ਸਾਡੇ ਪੰਜਾਬ ਨੂੰ ਹੁਣ ਵਾੜ ਹੀ ਲਗਾਤਾਰ ਖੇਤ ਨੂੰ ਖਾਣ ਲੱਗੀ ਹੋਈ ਹੈ। ਸੂਬੇ ਦੀ ਸੁਰੱਖਿਆ ਲਈ ਜ਼ਿੰਮੇਵਾਰ ਪੁਲਿਸ ਵਿਭਾਗ ਦੇ ਅਧਿਕਾਰੀਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਅਕਸਰ ਲੱਗਦੇ ਹਨ। ਜੇਲ੍ਹ ਦੇ ਉੱਚ ਅਧਿਕਾਰੀ ‘ਮੋਟੀਆਂ ਰਕਮਾਂ ਲੈ ਕੇ ਕੈਦੀਆਂ ਤਕ ਨਸ਼ੇ ਤੇ ਹੋਰ ਸਾਮਾਨ ਪਹੁੰਚਾਉਣ’ ਲਈ ਵੀ ਜ਼ਿੰਮੇਵਾਰ ਪਾਏ ਜਾਂਦੇ ਰਹੇ ਹਨ। ਸਿਆਸੀ ਆਗੂਆਂ ਤੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਵੀ ਸਮੇਂ–ਸਮੇਂ ’ਤੇ ਸਾਹਮਣੇ ਆਉਂਦੇ ਰਹੇ ਹਨ। ਬੁੱਧਵਾਰ ਨੂੰ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ–5 ਦੇ ਵਧੀਕ ਐੱਸਐੱਚਓ ਨੂੰ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਹੈਰੋਇਨ ਸਮੇਤ ਗਿ੍ਰਫ਼ਤਾਰ ਕੀਤਾ ਗਿਆ ਹੈ। ਉਹ ਸ਼ਰੇਆਮ ਪੁਲਿਸ ਦੀ ਵਰਦੀ ’ਚ ਹੈਰੋਇਨ ਦੀ ਸਪਲਾਈ ਦੇਣ ਲਈ ਮੋਟਰਸਾਈਕਲ ’ਤੇ ਫਿਲੌਰ ਤੋਂ ਲਾਡੋਵਾਲ ਜਾ ਰਿਹਾ ਸੀ। ਉਸੇ ਦੇ ਦੱਸਣ ’ਤੇ ਦੋ ਹੋਰ ਜਣਿਆਂ ਤੋਂ ਵੀ 846 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਤੋਂ ਵੱਡਾ ਦੁਖਾਂਤ ਹੋਰ ਕੀ ਹੋ ਸਕਦਾ ਹੈ ਜਿਸ ਅਧਿਕਾਰੀ ’ਤੇ ਨਸ਼ਿਆਂ ਦੇ ਸਮੱਗਲਰਾਂ ਨੂੰ ਕਾਬੂ ਕਰਨ ਦੀ ਜ਼ਿੰਮੇਵਾਰੀ ਹੋਵੇ, ਅੱਗੇ ਉਹੀ ਸਮਾਜ–ਵਿਰੋਧੀ ਅਨਸਰਾਂ ਨਾਲ ਰਲਿਆ ਹੋਵੇ। ਇਸ ਮਾਮਲੇ ’ਚ ‘ਕੁੱਤੀ ਦੇ ਚੋਰਾਂ ਨਾਲ ਰਲਣ’ ਵਾਲਾ ਅਖਾਣ ਸਹੀ ਸਿੱਧ ਹੁੰਦਾ ਹੈ। ਪੰਜਾਬ ’ਚ ਨਸ਼ਾ ਇਕ ਵੱਡਾ ਖ਼ਤਰਾ ਬਣ ਚੁੱਕਾ ਹੈ। ਇਸ ਨੇ ਘੱਟੋ–ਘੱਟ ਦੋ ਪੀੜ੍ਹੀਆਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਅਗਲੀ ਪੀੜ੍ਹੀ ਤਕ ਇਸ ਸਮੱਸਿਆ ਦਾ ਸੇਕ ਨਾ ਪੁੱਜੇ, ਇਸ ਲਈ ਗੰਭੀਰ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ। ਮਾਨਚੈਸਟਰ ਸਮਝੇ ਜਾਂਦੇ ਪੰਜਾਬ ਦੇ ਮਹਾਨਗਰ ਲੁਧਿਆਣਾ ਦੇ ਕਈ ਇਲਾਕਿਆਂ ’ਚ ਨਸ਼ਿਆਂ ਦੀ ਤਸਕਰੀ ਤੇ ਸਪਲਾਈ ਦਾ ਧੰਦਾ ਚੱਲਦੇ ਹੋਣ ਦੀਆਂ ਰਿਪੋਰਟਾਂ ਲਗਾਤਾਰ ਆ ਰਹੀਆਂ ਹਨ। ਉਂਜ ਭਾਵੇਂ ਇਸ ਵਰ੍ਹੇ 5 ਜੁਲਾਈ ਤੋਂ ਲੈ ਕੇ 1,097 ਵੱਡੀਆਂ ਮੱਛੀਆਂ ਸਮੇਤ 6,997 ਨਸ਼ਾ ਤਸਕਰਾਂ ਨੂੰ ਗਿ੍ਰਫ਼ਤਾਰ ਕਰਨ ਵਿਚ ਸਫਲਤਾ ਹਾਸਲ ਹੋਈ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪੁਲਿਸ ਨੇ ਹੀ ਨਸ਼ਿਆਂ ਦਾ ਗੰਦ ਫੈਲਾਉਣ ਵਾਲਿਆਂ ਨੂੰ ਕਾਬੂ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ। ਓਧਰ ਖੰਨਾ ਲਾਗਲੇ ਪਾਇਲ ਥਾਣੇ ਦੇ ਇਕ ਏਐੱਸਆਈ ਨੂੰ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗਿ੍ਰਫ਼ਤਾਰ ਕੀਤਾ ਗਿਆ ਹੈ। ਉਸ ਨੇ ਇਹ ਰਿਸ਼ਵਤ ਕਿਸੇ ਮਾਮਲੇ ’ਚ ਕਾਰਵਾਈ ਮੁਲਤਵੀ ਕਰਨ ਲਈ ਮੰਗੀ ਸੀ। ਇਹ ਮਾਮਲਾ ਵੀ ਬੁੱਧਵਾਰ ਦਾ ਹੀ ਹੈ। ਇੱਕੋ ਦਿਨ ਪੁਲਿਸ ਦੇ ਦੋ ਅਧਿਕਾਰੀਆਂ ਦਾ ਇੰਜ ਕਾਨੂੰਨੀ ਸ਼ਿਕੰਜੇ ’ਚ ਫਸਣਾ ਜਿੱਥੇ ਆਪਣੇ–ਆਪ ’ਚ ਇਕ ਵੱਡੀ ਘਟਨਾ ਹੈ, ਉੱਥੇ ਪੰਜਾਬ ਲਈ ਇਹ ਇਕ ਵੱਡੀ ਨਮੋਸ਼ੀ ਵਾਲੀ ਗੱਲ ਵੀ ਹੈ। ਪੰਜਾਬ ਪੁਲਿਸ ਦੇ ਕਈ ਅਧਿਕਾਰੀਆਂ ’ਤੇ ਅੱਤਵਾਦ ਦੇ ਕਾਲ਼ੇ ਦੌਰ ਵੇਲੇ ਝੂਠੇ ਪੁਲਿਸ ਮੁਕਾਬਲੇ ਕਰਨ ਦੇ ਵੱਡੇ ਦੋਸ਼ ਲੱਗਦੇ ਰਹੇ ਹਨ। ਹਜ਼ਾਰਾਂ ਨੌਜਵਾਨਾਂ ਦੀਆਂ ਲਾਵਾਰਸ ਲਾਸ਼ਾਂ ਦੇ ਸਸਕਾਰ ਕਰਨ ਦਾ ਮੁੱਦਾ ਭਖਿਆ ਰਿਹਾ ਹੈ। ਹੁਣ ਉਸ ਸਮੇਂ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਅਦਾਲਤਾਂ ਵੱਲੋਂ ਸਜ਼ਾਵਾਂ ਵੀ ਸੁਣਾਈਆਂ ਜਾ ਰਹੀਆਂ ਹਨ। ਅਜਿਹੇ ਹਾਲਾਤ ’ਚ ਪੰਜਾਬ ਪੁਲਿਸ ਨੂੰ ਆਪਣਾ ਅਕਸ ਸੁਧਾਰਨ ’ਤੇ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ। ਬਿ੍ਰਟਿਸ਼ ਸਰਕਾਰ ਵੇਲੇ ਦੇ ਕਾਨੂੰਨਾਂ ਦੇ ਆਧਾਰ ’ਤੇ ਕਾਰਵਾਈਆਂ ਪਾਉਣ ਦਾ ਵੇਲਾ ਹੁਣ ਵਿਹਾਅ ਚੁੱਕਾ ਹੈ। ਉਨ੍ਹਾਂ ਸਮਿਆਂ ਦੀ ਪੁਲਿਸ ਤਾਂ ਭਾਰਤ ਵਾਸੀਆਂ ਨੂੰ ਦੁਸ਼ਮਣ ਸਮਝ ਕੇ ਕਾਰਵਾਈ ਪਾਉਂਦੀ ਸੀ ਪਰ ਹੁਣ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨਾਲ ਸਿੱਝਣ ਸਮੇਂ ਪੁਲਿਸ ਅਧਿਕਾਰੀਆਂ ਨੂੰ ਨਫ਼ਰਤੀ ਵਿਚਾਰ ਲਾਂਭੇ ਰੱਖਣੇ ਹੋਣਗੇ। ਪੰਜਾਬ ਪੁਲਿਸ ਨੂੰ ਆਪਣੇ ਅਧਿਕਾਰੀਆਂ ਲਈ ਇਸ ਮਾਮਲੇ ’ਚ ਖ਼ਾਸ ਨੈਤਿਕ ਸਿੱਖਿਆ ਦੇਣ ਦੀ ਬੜੀ ਲੋੜ ਹੈ।

Posted By: Jagjit Singh