ਛਾਪੇ ਜਾਂਦੇ ਹਨ। ਸਾਰੀ ਛਪਾਈ ਦੌਰਾਨ ਮਰਿਆਦਾ ਅਤੇ ਬਾਣੀ ਦੇ ਸਤਿਕਾਰ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਹੈ। ਸਾਲ ਵਿਚ ਇਕ ਵਾਰ ਸਟਾਫ ਵੱਲੋਂ ਭੁੱਲ-ਚੁੱਕ ਦੀ ਮਾਫ਼ੀ ਲਈ ਪ੍ਰੈੱਸ ਵਿਖੇ ਅਖੰਡ-ਪਾਠ ਵੀ ਕਰਵਾਇਆ ਜਾਂਦਾ ਹੈ।

ਜਿਸ ਦਿਨ ਪਾਵਨ ਸਰੂਪ ਦੀ ਛਪਾਈ ਆਰੰਭ ਹੁੰਦੀ ਹੈ, ਉਸ ਦਿਨ ਪ੍ਰੈੱਸ ਦਾ ਸਾਰਾ ਸਟਾਫ ਇਕੱਠਾ ਹੋ ਕੇ ਨਿਰਵਿਘਨ ਛਪਾਈ ਲਈ ਸਤਿਗੁਰੂ ਅੱਗੇ ਅਰਦਾਸ ਜੋਦੜੀ ਕਰਦਾ ਹੈ। ਉਪਰੰਤ ਦੇਗ ਵਰਤਾਈ ਜਾਂਦੀ ਹੈ। ਗੋਲਡਨ ਆਫਸੈੱਟ ਪ੍ਰੈੱਸ ਅਤੇ ਪਬਲੀਕੇਸ਼ਨ ਵਿਚ ਇਕ ਵੀ ਕੁਰਸੀ ਨਹੀਂ ਰੱਖੀ ਜਾਂਦੀ ਅਤੇ ਸਾਰਾ ਸਟਾਫ ਆਪਣੇ ਜੋੜੇ-ਜੁਰਾਬਾਂ ਬਾਹਰ ਉਤਾਰ ਕੇ ਅੰਦਰ ਆਉਂਦਾ ਹੈ। ਅੰਦਰ ਰੱਖੀਆਂ ਰਬੜ ਦੀਆਂ ਚੱਪਲਾਂ (ਜੋ ਬਾਹਰ ਨਹੀਂ ਲਿਜਾਈਆਂ ਜਾ ਸਕਦੀਆਂ) ਪਹਿਨਦਾ ਹੈ ਅਤੇ ਜ਼ਮੀਨ 'ਤੇ ਲੱਗੇ ਆਸਣਾਂ 'ਤੇ ਹੀ ਬੈਠਦਾ ਹੈ ਕਿਉਂਕਿ ਬਿਜਲੀ ਦੀਆਂ ਮਸ਼ੀਨਾਂ 'ਤੇ ਕੰਮ ਕਰਨਾ ਹੁੰਦਾ ਹੈ। ਇਸ ਲਈ ਰਬੜ ਦੀ ਚੱਪਲ ਪਹਿਨਣੀ ਪੈਂਦੀ ਹੈ ਜੋ ਕਿ ਕੇਵਲ ਮਸ਼ੀਨ ਤਕ ਹੀ ਰਹਿੰਦੀ ਹੈ।

-(ਸਾਬਕਾ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ)।

-ਮੋਬਾਈਲ ਨੰ. : 98148-98123

Posted By: Jagjit Singh