v>ਕਾਂਗਰਸ ਹਾਈ ਕਮਾਨ ਨੇ ਪੰਜਾਬ ’ਚ ਚੱਲ ਰਹੇ ਕਾਟੋ-ਕਲੇਸ਼ ਨੂੰ ਖ਼ਤਮ ਕਰਨ ਲਈ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਅਜਿਹਾ ਜੇ ਪਹਿਲਾਂ ਹੋ ਜਾਂਦਾ ਤਾਂ ਕਾਂਗਰਸ ’ਚ ਇੰਜ ਧੜੇਬੰਦੀ ਨਾ ਵਧਦੀ। ਪੰਜਾਬ ਕਾਂਗਰਸ ਵਿਚ ਲੰਬੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਸੀ। ਬੀਤੇ ਕੁਝ ਦਿਨਾਂ ਤੋਂ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਸਨ ਅਤੇ ਹਾਈ ਕਮਾਨ ਦੋਵੇਂ ਆਗੂਆਂ ਨੂੰ ਨਾਲ ਲੈ ਕੇ ਚੱਲਣ ਦਾ ਰਾਹ ਲੱਭ ਰਹੀ ਸੀ। ਇਸ ਲਈ ਇਕ ਕਮੇਟੀ ਵੀ ਬਣਾਈ ਗਈ ਸੀ। ਕੈਪਟਨ ਤੇ ਸਿੱਧੂ ਸਣੇ ਕਈ ਆਗੂਆਂ ਨੂੰ ਦਿੱਲੀ ਤਲਬ ਕੀਤਾ ਗਿਆ ਸੀ। ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਨਾਲ ਸਿੱਧੂ ਤੇ ਕੈਪਟਨ ਦੀਆਂ ਬੈਠਕਾਂ ਹੋਈਆਂ ਸਨ। ਜਦੋਂ ਸਿੱਧੂ ਨੂੰ ਪ੍ਰਧਾਨ ਬਣਾਉਣ ਦੀ ਗੱਲ ਆਈ ਤਾਂ ਕੈਪਟਨ ਧੜੇ ਵੱਲੋਂ ਵਿਰੋਧ ਕੀਤਾ ਗਿਆ ਪਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਸਾਰੇ ਵਿਰੋਧ ਦਰਕਿਨਾਰ ਕਰਦਿਆਂ ਸਿੱਧੂ ਦੇ ਨਾਂ ’ਤੇ ਮੋਹਰ ਲਾ ਦਿੱਤੀ। ਵਿਰੋਧ ਦੇ ਬਾਵਜੂਦ ਸਿੱਧੂ ਨੂੰ ਭਾਵੇਂ ਇਹ ਅਹੁਦਾ ਮਿਲ ਤਾਂ ਗਿਆ ਹੈ ਪਰ ਪ੍ਰਧਾਨਗੀ ਦਾ ਤਾਜ ਸਿਰ ਸਜਾਉਣਾ ਇੰਨਾ ਸੌਖਾ ਵੀ ਨਹੀਂ ਹੋਵੇਗਾ। ਸਿੱਧੂ ਲਈ ਹੁਣ ਸਭ ਤੋਂ ਵੱਡੀ ਚੁਣੌਤੀ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦੀ ਹੋਵੇਗੀ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਉਹ ਇਕੱਲੇ ਹੀ ਤੁਰ ਰਹੇ ਸਨ। ਸਿੱਧੂ ਚੰਗੇ ਬੁਲਾਰੇ ਹਨ ਪਰ ਹੁਣ ਉਨ੍ਹਾਂ ਕੋਲ ਖ਼ੁਦ ਨੂੰ ਚੰਗਾ ਟੀਮ ਲੀਡਰ ਸਾਬਿਤ ਕਰਨ ਦਾ ਵੀ ਮੌਕਾ ਹੈ। ਜੇ ਸਿੱਧੂ ਅਜਿਹਾ ਕਰ ਜਾਂਦੇ ਹਨ ਤਾਂ ਕਾਂਗਰਸ ਦੀ ਇਹ ਵੱਡੀ ਪ੍ਰਾਪਤੀ ਕਹੀ ਜਾਵੇਗੀ। ਦੂਜੇ ਪਾਸੇ ਇੰਜ ਜਾਪਦਾ ਹੈ ਜਿਵੇਂ ਕੈਪਟਨ ਨੇ ਅਜੇ ਸਿੱਧੂ ਨੂੰ ਦਿਲੋਂ ਮਾਫ਼ ਨਹੀਂ ਕੀਤਾ। ਇਸੇ ਕਾਰਨ ਦੂਜੇ ਦਿਨ ਵੀ ਉਨ੍ਹਾਂ ਵੱਲੋਂ ਸਿੱਧੂ ਨੂੰ ਵਧਾਈ ਨਹੀਂ ਦਿੱਤੀ ਗਈ। ਸਿੱਧੂ ਨੇ ਵੀ ਫ਼ਿਲਹਾਲ ਫ਼ਾਸਲੇ ਘਟਾਉਣ ਦੀ ਕੋਈ ਪਹਿਲ ਨਹੀਂ ਕੀਤੀ ਅਤੇ ਸਵੇਰੇ ਜੋ ਟਵੀਟ ਕੀਤਾ, ਉਸ ’ਚ ਸਿਰਫ਼ ਪਾਰਟੀ ਹਾਈ ਕਮਾਨ ਦਾ ਧੰਨਵਾਦ ਕੀਤਾ। ਇਸ ’ਚ ਕੈਪਟਨ ਦਾ ਕੋਈ ਜ਼ਿਕਰ ਨਹੀਂ ਸੀ। ਕੀ ਸੋਨੀਆ ਗਾਂਧੀ ਦੇ ਇਸ ਫ਼ੈਸਲੇ ਨਾਲ ਸਿੱਧੂ ਤੇ ਕੈਪਟਨ ਦੀ ਖਿੱਚੋਤਾਣ ਖ਼ਤਮ ਹੋ ਜਾਵੇਗੀ? ਇਹ ਵੱਡਾ ਸਵਾਲ ਹੈ। ਦੋਵਾਂ ਲੀਡਰਾਂ ਦੇ ਦਿਲ ਮਿਲਾਉਣ ਲਈ ਹਾਈ ਕਮਾਨ ਨੂੰ ਅਜੇ ਹੋਰ ਕਸਰਤ ਕਰਨੀ ਪੈ ਸਕਦੀ ਹੈ। ਦਰਅਸਲ, ਇਹ ਵੇਲਾ ਲੜਨ ਦਾ ਨਹੀਂ ਹੈ। ਦੋਵੇਂ ਲੀਡਰਾਂ ਨੂੰ ਇਕ ਗੱਲ ਸਮਝਣੀ ਚਾਹੀਦੀ ਹੈ ਕਿ ਪਿਛਲੇ ਲਗਪਗ ਇਕ ਮਹੀਨੇ ਤੋਂ ਉਨ੍ਹਾਂ ਦੇ ਕਾਟੋ-ਕਲੇਸ਼ ਕਾਰਨ ਸੂਬਾ ਸਰਕਾਰ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਪੰਜਾਬ ਸਿਵਲ ਸਕੱਤਰੇਤ ਦਾ ਕੰਮ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਇਆ ਸੀ ਪਰ ਸੱਤਾਧਾਰੀ ਕਾਂਗਰਸ ਦੀ ਖ਼ਾਨਾਜੰਗੀ ਕਾਰਨ ਉੱਥੇ ਸੁੰਨਸਾਨ ਛਾਈ ਰਹੀ। ਮੰਤਰੀਆਂ ਤੇ ਸੰਸਦ ਮੈਂਬਰਾਂ ਸਮੇਤ ਸੀਨੀਅਰ ਕਾਂਗਰਸੀਆਂ ਨੇ ਦਿੱਲੀ ਵਿਚ ਡੇਰਾ ਲਾਇਆ ਹੋਇਆ ਸੀ ਜਿਸ ਕਰਕੇ ਲੋਕਾਂ ਦੇ ਕੰਮ ਰੁਕੇ ਹੋਏ ਸਨ। ਸਰਕਾਰ ਦੇ ਕਈ ਫ਼ੈਸਲੇ ਦੇਰ ਤੋਂ ਅਟਕੇ ਪਏ ਹਨ। ਚੋਣਾਂ ਤੋਂ ਪਹਿਲਾਂ ਇਸ ਕਾਟੋ-ਕਲੇਸ਼ ਨੇ ਪਾਰਟੀ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਪਾਰਟੀ ਹਾਈ ਕਮਾਨ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਅਗਲੀਆਂ ਚੋਣਾਂ ਕੈਪਟਨ ਦੀ ਅਗਵਾਈ ’ਚ ਲੜੀਆਂ ਜਾਣਗੀਆਂ ਤੇ ਸਿੱਧੂ ਸੂਬਾ ਪ੍ਰਧਾਨ ਹੋਣਗੇ ਪਰ ਇਹ ਫ਼ੈਸਲਾ ਉਦੋਂ ਹੀ ਸਹੀ ਸਾਬਤ ਹੋਵੇਗਾ ਜਦੋਂ ਦੋਵੇਂ ਆਗੂ ਮਿਲ ਕੇ ਕੰਮ ਕਰਨਗੇ। ਦੋਵੇਂ ਆਗੂਆਂ ਨੂੰ ਪੁਰਾਣੇ ਗਿਲੇ-ਸ਼ਿਕਵੇ ਭੁਲਾ ਕੇ ਪਾਰਟੀ ਅਤੇ ਸੂਬੇ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਸੂਬੇ ’ਚ ਕਾਂਗਰਸ ਦੀ ਗੱਡੀ ਮੁੜ ਲੀਹ ’ਤੇ ਆ ਸਕੇ।

Posted By: Jatinder Singh