ਪੰਜਾਬ ਤੋਂ ਬਾਹਰ ਦੇਸ਼-ਵਿਦੇਸ਼ ਵਿਚ ਵੱਸਦੇ ਘੱਟ ਗਿਣਤੀ ਪੰਜਾਬੀਆਂ ਤੇ ਸਿੱਖਾਂ ਨੂੰ ਬਹੁਤ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਪੰਜਾਬੀ ਭਾਰਤ ’ਚ ਜਾਂ ਬਾਹਰ ਜਿੱਥੇ ਵੀ ਗਏ, ਉਨ੍ਹਾਂ ਨੇ ਸਖ਼ਤ ਮਿਹਨਤ ਨਾਲ ਆਪਣੀ ਵੱਖਰੀ ਪਛਾਣ ਬਣਾਈ। ਇਸ ਦੇ ਬਾਵਜੂਦ ਸੰਸਥਾਗਤ ਤੇ ਗ਼ੈਰ-ਸੰਸਥਾਗਤ ਤਰੀਕਿਆਂ ਨਾਲ ਸਿੱਖਾਂ ਤੇ ਪੰਜਾਬੀਆਂ ’ਤੇ ਹਮਲੇ ਹੁੰਦੇ ਰਹੇ ਹਨ। ਇਸ ਲੜੀ ਵਿਚ ਹੁਣ ਮੇਘਾਲਿਆ ਸਰਕਾਰ ਨੇ ਸ਼ਿਲੌਂਗ ਵਸਦੇ ਸਿੱਖਾਂ ਨੂੰ ਉਜਾੜਨ ਦਾ ਫ਼ੈਸਲਾ ਲਿਆ ਹੈ, ਜਿਸ ਦਾ ਵੱਡੇ ਪੱਧਰ ’ਤੇ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਖਾਂ ਨੂੰ ਉਜਾੜਨ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਇਸ ਦੇ ਖ਼ਿਲਾਫ਼ ਕੇਂਦਰੀ ਗ੍ਰਹਿ ਮੰਤਰੀ ਤੇ ਮੇਘਾਲਿਆ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਰੋਸ ਜ਼ਾਹਰ ਕਰਨ ਦੀ ਗੱਲ ਕਹੀ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਭਾਰਤ ਦੇ ਕਿਸੇ ਹਿੱਸੇ ਵਿਚ ਪੰਜਾਬੀਆਂ ਜਾਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। ਕਦੀ ਗੁਜਰਾਤ, ਕਦੀ ਤਰਾਈ, ਕਦੀ ਦਿੱਲੀ ਤੇ ਕਦੀ ਮੁਲਕ ਦੇ ਕਿਸੇ ਹੋਰ ਹਿੱਸੇ ਵਿਚ ਸਿੱਖ ਨਿਸ਼ਾਨਾ ਬਣਦੇ ਰਹੇ ਹਨ। ਧਾਰਮਿਕ ਚਿੰਨ੍ਹਾਂ, ਪ੍ਰਤੀਕਾਂ, ਗੁਰਦੁਆਰੇ ਸਾਹਿਬਾਨ ਆਦਿ ਨਾਲ ਸਬੰਧਤ ਮਸਲੇ ਉੱਠਦੇ ਰਹੇ ਹਨ। ਦਰਅਸਲ ਭਾਰਤ ਦੇ ਸੰਦਰਭ ਵਿਚ ਸਿੱਖ ਘੱਟ ਗਿਣਤੀਆਂ ਵਿਚ ਸ਼ੁਮਾਰ ਹੁੰਦੇ ਹਨ ਜਦਕਿ ਪੰਜਾਬ ’ਚ ਸਿੱਖ ਬਹੁ-ਗਿਣਤੀ ਵਿਚ ਹਨ। ਭਾਰਤ ਬਹੁ-ਭਾਸ਼ਾਈ ਅਤੇ ਬਹੁ-ਕੌਮਾਂ ਵਾਲਾ ਦੇਸ਼ ਹੈ ਅਤੇ ਜਮਹੂਰੀਅਤ ਇਸ ਦੀ ਖ਼ਸਲਤ ਹੈ। ਸੰਘੀ ਢਾਂਚਾ ਹੋਣ ਦੇ ਬਾਵਜੂਦ ਭਾਰਤ ਦੇ ਕਿਸੇ ਵੀ ਕੋਨੇ ਵਿਚ ਕੋਈ ਵੀ ਦੇਸ਼ ਵਾਸੀ ਬਿਨਾਂ ਕਿਸੇ ਭੈਅ ਤੋਂ ਰਹਿ ਸਕਦਾ ਹੈ ਕਿਉਂਕਿ ਇਸ ਮੁਲਕ ਦਾ ਕਾਨੂੰਨ ਉਸ ਨੂੰ ਬਰਾਬਰ ਸੁਰੱਖਿਆ ਪ੍ਰਦਾਨ ਕਰਦਾ ਹੈ। ਉਸ ਨਾਲ ਭੇਦਭਾਵ ਨਹੀਂ ਕੀਤਾ ਜਾ ਸਕਦਾ ਪਰ ਇਸ ਸਭ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹਾਲੇ ਕੁਝ ਦਿਨ ਪਹਿਲਾਂ ਹੀ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਅਜਿਹੀਆਂ ਘਟਨਾਵਾਂ ’ਤੇ ਗੰਭੀਰ ਨੋਟਿਸ ਲਿਆ ਸੀ। ਉਨ੍ਹਾਂ ਪਹਿਲਾਂ ਯੂਪੀ ਦੇ ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ਵਿਚ ਕਿਸਾਨਾਂ ਦੇ ਮਾਰੇ ਜਾਣ ’ਤੇ ਅਤੇ ਫਿਰ ਜੰਮੂ-ਕਸ਼ਮੀਰ ਵਿਚ ਘੱਟ ਗਿਣਤੀਆਂ ’ਤੇ ਹਮਲਿਆਂ ਦਾ ਨੋਟਿਸ ਲੈਂਦੇ ਹੋਏ ਦੋਵਾਂ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਇਸ ਬਾਰੇ ਪੂਰੀ ਰਿਪੋਰਟ ਦੇਣ ਦੇ ਹੁਕਮ ਦਿੱਤੇ। ਉੱਧਰ ਮੇਘਾਲਿਆ ਵਿਚ ਉਪ ਮੁੱਖ ਮੰਤਰੀ ਪਿ੍ਰਸਟਨ ਟਾਈਨਸੌਂਗ ਦੀ ਅਗਵਾਈ ਹੇਠ ਬਣੀ ਉੱਚ ਪੱਧਰੀ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਮੇਘਾਲਿਆ ਕੈਬਨਿਟ ਨੇ ਥੇਮ ਲਿਊ ਮਾਅਲੌਂਗ ਇਲਾਕੇ, ਜਿਸ ਨੂੰ ਪੰਜਾਬੀ ਲੇਨ ਵੀ ਕਹਿੰਦੇ ਹਨ, ਵਿਚ ਰਹਿੰਦੇ ਸਿੱਖਾਂ ਨੂੰ ਦੂਜੀ ਥਾਂ ਵਸਾਉਣ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਹੈ। ਸਾਲ 2018 ਵਿਚ ਖਾਸੀ ਭਾਈਚਾਰੇ ਅਤੇ ਸਿੱਖਾਂ ਦਰਮਿਆਨ ਹੋਏ ਦੰਗਿਆਂ ਤੋਂ ਬਾਅਦ ਘੱਟ ਗਿਣਤੀਆਂ ਦੀ ਸੁਰੱਖਿਆ ਦਾ ਮੁੱਦਾ ਕਾਫੀ ਭੜਕਿਆ ਸੀ, ਜਿਸ ਤੋਂ ਬਾਅਦ ਉੱਥੇ ਕਰਫਿਊ ਤਕ ਲਾਉਣਾ ਪੈ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਤੋਂ ਉੱਥੇ ਰਹਿ ਰਹੇ ਸਿੱਖਾਂ ਨੂੰ ਉੱਥੋਂ ਉਜਾੜਣ ਦੇ ਹੀਲਿਆਂ ਦਾ ਉਸ ਵੇਲੇ ਪੰਜਾਬ ਸਰਕਾਰ ਤੇ ਸਿੱਖਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਵਫ਼ਦਾਂ ਨੇ ਜ਼ੋਰਦਾਰ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ ਤਾਂ ਹੁਣ ਫਿਰ ਪੰਜਾਬੀ ਲੇਨ ਵਿਚੋਂ ਸਿੱਖਾਂ ਦੇ ਉਜਾੜੇ ਦਾ ਪ੍ਰਬੰਧ ਕਰ ਦਿੱਤਾ ਗਿਆ, ਜਿਸ ਦੀ ਚੌਤਰਫ਼ਾ ਆਲੋਚਨਾ ਹੋ ਰਹੀ ਹੈ। ਅਜਿਹੇ ਵਿਚ ਜ਼ਰੂਰੀ ਹੋ ਜਾਂਦਾ ਹੈ ਕਿ ਇਨ੍ਹਾਂ ਸਿੱਖਾਂ ਦੇ ਅਧਿਕਾਰਾਂ ਦੀ ਕਿਸੇ ਵੀ ਕੀਮਤ ’ਤੇ ਉਲੰਘਣਾ ਨਾ ਹੋਣ ਦਿੱਤੀ ਜਾਵੇ ਤਾਂ ਕਿ ਘੱਟ ਗਿਣਤੀਆਂ ਨੂੰ ਆਪਣੇ ਹੀ ਮੁਲਕ ਵਿਚ ਬੇਗਾਨਗੀ ਦਾ ਅਹਿਸਾਸ ਹੰਢਾਉਣ ਲਈ ਮਜਬੂਰ ਨਾ ਹੋਣਾ ਪਵੇ।

Posted By: Jatinder Singh