ਪੁਲਾੜ ਵਿਗਿਆਨੀ ਕੇ. ਕਸਤੂਰੀਰੰਗਨ ਦੀ ਅਗਵਾਈ 'ਚ 9 ਮੈਂਬਰੀ ਕਮੇਟੀ ਵੱਲੋਂ ਤਿਆਰ ਭਾਰਤ ਦੀ ਤੀਜੀ ਕੌਮੀ ਸਿੱਖਿਆ ਨੀਤੀ ਦਾ ਖਰੜਾ ਮਹਿਜ਼ ਅੰਕੜਿਆਂ, ਹਵਾਲਿਆਂ ਤੇ ਸਿੱਖਿਆ ਮਾਹਿਰਾਂ ਦੀ ਰਾਇਸ਼ੁਮਾਰੀ ਤੋਂ ਵਿਹੂਣਾ ਹਵਾ 'ਚ ਲਟਕਦਾ ਸ਼ਬਦੀ ਦਸਤਾਵੇਜ਼ ਪ੍ਰਤੀਤ ਹੁੰਦਾ ਹੈ। ਸਿੱਖਿਆ ਨੀਤੀ ਦਾ ਖਰੜਾ ਅਨੇਕਤਾ 'ਚ ਏਕਤਾ ਦੇ ਸੰਕਲਪ ਨੂੰ ਸਿਰੇ ਤੋਂ ਨਕਾਰ ਕੇ ਇਕ ਦੇਸ਼, ਇਕ ਭਾਸ਼ਾ ਤੇ ਇਕ ਧਰਮ ਦੇ ਪੱਖ 'ਚ ਭੁਗਤ ਰਿਹਾ ਹੈ। ਖੇਤਰੀ ਵੰਨ-ਸੁਵੰਨਤਾ ਨੂੰ ਦਰਕਿਨਾਰ ਕਰ ਕੇ ਕੇਂਦਰੀਕਰਨ ਪ੍ਰਤੀ ਉਲਾਰਤਾ ਦਿਖਾਈ ਗਈ ਹੈ। ਸੰਸਕ੍ਰਿਤ ਨੂੰ ਆਧੁਨਿਕ ਭਾਰਤੀ ਭਾਸ਼ਾ ਦਾ ਦਰਜਾ ਦੇ ਕੇ ਇਸ ਦੇ ਪ੍ਰਚਾਰ ਤੇ ਪਸਾਰ 'ਤੇ ਜ਼ੋਰ ਦੇਣਾ ਖੇਤਰੀ ਭਾਸ਼ਾਵਾਂ ਨਾਲ ਸਰਾਸਰ ਧੱਕਾ ਤੇ ਮਤਰੇਆ ਵਿਵਹਾਰ ਹੈ। ਅਜਿਹਾ ਕਰਕੇ ਭਾਰਤੀ ਜਮਹੂਰੀਅਤ ਵਿਚਲੇ ਅਨੇਕਤਾ 'ਚ ਏਕਤਾ ਤੇ ਬਹੁਭਾਸ਼ੀ ਮਾਨਤਾ ਵਾਲੇ ਸੰਕਲਪ ਨੂੰ ਡੂੰਘੀ ਸੱਟ ਵੱਜੇਗੀ ਤੇ ਮਾਤ -ਭਾਸ਼ਾਵਾਂ ਦੀ ਹੋਂਦ ਖ਼ਤਮ ਕਰਨ ਦਾ ਗਿਣਿਆ- ਮਿਥਿਆ ਚੱਕਰਵਿਊ ਸਾਬਿਤ ਹੋਵੇਗਾ। ਸੂਬਿਆਂ 'ਚ ਇਕ ਤੋਂ ਜ਼ਿਆਦਾ ਅਸੈਸਮੈਂਟ ਬੋਰਡ ਬਣਾਉਣ ਦੀਆਂ ਤਜਵੀਜ਼ਾਂ ਜਿੱਥੇ ਸਿੱਖਿਆ ਖੇਤਰ ਦਾ ਮੂੰਹ ਪੂਰੀ ਤਰ੍ਹਾਂ ਨਿੱਜੀਕਰਨ ਵੱਲ ਘੁੰਮਾ ਦੇਣਗੀਆਂ, ਉੱਥੇ ਨਿੱਜੀ ਵਿੱਦਿਅਕ ਸੰਸਥਾਵਾਂ ਨੂੰ ਆਪਹੁਦਰੀਆਂ ਕਰਨ ਦੀ ਪੂਰੀ ਖੁੱਲ੍ਹ ਦੇਣ ਦਾ ਐਲਾਨਨਾਮਾ ਸਾਬਿਤ ਹੋਣਗੀਆਂ । ਸਵੈ-ਸੇਵਕਾਂ (ਵਲੰਟੀਅਰਾਂ) ਰਾਹੀਂ ਸਿੱਖਿਆ ਦੇਣ ਦੀ ਸੋਚ ਲਿਆਂਦੀ ਜਾ ਰਹੀ ਹੈ, ਜੋ ਕਿ ਅਧਿਆਪਨ ਖੇਤਰ 'ਚ ਸਿਆਸੀ ਦਖ਼ਲਅੰਦਾਜ਼ੀ ਵਧਾਉਣ ਦੇ ਨਾਲ- ਨਾਲ ਗ਼ੈਰ ਸਿੱਖਿਅਤ ਅਧਿਆਪਨ ਨੂੰ ਬੜ੍ਹਾਵਾ ਦੇਣ ਦਾ ਲੁਕਵਾਂ ਏਜੰਡਾ ਹੈ। ਸਵੈ -ਸੇਵਕਾਂ ਰਾਹੀਂ ਸਿੱਖਿਆ ਪ੍ਰਦਾਨ ਕਰਨ ਦੇ ਫ਼ੈਸਲੇ ਰਾਹੀਂ ਸਕੂਲੀ ਸਿੱਖਿਆ ਦੇ ਖੇਤਰ 'ਚ ਚਹੇਤੇ ਸਿਆਸੀ ਸੰਗਠਨ ਵਧੇਰੇ ਪ੍ਰਫੁੱਲਿਤ ਹੋਣਗੇ ਤੇ ਰੈਗੂਲਰ ਭਰਤੀਆਂ 'ਤੇ ਪ੍ਰਸ਼ਨ ਚਿੰਨ੍ਹ ਵੀ ਲੱਗ ਜਾਵੇਗਾ। ਵਸੀਲਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਮਿਡਲ, ਹਾਈ ਤੇ ਸੈਕੰਡਰੀ ਸਕੂਲ ਮਿਲਾ ਕੇ ਕੰਪਲੈਕਸ ਸਕੂਲ ਬਣਾਉਣ ਦੀ ਧਾਰਨਾ ਆਪਣੇ ਆਪ 'ਚ ਸਮਾਜ ਨੂੰ ਸਿੱਖਿਆ ਦੀ ਬੁਨਿਆਦੀ ਸਹੂਲਤ ਤੋਂ ਸੱਖਣਾ ਕਰਨਾ ਤੇ ਡੰਗ ਟਪਾਊ ਨੀਤੀਆਂ ਤਕ ਸੀਮਤ ਕਰਨਾ ਹੈ। ਇਸ ਤਜ਼ਵੀਜ਼ ਨਾਲ ਲੋੜੀਂਦੇ ਅਧਿਆਪਕ ਭਰਤੀ ਕਰਨ ਦੀ ਬਜਾਇ ਕੰਪਲੈਕਸ ਸਕੂਲਾਂ ਦੇ ਅਧਿਆਪਕਾਂ ਰਾਹੀਂ ਅਲੱਗ-ਅਲੱਗ ਸਕੂਲਾਂ 'ਚ ਡੰਗ ਟਪਾਉਣ ਦੇ ਮਕਸਦ ਨਾਲ ਆਰਜ਼ੀ ਪ੍ਰਬੰਧਾਂ ਦੇ ਸਿਰ 'ਤੇ ਪ੍ਰਬੰਧ ਚਲਾਇਆ ਜਾਵੇਗਾ, ਜਿਸ ਤੋਂ ਸਿੱਖਿਆ ਦੀ ਗੁਣਵੱਤਾ ਦਾ ਅੰਦਾਜ਼ਾ ਸਹਿਜੇ ਲੱਗ ਸਕਦਾ ਹੈ। ਅਧਿਆਪਕ ਭਰਤੀ ਨੂੰ ਪਾਰਦਰਸ਼ੀ ਤੇ ਮੈਰਿਟ ਆਧਾਰਿਤ ਬਣਾਉਣ ਦੀ ਬਜਾਇ ਇਸ ਖਰੜੇ ਦੀਆਂ ਤਜ਼ਵੀਜ਼ਾਂ ਭਰਤੀ ਪ੍ਰਕਿਰਿਆ ਨੂੰ ਵਧੇਰੇ ਜਟਿਲ ਤੇ ਭ੍ਰਿਸ਼ਟਾਚਾਰੀ ਬਣਾਉਣ ਦੀ ਗਵਾਹੀ ਭਰਦੀਆਂ ਹਨ। ਅਧਿਆਪਨ ਦੇ ਬਿਹਤਰ ਪੈਮਾਨਿਆਂ ਤਕ ਪਹੁੰਚਣ ਤੇ ਗਿਆਨ ਸਿਰਜਣ ਲਈ ਨਵੇਂ ਸਿਰਿਓਂ ਇਹ ਨੀਤੀ ਬਣਾਉਣ ਲਈ ਕੇਂਦਰ ਸਰਕਾਰ 'ਤੇ ਦਬਾਅ ਬਣਾਉਣਾ ਚਾਹੀਦਾ ਹੈ, ਨਹੀਂ ਤਾਂ ਪੰਜਾਬ ਦੇ ਨਾਲ- ਨਾਲ ਬਾਕੀ ਸੂਬੇ ਵੀ ਇਸ ਨੀਤੀ ਦੇ ਲਾਗੂ ਹੋਣ ਨਾਲ ਵੱਡੇ ਖਮਿਆਜ਼ੇ ਭੁਗਤਣ ਲਈ ਤਿਆਰ ਰਹਿਣ।

-ਅੰਮ੍ਰਿਤਪਾਲ ਮੰਘਾਣੀਆਂ। ਮੋ: 90417-91000

Posted By: Susheel Khanna