ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 550 ਸਾਲ ਪਹਿਲਾਂ ਆਪਣੀ ਅਲੌਕਿਕ ਬਾਣੀ ਵਿਚ ਪਾਣੀ, ਹਵਾ ਤੇ ਧਰਤੀ ਦੀ ਮਹੱਤਤਾ ਨੂੰ ਬਹੁਤ ਹੀ ਨਵੀਨ ਅਤੇ ਸਟੀਕ ਢੰਗ ਨਾਲ ਮਾਨਵਤਾ ਦੀ ਜ਼ਰੂਰਤ ਵਜੋਂ ਇੰਜ ਕਿਹਾ ਸੀ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ”। ਅਫ਼ਸੋਸ ਦੀ ਗੱਲ ਇਹ ਹੈ ਕਿ ਅੱਜ ਹਵਾ ਪ੍ਰਦੂਸ਼ਿਤ ਹੋ ਚੁੱਕੀ ਹੈ, ਪਾਣੀ ਗੰਧਲਾ ਤੇ ਜ਼ਹਿਰੀਲਾ ਬਣ ਰਿਹਾ ਹੈ ਅਤੇ ਧਰਤੀ ਦੀ ਸਤ੍ਹਾ ਆਪਣੀ ਉਪਜਾਊ ਸ਼ਕਤੀ ਗੁਆ ਰਹੀ ਹੈ। ਇਹ ਸਭ ਮਨੁੱਖ ਵੱਲੋਂ ਕੀਤਾ ਗਿਆ ਹੈ ਜਿਸ ਨੂੰ ਪਰਮਾਤਮਾ ਨੇ ਸੋਚਣ ਅਤੇ ਸਮਝਣ ਦੀ ਸਮਰੱਥਾ ਬਖਸ਼ੀ ਹੈ। ਮਨੁੱਖ ਤੋਂ ਵਧੀਆ ਤਾਂ ਜਾਨਵਰ ਅਤੇ ਕੀੜੇ-ਮਕੋੜੇ ਹਨ ਜੋ ਵਾਤਾਵਰਨ ਨੂੰ ਬਚਾਈ ਬੈਠੇ ਹਨ। ਹਵਾ ਨੂੰ ਗੁਰੂ ਨਾਨਕ ਸਾਹਿਬ ਨੇ ਗੁਰੂ ਦਾ ਦਰਜਾ ਦਿੱਤਾ ਹੈ। ਮਨੁੱਖ ਨੇ ਆਪਣੇ ਪੈਸੇ ਦੇ ਲਾਲਚ ਲਈ ਹਵਾ ਨੂੰ ਜ਼ਹਿਰੀਲੀ ਤੇ ਪ੍ਰਦੂਸ਼ਿਤ ਕਰ ਦਿੱਤਾ ਹੈ। ਕਾਰਖਾਨਿਆਂ ਅਤੇ ਮੋਟਰਾਂ-ਗੱਡੀਆਂ ਦੇ ਧੂੰਏਂ ਨੇ ਤਾਂ ਪਹਿਲਾਂ ਹੀ ਹਵਾ ਨੂੰ ਸਾਹ ਲੈਣ ਜੋਗਾ ਨਹੀਂ ਰਹਿਣ ਦਿੱਤਾ ਸੀ। ਰਹਿੰਦੀ-ਖੂੰਹਦੀ ਕਸਰ ਪਰਾਲੀ ਤੇ ਨਾੜ ਨੂੰ ਅੱਗ ਲਾ ਕੇ ਪੂਰੀ ਕਰ ਦਿੱਤੀ ਜਾਂਦੀ ਹੈ। ਇਸ ਵਰਤਾਰੇ ਨੇ ਹਵਾ ਵਿੱਚੋਂ ਆਕਸੀਜਨ ਦੀ ਮਾਤਰਾ ਨੂੰ ਕਈ ਗੁਣਾ ਘੱਟ ਕਰ ਦਿੱਤਾ ਹੈ। ਤਾਪਮਾਨ ਹੁਣ ਅਪ੍ਰੈਲ ’ਚ ਹੀ 45-46 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ। ਨਾੜ ਤੇ ਪਰਾਲੀ ਨੂੰ ਲਾਈ ਗਈ ਅੱਗ ਸਿਰਫ਼ ਹਵਾ ਨੂੰ ਪ੍ਰਦੂਸ਼ਿਤ ਹੀ ਨਹੀਂ ਕਰਦੀ ਸਗੋਂ ਬਹੁਤ ਸਾਰੀਆਂ ਸੜਕ ਦੁਰਘਟਨਾਵਾਂ ਦਾ ਵੀ ਕਾਰਨ ਬਣਦੀ ਹੈ। ਪਿੱਛੇ ਜਿਹੇ ਨਾੜ ਦੀ ਅੱਗ ਦੇ ਧੂੰਏਂ ਵਿਚ ਆਉਣ ਕਾਰਨ ਸਕੂਲੀ ਬੱਸ ਸੜ ਕੇ ਸੁਆਹ ਹੋ ਗਈ ਸੀ ਅਤੇ ਉਸ ਅੰਦਰ ਸਵਾਰ 30 ਦੇ ਕਰੀਬ ਬੱਚੇ ਮਸਾਂ ਬਚੇ ਸਨ। ਹਜ਼ਾਰਾਂ ਦਰਖਤ ਇਸ ਅੱਗ ਦਾ ਸ਼ਿਕਾਰ ਹੋ ਰਹੇ ਹਨ। ਨਵੇਂ ਪੌਦੇ ਬਹੁਤ ਘੱਟ ਲਗਾਏ ਜਾ ਰਹੇ ਹਨ। ਸੰਨ 1980-90 ਦੇ ਦਹਾਕੇ ਤੋਂ ਪਹਿਲਾਂ ਕਣਕ ਅਤੇ ਜ਼ੀਰੀ ਨੂੰ ਹੱਥੀਂ ਵੱਢਿਆ ਜਾਂਦਾ ਸੀ। ਕੋਈ ਅੱਗ ਨਹੀਂ ਲਾਉਂਦਾ ਸੀ। ਨਾੜ ਨੂੰ ਪਸ਼ੂਆਂ ਦੇ ਚਾਰੇ ਵਜੋਂ ਵਰਤਿਆ ਜਾਂਦਾ ਸੀ। ਉਸ ਸਮੇਂ ਕੋਈ ਵੀ ਸਰਕਾਰ ਕੋਲੋਂ ਮੁਆਵਜ਼ਾ ਨਹੀਂ ਮੰਗਦਾ ਸੀ ਅਤੇ ਪੱਠੇ ਮੁਫ਼ਤ ਦੇ ਹੋ ਜਾਂਦੇ ਸਨ। ਨਾੜ ਦੀ ਅੱਗ ਕਾਰਨ ਗ਼ਰੀਬਾਂ ਦੀਆਂ ਝੁੱਗੀਆਂ ਸੜ ਜਾਂਦੀਆਂ ਹਨ। ਇਕ ਝੁੱਗੀ ਅੰਦਰ ਸੁੱਤੀ ਬਾਲੜੀ ਵੀ ਇਸ ਅੱਗ ਕਾਰਨ ਸੜ ਕੇ ਮਰ ਗਈ ਸੀ ਤੇ ਬਿਜਲੀ ਦੇ ਟ੍ਰਾਂਸਫਾਰਮਰ ਵੀ ਸਾੜ ਸੁੱਟੇ ਸਨ। ਪਾਣੀ ਨੂੰ ਗੁਰੂ ਨਾਨਕ ਸਾਹਿਬ ਨੇ ਪਿਤਾ ਦਾ ਦਰਜਾ ਦਿੱਤਾ ਹੈ। ਕੁਦਰਤ ਨੇ ਸਭ ਪ੍ਰਾਣੀਆਂ ਦੇ ਜਿਊਂਦੇ ਰਹਿਣ ਲਈ ਪਾਣੀ ਪ੍ਰਦਾਨ ਕੀਤਾ ਹੈ। ਧਰਤੀ ਹੇਠ ਪਾਣੀ ਦੀਆਂ ਤਿੰਨ ਤਹਿਆਂ ਹਨ ਤੇ ਪੰਜਾਬ ਵਿਚ ਇਨ੍ਹਾਂ ਤਿੰਨਾਂ ’ਚੋਂ ਦੋ ਦਾ ਪਾਣੀ ਤਾਂ ਖ਼ਤਮ ਹੋ ਚੁੱਕਿਆ ਹੈ ਅਤੇ ਤੀਸਰੀ ਤੇ ਆਖ਼ਰੀ ਤਹਿ ਦਾ ਪਾਣੀ ਵੀ ਖ਼ਤਰਨਾਕ ਸਤ੍ਹਾ ’ਤੇ ਪਹੁੰਚ ਗਿਆ ਹੈ। ਹਰ ਸਾਲ ਪਾਣੀ ਦਾ ਪੱਧਰ ਪੰਜਾਬ ਦੇ 18 ਜ਼ਿਲ੍ਹਿਆਂ ਵਿਚ 1 ਮੀਟਰ ਨੀਵਾਂ ਹੁੰਦਾ ਜਾ ਰਿਹਾ ਹੈ। ਮਾਹਿਰਾਂ ਮੁਤਾਬਕ ਜੇ ਮੌਜੂਦਾ ਰਫ਼ਤਾਰ ਨਾਲ ਧਰਤੀ ਹੇਠਲਾ ਪਾਣੀ ਕੱਢਿਆ ਜਾਂਦਾ ਰਿਹਾ ਤਾਂ 2040 ਤਕ ਪੰਜਾਬ ’ਚ ਜ਼ਮੀਨ ਹੇਠਲਾ ਪਾਣੀ ਖ਼ਤਮ ਹੋ ਜਾਵੇਗਾ। ਦਰਿਆਵਾਂ, ਨਦੀਆਂ ਅਤੇ ਨਾਲਿਆਂ ਦੇ ਪਾਣੀ ਨੂੰ ਕਾਰਖਾਨਿਆਂ ਦੇ ਕੈਮੀਕਲ ਮਿਲੇ ਪਾਣੀ ਨੇ ਜ਼ਹਿਰੀਲਾ ਬਣਾ ਦਿੱਤਾ ਹੈ। ਵਾਤਾਵਰਨ ਨੂੰ ਵਿਗਾੜ ਕੇ ਮਨੁੱਖ ਨੇ ਸਭ ਜੀਵ-ਜੰਤੂਆਂ ਅਤੇ ਜਾਨਵਰਾਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਨੂੰ ਲੋਪ ਕਰ ਦਿੱਤਾ ਹੈ। ਜੰਗਲ ਦੀ ਬੇਤਹਾਸ਼ਾ ਕਟਾਈ, ਬਿਲਡਿੰਗ ਨਿਰਮਾਣ ਅਤੇ ਪਹਾੜਾਂ ਦੀ ਕਟਾਈ ਨੇ ਧਰਤੀ ਦੀ ਦਿਸ਼ਾ ਅਤੇ ਨੁਹਾਰ ਨੂੰ ਬਦਲ ਕੇ ਰੱਖ ਦਿੱਤਾ ਹੈ। ਇਹ ਸਭ ਇਨਸਾਨ ਆਪਣੇ ਫ਼ਾਇਦੇ ਲਈ ਹੀ ਕਰ ਰਿਹਾ ਹੈ। ਨਾੜ ਨੂੰ ਲਾਈ ਅੱਗ ਕਿਸਾਨ ਦੇ ਬਹੁਤ ਸਾਰੇ ਮਦਦਗਾਰ ਜੀਵ-ਜੰਤੂਆਂ, ਕੀੜੇ-ਮਕੌੜਿਆਂ ਨੂੰ ਖ਼ਤਮ ਕਰ ਦਿੰਦੀ ਹੈ। ਮੀਂਹ ਦਾ ਕੁਦਰਤੀ ਚੱਕਰ ਬਦਲ ਰਿਹਾ ਹੈ ਜੋ ਫ਼ਸਲਾਂ ਦੇ ਅਨੁਕੂਲ ਨਹੀਂ ਰਿਹਾ। ਸਮੇਂ ਸਿਰ ਬਾਰਿਸ਼ ਨਾ ਹੋਣਾ, ਅਚਾਨਕ ਭਾਰੀ ਬਾਰਿਸ਼ ਤੇ ਗੜੇ ਪੈਣਾ ਆਦਿ ਵਾਤਾਵਰਨ ਵਿਚ ਤਬਦੀਲੀ ਕਾਰਨ ਹੀ ਵਾਪਰਦਾ ਹੈ। ਇਸ ਨਾਲ ਕਿਸਾਨ ਦਾ ਫ਼ਾਇਦਾ ਨਹੀਂ ਸਗੋਂ ਨੁਕਸਾਨ ਹੀ ਹੁੰਦਾ ਹੈ। ਜੇ ਅਸੀਂ ਹੁਣ ਵੀ ਨਾ ਸੁਧਰੇ ਅਤੇ ਆਪਣੇ ਫ਼ਾਇਦੇ ਲਈ ਵਾਤਾਵਰਨ ਦਾ ਘਾਣ ਨਾ ਰੋਕਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਲਈ ਤਰਸ ਜਾਣਗੀਆਂ। ਪੰਜਾਬ ਬਹੁਤ ਜਲਦੀ ਰਾਜਸਥਾਨ ਵਾਂਗ ਬੰਜਰ ਹੋ ਜਾਵੇਗਾ। ਹੁਣ ਸਵਾਲ ਇਹ ਵੀ ਹੈ ਕਿ ਅਸੀਂ ਆਉਣ ਵਾਲੀਆਂ ਨਸਲਾਂ ਲਈ ਕਿਹੋ ਜਿਹਾ ਵਾਤਾਵਰਨ ਛੱਡ ਕੇ ਜਾਣਾ ਚਾਹੁੰਦੇ ਹਾਂ। ਅਸੀਂ ਇਸ ਸਬੰਧੀ ਆਪਣੀ ਕਿੰਨੀ ਕੁ ਜ਼ਿੰਮੇਵਾਰੀ ਸਮਝਦੇ ਹਾਂ। ਸਾਡੇ ਲਈ ਇਹ ਸਭ ਸਮਝਣਾ ਜ਼ਰੂਰੀ ਹੈ।

-ਡਾ. ਜਸਵੀਰ ਸਿੰਘ ਮਿਨਹਾਸ।

ਮੋਬਾਈਲ : 94173-78121

Posted By: Jagjit Singh