-ਅਜੀਤ ਖੰਨਾ

ਅੱਜਕੱਲ੍ਹ ਵਿਸ਼ੇਸ਼ ਸਨਮਾਨ ਕੀਤੇ ਜਾਣ ਦਾ ਬੜਾ ਰੁਝਾਨ ਚੱਲ ਰਿਹਾ ਹੈ। ਕੋਈ ਸਮਾਂ ਸੀ ਜਦੋਂ ਕਿਸੇ ਵਿਅਕਤੀ ਦਾ ਇਸ ਵਾਸਤੇ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਸੀ ਕਿ ਉਸ ਨੇ ਕਿਸੇ ਖ਼ਾਸ ਖੇਤਰ ਜਾਂ ਕਿੱਤੇ 'ਚ ਕੋਈ ਖ਼ਾਸ ਮੱਲ ਮਾਰੀ ਹੁੰਦੀ ਸੀ ਜਾਂ ਫਿਰ ਕੋਈ ਖ਼ਾਸ ਉਪਲਬਧੀ ਹਾਸਲ ਕੀਤੀ ਹੁੰਦੀ ਸੀ। ਇਸ ਲਈ ਉਸ ਦਾ ਸਨਮਾਨ ਕੀਤਾ ਜਾਂਦਾ ਸੀ ਜਿਸ ਕਾਰਨ ਸਨਮਾਨ ਦੀ ਬੜੀ ਅਹਿਮੀਅਤ ਹੁੰਦੀ ਸੀ। ਉਦੋਂ ਜਦ ਕਿਸੇ ਸੰਸਥਾ ਜਾਂ ਅਦਾਰੇ ਵੱਲੋਂ ਕਿਸੇ ਵਿਅਕਤੀ ਵਿਸ਼ੇਸ਼ ਦਾ ਸਨਮਾਨ ਕੀਤਾ ਜਾਂਦਾ ਤਾਂ ਉਸ ਦੀ ਖ਼ੂਬ ਚਰਚਾ ਹੁੰਦੀ। ਲੋਕਾਂ 'ਚ ਉਸ ਦੀ ਵਾਹੋ-ਵਾਹੀ ਹੁੰਦੀ। ਗੱਲ ਕੀ, ਇਲਾਕੇ 'ਚ ਉਸ ਬਾਰੇ ਜਾਣਨ ਦੀ ਹਰ ਬੰਦੇ ਨੂੰ ਚਾਹਤ ਹੁੰਦੀ। ਉਨ੍ਹਾਂ ਸਮਿਆਂ 'ਚ ਕਿਸੇ ਟਾਵੇਂ-ਟਾਵੇਂ ਦਾ ਸਨਮਾਨ ਹੁੰਦਾ ਸੀ? ਇਸੇ ਕਾਰਨ ਸਨਮਾਨ ਦੀ ਬੜੀ ਕਦਰ ਹੁੰਦੀ ਸੀ। ਅਖ਼ਬਾਰਾਂ ਵੀ ਬੜੇ ਚੰਗੇ ਢੰਗ ਨਾਲ ਸਨਮਾਨ ਸਮਾਰੋਹਾਂ ਦੀਆਂ ਖ਼ਬਰਾਂ ਛਾਪਦੀਆਂ ਸਨ ਪਰ ਅੱਜਕੱਲ੍ਹ ਸਨਮਾਨ ਦੇ ਮਾਅਨੇ ਹੀ ਬਦਲ ਗਏ ਹਨ। ਆਮ ਵੇਖਣ ਨੂੰ ਮਿਲਦਾ ਹੈ ਕਿ ਜਦੋਂ ਕਿਸੇ ਸੰਸਥਾ ਵੱਲੋਂ ਕੋਈ ਸਮਾਗਮ ਕਰਵਾਇਆ ਜਾਂਦਾ ਹੈ ਤਾਂ ਉੱਥੇ ਜਣੇ-ਖਣੇ ਨੂੰ ਇਕ ਟਰਾਫੀ ਫੜਾ ਦਿੱਤੀ ਜਾਂਦੀ ਹੈ ਅਤੇ ਅਗਲੇ ਦਿਨ ਉਹ ਖ਼ੁਦ ਹੀ ਅਖ਼ਬਾਰਾਂ 'ਚ ਖ਼ਬਰ ਲਗਵਾਉਣ ਲਈ ਯਤਨ ਕਰਦਾ ਹੈ ਕਿ ਉਸ ਦਾ ਸਨਮਾਨ ਕੀਤਾ ਗਿਆ। ਅੱਜਕੱਲ੍ਹ ਹਰ ਛੋਟੀ ਤੋਂ ਛੋਟੀ ਗੱਲ ਨੂੰ ਪੈਂਦੀ ਸੱਟੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦਾ ਵੀ ਰੁਝਾਨ ਚੱਲ ਰਿਹਾ ਹੈ। ਜਦ ਕਿਸੇ ਨੂੰ ਕਿਸੇ ਥਾਂ ਜਾਂ ਪ੍ਰੋਗਰਾਮ ਮੌਕੇ ਕੋਈ ਟਰਾਫੀ ਜਾਂ ਸਿਰੋਪਾਓ ਮਿਲੇ ਤਾਂ ਉਹ ਝੱਟ ਸੋਸ਼ਲ ਮੀਡੀਆ 'ਤੇ ਉਸ ਨੂੰ ਸ਼ੇਅਰ ਕਰ ਦਿੰਦਾ ਹੈ ਅਤੇ ਹੇਠਾਂ ਲਿਖ ਦਿੰਦਾ ਹੈ 'ਵਿਸ਼ੇਸ਼ ਸਨਮਾਨ'। ਫਿਰ ਉਸ 'ਤੇ ਕੁਮੈਂਟਸ ਸ਼ੁਰੂ ਹੋ ਜਾਂਦੇ ਹਨ।

ਬਹੁਤੀ ਵਾਰ ਤਾਂ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਸਮਾਗਮਾਂ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਵੀ ਸਨਮਾਨ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਪ੍ਰੋਗਰਾਮ ਮੌਕੇ ਸਪੀਕਰ ਅਤੇ ਟੈਂਟ ਲਾਇਆ ਹੁੰਦਾ ਹੈ। ਸਟੇਜ ਸਕੱਤਰ ਬੜੀ ਸ਼ਾਨ ਨਾਲ ਅਨਾਊਂਸਮੈਂਟ ਕਰਦੇ ਹਨ ਕਿ ਟੈਂਟ ਦੀ ਸੇਵਾ ਬਦਲੇ ਇਸ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਨੂੰ ਜੇ ਕੋਈ ਪੁੱਛਣ ਵਾਲਾ ਹੋਵੇ ਕਿ ਦੱਸੋ ਭਲੇਮਾਣਸੋ, ਸਨਮਾਨ ਕਿਸ ਹੈਸੀਅਤ 'ਚ ਕੀਤਾ ਜਾ ਰਿਹਾ? ਕਈ ਵਾਰ ਤਾਂ ਸਮਾਗਮ ਦੌਰਾਨ ਇੰਨੇ ਜ਼ਿਆਦਾ ਲੋਕਾਂ ਦਾ ਸਨਮਾਨ ਕੀਤਾ ਜਾਂਦਾ ਕਿ ਸਟੇਜ 'ਤੇ ਸਨਮਾਨ ਲੈਣ ਵਾਲਿਆਂ ਦੀ ਲੰਬੀ ਕਤਾਰ ਲੱਗ ਜਾਂਦੀ ਹੈ। ਇੱਥੇ ਹੀ ਬਸ ਨਹੀਂ! ਕਈ ਵਾਰ ਤਾਂ ਨਾਂ ਕਿਸੇ ਦਾ ਬੋਲਿਆ ਜਾਂਦਾ ਹੈ ਅਤੇ ਸਨਮਾਨ ਲੈਣ ਲਈ ਕੋਈ ਹੋਰ ਹੀ ਸਟੇਜ 'ਤੇ ਆ ਖਲੋਂਦਾ ਹੈ।

ਇਸ ਨਾਲ ਢੁੱਕਦਾ ਇਕ ਵਾਕਿਆ ਮੈਂ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ। ਇਕ ਵਾਰ ਮੇਰੇ ਆਪਣੇ ਸ਼ਹਿਰ ਖੰਨੇ ਅੰਦਰ ਇਕ ਸਮਾਗਮ ਹੋ ਰਿਹਾ ਸੀ। ਮੈਨੂੰ ਵੀ ਉਸ 'ਚ ਜਾਣ ਦਾ ਮੌਕਾ ਮਿਲਿਆ। ਸਮਾਗਮ 'ਚ ਪ੍ਰਬੰਧਕਾਂ ਨੇ ਸਨਮਾਨ ਚਿੰਨ੍ਹਾਂ ਨਾਲ ਬੋਰਿਆਂ ਦੇ ਬੋਰੇ ਭਰ ਕੇ ਲਿਆਂਦੇ ਹੋਏ ਸਨ ਤਾਂ ਜੋ ਸਭ ਨੂੰ ਖ਼ੁਸ਼ ਕੀਤਾ ਜਾ ਸਕੇ। ਮੁੱਖ ਮਹਿਮਾਨ ਵੱਲੋਂ ਜਦੋਂ ਸਨਮਾਨ ਦੇਣੇ ਆਰੰਭ ਕੀਤੇ ਗਏ ਤਾਂ ਲੰਬੀ ਕਤਾਰ ਲੱਗ ਗਈ। ਮੁੱਖ ਮਹਿਮਾਨ ਵੀ ਸਨਮਾਨ ਦਿੰਦਾ ਆਖ਼ਰ ਥੱਕ-ਹਾਰ ਕੇ ਬੈਠ ਗਿਆ। ਸਟੇਜ ਤੋਂ ਸਨਮਾਨ ਦੇਣ ਦਾ ਕਾਰਜ ਨਿਰੰਤਰ ਜਾਰੀ ਰਿਹਾ ਅਤੇ ਲੋਕ ਆਈ ਜਾਣ ਅਤੇ ਸਨਮਾਨ ਚਿੰਨ੍ਹ ਫੜ ਕੇ ਤਸਵੀਰਾਂ ਖਿਚਵਾ ਕੇ ਤੁਰਦੇ ਬਣਨ। ਮੈ ਸੋਚਾਂ ਕਿ ਇਹ ਕੀ ਹੋ ਰਿਹਾ? ਸਨਮਾਨ ਦੀ ਇੰਨੀ ਬੇਕਦਰੀ ਹੁੰਦੀ ਮੈਂ ਪਹਿਲੀ ਵਾਰ ਦੇਖੀ ਸੀ।

ਸਨਮਾਨ ਦਾ ਅਪਮਾਨ ਹੋਣ ਦਾ ਇਕ ਤਾਜ਼ਾ ਨਜ਼ਾਰਾ ਮੈਂ ਹਾਲ ਹੀ 'ਚ ਇਕ ਟੀਵੀ ਚੈਨਲ ਦੇ ਲਾਈਵ ਪ੍ਰੋਗਰਾਮ 'ਚ ਵੇਖਿਆ। ਉੱਥੇ ਪੰਜਾਬ ਸਰਕਾਰ ਵੱਲੋਂ ਰੱਖੇ ਇਕ ਸੂਬਾ ਪੱਧਰੀ ਸਮਾਗਮ 'ਚ ਉੱਘੇ ਲੇਖਕਾਂ, ਗਾਇਕਾਂ, ਫਿਲਮਾਂ ਦੇ ਐਕਟਰਾਂ ਤੇ ਡਾਇਰੈਕਟਰਾਂ ਸਣੇ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੀਆਂ ਉੱਘੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ ਪਰ ਪ੍ਰਬੰਧਕਾਂ ਵੱਲੋਂ ਜਿਸ ਢੰਗ ਨਾਲ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਸੀ, ਉਹ ਸਨਮਾਨ ਘੱਟ ਅਤੇ ਅਪਮਾਨ ਵੱਧ ਲੱਗਦਾ ਸੀ। ਉੁੱਘੀਆਂ ਸ਼ਖ਼ਸੀਅਤਾਂ ਦੀ ਮੁੱਖ ਮੰਤਰੀ ਸਾਹਿਬ ਕੋਲੋਂ ਸਨਮਾਨ ਲੈਣ ਮੌਕੇ ਫੋਟੋ ਖਿਚਵਾਉਣ ਦੀ ਦੌੜ ਨੇ ਢਿੱਲੇ ਪ੍ਰਬੰਧਾਂ ਦੀ ਪੋਲ ਤਾਂ ਖੋਲ੍ਹੀ ਹੀ, ਨਾਲ ਹੀ ਸਨਮਾਨ ਦੇ ਅਪਮਾਨ ਦੀ ਝਲਕ ਵੀ ਪੇਸ਼ ਹੋਈ ਜਦਕਿ ਸਨਮਾਨ ਦਾ ਅਰਥ ਬਹੁਤ ਡੂੰਘਾ ਅਤੇ ਵੱਡਾ ਹੁੰਦਾ ਹੈ। ਇਸ ਨੂੰ ਸਿਰਫ਼ ਟਰਾਫੀ ਜਾਂ ਸ਼ੀਲਡ ਤਕ ਹੀ ਸੀਮਤ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਸਮਾਗਮ ਦੌਰਾਨ ਸਨਮਾਨਿਤ ਸ਼ਖ਼ਸੀਅਤ ਨੂੰ ਬੜੇ ਸੁਚੱਜੇ ਤਰੀਕੇ ਨਾਲ ਲੋਕਾਂ ਸਾਹਮਣੇ ਪੇਸ਼ ਕਰ ਕੇ ਉਸ ਬਾਰੇ ਚਾਨਣਾ ਪਾਉਣਾ ਚਾਹੀਦਾ ਹੈ। ਨਾਲ ਦੀ ਨਾਲ, ਸਬੰਧਤ ਸ਼ਖ਼ਸੀਅਤ ਦੀਆਂ ਪ੍ਰਾਪਤੀਆਂ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਲੋਈ, ਸ਼ਾਲ, ਟਰਾਫੀ ਜਾਂ ਸ਼ੀਲਡ ਭੇਟ ਕਰਨੀ ਚਾਹੀਦੀ ਹੈ। ਕਈ ਵਾਰ ਤਾਂ ਪ੍ਰਬੰਧਕ ਸਮਾਗਮ ਲਈ ਫੰਡ ਇਕੱਠਾ ਕਰਨ ਵਾਸਤੇ ਪਰਚੀਆਂ ਵੀ ਕੱਟਦੇ ਵੇਖੇ ਗਏ ਹਨ ਅਤੇ ਨਾਲ ਹੀ ਪਰਚੀ ਕਟਵਾਉਣ ਵਾਲੇ ਸੱਜਣ ਨੂੰ ਕਹਿ ਦਿੰਦੇ ਹਨ ਕਿ ਤੁਸੀ ਸਮਾਗਮ ਮੌਕੇ ਜ਼ਰੂਰ ਆਉਣਾ ਕਿਉਂਕਿ ਤੁਹਾਡਾ ਸਨਮਾਨ ਕਰਨਾ ਹੈ। ਇਸ ਤਰ੍ਹਾਂ ਉਸ ਦੀ ਮੋਟੀ ਪਰਚੀ ਕੱਟ ਕੇ ਉਸ ਨੂੰ 50-100 ਰੁਪਏ ਦੀ ਟਰਾਫੀ ਫੜਾ ਦਿੰਦੇ ਹਨ। ਇਸ ਤਰ੍ਹਾਂ ਲਾਲਚ 'ਚ ਭੀੜ ਵੀ ਵਾਹਵਾ ਇਕੱਠੀ ਹੋ ਜਾਂਦੀ ਹੈ ਅਤੇ ਪੈਸਾ ਵੀ ਚੰਗਾ ਇਕੱਠਾ ਹੋ ਜਾਂਦਾ ਹੈ। ਕੁਝ ਵੀ ਹੋਵੇ, ਸਮਾਗਮਾਂ ਦੌਰਾਨ ਜਣੇ-ਖਣੇ ਨੂੰ ਸਨਮਾਨਿਤ ਕਰਨ ਦਾ ਰੁਝਾਨ ਚੰਗਾ ਨਹੀਂ ਕਿਹਾ ਜਾ ਸਕਦਾ। ਕਈ ਵਾਰ ਤਾਂ ਇਹ ਵੀ ਵੇਖਣ-ਸੁਣਨ ਨੂੰ ਮਿਲਦਾ ਹੈ ਕਿ ਕਈ ਲੋਕ ਤਾਂ ਖ਼ੁਦ ਦਾ ਸਨਮਾਨ ਆਪਣੇ ਜਾਣ-ਪਛਾਣ ਦੇ ਬੰਦਿਆਂ ਤੋਂ ਕਰਵਾ ਲੈਂਦੇ ਹਨ। ਉਹ ਅਜਿਹੇ ਸਨਮਾਨ ਸਮਾਰੋਹ 'ਤੇ ਹੋਣ ਵਾਲਾ ਸਾਰਾ ਖ਼ਰਚਾ ਖ਼ੁਦ ਹੀ ਕਰ ਦਿੰਦੇ ਹਨ। ਜ਼ਰਾ ਸੋਚੋ! ਅਜਿਹੇ ਸਨਮਾਨ ਲੈਣ ਦਾ ਕੀ ਲਾਭ? ਕੀ ਅਜਿਹੇ ਸਨਮਾਨ ਨਾਲ ਮਨ ਨੂੰ ਸਕੂਨ ਮਿਲ ਸਕਦਾ ਹੈ? ਬਿਲਕੁਲ ਨਹੀਂ। ਇਸ ਨੂੰ ਸਨਮਾਨ ਦਾ ਅਪਮਾਨ ਨਹੀਂ ਤਾਂ ਹੋਰ ਕੀ ਕਹਾਂਗੇ?

-ਮੋਬਾਈਲ ਨੰ. :70095-29004

Posted By: Rajnish Kaur