ਭਾਰਤੀ ਸੰਸਕ੍ਰਿਤੀ ਵਿਚ ਸਭ ਤੋਂ ਪ੍ਰਾਚੀਨ ਗ੍ਰੰਥ ਵੇਦ ਹਨ। ਉਨ੍ਹਾਂ ਵਿਚ ਪਿਤਰ ਯੱਗ ਦਾ ਵਰਣਨ ਮਿਲਦਾ ਹੈ। ਅਸਲ ਵਿਚ ਪਿਤਰ ਯੱਗ ਦਾ ਹੀ ਦੂਜਾ ਨਾਂ ਸ਼ਰਾਧ ਹੈ। ਬ੍ਰਹਮ ਪੁਰਾਣ ਵਿਚ ਸ਼ਰਾਧ ਦੇ ਸਬੰਧ ਵਿਚ ਕਿਹਾ ਗਿਆ ਹੈ : ਦੇਸ਼ੇ ਕਾਲੇ ਚ ਪਾਤਰੇ ਚ ਸ਼ਰਧਯਾ ਵਿਧਿਨਾ ਚ ਯਤੁ॥ ਪਿਤਰਨੁਦਿਸ਼ਯ ਵਿਪ੍ਰੇਭਯੋ ਦਤੰ ਸ਼ਰਾਧਮੁਦਾਹਤਮ॥ ਅਰਥਾਤ ਉੱਚਿਤ ਦੇਸ਼, ਕਾਲ ਅਤੇ ਪਾਤਰ ਵਿਚ ਜੋ ਵੀ ਭੋਜਨ ਆਦਿ ਸ਼ਰਾਧ ਪੂਰਵਕ ਪਿਤਰਾਂ ਨਿਮਿਤ ਦਿੱਤਾ ਜਾਂਦਾ ਹੈ, ਉਹ ਸ਼ਰਾਧ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਨਾਤਨ ਹਿੰਦੂ ਧਰਮ ਵਿਚ ਸ਼ਰਾਧ ਦੀ ਪ੍ਰਥਾ ਅਤੀ ਪ੍ਰਾਚੀਨ ਹੈ ਜੋ ਬੇਰੋਕ-ਟੋਕ ਹੁਣ ਤਕ ਚਲੀ ਆ ਰਹੀ ਹੈ। ਕਿਹਾ ਜਾਂਦਾ ਹੈ ਕਿ ਇਸ ਸ਼ਰਾਧ ਦੀ ਪ੍ਰਸ਼ੰਸਾ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਵੀ ਕੀਤੀ ਸੀ ਜਦ ਉਸ ਦੇ ਪੁੱਤਰ ਔਰੰਗਜ਼ੇਬ ਨੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਸੀ। ਉਦੋਂ ਸ਼ਾਹਜਹਾਂ ਨੇ ਜੇਲ੍ਹ ਤੋਂ ਆਪਣੇ ਪੁੱਤਰ ਨੂੰ ਪੱਤਰ ਲਿਖਿਆ ਸੀ ਕਿ ਤੂੰ ਆਪਣੇ ਜਿਊਂਦੇ ਪਿਤਾ ਨੂੰ ਪਾਣੀ ਲਈ ਤਰਸਾ ਰਿਹਾ ਹੈ। ਸ਼ਤ-ਸ਼ਤ ਵਾਰ ਪ੍ਰਸ਼ੰਸਾ ਦੇ ਪਾਤਰ ਤਾਂ ਉਹ ਹਿੰਦੂ ਹਨ ਜੋ ਆਪਣੇ ਮਰਹੂਮ ਪਿਤਰਾਂ ਨੂੰ ਜਲ ਅਰਪਿਤ ਕਰਦੇ ਹਨ। (ਏ ਪਿਸਰ ਤੂ ਅਜਬ ਮੁਸਲਮਾਨੀ, ਬਪਿਦਰੇ ਜਿੰਦਾ ਆਬ ਤਰਸਾਨੀ। ਆਫਰੀਨ ਬਾਦ ਹਿੰਦਵਾਨ ਸਦ ਵਾਰ, ਮੈਂ ਦੇਹੰਦ ਪਿਦਰੇ ਮੁਦਰਾਰਾਵਾ ਦਾਯਮ ਆਬ)। ਪ੍ਰਾਚੀਨ ਸੱਭਿਅਤਾਵਾਂ ਵਿਚ ਮਿ੍ਰਤਕ ਨੂੰ ਦਫਨਾਉਣ ਦੇ ਸਮੇਂ ਕਬਰ ਵਿਚ ਭੋਜਨ ਤੇ ਹੋਰ ਜ਼ਰੂਰੀ ਸਮੱਗਰੀ ਰੱਖਣ ਦੀ ਪ੍ਰਥਾ ਸੀ ਜੋ ਸ਼ਰਾਧ ਦਾ ਹੀ ਇਕ ਰੂਪ ਸੀ। ‘ਸਰਵੇ ਭਵੰਤੁ ਸੁਖਿਨ :’ ਦਾ ਨਾਅਰਾ ਦੇਣ ਵਾਲੀ ਭਾਰਤੀ ਸੰਸਕ੍ਰਿਤੀ ਦੁਨੀਆ ਵਿਚ ਸਭ ਤੋਂ ਵਿਲੱਖਣ ਸੰਸਕ੍ਰਿਤੀ ਹੈ ਕਿਉਂਕਿ ਇਹ ਮਾਨਵਤਾਵਾਦੀ ਹੈ। ਇਸ ਲਈ ਇਸ ਦਾ ਹਰ ਵਿਧਾਨ ਲੋਕ ਮੰਗਲਕਾਰੀ ਹੈ। ਇਸ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਮਨੁੱਖੀ ਸਬੰਧਾਂ ਦੀ ਗਹਿਰਾਈ ਜਿੰਨੀ ਭਾਰਤੀ ਸੰਸਕ੍ਰਿਤੀ ਵਿਚ ਹੈ, ਓਨੀ ਦੁਨੀਆ ਵਿਚ ਕਿਤੇ ਨਹੀਂ। ਸਾਡੇ ਅਟੁੱਟ ਰਿਸ਼ਤਿਆਂ ਦਾ ਸਬੰਧ ਕੇਵਲ ਇਕ ਜਨਮ ਦਾ ਨਹੀਂ, ਜਨਮ-ਜਨਮਾਂਤਰ ਦਾ ਹੁੰਦਾ ਹੈ। ਅਜਿਹਾ ਰਿਸ਼ਤਾ ਜੋ ਮਰ ਕੇ ਵੀ ਨਹੀਂ ਮਰਦਾ। ਹੋ ਵੀ ਕਿਉਂ ਨਾ! ਜਿਸ ਦੇਸ਼ ਵਿਚ ਬੱਚੇ ਨੂੰ ਪਹਿਲਾ ਪਾਠ ‘ਮਾਤਰਦੇਵੋ ਭਵ’ ਅਤੇ ‘ਪਿਤਰਦੇਵੋ ਭਵ’ ਦਾ ਪੜ੍ਹਾਇਆ ਜਾਂਦਾ ਹੈ। ਮਾਤਾ ਨੂੰ ਧਰਤੀ ਅਤੇ ਪਿਤਾ ਨੂੰ ਆਕਾਸ਼ ਤੋਂ ਵੀ ਉੱਚਾ ਕਿਹਾ ਜਾਂਦਾ ਹੈ। ਅਜਿਹੇ ਆਤਮਿਕ ਰਿਸ਼ਤੇ ਨੂੰ ਭਲਾ ਮੌਤ ਵੀ ਕਿਵੇਂ ਤੋੜ ਸਕਦੀ ਹੈ। ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਉਹ ਪਿਤਰ ਪਿਤਰਲੋਕ ਵਿਚ ਨਿਵਾਸ ਕਰਦੇ ਹੋਏ ਸਦਾ ਆਪਣੀਆਂ ਸੰਤਾਨਾਂ ਦੀ ਮੰਗਲ ਕਾਮਨਾ ਕਰਦੇ ਹਨ। ਅਸੀਂ ਤਾਂ ਸ਼ਰਧਾ ਨਾਲ ਨਿੱਤ ਸੂਰਜ ਅਤੇ ਚੰਦਰਮਾ ਨੂੰ ਅਰਘ ਦਿੰਦੇ ਹਾਂ ਜੋ ਸਾਨੂੰ ਊਸ਼ਮਾ, ਪ੍ਰਕਾਸ਼ ਅਤੇ ਸ਼ੀਤਲਤਾ ਪ੍ਰਦਾਨ ਕਰਦੇ ਹਨ। ਫਿਰ ਅਸੀਂ ਉਨ੍ਹਾਂ ਪਿਤਰਾਂ ਨੂੰ ਕਿਵੇਂ ਭੁੱਲ ਸਕਦੇ ਹਾਂ ਜਿਨ੍ਹਾਂ ਨੇ ਸਾਨੂੰ ਅਨਮੋਲ ਜੀਵਨ ਦਿੱਤਾ। ਸ਼ਾਇਦ ਉਨ੍ਹਾਂ ਦਾ ਕਰਜ਼ਾ ਅਸੀਂ ਕਦੇ ਵੀ ਨਹੀਂ ਉਤਾਰ ਸਕਦੇ। ਇਸ ਲਈ ਪਿਤਰਾਂ ਪ੍ਰਤੀ ਸ਼ਰਧਾ ਦਾ ਪਰਵ ਹੈ ਪਿਤਰ ਪੱਖ। ਸ਼ਰਧਾ ਨਾਲ ਦਿੱਤਾ ਗਿਆ ਦਾਨ ਸ਼ਰਾਧ ਕਹਾਉਂਦਾ ਹੈ, ਇਸ ਲਈ ਪਿਤਰ ਪੱਖ ਨੂੰ ਸ਼ਰਾਧ ਪੱਖ ਵੀ ਕਹਿੰਦੇ ਹਨ। ਇਸ ਕਾਲ ਵਿਚ ਲੋਕ ਆਪਣੇ ਪਿਤਰਾਂ ਦੀ ਯਾਦ ਵਿਚ ਪੂਜਨ ਅਤੇ ਤਰਪਣ ਦੇ ਇਲਾਵਾ ਗ਼ਰੀਬਾਂ ਨੂੰ ਭੋਜਨ ਅਤੇ ਅੰਨ-ਕੱਪੜੇ ਆਦਿ ਦਾ ਦਾਨ ਵੀ ਕਰਦੇ ਹਾਂ। ਲੋਕ ਵਿਸ਼ਵਾਸ ਹੈ ਕਿ ਇਹ ਯਕੀਨਨ ਪਿਤਰਾਂ ਨੂੰ ਪ੍ਰਾਪਤ ਹੁੰਦਾ ਹੈ। ਅਸਲ ਵਿਚ ਸਾਡੀ ਸੰਸਕ੍ਰਿਤੀ ਵਿਚ ਸਥੂਲ ਸਰੀਰ ਦੇ ਇਲਾਕਾ ਇਕ ਸੂਖਮ ਸਰੀਰ ਵੀ ਸਵੀਕਾਰ ਕੀਤਾ ਗਿਆ ਹੈ ਜੋ ਮੌਤ ਤੋਂ ਬਾਅਦ ਵੀ ਨਸ਼ਟ ਨਹੀਂ ਹੁੰਦਾ। ਮਾਨਤਾ ਹੈ ਕਿ ਪਿਤਰ ਇਸੇ ਸੂਖਮ ਸਰੀਰ ਨਾਲ ਪੂਜਨ ਅਤੇ ਤਰਪਣ ਨੂੰ ਗ੍ਰਹਿਣ ਕਰਦੇ ਹਾਂ। ਨਵੀਂ ਪੀੜ੍ਹੀ ਨੂੰ ਵੀ ਸ਼ਰਾਧ ਕਰਮ ਦੇ ਵਿਧਾਨ ਨੂੰ ਸਮਝਣਾ ਹੋਵੇਗਾ ਜੋ ਸੰਪੂਰਨ ਮਾਨਵਤਾ ਨੂੰ ਸਮਰਪਿਤ ਹੈ।

-ਡਾ. ਸੱਤਿਆਪ੍ਰਕਾਸ਼ ਮਿਸ਼ਰ

Posted By: Jatinder Singh